Friday, March 28, 2014

                                    ਸਿਆਸੀ ਢਿੱਲ
                   ਬਿਜਲੀ ਚੋਰਾਂ ਨੂੰ ਖੁੱਲ੍ਹੀ ਛੁੱਟੀ
                                   ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਕਾਰਨ ਬਿਜਲੀ ਚੋਰਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਪਾਵਰਕੌਮ ਪ੍ਰਬੰਧਕਾਂ ਨੇ ਇਨਫੋਰਸਮੈਂਟ ਵਿੰਗ ਨੂੰ ਜ਼ਬਾਨੀ ਹੁਕਮ ਕੀਤੇ ਹਨ ਕਿ ਉਹ ਲੋਕ ਸਭਾ ਚੋਣਾਂ ਤੱਕ ਬਿਜਲੀ ਚੋਰੀ ਫੜਨ ਤੋਂ ਟਾਲਾ ਵੱਟਣ। ਚਾਰ ਪੰਜ ਦਿਨਾਂ ਤੋਂ ਇਨਫੋਰਸਮੈਂਟ ਵਿੰਗ ਦੀ ਬਿਜਲੀ ਚੋਰੀ ਫੜਨ ਅਤੇ ਜੁਰਮਾਨਾ ਪਾਉਣ ਦੀ ਰਫ਼ਤਾਰ ਬਿਲਕੁਲ ਮੱਠੀ ਪੈ ਗਈ ਹੈ। ਡਿਫਾਲਟਰਾਂ ਨੂੰ ਵੀ ਮੌਜ ਲੱਗ ਗਈ ਹੈ। ਇਨ੍ਹਾਂ ਤੋਂ ਬਕਾਏ ਵਸੂਲਣ ਦੀ ਮੁਹਿੰਮ ਦੀ ਰਫ਼ਤਾਰ ਵੀ ਘਟਾ ਦਿੱਤੀ ਗਈ ਹੈ।ਇਨਫੋਰਸਮੈਂਟ ਵਿੰਗ ਨੇ ਖਾਸ ਕਰਕੇ ਪਿੰਡਾਂ ਵਿੱਚ ਛਾਪੇ ਮਾਰਨੇ ਘਟਾ ਦਿੱਤੇ ਹਨ। ਪਾਵਰਕੌਮ ਦੇ ਪ੍ਰਬੰਧਕਾਂ ਵੱਲੋਂ ਹਦਾਇਤ ਹੈ ਕਿ ਸਿਰਫ਼ ਉਹੀ ਚੈਕਿੰਗ ਕੀਤੀ ਜਾਵੇ, ਜਿਸ ਬਾਰੇ ਕੋਈ ਲਿਖਤੀ ਸ਼ਿਕਾਇਤ ਆਉਂਦੀ ਹੈ। ਪਿਛਲੇ ਵਰ੍ਹਿਆਂ ਵਿੱਚ ਤਾਂ ਮਾਰਚ ਮਹੀਨੇ ਵਿੱਚ ਇਨਫੋਰਸਮੈਂਟ ਦੀ ਮੁਸਤੈਦੀ ਕਾਫ਼ੀ ਵੱਧ ਜਾਂਦੀ ਸੀ ਕਿਉਂਕਿ ਹਰ ਅਧਿਕਾਰੀ ਨੇ ਆਪਣੇ ਟੀਚੇ ਪੂਰੇ ਕਰਨੇ ਹੁੰਦੇ ਸਨ। ਪੰਜਾਬ ਭਰ ਵਿੱਚ ਇਨਫੋਰਸਮੈਂਟ ਵੱਲੋਂ ਪਹਿਲਾਂ ਰੋਜ਼ਾਨਾ 15 ਤੋਂ 20 ਕੇਸਾਂ ਵਿੱਚ ਜਰਮਾਨੇ ਪਾਏ ਜਾ ਰਹੇ ਸਨ ਪਰ ਚਾਰ ਦਿਨਾਂ ਤੋਂ ਜੁਰਮਾਨਾ ਪਾਉਣ ਤੋਂ ਟਾਲਾ ਵੱਟ ਲਿਆ ਗਿਆ ਹੈ। ਪ੍ਰਬੰਧਕਾਂ ਵੱਲੋਂ ਜ਼ਬਾਨੀ ਹਦਾਇਤ ਕੀਤੀ ਗਈ ਹੈ ਕਿ ਚੈਕਿੰਗ ਦੀ ਸਿਰਫ਼ ਖਾਨਾ ਪੂਰਤੀ ਹੀ ਕੀਤੀ ਜਾਵੇ।
