Friday, June 27, 2014

                            ਕੌਣ ਸੁਣੇ ਅਰਜੋਈ
           ਲਦਾਖੀ ਗੁਰੂ ਘਰਾਂ ਦੀ ਅਣਦੇਖੀ
                             ਚਰਨਜੀਤ ਭੁੱਲਰ
ਲੇਹ : ਸ਼੍ਰੋਮਣੀ ਕਮੇਟੀ ਵੱਲੋਂ ਲੱਦਾਖ ਦੇ ਗੁਰਦੁਆਰਿਆਂ ਦੀ ਅਣਦੇਖੀ ਤੋਂ ਸਿੱਖ ਭਾਈਚਾਰਾ ਨਾਰਾਜ਼ ਹੈ। ਜੰਮੂ-ਕਸ਼ਮੀਰ ਦੇ ਸਿੱਖ ਭਾਈਚਾਰੇ ਨੂੰ ਸ਼੍ਰੋਮਣੀ ਕਮੇਟੀ 'ਚ ਕੋਈ ਥਾਂ ਨਾ ਦਿੱਤੇ ਜਾਣ ਦਾ ਮਾਮਲਾ ਵੀ ਜ਼ੋਰ ਫੜਨ ਲੱਗਿਆ ਹੈ। ਲੱਦਾਖ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਹੈ ਜਿਸਦੇ ਪ੍ਰਬੰਧਾਂ 'ਤੇ ਭਾਰਤੀ ਫ਼ੌਜ ਦਾ ਕੰਟਰੋਲ ਹੈ। ਇਸ ਵੇਲੇ 105 ਇੰਜੀਨੀਅਰਜ਼ ਰੈਜੀਮੈਂਟ ਇਸ ਗੁਰੂ ਘਰ ਨੂੰ ਚਲਾ ਰਹੀ ਹੈ। ਗੁਰੂ ਘਰ ਦਾ ਮੁੱਖ ਗ੍ਰੰਥੀ ਵੀ ਭਾਰਤੀ ਫ਼ੌਜ ਦਾ ਸੂਬੇਦਾਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਦੂਜੀ ਉਦਾਸੀ ਸਮੇਂ ਇੱਥੇ ਆਏ ਸਨ। ਲੰਮੇ ਸਮੇਂ ਤੋਂ ਲੱਦਾਖ ਦੇ ਸਿੱਖਾਂ ਦੀ ਮੰਗ ਹੈ ਕਿ ਇਸ ਇਤਿਹਾਸਕ ਗੁਰੂ ਘਰ ਦਾ ਕੰਟਰੋਲ ਸ਼੍ਰੋਮਣੀ ਕਮੇਟੀ ਲੈ ਲਵੇ ਪਰ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ। ਜੰਮੂ ਵਿੱਚ ਸਿੱਖਾਂ ਦੀ ਅਬਾਦੀ ਦੋ ਲੱਖ ਤੋਂ ਉੱਪਰ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਜੰਮੂ-ਕਸ਼ਮੀਰ ਤੋਂ ਇੱਕ ਮੈਂਬਰ ਨਾਮਜ਼ਦ ਕੀਤਾ ਜਾਂਦਾ ਸੀ ਜੋ ਹੁਣ ਬੰਦ ਕਰ ਦਿੱਤਾ ਗਿਆ ਹੈ। ਜੰਮੂ-ਕਸ਼ਮੀਰ ਗੁਰਦੁਆਰਾ ਪ੍ਰਬੰਧ ਬੋਰਡ ਦੇ ਸਕੱਤਰ ਭੁਪਿੰਦਰ ਸਿੰਘ ਚੋਪੜਾ ਅਨੁਸਾਰ ਲੱਦਾਖ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਲੈਣ ਲਈ ਕਿਹਾ ਗਿਆ ਸੀ।
                   ਉਨ੍ਹਾਂ ਦੱਸਿਆ ਕਿ ਉਨ੍ਹਾਂ ਤਤਕਾਲੀ ਰੱਖਿਆ ਮੰਤਰੀ ਪ੍ਰਣਾਬ ਮੁਖਰਜੀ ਤਕ ਵੀ ਪਹੁੰਚ ਕੀਤੀ ਸੀ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਵਿੱਚ ਮੋਦੀ ਸਰਕਾਰ ਹੈ ਜਿਸ ਕਰਕੇ ਸ਼੍ਰੋਮਣੀ ਕਮੇਟੀ ਕੋਲ ਇਹ ਮਾਮਲਾ ਉਠਾਉਣ ਲਈ ਢੁਕਵਾਂ ਮੌਕਾ ਹੈ। ਉਨ੍ਹਾਂ ਮੰਗ ਕੀਤੀ ਕਿ ਜੰਮੂ-ਕਸ਼ਮੀਰ ਨੂੰ ਸ਼੍ਰੋਮਣੀ ਕਮੇਟੀ ਵਿੱਚ ਪ੍ਰਤੀਨਿਧਤਾ ਦਿੱਤੀ ਜਾਵੇ। ਲੇਹ ਸ਼ਹਿਰ 'ਚ ਗੁਰਦੁਆਰਾ ਸ੍ਰੀ ਦਾਤਣ ਸਾਹਿਬ ਹੈ ਜਿਸਦੀ   ਉਸਾਰੀ ਲੰਮੇ ਅਰਸੇ ਮਗਰੋਂ ਕਾਰ ਸੇਵਾ ਵਾਲੇ ਬਾਬਾ ਬੀਰਾ ਸਿੰਘ ਕਰਵਾ ਰਹੇ ਹਨ। ਲੇਹ ਵਿੱਚ 57 ਸਿੱਖ ਪਰਿਵਾਰ ਹਨ ਜਦਕਿ ਲਗਪਗ ਦਰਜਨ ਸਿੱਖ ਪਰਿਵਾਰ ਕਾਰਗਿਲ ਵਿੱਚ ਹਨ। ਗੁਰਦੁਆਰਾ ਸ੍ਰੀ ਦਾਤਣ ਸਾਹਿਬ ਦਾ ਪ੍ਰਬੰਧ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ ਜਿਸ ਅਧੀਨ ਲੇਹ ਦੇ ਗੁਰਦੁਆਰਾ ਸਿੰਘ ਸਭਾ ਤੇ ਗੁਰਦੁਆਰਾ ਧਰਮਸ਼ਾਲਾ ਲੇਹ ਦਾ ਪ੍ਰਬੰਧ ਵੀ ਹੈ। ਸਥਾਨਕ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇਜਿੰਦਰ ਸਿੰਘ ਬਖਸ਼ੀ ਅਤੇ ਖ਼ਜ਼ਾਨਚੀ ਜੈਪਾਲ ਸਿੰਘ ਅਨੁਸਾਰ ਉਨ੍ਹਾਂ ਗੁਰਦੁਆਰਾ ਸ੍ਰੀ ਦਾਤਣ ਸਾਹਿਬ ਬਾਰੇ ਪਹਿਲਾਂ ਸ਼੍ਰੋਮਣੀ ਕਮੇਟੀ ਨਾਲ ਗੱਲ ਕੀਤੀ ਸੀ ਪਰ ਹੁਣ ਦਿੱਲੀ ਵਾਲਿਆਂ ਨੂੰ ਇਤਿਹਾਸਕ ਗੁਰੂ ਘਰ ਦੀ ਕਾਰ ਸੇਵਾ ਸੌਂਪ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਲੇਹ ਆਉਣ ਸਮੇਂ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਸੀ।
                ਆਗੂਆਂ ਨੇ ਮੰਗ ਕੀਤੀ ਕਿ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦਾ ਕੰਟਰੋਲ ਭਾਰਤੀ ਫ਼ੌਜ ਤੋਂ ਲਿਆ ਜਾਵੇ। ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦੇ ਮੁੱਖ ਗ੍ਰੰਥੀ ਸਿਮਰਜੀਤ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕੋਈ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਤਬੀਰ ਸਿੰਘ ਅਨੁਸਾਰ ਸ਼੍ਰੋਮਣੀ ਕਮੇਟੀ ਨੇ ਭਾਰਤੀ ਫ਼ੌਜ ਦੇ ਜਨਰਲ ਜੇ.ਜੇ. ਸਿੰਘ ਨਾਲ ਗੁਰਦੁਆਰਾ ਪੱਥਰ ਸਾਹਿਬ ਦਾ ਕੰਟਰੋਲ ਭਾਰਤੀ ਫ਼ੌਜ ਤੋਂ ਲੈਣ ਦੀ ਗੱਲ ਚਲਾਈ ਸੀ ਪਰ ਫ਼ੌਜ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਹ ਫ਼ੌਜ ਦੇ ਕੰਟਰੋਲ ਵਾਲਾ ਇਲਾਕਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਪੱਤਰ ਵੀ ਲਿਖੇ ਸਨ।
                                                       ਅਣਦੇਖੀ ਵਾਲੀ ਕੋਈ ਗੱਲ ਨਹੀਂ: ਭੌਰ
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਅਨੁਸਾਰ ਅਣਦੇਖੀ ਵਾਲੀ ਕੋਈ ਗੱਲ ਨਹੀਂ ਹੈ ਅਤੇ ਜੰਮੂ- ਕਸ਼ਮੀਰ 'ਚੋਂ ਪਹਿਲਾਂ ਮੈਂਬਰ ਨਾਮਜ਼ਦ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਹਾਊਸ ਵਿੱਚ ਵੀ ਜੰਮੂ-ਕਸ਼ਮੀਰ ਤੋਂ ਮੈਂਬਰ ਲਏ ਜਾਣ ਦੀ ਗੱਲ ਚੱਲੀ ਸੀ ਅਤੇ ਅੱਗੇ ਤੋਂ ਮੈਂਬਰ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਜੰਮੂ-ਕਸ਼ਮੀਰ ਦੇ ਸਿੱਖਾਂ ਦੀ ਪੂਰੀ ਮਦਦ ਕਰਦੇ ਹਨ। ਚਿੱਠੀ ਸਿੰਘਪੁਰਾ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਬਹੁਤ ਮਦਦ ਕੀਤੀ ਗਈ।

No comments:

Post a Comment