Wednesday, February 4, 2015

                                                                                    
                                    ਮਜਬੂਰੀ
            ਹੁਣ ਪਸ਼ੂ ਖਾਂਦੇ ਨੇ ਜੇਲ੍ਹ ਦੀ ਰੋਟੀ
                       ਚਰਨਜੀਤ ਭੁੱਲਰ
ਬਠਿੰਡਾ :
ਪੰਜਾਬ ਦੀਆਂ ਜੇਲ੍ਹਾਂ ਦੀ ਰੋਟੀ ਹੁਣ ਪਸ਼ੂਆਂ ਦਾ ਢਿੱਡ ਭਰਨ ਲੱਗੀ ਹੈ। ਬਹੁਤੇ ਬੰਦੀ ਜੇਲ੍ਹਾਂ ਦੀ ਰੋਟੀ ਤੋਂ ਮੂੰਹ ਮੋੜਨ ਲੱਗੇ ਹਨ, ਜਿਸ ਕਾਰਨ ਅੰਨ ਦੀ ਬਰਬਾਦੀ ਹੋ ਰਹੀ ਹੈ। ਜੇਲ੍ਹ ਮਹਿਕਮੇ ਨੇ ਜੇਲ੍ਹਾਂ ਵਿੱਚ ਪਈਆਂ ਸੁੱਕੀਆਂ ਰੋਟੀਆਂ ਤੋਂ ਚਾਰ ਪੈਸੇ ਕਮਾਉਣ ਦਾ ਜੁਗਾੜ ਕਰ ਲਿਆ ਹੈ। ਪੰਜਾਬ ਦੀਆਂ ਨੌਂ ਜੇਲ੍ਹਾਂ ਨੇ ਲੰਘੇ ਸੱਤ ਵਰ੍ਹਿਆਂ ਵਿੱਚ 15 ਲੱਖ ਸੁੱਕੀਆਂ ਰੋਟੀਆਂ ਵੇਚੀਆਂ ਹਨ। ਆਰ.ਟੀ.ਆਈ ਰਾਹੀਂ ਪ੍ਰਾਪਤ  ਸੂਚਨਾ ਅਨੁਸਾਰ ਪੰਜਾਬ ਦੀਆਂ ਜੇਲ੍ਹਾਂ ਨੇ ਸਾਲ 2007-08 ਤੋਂ ਦਸੰਬਰ 2014 ਤਕ ਕਰੀਬ 15 ਲੱਖ ਸੁੱਕੀਆਂ ਰੋਟੀਆਂ ਵੇਚੀਆਂ ਹਨ ਜਿਨ੍ਹਾਂ ਤੋਂ ਜੇਲ੍ਹਾਂ ਨੇ ਕਰੀਬ 13 ਲੱਖ ਰੁਪਏ ਕਮਾਏ ਹਨ। ਜੇਲ੍ਹਾਂ ਵੱਲੋਂ ਇਹ ਸੁੱਕੀਆਂ ਰੋਟੀਆਂ 3 ਰੁਪਏ ਤੋਂ ਛੇ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚੀਆਂ ਜਾਂਦੀਆਂ ਹਨ। ਸੂਤਰਾਂ ਅਨੁਸਾਰ ਰੋਟੀਆਂ ਦੀ ਕੁਆਲਿਟੀ ਚੰਗੀ ਨਾ ਹੋਣ ਕਰਕੇ ਬੰਦੀ ਇਨ੍ਹਾਂ ਤੋਂ ਮੂੰਹ ਫੇਰ ਲੈਂਦੇ ਹਨ। ਪੰਜਾਬ ਵਿੱਚ ਸਭ ਤੋਂ ਪਹਿਲਾਂ ਬਠਿੰਡਾ ਅਤੇ ਪਟਿਆਲਾ ਜੇਲ੍ਹ ਨੇ ਸੁੱਕੀਆਂ ਰੋਟੀਆਂ ਵੇਚਣ ਦਾ ਫ਼ੈਸਲਾ ਲਿਆ ਸੀ।ਜੇਲ੍ਹ ਮੈਨੂਅਲ ਅਨੁਸਾਰ ਜੇਲ੍ਹ ਦੇ ਹਰ ਬੰਦੀ ਨੂੰ ਹੁਣ ਪੰਜ ਸੌ ਗ੍ਰਾਮ ਆਟਾ ਦਿੱਤਾ ਜਾਂਦਾ ਹੈ ਭਾਵ ਹਰ ਬੰਦੀ ਨੂੰ ਇਸ ਨਿਰਧਾਰਤ ਆਟੇ ਦੀਆਂ ਦੋ ਟਾਈਮ 12 ਰੋਟੀਆਂ ਦਿੱਤੀਆਂ ਜਾਂਦੀਆਂ ਹਨ। ਕੁਝ ਅਰਸਾ ਪਹਿਲਾਂ ਆਟੇ ਦੀ ਮਾਤਰਾ 580 ਗ੍ਰਾਮ ਸੀ ਜੋ ਹੁਣ ਘਟਾ ਦਿੱਤੀ ਗਈ ਹੈ ਅਤੇ ਬਦਲੇ ਵਿੱਚ ਬਿਸਕੁਟ ਦਿੱਤੇ ਜਾਣ ਲੱਗੇ ਹਨ।
