Monday, March 24, 2014

                               ਕੇਹਾ ਲੋਕ ਰਾਜ
                   ਚਾਰ ਦਿਨਾਂ ਦੀ ਚਾਨਣੀ...
                              ਚਰਨਜੀਤ ਭੁੱਲਰ
ਬਠਿੰਡਾ : ਜਦੋਂ ਚੋਣਾਂ ਦੇ ਦਿਨ ਹੁੰਦੇ ਹਨ ਤਾਂ ਨੇਤਾ ਲੋਕ ਬੋਚ ਬੋਚ ਕੇ ਪੈਰ ਧਰਦੇ ਹਨ। ਮਗਰੋਂ ਪੰਜ ਸਾਲ ਲੋਕ ਹੀ ਮਿੱਧੇ ਜਾਣੇ ਹੁੰਦੇ ਹਨ। ਇਹ ਚਾਰ ਦਿਨਾਂ ਦੀ ਚਾਨਣੀ ਹੁੰਦੀ ਹੈ ਜਦੋਂ ਨੇਤਾ ਲੋਕਾਂ ਦੇ ਪੈਰਾਂ ਨੂੰ ਹੱਥ ਲਾਉਂਦੇ ਹਨ। ਪਿਛੋਂ ਇਹੋ ਹੱਥ ਹੌਲੀ ਹੌਲੀ ਜਨਤਾ ਦੇ ਗਲ ਤੱਕ ਪੁੱਜ ਜਾਂਦੇ ਹਨ। ਲੋਕ ਰਾਜ ਵਿਚ ਲੋਕਾਂ ਨੂੰ ਚੋਣਾਂ ਦੀ ਰੁੱਤ ਵਿਚ ਵੋਟ ਪਰਚੀ ਦੀ ਤਾਕਤ ਚੇਤੇ ਕਰਾਈ ਜਾਂਦੀ ਹੈ। ਜਨਤਾ ਨੂੰ ਸੱਤਵੇਂ ਅਸਮਾਨ ਤੇ ਪਹੁੰਚਾਇਆ ਜਾਂਦਾ ਹੈ। ਵਡਿਆਈ ਕੀਤੀ ਜਾਂਦੀ ਹੈ। ਮਿੱਠੇ ਮਿੱਠੇ ਪੋਚੇ ਮਾਰੇ ਜਾਂਦੇ ਹਨ। ਵੋਟਰ ਦੀ ਏਨੀ ਚਾਪਲੂਸੀ ਕੀਤੀ ਜਾਂਦੀ ਹੈ ਕਿ ਉਹ ਮੰਤਰ ਮੁਗਧ ਹੋ ਕੇ ਸਭ ਕੁਝ ਭੁੱਲ ਬੈਠਦਾ ਹੈ। ਜਦੋਂ ਜਾਗ ਖੁੱਲ•ਦੀ ਹੈ ਤਾਂ ਉਹ ਭੁੱਜੇ ਬੈਠਾ ਹੁੰਦਾ ਹੈ ਤੇ ਹੱਥ ਜੋੜਨ ਵਾਲੇ ਕੁਰਸੀ ਤੇ ਹੁੰਦੇ ਹਨ।  ਲੋਕ ਸਭਾ ਚੋਣਾਂ ਦਾ ਦੰਗਲ ਸ਼ੁਰੂ ਹੋ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਸਾਲ 2014 ਦੀ ਗੱਲ ਨਹੀਂ ਕਰਦਾ, 1984 ਦੀ ਗੱਲ ਕਰਦਾ ਹੈ। ਕਾਂਗਰਸ ਅੱਜ ਦੀ ਗੱਲ ਨਹੀਂ ਕਰਦੀ, 2002 ਵਿਚ ਹੋਏ ਗੁਜਰਾਤ ਦੰਗਿਆਂ ਦੀ ਗੱਲ ਕਰਦੀ ਹੈ। 2014 ਵਿਚ ਲੋਕਾਂ ਦੇ ਕੀ ਸੰਕਟ ਹਨ, ਕੀ ਉਨ•ਾਂ ਦਾ ਹੱਲ ਹਨ,ਕੀ ਉਨ•ਾਂ ਲਈ ਕੀਤਾ ਜਾਵੇਗਾ,ਕੋਈ ਗੱਲ ਨਹੀਂ ਛੇੜਦਾ। ਕਿੰਨ•ਾਂ ਸਮਾਂ ਲੋਕ ਨੂੰ ਭਾਵੁਕ ਕਰਕੇ ਨੇਤਾ ਕੁਰਸੀ ਨੂੰ ਹੱਥ ਪਾਉਂਦੇ ਰਹਿਣਗੇ। ਹਰ ਕਿਸੇ ਨੂੰ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਝੰਜੋੜਿਆ ਹੈ।
                ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਇਨ•ਾਂ ਦਿਨਾਂ ਵਿਚ ਕਟਹਿਰੇ ਵਿਚ ਖੜ•ੇ ਕਰਨ ਦੀ ਲੋੜ ਹੈ। ਸੱਥਾਂ ਸਿਰਫ਼ ਤਾਸ ਖੇਡਣ ਲਈ ਨਹੀਂ ਹੁੰਦੀਆਂ, ਉਹ ਨੇਤਾਵਾਂ ਦਾ ਕਟਹਿਰਾ ਵੀ ਬਣ ਸਕਦੀਆਂ ਹਨ। ਚੋਣ ਮਨੋਰਥਾਂ ਵਿਚ ਕੀਤੇ ਵਾਅਦਿਆਂ ਤੇ ਸੁਆਲ ਉੱਠਣੇ ਚਾਹੀਦੇ ਹਨ। ਚਾਰ ਚੁਫੇਰੇ ਗੁਜਰਾਤ ਦੇ ਵਿਕਾਸ ਮਾਡਲ ਦੀ ਚਰਚਾ ਹੋ ਰਹੀ ਹੈ। ਪੰਜਾਬ ਦੀ ਹਾਕਮ ਧਿਰ ਵੀ ਆਖਦੀ ਹੈ ਕਿ ਪੰਜਾਬ ਦੇ ਵਿਕਾਸ ਲਈ ਮੋਦੀ ਲਿਆਓ। ਸੱਥਾਂ ਵਿਚ ਤਾਂ ਲੋਕ ਇਹ ਵੀ ਪੁੱਛ ਸਕਦੇ ਹਨ ਕਿ ਯੂ.ਪੀ.ਏ ਦੇ ਰਾਜ ਭਾਗ ਦੌਰਾਨ ਗੁਜਰਾਤ ਨੇ ਵਿਕਾਸ ਕੀਤਾ ਹੈ ਤਾਂ ਪੰਜਾਬ ਨੇ ਕਿਉਂ ਨਹੀਂ। ਸੱਥਾਂ ਵਿਚ ਬੈਠੇ ਬਜ਼ੁਰਗ ਉਨ•ਾਂ ਕਾਂਗਰਸੀ ਨੇਤਾਵਾਂ ਤੋਂ ਵੀ ਜੁਆਬ ਲੈਣ ਕਿ ਉਹ ਪੰਜ ਸਾਲ ਕਿਥੇ ਰਹੇ। ਬਰਾਬਰ ਦਾ ਕਸੂਰ ਕਾਂਗਰਸ ਦਾ ਵੀ ਹੈ ਜੋ ਇਹ ਕਹਿ ਕੇ ਪੱਲੀ ਝਾੜ ਲੈਂਦੀ ਹੈ ਕਿ ਵਿਰੋਧੀ ਧਿਰ ਦੀ ਕੋਈ ਸੁਣਦਾ ਨਹੀਂ। ਚੋਣਾਂ ਵਿਚ ਉੱਤਰੇ ਕਈ ਉਮੀਦਵਾਰਾਂ ਨੇ ਭਾਰਤੀ ਸੰਸਦ ਵਿਚ ਚੁਰਾਸੀ ਦੇ ਦੰਗਿਆਂ ਤੇ ਵਿਦੇਸ਼ਾਂ ਵਿਚ ਪੱਗ ਦੀ ਦੁਰਗਤੀ ਦਾ ਬੜਾ ਰੌਲਾ ਪਾਇਆ ਹੈ। ਹੁਣ ਬੇਰੁਜ਼ਗਾਰਾਂ ਤੇ ਮੁਲਾਜ਼ਮਾਂ ਨੂੰ ਇਨ•ਾਂ ਨੇਤਾਵਾਂ ਨੂੰ ਗਲੀਆਂ ਵਿਚ ਘੇਰ ਕੇ ਪੁੱਛਣਾ ਬਣਦਾ ਹੈ ਜਿਨ•ਾਂ ਦੀ ਪੱਗ ਪੁਲੀਸ ਸੜਕਾਂ ਤੇ ਰੋਲਦੀ ਰਹੀ ਹੈ। ਹੁਣ ਤਾਂ ਪੱਗ ਵਾਲੇ ਇੱਕ ਉਮੀਦਵਾਰ ਦਾ ਅੰਮ੍ਰਿਤਸਰ ਤੋਂ ਵੀ ਪੱਤਾ ਕੱਟ ਦਿੱਤਾ ਹੈ ਕਿਉਂਕਿ ਹਾਕਮ ਧਿਰ ਨੂੰ ਸੂਤ ਨਹੀਂ ਬੈਠਦਾ ਸੀ।
               ਜਦੋਂ ਚੋਣਾਂ ਦੇ ਰੰਗ ਚੜ•ੇ ਹੁੰਦੇ ਹਨ ਤਾਂ ਨੇਤਾ ਲੋਕਾਂ ਦੇ ਘਰਾਂ ਤੱਕ ਪੁੱਜ ਜਾਂਦੇ ਹਨ, ਸੁਰੱਖਿਆ ਦਾ ਵੀ ਕੋਈ ਮਸਲਾ ਨਹੀਂ ਰਹਿੰਦਾ। ਜਦੋਂ ਗੱਦੀ ਮਿਲ ਜਾਂਦੀ ਹੈ ਤਾਂ ਉਨ•ਾਂ ਲੋਕਾਂ ਨੂੰ ਨੇਤਾ ਤੱਕ ਸੁਰੱਖਿਆ ਗਾਰਦ ਹੀ ਪੁੱਜਣ ਨਹੀਂ ਦਿੰਦੇ। ਕੇਡਾ ਮਜ਼ਾਕ ਹੈ ਕਿ ਉਦੋਂ ਉਨ•ਾਂ ਨੇਤਾਵਾਂ ਨੂੰ ਹੀ ਉਨ•ਾਂ ਲੋਕਾਂ ਤੋਂ ਹੀ ਖਤਰਾ ਖੜ•ਾ ਹੋ ਜਾਂਦਾ ਹੈ। ਇਹੋ ਢੁਕਵਾਂ ਮੌਕਾ ਹੁੰਦਾ ਹੈ ਜਦੋਂ ਲੋਕ ਇਨ•ਾਂ ਨੇਤਾਵਾਂ ਤੋਂ ਹਿਸਾਬ ਕਿਤਾਬ ਲੈ ਸਕਦੇ ਹਨ। ਜਦੋਂ ਲੋਕ ਆਪਣੀ ਵੋਟ ਦੀ ਅਹਿਮੀਅਤ ਨੂੰ ਜਾਣ ਲੈਣਗੇ ਅਤੇ ਨੇਤਾਵਾਂ ਨੇ ਝਾਂਸਿਆਂ ਚੋਂ ਤਿਲਕਣਾ ਸਿੱਖ ਜਾਣਗੇ,ਉਦੋਂ ਹੀ ਉਹ ਆਪਣੇ ਭਾਗ ਜਗਾ ਸਕਣਗੇ। ਨਹੀਂ ਤਾਂ ਨੇਤਾਵਾਂ ਦੀ ਲਾਟਰੀ ਹਮੇਸ਼ਾ ਲੱਗੀ ਰਹਿਣੀ ਹੈ। ਹਾਕਮ ਧਿਰ ਸਿਆਣੀ ਹੈ, ਉਹ ਬਿਜਲੀ ਪਾਣੀ ਮੁਫ਼ਤ ਦੇ ਰਹੀ ਹੈ। ਕਦੇ ਇਹ ਉਪਰਾਲਾ ਨਹੀਂ ਕਰਦੀ ਕਿ ਕਿਸਾਨੀ ਨੂੰ ਏਨਾ ਖੜ•ਾ ਕਰ ਦਿੱਤਾ ਜਾਵੇ ਅਤੇ ਸਮਰੱਥ ਬਣਾ ਦਿੱਤਾ ਜਾਵੇ ਕਿ ਉਸ ਨੂੰ ਮੁਫ਼ਤ ਦੇ ਬਿਜਲੀ ਪਾਣੀ ਦੀ ਲੋੜ ਹੀ ਨਾ ਰਹੇ।
                  ਜਦੋਂ ਤੁਹਾਡੇ ਪਿੰਡ ਉਮੀਦਵਾਰ ਆਉਣ ਤਾਂ ਨਸ਼ਿਆਂ ਨੇ ਪੱਟੇ ਘਰਾਂ ਦੇ ਮਾਪੇ ਇਹ ਤਾਂ ਪੁੱਛ ਹੀ ਸਕਦੇ  ਹਨ ਕਿ ਕਾਹਤੋਂ 19 ਸ਼ਰਾਬ ਫੈਕਟਰੀਆਂ ਪੰਜਾਬ ਦੇ ਕੋਨੇ ਕੋਨੇ ਵਿਚ ਲੱਗ ਰਹੀਆਂ ਹਨ, ਸ਼ਰਾਬ ਦੇ ਠੇਕੇਦਾਰਾਂ ਲਈ ਵਿਧਾਨ ਸਭਾ ਦੇ ਬੂਹੇ ਕਿਉਂ ਖੋਲ•ੇ ਜਾ ਰਹੇ ਹਨ। ਪਸ਼ੂਆਂ ਦੇ ਵਾੜਿਆਂ ਵਿਚ ਨੀਲੇ ਅਸਮਾਨ ਹੇਠ ਜ਼ਿੰਦਗੀ ਬਸਰ ਕਰਨ ਵਾਲੇ ਮਜ਼ਦੂਰ ਕਿਉਂ ਨਾ ਪੁੱਛਣ ਕਿ ਵੱਡੇ ਸਨਅਤ ਮਾਲਕਾਂ ਨੂੰ ਕਿਵੇਂ ਰਾਤੋਂ ਰਾਤੋ ਜ਼ਮੀਨਾਂ ਐਕਵਾਇਰ ਕਰਕੇ ਕਬਜ਼ਾ ਵੀ ਦੇ ਦਿੱਤਾ ਜਾਂਦਾ ਹੈ, ਉਨ•ਾਂ ਨੂੰ ਦਹਾਕੇ ਪਹਿਲਾਂ ਕੱਟੇ ਪਲਾਂਟਾਂ ਦਾ ਕਬਜ਼ਾ ਕਿਉਂ ਨਹੀਂ ਮਿਲਦਾ। ਬਜ਼ੁਰਗ ਮਾਪੇ ਤਾਂ ਇਹ ਵੀ ਪੁੱਛਣ ਕਿ ਉਨ•ਾਂ ਦੇ ਮੁੰਡਿਆਂ ਨੂੰ ਕਿਉਂ ਟਰੈਵਲ ਏਜੰਟਾਂ ਦੇ ਢਹੇ ਚੜ•ਨਾ ਪੈਂਦਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਸਰ ਆਖਦੇ ਹਨ ਕਿ ਕੇਂਦਰ ਸਰਕਾਰ ਪੰਜਾਬ ਨੂੰ ਪੈਸੇ ਦੇ ਕੇ ਕੋਈ ਅਹਿਸਾਨ ਨਹੀਂ ਕਰ ਰਹੀ ਕਿਉਂਕਿ ਪੰਜਾਬ ਦੇ ਲੋਕਾਂ ਦੇ ਟੈਕਸ ਹੀ ਕੇਂਦਰ ਦੀ ਤੰਜੋਰੀ ਭਰਦੇ ਹਨ। ਇਵੇਂ ਪੰਜਾਬ ਦੇ ਲੋਕ ਵੀ ਆਪਣੇ ਵਜ਼ੀਰਾਂ ਨੂੰ ਯਾਦ ਕਰਾਉਣ ਕਿ ਉਹ ਵੀ ਕੋਈ ਅਹਿਸਾਨ ਨਹੀਂ ਕਰ ਰਹੇ। ਉਨ•ਾਂ ਨੂੰ ਵੀ ਆਪਣੀ ਜ਼ਮੀਰ ਜਗਾਉਣੀ ਪਏਗੀ ਜੋ ਸਿਆਸੀ ਧਿਰਾਂ ਦੇ ਪਿੰਡਾਂ ਵਿਚ ਆਗੂ ਬਣੇ ਹੋਏ ਹਨ। ਉਹ ਸ਼ਾਇਦ ਇਹ ਨਹੀਂ ਜਾਣਦੇ ਕਿ ਪਿੰਡਾਂ ਦੇ ਭੋਲੇ ਭਾਲੇ ਲੋਕਾਂ ਨੂੰ ਵੰਡਣ ਵਾਲੇ ਇਹ ਚਿੱਟੇ ਨੀਲੇ ਹੀ ਹਨ। ਪਿੰਡ ਦੀ ਗਲੀ ਗਲੀ ਕੀ, ਇਨ•ਾਂ ਨੇ ਤਾਂ ਘਰਾਂ ਦੇ ਚੁੱਲੇ• ਵੀ ਵੰਡ ਦਿੱਤੇ ਹਨ।
                ਆਮ ਲੋਕ ਕੀ ਜਾਣਦੇ ਹਨ ਕਿ ਖਟਕਲ ਕਲਾਂ ਦੀ ਮਿੱਟੀ ਚੁੱਕ ਕੇ ਸਹੁੰ ਖਾਣ ਵਾਲਾ ਸਿਆਸੀ ਨੇਤਾ ਸ਼ਹੀਦਾਂ ਦੇ ਨਾਮ ਤੇ ਆਪਣਾ ਸਿਆਸੀ ਰਾਹ ਪੱਧਰਾ ਕਰ ਰਿਹਾ ਹੈ। ਹਰ ਕਿਸੇ ਨੂੰ ਕੁਰਸੀ ਦੀ ਭੁੱਖ ਹੈ। ਕਾਲੀਆਂ ਐਨਕਾਂ ਵਾਲਾ ਇੱਕ ਨੇਤਾ ਜੋ ਬੀਤੇ ਕੱਲ ਤੱਕ ਸੁਖਬੀਰ ਸਿੰਘ ਬਾਦਲ ਨੂੰ   ਅਮਰਿੰਦਰ ਸਿੰਘ ਦੀ ਸਟੇਜ ਤੋਂ ਬਲੂੰਗੜਾ ਦੱਸਦਾ ਹੁੰਦਾ ਸੀ, ਉਹੀ ਹੁਣ ਸਿਰੋਪਾ ਪਵਾਉਣ ਮਗਰੋਂ ਉਸ ਨੂੰ ਪੰਜਾਬ ਦਾ ਸ਼ੇਰ ਦੱਸ ਰਿਹਾ ਹੈ। ਕੈਪਟਨ ਅਮਰਿੰਦਰ ਦੇ ਭਰਾ ਨੂੰ ਜਦੋਂ ਬਿਗਾਨਿਆਂ ਨੇ ਟਿਕਟ ਨਾ ਦਿੱਤੀ ਤਾਂ ਉਸ ਨੇ ਮੁੜ ਕਾਂਗਰਸ ਵਿਚ ਸ਼ਮੂਲੀਅਤ ਕਰ ਲਈ। ਹੁਣ ਅਕਾਲੀ ਦਲ ਵਾਲੇ ਆਖਦੇ ਹਨ ਕਿ ਸਾਡਾ ਸਿਰੋਪਾ ਤਾਂ ਮੋੜ ਦਿੰਦੇ। ਦਲ ਬਦਲੂ ਨੇਤਾ ਲੋਕਾਂ ਦਾ ਭਰੋਸਾ ਹੀ ਨਹੀਂ ਤੋੜਦੇ ਬਲਕਿ ਉਨ•ਾਂ ਨੂੰ ਆਪਣੀ ਗੱਦੀ ਕਾਇਮ ਰੱਖਣ ਵਾਸਤੇ ਪਸ਼ੂਆਂ ਵਾਂਗ ਵਰਤਦੇ ਵੀ ਹਨ। ਕਿੰਨਾ ਸਮਾਂ ਲੋਕ ਤਾੜੀਆਂ ਮਾਰ ਮਾਰ ਕੇ ਲੀਡਰਾਂ ਦੀ ਖੁਸ਼ਾਮਦੀ ਕਰਦੇ ਰਹਿਣਗੇ।   ਹਾਕਮ ਧਿਰ ਦੇ ਇੱਕ ਨੇਤਾ ਨੇ ਇੱਕ ਸੁਲਝੇ ਸੱਜਣ ਨੂੰ ਪੁੱਛਿਆ ਕਿ ਉਸ ਦਾ ਜਿਲ•ਾ ਪ੍ਰੀਸਦ ਦੀ ਚੇਅਰਮੈਨੀ ਦਾ ਦਾਅ ਭਰ ਸਕਦਾ ਹੈ ਤਾਂ ਉਸ ਸੱਜਣ ਨੇ ਜੁਆਬ ਦਿੱਤਾ ਕਿ ਇਹ ਅਹੁਦੇ ਤਾਂ ਨੇਤਾਵਾਂ ਦੇ ਧੀਆਂ ਪੁੱਤਾਂ ਲਈ ਰਾਖਵੇਂ ਹੋ ਗਏ ਹਨ, ਹਾਂ ਏਨਾ ਜਰੂਰ ਹੈ ਕਿ ਜਿਸ ਜ਼ਿਲੇ• ਵਿਚ ਨੇਤਾ ਹੀ ਬੇਔਲਾਦ ਹੋਵੇ, ਉਥੇ ਸੰਭਾਵਨਾ ਬਣ ਸਕਦੀ ਹੈ। ਕੋਈ ਜ਼ਮਾਨਾ ਸੀ ਜਦੋਂ ਕਿ ਸਿਖਰ ਵਾਲੀ ਕੁਰਸੀ ਦਾ ਰਾਹ ਪਿੰਡ ਦੀ ਸਰਪੰਚੀ ਚੋਂ ਨਿਕਲਦਾ ਹੁੰਦਾ ਸੀ। ਸਿਆਸੀ ਧਿਰ ਕੋਈ ਵੀ ਹੋਵੇ, ਉਨ•ਾਂ ਨੇ ਤਾਂ ਹੁਣ ਪਿੰਡਾਂ ਦੇ ਸਰਪੰਚਾਂ ਅਤੇ ਮੋਹਤਬਾਰਾਂ ਨੂੰ ਸਿਆਸੀ ਰੈਲੀਆਂ ਲਈ ਬੰਦੇ ਢੋਹਣ ਵਾਸਤੇ ਰੱਖਿਆ ਹੋਇਆ ਹੈ।
                 ਕਿੰਨਾ ਕੁ ਸਮਾਂ ਸਰਪੰਚ ਪਿੰਡ ਦੇ ਸ਼ਮਸ਼ਾਨਘਾਟ ਜਾਂ ਫਿਰ ਛੱਪੜ ਦੀ ਕੰਧ ਲਈ ਗਰਾਂਟਾਂ ਲੈ ਕੇ ਖੁਸ਼ ਹੁੰਦੇ ਰਹਿਣਗੇ। ਵਿਕਾਸ ਦਾ ਪੈਮਾਨਾ ਹਵਾਈ ਅੱਡੇ ਅਤੇ ਏ.