Monday, June 30, 2014

                                 ਆਮਿਰ ਖਾਨ ਨੇ
                  ਲੱਦਾਖੀ ਪਿੰਡ ਦੇ ਭਾਗ ਜਗਾਏ
                                  ਚਰਨਜੀਤ ਭੁੱਲਰ
ਲੇਹ :  ਆਮਿਰ ਖਾਨ ਦੀ ਫਿਲਮ ਥ੍ਰੀ ਇਡੀਅਟਸ ਦੇ ਆਖਰੀ ਸੀਨ ਨੇ ਲਦਾਖੀ ਪਿੰਡ ਸਪੈਂਗਮਿਕ ਦੇ ਲੋਕਾਂ ਲਈ ਅਮੀਰੀ ਦਾ ਪਹਿਲਾ ਦਰਵਾਜਾ ਖੋਲ੍ਹ ਦਿੱਤਾ। ਲੇਹ ਤੋਂ ਕਰੀਬ 160 ਕਿਲੋਮੀਟਰ ਉੱਤਰੀ ਪੂਰਬੀ ਪਾਸੇ ਪੈਂਗੌਂਗ ਝੀਲ ਕੋਲ ਵਸਿਆ ਇਹ ਪਿੰਡ ਹੁਣ ਦੋ ਦਿਨਾਂ ਤੋਂ ਪੈਂਗੌਂਗ ਝੀਲ ਚੀਨ ਤਰਫ਼ੋਂ ਘੁਸਪੈਠ ਹੋਣ ਕਰਕੇ ਚਰਚਾ ਵਿਚ ਹੈ। ਏਸ਼ੀਆ ਦੀ ਸਭ ਤੋਂ ਲੰਮੀ ਝੀਲ ਮੰਨੀ ਜਾਂਦੀ ਪੈਂਗੌਗ ਝੀਲ ਵੇਖਣ ਲਈ ਪਹਿਲਾਂ ਟਾਵੇਂ ਹੀ ਸੈਲਾਨੀ ਗੇੜਾ ਮਾਰਦੇ ਸਨ।  24 ਦਸੰਬਰ 2009 'ਚ ਰਿਲੀਜ਼ ਹੋਈ ਫਿਲਮ ਥ੍ਰੀ ਇਡੀਅਟਸ ਦਾ ਆਖਰੀ ਸੀਨ ਪੈਂਗੌਂਗ ਝੀਲ 'ਤੇ ਫਿਲਮਾਇਆ ਗਿਆ ਸੀ ਇਸ ਫਿਲਮ ਦੇ ਆਖਰੀ ਸੀਨ ਨੇ ਪੈਂਗੌਂਗ ਝੀਲ ਦੇ ਆਸੇ-ਪਾਸੇ ਵਸਦੇ ਪਿੰਡਾਂ ਲਈ ਨਵੇਂ ਰਾਹ ਖੋਲ੍ਹ ਦਿੱਤੇ ਹਨ। ਜਿਥੇ ਸੈਲਾਨੀ ਦਿਨ ਵੇਲੇ ਪਹੁੰਚਣ ਤੋਂ ਡਰਦੇ ਸਨ, ਉਸ ਪੈਂਗੋਗ ਝੀਲ 'ਤੇ ਹੁਣ ਉਹ ਰਾਤਾਂ ਕੱਟਦੇ ਹਨ। ਸਪੈਂਗਮਿਕ ਛੋਟਾ ਜਿਹਾ ਪਿੰਡ ਹੈ, ਜਿਸ ਵਿਚ ਦਰਜਨ ਦੇ ਕਰੀਬ ਪਰਿਵਾਰ ਵਸਦੇ ਹਨ। ਇਨ੍ਹਾਂ ਪਰਿਵਾਰਾਂ ਨੂੰ ਗੁਜ਼ਾਰੇ ਖਾਤਰ ਪਹਾੜਾਂ ਨਾਲ ਮੱਥਾ ਲਾਉਣਾ ਪੈਂਦਾ ਸੀ। ਸੈਲਾਨੀ ਫਿਲਮ ਦੇ ਆਖਰੀ ਸੀਨ ਵਾਲੀ ਜਗ੍ਹਾ ਵੇਖਣ ਵਾਸਤੇ ਹੁਣ ਸੁੰਨਸਾਨ ਪਹਾੜਾਂ ਵਿਚ ਅਤਿ ਦੀ ਸਰਦੀ ਵਿਚ ਰਾਤਾਂ ਕੱਟਦੇ ਹਨ। ਪਿੰਡ ਸਪੈਂਗਮਿਕ ਦੇ ਪਰਿਵਾਰਾਂ ਨੇ ਆਪਣੀ ਪਹਾੜੀ ਜ਼ਮੀਨ ਕੈਂਪਾਂ ਵਾਸਤੇ ਕਿਰਾਏ 'ਤੇ ਦੇ ਦਿੱਤੀ ਹੈ।