                 ਜੇਲ੍ਹ ਪ੍ਰਬੰਧਕਾਂ ਅਨੁਸਾਰ ਉਨ੍ਹਾਂ ਨੂੰ ਮਜਬੂਰੀ ਵੱਸ ਹਰ ਬੰਦੀ ਵਾਸਤੇ ਨਿਰਧਾਰਤ ਮਾਤਰਾ ਵਿੱਚ ਰੋਟੀ ਤਿਆਰ ਕਰਨੀ ਪੈਂਦੀ ਹੈ ਪਰ ਬਹੁਤੇ ਕੈਦੀ ਘੱਟ ਰੋਟੀ ਖਾਂਦੇ ਹਨ ਜਿਸ ਕਾਰਨ ਰੋਟੀਆਂ ਬਚ ਜਾਂਦੀਆਂ ਹਨ। ਕੈਦੀਆਂ ਅਨੁਸਾਰ ਰੋਟੀਆਂ ਕੱਚੀਆਂ ਹੋਣ ਕਾਰਨ ਉਹ ਨਹੀਂ ਖਾਂਦੇ। ਸੂਤਰਾਂ ਅਨੁਸਾਰ ਬਠਿੰਡਾ ਜੇਲ੍ਹ ਵਿੱਚ ਕੁਝ ਅਰਸਾ ਪਹਿਲਾਂ ਮਹਿਲਾ ਬੰਦੀਆਂ ਨੇ ਸ਼ਿਕਾਇਤ ਰੱਖੀ ਸੀ ਕਿ ਰੋਟੀਆਂ ਕੱਚੀਆਂ ਹੁੰਦੀਆਂ ਹਨ। ਇਸ ਸ਼ਿਕਾਇਤ ਮਗਰੋਂ ਪ੍ਰਸ਼ਾਸਨ ਨੇ ਤਵੀ ਬਦਲ ਕੇ ਮੋਟੀ ਤਵੀ 'ਤੇ ਰੋਟੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਇੰਜ ਹੀ ਅੰਮ੍ਰਿਤਸਰ ਜੇਲ੍ਹ ਵਿੱਚ ਕੱਚੀਆਂ ਰੋਟੀਆਂ ਹੋਣ 'ਤੇ ਕੁਝ ਅਰਸਾ ਪਹਿਲਾਂ ਇੱਕ ਅਧਿਕਾਰੀ ਦੀ ਜੁਆਬਤਲਬੀ ਹੋਈ ਸੀ।  ਬਠਿੰਡਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਮਨਜੀਤ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਡਾਈਟ ਚਾਰਟ ਬਣਦਾ ਹੈ ਜਿਸ ਦੇ ਹਿਸਾਬ ਨਾਲ ਸਟੋਰ ਤੋਂ ਅਨਾਜ ਨਿਕਲਦਾ ਹੈ। ਤਿਆਰ ਖਾਣੇ ਦੀ ਚੈਕਿੰਗ ਰੋਜ਼ਾਨਾ ਹੁੰਦੀ ਹੈ ਅਤੇ ਉਸ ਮਗਰੋਂ ਹੀ ਖਾਣਾ ਵਰਤਾਇਆ ਜਾਂਦਾ ਹੈ। ਸਰਕਾਰੀ ਸੂਤਰਾਂ ਅਨੁਸਾਰ ਬਠਿੰਡਾ ਜੇਲ੍ਹ ਨੇ ਲੰਘੇ ਸੱਤ ਵਰ੍ਹਿਆਂ ਵਿੱਚ 113 ਕੁਇੰਟਲ ਸੁੱਕੀਆਂ ਰੋਟੀਆਂ ਦੀ ਵਿਕਰੀ ਕੀਤੀ ਹੈ ਜਿਸ ਤੋਂ ਕਰੀਬ ਡੇਢ ਲੱਖ ਰੁਪਏ ਕਮਾਏ ਹਨ। ਇਸੇ ਤਰ੍ਹਾਂ ਪਟਿਆਲਾ ਜੇਲ੍ਹ ਨੇ ਕਰੀਬ 1.30 ਲੱਖ ਸੁੱਕੀਆਂ ਰੋਟੀਆਂ ਵੇਚੀਆਂ ਹਨ ਜਿਸ ਤੋਂ 75,525 ਰੁਪਏ ਕਮਾਏ।
                      ਕੇਂਦਰੀ ਜੇਲ੍ਹ ਲੁਧਿਆਣਾ ਨੇ ਇਸ ਸਮੇਂ ਦੌਰਾਨ 21 ਕੁਇੰਟਲ ਸੁੱਕੀਆਂ ਰੋਟੀਆਂ ਵੇਚੀਆਂ ਹਨ। ਇੰਜ ਹੀ ਜ਼ਿਲ੍ਹਾ ਜੇਲ੍ਹ ਸੰਗਰੂਰ ਨੇ 3.52 ਲੱਖ (147 ਕੁਇੰਟਲ) ਸੁੱਕੀਆਂ ਰੋਟੀਆਂ ਵੇਚੀਆਂ ਅਤੇ 83,117 ਰੁਪਏ ਕਮਾਏ ਹਨ। ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵੱਲੋਂ ਡੇਢ ਲੱਖ ਸੁੱਕੀ ਰੋਟੀ, ਜ਼ਿਲ੍ਹਾ ਜੇਲ੍ਹ ਰੋਪੜ ਨੇ 80 ਹਜ਼ਾਰ,ਮਾਨਸਾ ਦੀ ਨਵੀਂ ਜੇਲ੍ਹ ਨੇ 22.45 ਕੁਇੰਟਲ ਰੋਟੀਆਂ ਵੇਚੀਆਂ ਹਨ। ਸਬ ਜੇਲ੍ਹ ਮਾਲੇਰਕੋਟਲਾ ਨੇ 17.84 ਕੁਇੰਟਲ ਅਤੇ ਬਰਨਾਲਾ ਜੇਲ੍ਹ ਨੇ 15.48 ਕੁਇੰਟਲ ਰੋਟੀਆਂ ਵੇਚੀਆਂ ਹਨ।ਜ਼ਿਕਰਯੋਗ ਹੈ ਕਿ ਜੇਲ੍ਹਾਂ ਵਿੱਚੋਂ ਕਬਾੜੀਏ ਸੁੱਕੀਆਂ ਰੋਟੀਆਂ ਖ਼ਰੀਦ ਕੇ ਅੱਗੇ ਡੇਅਰੀ ਫਾਰਮਾਂ ਵਿੱਚ ਵੇਚ ਦਿੰਦੇ ਹਨ। ਖ਼ੁਦ ਡੇਅਰੀ ਫਾਰਮਾਂ ਵਾਲੇ ਵੀ ਜੇਲ੍ਹ ਪ੍ਰਸ਼ਾਸਨ ਨਾਲ ਸੰਪਰਕ ਕਰ ਲੈਂਦੇ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਰੋਟੀਆਂ ਦੀ ਕਮਾਈ ਨੂੰ ਖ਼ਜ਼ਾਨੇ ਵਿੱਚ ਜਮ੍ਹਾ ਕਰਾ ਦਿੱਤਾ ਜਾਂਦਾ ਹੈ। ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਵੱਡੇ ਡੇਅਰੀ ਫਾਰਮਾਂ ਦੇ ਮਾਲਕ ਅਤੇ ਪਸ਼ੂ ਖ਼ੁਰਾਕ ਸਨਅਤਾਂ ਵਾਲੇ ਸੁੱਕੀਆਂ ਰੋਟੀਆਂ ਖ਼ਰੀਦਦੇ ਹਨ ਜਿਨ੍ਹਾਂ ਨੂੰ ਮਿਕਸ ਕਰ ਕੇ ਪਸ਼ੂ ਖ਼ੁਰਾਕ ਤਿਆਰ ਕੀਤੀ ਜਾਂਦੀ ਹੈ।    
                    ਫ਼ਰੀਦਕੋਟ ਜੇਲ੍ਹ ਵਿੱਚੋਂ ਆਏ ਇੱਕ ਕੈਦੀ ਨੇ ਦੱਸਿਆ ਕਿ ਜੇਲ੍ਹਾਂ ਵਿੱਚ ਸੁੱਕੀਆਂ ਰੋਟੀਆਂ ਨੂੰ ਬਾਲਣ ਵਜੋਂ ਵੀ ਵਰਤਿਆ ਜਾਂਦਾ ਹੈ। ਸੂਤਰਾਂ ਅਨੁਸਾਰ ਜੇਲ੍ਹਾਂ ਵਿੱਚ ਜੋ ਨਵੇਂ ਬੰਦੀ ਆਉਂਦੇ ਹਨ, ਉਨ੍ਹਾਂ ਨੂੰ ਡਰ ਕਾਰਨ ਰੋਟੀ ਚੰਗੀ ਨਹੀਂ ਲੱਗਦੀ ਜਿਸ ਕਰਕੇ ਬਹੁਤਾ ਅਨਾਜ ਅਜਾਈਂ ਚਲਾ ਜਾਂਦਾ ਹੈ। ਮਨੋਵਿਗਿਆਨ ਵਿਸ਼ੇ ਦੇ ਮਾਹਿਰ ਅਤੇ ਪ੍ਰਿੰਸੀਪਲ ਤਰਲੋਕ ਬੰਧੂ ਨੇ ਕਿਹਾ ਕਿ ਜੋ ਲੋਕ ਪਹਿਲੀ ਵਾਰ ਜੇਲ੍ਹ ਜਾਂਦੇ ਹਨ, ਉਨ੍ਹਾਂ ਦੀ ਮਾਨਸਿਕ ਅਵਸਥਾ ਡਾਵਾਂਡੋਲ ਹੋ ਜਾਂਦੀ ਹੈ ਜਿਸ ਦਾ ਅਸਰ ਉਨ੍ਹਾਂ ਦੀ ਖ਼ੁਰਾਕ 'ਤੇ ਵੀ ਪੈਂਦਾ ਹੈ।ਦੱਸਣਯੋਗ ਹੈ ਕਿ ਹਰ ਜੇਲ੍ਹ ਵਿੱਚ ਸਵੇਰੇ ਤਿੰਨ ਵਜੇ ਰੋਟੀ ਤਿਆਰ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਕਰੀਬ ਪੰਜ ਤੋਂ ਸੱਤ ਘੰਟੇ ਰੋਟੀ ਤਿਆਰ ਹੁੰਦੀ ਹੈ। ਬਠਿੰਡਾ ਜੇਲ੍ਹ ਵਿੱਚ ਰੋਜ਼ਾਨਾ 12 ਹਜ਼ਾਰ ਦੇ ਕਰੀਬ ਰੋਟੀ ਬਣਦੀ ਹੈ। ਪੰਦਰਾਂ- ਪੰਦਰਾਂ ਕੈਦੀ ਸ਼ਿਫਟਾਂ ਵਿੱਚ ਰਸੋਈ ਵਿੱਚ ਕੰਮ ਕਰਦੇ ਹਨ। ਆਟੇ ਦੀ ਪਿਸਾਈ ਦਾ ਕੰਮ ਵੀ ਜੇਲ੍ਹ ਵਿੱਚ ਹੀ ਹੁੰਦਾ ਹੈ। ਜੇਲ੍ਹ ਗਾਰਦ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕੁਮਾਰ ਨੇ ਦੱਸਿਆ ਕਿ ਜੇਲ੍ਹਾਂ ਵਿੱਚ ਕੈਦੀ ਖ਼ੁਦ ਹੀ ਖਾਣਾ ਬਣਾਉਂਦੇ ਹਨ ਅਤੇ ਕਿਤੇ ਨਾ ਕਿਤੇ ਅਣਗਹਿਲੀ ਹੋ ਜਾਂਦੀ ਹੈ ਪਰ ਹੁਣ ਡੇਢ ਵਰ੍ਹੇ ਤੋਂ ਜੇਲ੍ਹਾਂ ਦੇ ਖਾਣੇ ਵਿੱਚ ਸੁਧਾਰ ਹੋਇਆ ਹੈ।  
                                               ਨਿਯਮਾਂ ਵਿੱਚ ਬੱਝੇ ਹਾਂ: ਜੇਲ੍ਹ ਮੰਤਰੀ
ਪੰਜਾਬ ਦੇ ਜੇਲ੍ਹ ਮੰਤਰੀ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਜੇਲ੍ਹਾਂ ਵਿੱਚ ਬੰਦੀਆਂ ਨੂੰ ਨਿਯਮਾਂ ਅਨੁਸਾਰ ਰੋਟੀਆਂ ਦਿੱਤੀਆਂ ਜਾਂਦੀਆਂ ਹਨ ਪਰ ਕਈ ਬੰਦੀ ਰੋਟੀ ਘੱਟ ਖਾਂਦੇ ਹਨ। ਉਨ੍ਹਾਂ ਆਖਿਆ ਕਿ ਅਨਾਜ ਦੀ ਕੁਆਲਿਟੀ ਚੰਗੀ ਹੁੰਦੀ ਹੈ ਅਤੇ ਕਿਤੋਂ ਵੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਜੇਲ੍ਹਾਂ ਦੇ ਖਾਣੇ ਦੀ ਰੈਗੂਲਰ ਚੈਕਿੰਗ ਹੁੰਦੀ ਹੈ।          

No comments:

Post a Comment