Saturday, January 31, 2015

                                   ਲੀਡਰਾਂ ਦੇ ਬਿੱਲ
                ਖ਼ਜ਼ਾਨੇ ਦੀਆਂ ਚੂਲਾਂ ਹਿਲਾਈਆਂ
                               ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਵਜ਼ੀਰਾਂ ਅਤੇ ਵਿਧਾਇਕਾਂ ਵੱਲੋਂ ਵਿਦੇਸ਼ੀ ਅਤੇ ਪ੍ਰਾਈਵੇਟ ਇਲਾਜ ਸਰਕਾਰੀ ਖ਼ਜ਼ਾਨੇ ਨੂੰ ਮਹਿੰਗਾ ਪੈ ਰਿਹਾ ਹੈ। ਸਰਕਾਰੀ ਖ਼ਜ਼ਾਨੇ 'ਚੋਂ ਹਰ ਵਰ੍ਹੇ ਕਰੋੜਾਂ ਰੁਪਏ ਪ੍ਰਾਈਵੇਟ ਹਸਪਤਾਲਾਂ ਕੋਲ ਜਾਂਦੇ ਹਨ। ਨਿਯਮ ਕੁਝ ਵੀ ਕਹਿਣ, ਵਜ਼ੀਰ ਅਤੇ ਵਿਧਾਇਕ ਆਪਣੇ ਇਲਾਜ ਵਾਸਤੇ ਵਿਦੇਸ਼ ਵੀ ਜਾ ਰਹੇ ਹਨ। ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਅਮਰੀਕਾ 'ਚੋਂ ਆਪਣਾ ਇਲਾਜ ਕਰਾਇਆ ਹੈ। ਉਨ੍ਹਾਂ ਦਾ ਵਿਦੇਸ਼ੀ ਇਲਾਜ ਖ਼ਜ਼ਾਨੇ ਨੂੰ 21.09 ਲੱਖ ਰੁਪਏ ਵਿੱਚ ਪਿਆ ਹੈ।ਸਿਹਤ ਵਿਭਾਗ ਦੇ ਨਿਯਮ ਹਨ ਕਿ ਸਿਰਫ਼ ਉਹੋ ਇਲਾਜ ਵਿਦੇਸ਼ 'ਚੋਂ ਕਰਾਇਆ ਜਾ ਸਕਦਾ ਹੈ, ਜੋ ਭਾਰਤ ਵਿੱਚ ਉਪਲੱਬਧ ਨਹੀਂ। ਸੂਚਨਾ ਅਧਿਕਾਰ ਐਕਟ (ਆਰਟੀਆਈ) ਤਹਿਤ ਹਾਸਲ ਜਾਣਕਾਰੀ 'ਚ ਸਿਹਤ ਵਿਭਾਗ ਨੇ ਸ੍ਰੀ ਢਿੱਲੋਂ ਨੂੰ ਵਿਦੇਸ਼ੀ ਇਲਾਜ ਦੀ ਦਿੱਤੀ ਪ੍ਰਵਾਨਗੀ ਵਿੱਚ ਲਿਖਿਆ ਹੈ ਕਿ ਇਹ ਇਲਾਜ ਏਮਸ, ਮੇਦਾਂਤਾ ਗੁੜਗਾਓਂ ਅਤੇ ਰਾਜੀਵ ਗਾਂਧੀ ਹਸਪਤਾਲ ਦਿੱਲੀ 'ਚ ਵੀ ਹੈ ਪ੍ਰੰਤੂ ਇਸ ਦਾ ਆਧੁਨਿਕ ਵਿਕਸਿਤ ਇਲਾਜ ਅਮਰੀਕਾ 'ਚ ਹੈ। ਇਸ ਮੋਰੀ ਰਾਹੀਂ ਉਨ੍ਹਾਂ ਨੂੰ ਵਿਦੇਸ਼ ਤੋਂ ਇਲਾਜ ਲਈ ਹਰੀ ਝੰਡੀ ਮਿਲ ਗਈ। ਤਤਕਾਲੀ ਮੰਤਰੀ ਚੌਧਰੀ ਸਵਰਨਾ ਰਾਮ ਨੇ ਵੀ ਅਮਰੀਕਾ 'ਚੋਂ 31 ਅਗਸਤ 2010 ਤੋਂ 16 ਸਤੰਬਰ 2010 ਤੱਕ ਇਲਾਜ ਕਰਾਇਆ ਜਿਸ ਦਾ ਖ਼ਰਚਾ 26,676 ਰੁਪਏ ਸਰਕਾਰ ਨੇ ਉਤਾਰਿਆ ਹੈ।
                        ਕਾਂਗਰਸ ਸਰਕਾਰ ਸਮੇਂ ਤਤਕਾਲੀ ਵਿਧਾਇਕ ਰਣਜੀਤ ਸਿੰਘ ਤਲਵੰਡੀ ਨੇ ਵੀ ਅਮਰੀਕਾ 'ਚੋਂ ਹੀ ਇਲਾਜ ਕਰਾਇਆ ਸੀ ਜਿਸ 'ਤੇ 42.26 ਲੱਖ ਰੁਪਏ ਖ਼ਰਚ ਆਏ ਸਨ। ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰਾਂ ਦਾ ਇਲਾਜ ਵੀ ਅਮਰੀਕਾ ਵਿੱਚ ਚੱਲਿਆ ਸੀ ਜਿਸ 'ਤੇ 3.59 ਕਰੋੜ ਰੁਪਏ ਖ਼ਰਚ ਆਏ ਸਨ। ਪ੍ਰਾਈਵੇਟ ਹਸਪਤਾਲਾਂ ਦੇ ਵੱਡੇ ਬਿੱਲ ਵੀ ਖ਼ਜ਼ਾਨੇ 'ਤੇ ਭਾਰ ਪਾ ਰਹੇ ਹਨ। ਪੰਜਾਬ ਸਰਕਾਰ ਨੇ ਇਸੇ ਮਹੀਨੇ ਵਜ਼ੀਰ ਤੋਤਾ ਸਿੰਘ ਅਤੇ ਸੁਰਜੀਤ ਸਿੰਘ ਰੱਖੜਾ ਦਾ ਮੈਡੀਕਲ ਬਿੱਲ ਰਿਲੀਜ਼ ਕੀਤਾ ਹੈ।  ਜਨ ਸਿਹਤ ਮੰਤਰੀ ਸ੍ਰੀ ਰੱਖੜਾ ਨੇ ਆਪਣੀ ਪਤਨੀ ਦਾ ਇਲਾਜ ਮਾਰਚ 2014 ਵਿੱਚ ਮੈਕਸ ਸੁਪਰ ਹਸਪਤਾਲ ਨਵੀਂ ਦਿੱਲੀ ਤੋਂ ਕਰਾਇਆ ਜਿਸ ਦਾ 4.08 ਲੱਖ ਰੁਪਏ ਦਾ ਬਿੱਲ ਸਿਹਤ ਵਿਭਾਗ ਕੋਲ ਭੇਜਿਆ ਗਿਆ ਪ੍ਰੰਤੂ ਵਿਭਾਗ ਨੇ ਸਿਰਫ਼ 2.09 ਲੱਖ ਰੁਪਏ ਦਾ ਬਿੱਲ ਹੀ ਪਾਸ ਕੀਤਾ। ਸਿਹਤ ਵਿਭਾਗ ਨੇ ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ ਨਾਲ ਇਸ ਮਾਮਲੇ ਵਿੱਚ ਨਰਮੀ ਵਰਤੀ ਹੈ ਕਿਉਂਕਿ ਉਨ੍ਹਾਂ ਦਾ ਲੜਕਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚੇਅਰਮੈਨ ਵੀ ਹੈ। ਜਥੇਦਾਰ ਤੋਤਾ ਸਿੰਘ ਨੇ 3.91 ਲੱਖ ਰੁਪਏ ਦਾ ਬਿੱਲ ਦਿੱਤਾ ਜਿਸ 'ਚੋਂ 3.26 ਲੱਖ ਰੁਪਏ ਪਾਸ ਹੋ ਗਏ। ਉਨ੍ਹਾਂ ਪਿਛਲੇ ਸਾਲ ਜੁਲਾਈ 'ਚ ਮੈਟਰੋ ਐਂਡ ਹਾਰਟ ਹਸਪਤਾਲ ਨੋਇਡਾ ਤੋਂ ਇਲਾਜ ਕਰਾਇਆ ਸੀ।
