Sunday, June 29, 2014

                                        ਮੋਹ ਭੰਗ
               ਕਿਧਰ ਗਏ ਹੁਸ਼ਿਆਰਪੁਰੀ ਲਾਲੇ
                                   ਚਰਨਜੀਤ ਭੁੱਲਰ
ਲੇਹ : ਲੱਦਾਖ ਨੂੰ ਕਾਰੋਬਾਰੀ ਗੁੜ੍ਹਤੀ ਦੇਣ ਵਾਲੇ ਹੁਸ਼ਿਆਰਪੁਰੀ ਕਾਰੋਬਾਰੀ ਹੁਣ ਲੱਭਿਆਂ ਨਹੀਂ ਥਿਆਉਂਦੇ। ਜਦੋਂ ਲੱਦਾਖ ਦਾ ਠੰਢਾ ਮਾਰੂਥਲ ਰੋਹੀ ਬੀਆਬਾਨ ਹੁੰਦਾ ਸੀ ਤਾਂ ਉਦੋਂ ਸਭ ਤੋਂ ਪਹਿਲਾਂ ਹੁਸ਼ਿਆਰਪੁਰੀਆਂ ਨੇ ਇੱਥੇ ਕਾਰੋਬਾਰ ਦੀ ਅਲਖ ਜਗਾਈ ਸੀ। ਲੱਦਾਖ ਨੂੰ ਵਪਾਰਕ ਚਿਣਗ ਲਗਾਉਣ ਵਾਲੇ ਹੁਸ਼ਿਆਰਪੁਰੀ ਹੁਣ ਬਹੁਤ ਥੋੜ੍ਹੀ ਗਿਣਤੀ ਵਿੱਚ ਰਹਿ ਗਏ ਹਨ। ਜਦੋਂ ਕਾਰੋਬਾਰ ਘੋੜਿਆਂ 'ਤੇ ਹੁੰਦਾ ਸੀ ਤਾਂ ਉਦੋਂ ਹੁਸ਼ਿਆਰਪੁਰ ਦੇ ਕਰੀਬ ਦੋ ਦਰਜਨ ਪਰਿਵਾਰਾਂ ਨੇ ਲੱਦਾਖ ਵਿੱਚ ਪੈਰ ਪਾਇਆ ਸੀ ਪਰ ਹੁਣ ਇੱਥੇ ਸਿਰਫ਼ ਪੰਜ-ਛੇ ਪਰਿਵਾਰ ਹੀ ਬਾਕੀ ਰਹਿ ਗਏ ਹਨ। ਹੁਸ਼ਿਆਰਪੁਰ ਦੇ ਇਨ੍ਹਾਂ ਪਰਿਵਾਰਾਂ ਦੀ ਨਵੀਂ ਪੀੜ੍ਹੀ ਲੱਦਾਖ ਵੱਲ ਮੂੰਹ ਨਹੀਂ ਕਰ ਰਹੀ ਹੈ ਜਿਸ ਕਰਕੇ ਇਨ੍ਹਾਂ ਦੇ ਬੱਚੇ ਹੁਣ ਪੰਜਾਬ ਵਿੱਚ ਹੀ ਸਥਾਪਤ ਹੋ ਗਏ ਹਨ। ਪੁਰਾਣੇ ਮੋਹ ਕਰਕੇ ਕੁਝ ਪਰਿਵਾਰ ਹਾਲੇ ਵੀ ਲੇਹ ਦੇ ਮੁੱਖ ਬਜ਼ਾਰਾਂ ਵਿੱਚ ਕਾਰੋਬਾਰ ਕਰ ਰਹੇ ਹਨ। ਅੰਮ੍ਰਿਤਸਰ ਦੇ ਕੁਝ ਕਾਰੋਬਾਰੀ ਲੋਕ ਵੀ ਪੁਰਾਣੇ ਸਮਿਆਂ ਵਿੱਚ ਲੱਦਾਖ ਵਿੱਚ ਕਾਰੋਬਾਰ ਕਰਨ ਗਏ ਸਨ। ਪੁਰਾਣੇ ਵੇਲਿਆਂ ਵਿੱਚ ਮੱਧ ਏਸ਼ੀਆ ਨਾਲ ਜ਼ਿਆਦਾਤਰ ਵਪਾਰ ਵਾਇਆ ਲੱਦਾਖ ਹੁੰਦਾ ਸੀ। ਅੰਮ੍ਰਿਤਸਰ ਤੋਂ ਚੀਨ ਤਕ ਵਸਤਾਂ ਦਾ ਵਟਾਂਦਰਾ ਹੁੰਦਾ ਸੀ। ਲੇਹ ਦੀ ਸੜਕ 'ਤੇ ਅੱਜ ਵੀ ਪੁਰਾਣੇ ਸਿਲਕ ਰੂਟ ਦੇ ਮੀਲ ਪੱਥਰ ਲੱਗੇ ਹੋਏ ਹਨ। ਭਾਰਤ-ਚੀਨ ਦੀ ਜੰਗ ਤੋਂ ਬਾਅਦ ਸਾਰਾ ਵਪਾਰ ਠੱਪ ਹੋ ਗਿਆ ਜਿਸਦਾ ਵੱਡਾ ਘਾਟਾ ਹੁਸ਼ਿਆਰਪੁਰੀ ਕਾਰੋਬਾਰੀਆਂ ਨੂੰ ਪਿਆ।
                  ਪੁਰਾਣੇ ਸਮਿਆਂ ਵਿੱਚ ਲੱਦਾਖ ਵਿੱਚ ਲਾਲ ਲਾਹੌਰੀ ਮੱਲ, ਸ਼ਾਦੀ ਲਾਲ, ਬਿਹਾਰੀ ਲਾਲ ਅਤੇ ਲਾਲ ਰਤਨ ਚੰਦ ਆਦਿ ਵੱਡੇ ਵਪਾਰੀ ਹੁੰਦੇ ਸਨ। ਹੁਸ਼ਿਆਰਪੁਰ ਦੇ ਲਾਲਾ ਹੇਤ ਰਾਮ ਲੇਹ ਦੀ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ ਹਨ। ਉਨ੍ਹਾਂ ਦਾ ਲੜਕਾ ਵਿਨੇ ਕੁਮਾਰ ਹੁਣ ਲੇਹ ਵਿੱਚ ਮੈਡੀਕਲ ਸਟੋਰ ਚਲਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਵਡੇਰੇ ਇੱਥੇ ਕੱਚੀ ਰੇਸ਼ਮ ਦਾ ਕਾਰੋਬਾਰ ਕਰਦੇ ਸਨ। ਲਗਪਗ 70 ਸਾਲ ਪਹਿਲਾਂ ਇੱਥੇ 22 ਫਰਮਾਂ ਸਿਰਫ਼ ਹੁਸ਼ਿਆਰਪੁਰ ਦੇ ਕਾਰੋਬਾਰੀਆਂ ਦੀਆਂ ਸਨ। ਉਸ ਨੇ ਕਿਹਾ ਕਿ ਲੱਦਾਖ ਦੇ ਕਾਰੋਬਾਰ ਵਿੱਚ ਹੁਸ਼ਿਆਰਪੁਰੀ ਵਪਾਰੀ ਮੋਹਰੀ ਰਹੇ ਹਨ। ਉਸ ਨੇ ਦੱਸਿਆ ਕਿ ਉਸ ਦਾ ਇੱਕ ਲੜਕਾ ਹੁਣ ਪੰਜਾਬ ਵਿੱਚ ਹੀ ਹੈ।ਲੇਹ ਦੇ ਬਾਜ਼ਾਰ ਵਿੱਚ ਕਰਿਆਨੇ ਦੀ ਦੁਕਾਨ ਚਲਾ ਰਹੇ 72 ਸਾਲਾਂ ਤਿਰਲੋਕ ਚੰਦ (ਹੁਸ਼ਿਆਰਪੁਰੀ) ਦਾ ਕਹਿਣਾ ਸੀ ਕਿ ਉਨ੍ਹਾਂ ਦੇ ਦਾਦਾ ਰੱਘਾ ਰਾਮ ਇੱਥੇ ਆਏ ਸਨ ਅਤੇ ਉਹ ਘੋੜਿਆਂ 'ਤੇ ਚੀਨ ਤਕ ਜਾਂਦੇ ਸਨ। ਕਰਾਚੀ ਬੰਦਰਗਾਹ ਤੋਂ ਮਾਲ ਆਉਂਦਾ ਸੀ ਅਤੇ ਕੱਚੀ ਰੇਸ਼ਮ ਦਾ ਕੰਮ ਜ਼ਿਆਦਾ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦਾ ਇੱਕ ਲੜਕਾ ਪੰਜਾਬ ਵਿੱਚ ਹੀ ਹੈ ਜਦਕਿ ਦੂਜਾ ਇੱਥੇ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚੀਨ ਜੰਗ ਮਗਰੋਂ ਪੁਰਾਣੇ ਕਾਰੋਬਾਰ ਨੂੰ ਧੱਕਾ ਲੱਗਿਆ ਸੀ। ਉਨ੍ਹਾਂ ਦੱਸਿਆ ਕਿ ਲੱਦਾਖ ਵਿੱਚ ਕਾਰੋਬਾਰ ਖੜ੍ਹਾ ਕਰਨ 'ਚ ਹੁਸ਼ਿਆਰਪੁਰ ਦੇ ਵਪਾਰੀਆਂ ਦਾ ਵੱਡਾ ਯੋਗਦਾਨ ਰਿਹਾ ਹੈ।
                  ਲੇਹ ਵਿੱਚ ਦੁਕਾਨ ਚਲਾ ਰਹੇ ਹੁਸ਼ਿਆਰਪੁਰੀ ਕਾਰੋਬਾਰੀ ਖਰੈਤੀ ਲਾਲ ਨੇ ਦੱਸਿਆ ਕਿ ਲੱਦਾਖੀ ਲੋਕਾਂ ਨੂੰ ਉਨ੍ਹਾਂ ਦੇ ਵਡੇਰਿਆਂ ਨੇ ਹੀ ਕਾਰੋਬਾਰ ਕਰਨਾ ਸਿਖਾਇਆ ਸੀ। ਉਨ੍ਹਾਂ ਦੱਸਿਆ ਕਿ ਕੱਪੜੇ ਅਤੇ ਚਾਹ ਦਾ ਕਾਰੋਬਾਰ ਕਾਫ਼ੀ ਹੁੰਦਾ ਸੀ ਤੇ ਘੋੜਿਆਂ 'ਤੇ ਪੈਂਡਾ ਤੈਅ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਸੰਨ 1977 ਵਿੱਚ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੇਹ ਆਏ ਸਨ ਤਾਂ ਉਦੋਂ ਉਨ੍ਹਾਂ ਹੁਸ਼ਿਆਰਪੁਰੀਆਂ ਨਾਲ ਮੀਟਿੰਗ ਕੀਤੀ ਸੀ ਤੇ ਲੱਦਾਖ ਵਿੱਚ ਕਾਰੋਬਾਰ ਕਰਨ 'ਤੇ ਸ਼ਾਬਾਸ਼ ਵੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਹੁਣ ਨਵੀਂ ਪੀੜ੍ਹੀ ਇੱਥੇ ਰਹਿਣ ਨੂੰ ਤਿਆਰ ਨਹੀਂ ਅਤੇ ਉਸ ਦੇ ਤਿੰਨੋਂ ਲੜਕੇ ਪੰਜਾਬ ਵਿੱਚ ਰਹਿੰਦੇ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਦਾ ਠਾਕੁਰ ਦਾਸ ਲੇਹ ਵਿੱਚ ਕੱਪੜੇ ਦਾ ਕਾਰੋਬਾਰ ਕਰਨ ਆਇਆ ਸੀ ਅਤੇ ਹੁਣ ਉਸ ਦਾ ਲੜਕਾ ਹਰਮੇਸ਼ ਲਾਲ ਕਾਰੋਬਾਰ ਚਲਾ ਰਿਹਾ ਹੈ। ਇਨ੍ਹਾਂ ਕਾਰੋਬਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਹੁਣ ਲੱਦਾਖ ਨਾਲ ਮੋਹ ਪੈ ਗਿਆ ਹੈ ਜਿਸ ਕਰਕੇ ਉਹ ਇੱਥੇ ਹੀ ਕਾਰੋਬਾਰ ਵਿੱਚ ਜੁਟੇ ਹੋਏ ਹਨ। ਹੁਸ਼ਿਆਰਪੁਰ ਦੇ ਇੱਕ ਵਿਅਕਤੀ ਦਾ ਲੇਹ ਵਿੱਚ ਹੀ ਜਨਰਲ ਸਟੋਰ ਹੈ। ਇਨ੍ਹਾਂ ਲੋਕਾਂ ਦਾ ਸ਼ਿਕਵਾ ਸੀ ਕਿ ਕਿਸੇ ਵੀ ਚੋਣ ਵਿੱਚ ਪੰਜਾਬੀ ਲੋਕਾਂ ਦਾ ਜ਼ਿਕਰ ਨਹੀਂ ਹੁੰਦਾ ਜਦਕਿ ਬਾਕੀ ਸਾਰੇ ਵਰਗਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਕੁਝ ਵੀ ਹੋਵੇ ਪਰ ਇਨ੍ਹਾਂ ਹੁਸ਼ਿਆਰਪੁਰੀ ਕਾਰੋਬਾਰੀਆਂ ਦੀ ਲੱਦਾਖ ਵਿੱਚ ਭਰੋਸੇਯੋਗਤਾ ਪੂਰੀ ਤਰ੍ਹਾਂ ਕਾਇਮ ਹੈ।

No comments:

Post a Comment