13 ਕੈਂਪ ਸੀਜ਼ਨ ਦੌਰਾਨ ਸਥਾਪਿਤ ਹੁੰਦੇ ਹਨ ਅਤੇ ਹਰ ਕੈਂਪ ਵਿਚ ਦਰਜਨ ਦੇ ਕਰੀਬ ਟੈਂਟ ਲਗਾਏ ਜਾਂਦੇ ਹਨ। ਹਰ ਕੈਂਪ ਵਿਚ 30 ਦੇ ਕਰੀਬ ਸੈਲਾਨੀਆਂ ਦੀ ਸਮਰੱਥਾ ਹੈ।
                  ਵਿਸਪਰਿੰਗ  ਵੇਵਜ਼ ਕੈਂਪ ਦੇ ਮੈਨੇਜਰ ਸੰਦਰ ਸਿਹਾਣਾ ਨੇ ਦੱਸਿਆ ਕਿ ਸਪੈਂਗਮਿਕ ਦੇ ਲੋਕਾਂ ਵੱਲੋਂ ਆਪਣੀ ਜਗ੍ਹਾ ਕਿਰਾਏ 'ਤੇ ਕੈਂਪਾਂ ਵਾਸਤੇ ਦਿੱਤੀ ਜਾਂਦੀ ਹੈ, ਜਿਸ ਦੇ ਬਦਲੇ ਵਿਚ ਉਨ੍ਹਾਂ ਨੂੰ ਹਰ ਸੀਜ਼ਨ ਵਿਚ 40 ਹਜ਼ਾਰ ਤੋਂ ਇੱਕ ਲੱਖ ਰੁਪਏ ਪ੍ਰਤੀ ਕੈਂਪ ਮਿਲ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਾਰੇ ਕੈਂਪਾਂ ਵਿਚ ਸੀਜ਼ਨ ਦੌਰਾਨ 15 ਹਜ਼ਾਰ ਦੇ ਕਰੀਬ ਸੈਲਾਨੀ ਰਾਤਾਂ ਕੱਟਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਕੱਚਾ ਰਸਤਾ ਸੀ, ਫਿਲਮ ਥ੍ਰੀ ਇਡੀਅਟਸ ਦੇ ਆਖਰੀ ਸੀਨ ਦੀ ਸ਼ੂਟਿੰਗ ਮਗਰੋਂ ਸਰਕਾਰ ਨੇ ਪੱਕੀ ਸੜਕ ਬਣਾ ਦਿੱਤੀ ਹੈ। ਸਪੈਂਗਮਿਕ ਪਿੰਡ ਲਈ ਸੋਲਰ ਪਲਾਂਟ ਸਰਕਾਰ ਨੇ ਲਗਾ ਦਿੱਤਾ ਹੈ। ਪਿੰਡ ਦੇ ਵਸਨੀਕ ਕੂਚਾਕ ਰਾਜਿੰਗ ਨੇ ਦੱਸਿਆ ਕਿ ਉਸ ਨੂੰ ਹੁਣ 60 ਹਜ਼ਾਰ ਰੁਪਏ ਸਾਲਾਨਾ ਕਮਾਈ ਕੈਂਪ ਵਾਸਤੇ ਜ਼ਮੀਨ ਕਿਰਾਏ 'ਤੇ ਦੇਣ ਨਾਲ ਹੋਣ ਲੱਗੀ ਹੈ। ਸੀਜ਼ਨ ਦੌਰਾਨ ਉਹ ਸੈਲਾਨੀਆਂ ਨੂੰ ਆਪਣੇ ਘਰਾਂ ਵਿਚ ਪੇਇੰਗ ਗੈਸਟ ਦੇ ਤੌਰ 'ਤੇ ਠਹਿਰਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਤਾਂ ਆਮਿਰ ਖਾਨ ਦਾ ਨਾਮ ਜਪਦੇ ਹਨ ਜਿਸ ਦੀ ਫਿਲਮ ਨੇ ਉਨ੍ਹਾਂ ਨੂੰ ਵੀ ਜ਼ਿੰਦਗੀ ਜੀਣ ਦਾ ਮੌਕਾ ਦੇ ਦਿੱਤਾ ਹੈ।
                 ਪੈਂਗੌਗ ਡਿਲਾਈਟ ਕੈਂਪ ਦੇ ਮੈਨੇਜਰ ਮੁਨੀਸ਼ ਥਾਪਾ ਦਾ ਕਹਿਣਾ ਸੀ ਕਿ ਇਨ੍ਹਾਂ ਕੈਂਪਾਂ ਵਿਚ ਕਰੀਬ 150 ਲਦਾਖੀ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਗਿਆ ਹੈ। ਸਪੈਂਗਮਿਕ ਪਿੰਡ ਤੋਂ ਕਰੀਬ 50 ਕਿਲੋਮੀਟਰ ਦੂਰੀ 'ਤੇ ਹੀ ਚੀਨ ਦੀ ਸੀਮਾ ਹੈ। ਪੈਂਗੌਂਗ ਝੀਲ ਕਰੀਬ 150 ਕਿਲੋਮੀਟਰ ਲੰਮੀ ਹੈ, ਜਿਸ ਦਾ 75 ਫੀਸਦੀ ਹਿੱਸਾ ਚੀਨ ਵਿਚ ਅਤੇ 25 ਫੀਸਦੀ ਝੀਲ ਭਾਰਤੀ ਖੇਤਰ ਵਿਚ ਹੈ। ਇਸ ਝੀਲ ਦਾ ਪਾਣੀ ਦਿਨ ਵਿਚ ਤਿੰਨ- ਚਾਰ ਰੰਗ ਬਦਲਦਾ ਹੈ। ਲੋਕਾਂ ਨੇ ਦੱਸਿਆ ਕਿ ਫਿਲਮ ਥ੍ਰੀ ਇਡੀਅਟਸ ਤੋਂ ਪਹਿਲਾਂ ਇੱਥੇ ਸਿਰਫ਼ ਇੱਕ-ਦੋ ਦੁਕਾਨਾਂ ਅਤੇ ਇੱਕ-ਦੋ ਕੈਂਪ ਹੀ ਸਨ। ਹੁਣ ਪੈਂਗੌਗ ਝੀਲ ਦੇ ਇੱਕ ਪਾਸੇ ਮਾਰਕੀਟ ਉਸਰ ਗਈ ਹੈ, ਜਿਸ ਵਿਚ ਦਰਜਨ ਦੇ ਕਰੀਬ ਰੈਸਟੋਰੈਂਟ ਖੁੱਲ੍ਹ ਗਏ ਹਨ। ਇਨ੍ਹਾਂ ਦੁਕਾਨਾਂ ਦੇ ਨਾਮ ਵੀ ਫਿਲਮ ਨਾਲ ਜੁੜੇ ਹੋਏ ਹਨ ਜਿਵੇਂ ਥ੍ਰੀ ਇਡੀਅਟ ਰੈਸਟੋਰੈਂਟ,ਥ੍ਰੀ ਇਡੀਅਟ ਕੈਫੇ ਅਤੇ ਰੈਂਚੋਂ ਕੈਫੇ ਆਦਿ। ਇਸ ਝੀਲ ਦੇ ਕਿਨਾਰੇ ਅੱਜ ਕੱਲ੍ਹ ਗੁਰਦਾਸ ਮਾਨ ਆਪਣੀ ਨਵੀਂ ਐਲਬਮ ਦੇ ਸੀਨ ਫਿਲਮਾਂ ਰਹੇ ਹਨ।

No comments:

Post a Comment