                     ਸਾਬਕਾ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਤਨੀ ਦਾ ਫੋਰਟਿਸ ਹਸਪਤਾਲ ਮੁਹਾਲੀ 'ਚੋਂ ਇਲਾਜ ਕਰਾਇਆ ਜਿਥੇ ਇਲਾਜ 'ਤੇ ਆਏ ਖ਼ਰਚੇ ਦਾ 4.32 ਲੱਖ ਰੁਪਏ ਦਾ ਬਿੱਲ ਸਰਕਾਰੀ ਖ਼ਜ਼ਾਨੇ 'ਚੋਂ ਤਾਰਿਆ ਗਿਆ। ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਨੇ ਆਪਣੀਆਂ ਅਤੇ ਪਤਨੀ ਦੀਆਂ ਅੱਖਾਂ ਦਾ ਇਲਾਜ ਚੰਡੀਗੜ੍ਹ ਦੀ ਗਰੇਵਾਲ ਆਈ ਇੰਸਟੀਚਿਊਟ 'ਚੋਂ ਕਰਾਇਆ।ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਵੀ ਮਈ 2013 ਵਿੱਚ ਪ੍ਰਾਈਵੇਟ ਹਸਪਤਾਲ ਨੂੰ ਤਰਜੀਹ ਦਿੱਤੀ। ਉਨ੍ਹਾਂ ਮੈਕਸ ਹਸਪਤਾਲ ਮੁਹਾਲੀ 'ਚੋਂ ਇਲਾਜ ਕਰਾਇਆ। ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਨੇ ਮਾਤਾ ਦਾ ਇਲਾਜ ਫੋਰਟਿਸ ਮੁਹਾਲੀ ਤੋਂ ਕਰਾਇਆ ਜਿਸ 'ਤੇ 2.43 ਲੱਖ ਰੁਪਏ ਖ਼ਰਚ ਆਏ। ਸੂਚਨਾ ਅਨੁਸਾਰ ਸਾਲ 2007 ਤੋਂ 2012 ਦੌਰਾਨ ਵਿਧਾਇਕਾਂ ਦਾ ਮੈਡੀਕਲ ਖ਼ਰਚ 1.01 ਕਰੋੜ ਰੁਪਏ ਰਿਹਾ। ਕੁਝ ਸਾਲ ਪਹਿਲਾਂ ਆਪਣੇ ਇੱਕ ਪਰਵਾਰਕ ਮੈਂਬਰ ਦਾ ਇਲਾਜ ਦਿੱਲੀ ਅਤੇ ਮੁੰਬਈ ਤੋਂ ਕਰਾਇਆ ਜਿਸ ਦਾ ਬਿੱਲ 3.23 ਲੱਖ ਰੁਪਏ ਖ਼ਜ਼ਾਨੇ 'ਚੋਂ ਤਾਰਿਆ ਗਿਆ।
                                                         ਅਗਾਊਂ ਪ੍ਰਵਾਨਗੀ ਜ਼ਰੂਰੀ
ਡਾਇਰੈਕਟਰ: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ.ਕਰਨਜੀਤ ਸਿੰਘ ਦਾ ਕਹਿਣਾ ਹੈ ਕਿ ਵਿਦੇਸ਼ 'ਚੋਂ ਉਹੀ ਇਲਾਜ ਕਰਾਇਆ ਜਾ ਸਕਦਾ ਹੈ, ਜੋ ਦੇਸ਼ ਵਿੱਚ ਉਪਲੱਬਧ ਨਾ ਹੋਵੇ। ਉਨ੍ਹਾਂ ਆਖਿਆ ਕਿ ਵਿਦੇਸ਼ 'ਚ ਇਲਾਜ ਕਰਾਉਣ ਵਾਸਤੇ ਅਗਾਊਂ ਪ੍ਰਵਾਨਗੀ ਲੈਣੀ ਪੈਂਦੀ ਹੈ। ਉਨ੍ਹਾਂ ਆਖਿਆ ਕਿ ਵੀਆਈਪੀਜ਼ ਦੇ ਇਲਾਜ ਲਈ ਬਕਾਇਦਾ ਰੇਟ ਨਿਸ਼ਚਿਤ ਕੀਤੇ ਹੋਏ ਹਨ ਵਿਧਾਇਕਾਂ ਅਤੇ ਵਜ਼ੀਰਾਂ ਵਾਸਤੇ ਇਲਾਜ ਦੀ ਕੋਈ ਖ਼ਰਚ ਸੀਮਾ ਨਹੀਂ ਹੈ।  ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ਼ (ਪੈਨਸ਼ਨ ਅਤੇ ਡਾਕਟਰੀ ਸਹੂਲਤਾਂ ਵਿਨਿਯਮ) ਐਕਟ 1977 ਅਨੁਸਾਰ 1 ਜਨਵਰੀ 1998 ਤੋਂ 22 ਅਪਰੈਲ 2003 ਤੱਕ ਵਿਧਾਇਕਾਂ ਨੂੰ ਨਿਸ਼ਚਿਤ ਭੱਤਾ 250 ਰੁਪਏ ਪ੍ਰਤੀ ਮਹੀਨਾ ਮਿਲਦਾ ਸੀ। ਪੰਜਾਬ ਸਰਕਾਰ ਵੱਲੋਂ 20 ਫਰਵਰੀ 2004 ਨੂੰ ਵਿਧਾਇਕਾਂ ਨੂੰ ਖੁੱਲ੍ਹਾ ਮੈਡੀਕਲ ਭੱਤਾ ਦੇਣ ਦੀ ਹਦਾਇਤ ਕੀਤੀ ਗਈ ਸੀ।
                                                       ਕਾਂਗਰਸੀ ਵੀ ਪਿੱਛੇ ਨਾ ਰਹੇ
 ਕੈਪਟਨ ਸਰਕਾਰ ਵੇਲੇ ਵਜ਼ੀਰ ਤੇਜ ਪ੍ਰਕਾਸ਼ ਸਿੰਘ ਨੇ ਪਤਨੀ ਦਾ ਇਲਾਜ ਅਮਰੀਕਾ 'ਚੋਂ ਕਰਾਇਆ ਜਿਸ 'ਤੇ 29.60 ਲੱਖ ਰੁਪਏ ਖ਼ਰਚ ਆਏ ਸਨ। ਮਰਹੂਮ ਕੰਵਰਜੀਤ ਸਿੰਘ ਬਰਾੜ ਦਾ ਇਲਾਜ ਵੀ ਵਿਦੇਸ਼ 'ਚ ਹੋਇਆ ਸੀ ਜਿਸ 'ਤੇ 3.43 ਕਰੋੜ ਰੁਪਏ ਖ਼ਰਚ ਆਏ ਸਨ। ਸਾਬਕਾ ਮੰਤਰੀ ਖੁਸ਼ਹਾਲ ਬਹਿਲ ਨੇ ਨਵੀਂ ਦਿੱਲੀ ਅਤੇ ਚੰਡੀਗੜ੍ਹ ਤੋਂ ਹਾਰਟ ਸਰਜਰੀ ਕਰਾਈ ਸੀ ਜਿਸ 'ਤੇ 3.77 ਲੱਖ ਰੁਪਏ ਖ਼ਰਚ ਆਏ। ਮੌਜੂਦਾ ਵਿਧਾਇਕ ਓਪੀ ਸੋਨੀ ਨੇ ਮਾਪਿਆਂ ਦਾ ਇਲਾਜ ਮੁਹਾਲੀ ਤੋਂ ਕਰਾਇਆ ਜਿਸ 'ਤੇ 6.17 ਲੱਖ ਰੁਪਏ ਦਾ ਖ਼ਰਚਾ ਆਇਆ। ਵਿਧਾਇਕ ਅਤੇ ਸਾਬਕਾ ਮੰਤਰੀ ਲਾਲ ਸਿੰਘ ਨੇ ਫੋਰਟਿਸ ਹਸਪਤਾਲ ਮੁਹਾਲੀ ਤੋਂ ਇਲਾਜ ਕਰਾਇਆ ਸੀ ਜਿਸ ਦਾ ਬਿੱਲ 3.20 ਲੱਖ ਰੁਪਏ ਤਾਰਿਆ ਗਿਆ।

No comments:

Post a Comment