ਸੀ ਬੱਸ ਅੱਡੇ ਨਹੀਂ ਹੁੰਦੇ, ਦੇਸ਼ ਦੇ ਲੋਕਾਂ ਦਾ ਜੀਵਨ ਪੱਧਰ ਹੁੰਦਾ ਹੈ। ਆਮ ਵੋਟਰ ਇਨ•ਾਂ ਗੱਲਾਂ ਤੋਂ ਅਣਜਾਣ ਹੈ। ਉਸ ਦਾ ਤਾਂ ਅਲਾਮਤਾਂ ਨੇ ਹੀ ਮੂੰਹ ਭੰਨ ਰੱਖਿਆ ਹੈ। ਲੋੜ ਤਾਂ ਹੁਣ ਇਨ•ਾਂ ਅਲਾਮਤਾਂ ਤੋਂ ਆਜ਼ਾਦ ਹੋਣ ਦੀ ਹੈ। ਤਾਹੀਂ ਸੰਭਵ ਹੋਵੇਗਾ ਕਿ ਜੇ ਉਹ ਸੋਚਣਗੇ ਅਤੇ ਜਾਗਣਗੇ। ਚੰਦ ਟਕਿਆਂ ਪਿਛੇ ਜਾਂ ਦੋ ਘੁੱਟ ਦਾਰੂ ਪਿਛੇ ਵੋਟ ਪਰਚੀ ਗੁਆਉਣ ਵਾਲੇ ਘੱਟੋ ਘੱਟ ਆਪਣੀ ਔਲਾਦ ਬਾਰੇ ਤਾਂ ਸੋਚਣ ਜਿਨ•ਾਂ ਦੇ ਭਵਿੱਖ ਦੇ ਰਾਹ ਵਿਚ ਉਹ ਖੱਡੇ ਪੁੱਟ ਰਹੇ ਹਨ। ਉਮੀਦਵਾਰਾਂ ਨੂੰ ਲੋਕ ਇਕੱਠਾਂ ਵਿਚ ਸੁਆਲ ਪੁੱਛੇ ਜਾਣਗੇ ਤਾਂ ਉਹ ਘੱਟੋ ਘੱਟ ਅੱਗੇ ਤੋਂ ਖਾਲੀ ਹੱਥ ਤਾਂ ਪਿੰਡ ਵਿਚ ਦਾਖਲ ਨਹੀਂ ਹੋਣਗੇ। ਪੂਰੀ ਸਚਾਈ ਇਹ ਨਹੀਂ ਕਿ ਪੈਸੇ ਵਾਲੇ ਦਾ ਰਾਜ ਭਾਗ ਹੁੰਦਾ ਹੈ। ਦਿੱਲੀ ਵਿਚ ਕੇਜਰੀਵਾਲ ਨੇ ਸਫਲਤਾ ਨੂੰ ਹੱਥ ਪਾ ਕੇ ਦੇਸ਼ ਦੇ ਲੋਕਾਂ ਵਿਚ ਇੱਕ ਭਰੋਸਾ ਪੈਦਾ ਕਰ ਦਿੱਤਾ ਹੈ ਕਿ ਰਾਹ ਨਵੇਂ ਵੀ ਖੁੱਲ• ਸਕਦੇ ਹਨ। ਤਾਹੀਓ ਤਾਂ ਹੁਣ ਪੇਂਡੂ ਲੋਕ ਵੀ ਝਾੜੂ ਫੇਰਨ ਦੀ ਗੱਲ ਕਰਨ ਲੱਗੇ ਹਨ। ਗੱਲ ਹਾਰ ਜਿੱਤ ਦੀ ਨਹੀਂ, ਗੱਲ ਭਰੋਸੇ ਦੀ ਹੁੰਦੀ ਹੈ। ਏਨੀ ਕੁ ਜ਼ਮੀਰ ਜਗਾਓ ਕਿ ਨੇਤਾ ਤੁਹਾਨੂੰ ਆਪਣੇ ਪੈਰ ਦੀ ਜੁੱਤੀ ਨਾ ਸਮਝਣ। ਜਿਨ•ਾਂ ਨੂੰ ਇਸ ਜ਼ਮੀਰ ਨੇ ਝੰਜੋੜਿਆ ਹੈ, ਉਨ•ਾਂ ਨੇ ਇਹੋ ਜੁੱਤੀ ਅਜਿਹੇ ਨੇਤਾਵਾਂ ਵੱਲ ਵਗਾਹ ਕੇ ਵੀ ਮਾਰੀ ਹੈ।                                          
 

No comments:

Post a Comment