                   ਪਾਵਰਕੌਮ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਬਿਜਲੀ ਚੋਰੀ ਨਾ ਫੜਨ ਦੇ ਜ਼ਬਾਨੀ ਹੁਕਮ ਆਏ ਹਨ ਜਿਸ ਕਾਰਨ ਉਹ ਸਿਰਫ਼ ਸ਼ਿਕਾਇਤ ਵਾਲੇ ਕੁਨੈਕਸ਼ਨ ਹੀ ਚੈੱਕ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਖਾਸ ਕਰਕੇ ਬਠਿੰਡਾ ਸੰਸਦੀ ਹਲਕੇ ਵਿੱਚ ਤਾਂ ਹਰ ਤਰ੍ਹਾਂ ਦੀ ਚੈਕਿੰਗ ਬੰਦ ਕਰਨ ਵਾਸਤੇ ਆਖਿਆ ਗਿਆ ਹੈ। ਸੂਤਰਾਂ ਮੁਤਾਬਕ ਪਿਛਲੇ ਚਾਰ ਦਿਨਾਂ ਤੋਂ ਇਨਫੋਰਸਮੈਂਟ ਨੇ ਕਿਸੇ ਪਿੰਡ ਵਿੱਚ ਕੋਈ ਛਾਪਾ ਨਹੀਂ ਮਾਰਿਆ ਹੈ। ਪਾਵਰਕੌਮ ਦੇ ਇਨਫੋਰਸਮੈਂਟ ਵਿੰਗ ਦੇ ਮੁੱਖ ਇੰਜਨੀਅਰ ਦਰਸ਼ਨ ਸਿੰਘ ਨੇ ਕਿਹਾ ਕਿ ਭਾਰੀ ਜੁਰਮਾਨੇ ਪੈਣ ਡਰੋਂ ਲੋਕ ਸੁਧਰ ਗਏ ਹਨ। ਉਨ੍ਹਾਂ ਆਖਿਆ ਕਿ ਬਿਜਲੀ ਚੋਰੀ ਨਾ ਫੜਨ ਦੀ ਕੋਈ ਹਦਾਇਤ ਨਹੀਂ ਕੀਤੀ ਗਈ ਹੈ ਅਤੇ ਰੈਗੂਲਰ ਚੈਕਿੰਗ ਚੱਲ ਰਹੀ ਹੈ। ਉਨ੍ਹਾਂ ਆਖਿਆ ਕਿ ਪਿਛਲੇ ਵਰ੍ਹੇ ਦੇ ਮੁਕਾਬਲੇ ਐਤਕੀਂ 25 ਤੋਂ 30 ਫੀਸਦੀ ਬਿਜਲੀ ਚੋਰੀ ਜ਼ਿਆਦਾ ਫੜੀ ਗਈ ਹੈ। ਉਨ੍ਹਾਂ ਆਖਿਆ ਕਿ ਜੇਕਰ ਕਿਸੇ ਅਧਿਕਾਰੀ ਦੇ ਟੀਚੇ ਘਟੇ ਤਾਂ ਉਸ ਤੋਂ ਲਿਖਤੀ ਰੂਪ ਵਿੱਚ ਪੁੱਛਿਆ ਜਾਵੇਗਾ।
                   ਪਾਵਰਕੌਮ ਦੇ ਵੰਡ ਮੰਡਲ ਬਾਦਲ ਦੇ 1100 ਘਰੇਲੂ ਖਪਤਕਾਰ ਡਿਫਾਲਟਰ ਹਨ, ਜਿਨ੍ਹਾਂ ਵੱਲ ਸਵਾ ਕਰੋੜ ਦੇ ਕਰੀਬ ਬਕਾਇਆ ਖੜ੍ਹਾ ਹੈ। ਇਨ੍ਹਾਂ ਵਿੱਚੋਂ ਸਿਰਫ਼ 300 ਕੁਨੈਕਸ਼ਨ ਹੀ ਕੱਟੇ ਗਏ ਹਨ ਅਤੇ ਹੁਣ ਬਾਕੀਆਂ ਖ਼ਿਲਾਫ਼ ਕਾਰਵਾਈ ਰੋਕ ਦਿੱਤੀ ਗਈ ਹੈ। ਸੰਚਾਲਨ ਮੰਡਲ ਅਬੋਹਰ ਦੇ ਅੱਠ ਹਜ਼ਾਰ ਡਿਫਾਲਟਰਾਂ ਨੂੰ ਮੌਜ ਲੱਗ ਗਈ ਹੈ। ਵੰਡ ਮੰਡਲ ਬਠਿੰਡਾ ਦੇ ਤਕਰੀਬਨ 12 ਹਜ਼ਾਰ ਡਿਫਾਲਟਰ ਹਨ ਜਦੋਂ ਕਿ ਵੰਡ ਮੰਡਲ ਰਾਮਪੁਰਾ ਵਿੱਚ ਇੱਕ ਹਜ਼ਾਰ ਡਿਫਾਲਟਰ ਖਪਤਕਾਰਾਂ ਦੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਮੱਠੀ ਕਰ ਦਿੱਤੀ ਗਈ ਹੈ। ਭਗਤਾ ਭਾਈਕਾ ਇਲਾਕੇ ਦੇ ਤਿੰਨ ਹਜ਼ਾਰ ਡਿਫਾਲਟਰ ਖਪਤਕਾਰਾਂ ਨੂੰ ਚੋਣਾਂ ਦਾ ਲਾਹਾ ਮਿਲ ਗਿਆ ਹੈ। ਵੰਡ ਮੰਡਲ ਮਾਨਸਾ ਦੇ 11 ਹਜ਼ਾਰ ਘਰੇਲੂ ਬਿਜਲੀ ਦੇ ਡਿਫਾਲਟਰ ਹਨ, ਜਿਨ੍ਹਾਂ 'ਚੋਂ ਸਿਰਫ਼ ਚਾਰ ਹਜ਼ਾਰ ਕੁਨੈਕਸ਼ਨ ਕੱਟੇ ਗਏ ਹਨ। ਬਾਕੀ ਡਿਫਾਲਟਰਾਂ ਨੂੰ ਚੋਣਾਂ ਕਰਕੇ ਰਾਹਤ ਮਿਲ ਗਈ ਹੈ।

No comments:

Post a Comment