Friday, February 20, 2015

                                ਵੀਆਈਪੀਜ਼ ਦੇ 
           ਬਿਜਲੀ ਮੀਟਰ ਮਾਰਦੇ ਨੇ 'ਕਰੰਟ'
                            ਚਰਨਜੀਤ ਭੁੱਲਰ
ਬਠਿੰਡਾ : ਕੀ ਪੰਜਾਬ ਦੇ ਸਿਆਸੀ ਲੋਕਾਂ ਅਤੇ ਵੱਡੇ ਅਫ਼ਸਰਾਂ ਦੇ ਬਿਜਲੀ ਮੀਟਰ ਪਾਵਰਕੌਮ ਨੂੰ ਕਰੰਟ ਮਾਰਦੇ ਹਨ? ਪਾਵਰਕੌਮ ਦੇ ਰਿਕਾਰਡ ਤੋਂ ਤਾਂ ਇਹ ਸੱਚ ਜਾਪਦਾ ਹੈ। ਪੰਜਾਬ ਦੇ ਕਈ ਮੰਤਰੀਆਂ ਅਤੇ ਵਿਧਾਇਕਾਂ ਤੋਂ ਇਲਾਵਾ ਆਈ.ਏ.ਐਸ. ਅਤੇ ਆਈ.ਪੀ.ਐਸ. ਅਫਸਰਾਂ ਦੇ ਬਿਜਲੀ ਮੀਟਰ ਘਰਾਂ ਤੋਂ ਬਾਹਰ ਨਹੀਂ ਕੱਢੇ ਗਏ ਹਨ। ਪਾਵਰਕੌਮ ਨੇ ਸੂਚਨਾ ਦੇ ਅਧਿਕਾਰ ਤਹਿਤ ਬਿਜਲੀ ਮੀਟਰਾਂ ਦੇ ਕੁੱਝ ਵੇਰਵੇ ਤਾਂ ਦਿੱਤੇ ਹਨ ਪਰ ਬਹੁਤੇ ਦਫ਼ਤਰਾਂ ਨੇ ਸਿਆਸੀ ਲੋਕਾਂ ਅਤੇ ਅਫ਼ਸਰਾਂ ਦੀ ਸੂਚਨਾ ਦੇਣ ਤੋਂ ਪਾਸਾ ਵੱਟ ਲਿਆ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪਿੰਡ ਬਾਦਲ ਵਿੱਚ ਕਰੀਬ 149 ਕਿਲੋਵਾਟ ਦਾ ਬਿਜਲੀ ਕੁਨੈਕਸ਼ਨ ਹੈ। ਪਿੰਡ ਬਾਦਲ ਵਿੱਚ ਘਰੇਲੂ ਬਿਜਲੀ ਦੇ 703 ਬਿਜਲੀ ਕੁਨੈਕਸ਼ਨ ਹਨ ਅਤੇ ਪੂਰੇ ਪਿੰਡ ਦੇ ਬਿਜਲੀ ਮੀਟਰ ਘਰਾਂ ਤੋਂ ਬਾਹਰ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਬਿਜਲੀ ਮੀਟਰ ਘਰ ਤੋਂ ਬਾਹਰ ਹੈ ਪਰ ਕੈਬਨਿਟ ਵਜ਼ੀਰ ਸਿਕੰਦਰ ਸਿੰਘ ਮਲੂਕਾ ਦੇ ਜੱਦੀ ਪਿੰਡ ਮਲੂਕਾ ਵਿੱਚ ਪਾਵਰਕੌਮ ਨੇ ਬਿਜਲੀ ਮੀਟਰ ਬਾਹਰ ਕੱਢਣ ਦੀ ਮੁਹਿੰਮ ਸ਼ੁਰੂ ਨਹੀਂ ਕੀਤੀ।
                    ਸਰਕਾਰੀ ਸੂਚਨਾ ਅਨੁਸਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਜਲੀ ਮੀਟਰ ਉਨ੍ਹਾਂ ਦੇ ਪਟਿਆਲਾ ਵਿਚਲੀ ਰਿਹਾਇਸ਼ ਮੋਤੀ ਮਹਿਲ ਦੇ ਅੰਦਰ ਹੀ ਲੱਗੇ ਹੋਏ ਹਨ। ਪਾਵਰਕੌਮ ਦੇ ਕਰੀਬ 11 ਕੁਨੈਕਸ਼ਨ ਮੋਤੀ ਮਹਿਲ ਵਿੱਚ ਚੱਲ ਰਹੇ ਹਨ। ਮੋਤੀ ਮਹਿਲ ਦੇ ਨੇੜੇ ਹੀ ਵਿਧਾਇਕ ਬ੍ਰਹਮ ਮਹਿੰਦਰਾ ਦੀ ਰਿਹਾਇਸ਼ ਹੈ, ਜਿਨ੍ਹਾਂ ਦਾ ਬਿਜਲੀ ਮੀਟਰ ਕੁਝ ਸਮਾਂ ਪਹਿਲਾਂ ਹੀ ਰਿਹਾਇਸ਼ ਤੋਂ ਬਾਹਰ ਕੱਢਿਆ ਗਿਆ ਹੈ। ਭਾਜਪਾ ਪੰਜਾਬ ਦੇ ਪ੍ਰਧਾਨ ਕਮਲ ਸ਼ਰਮਾ ਦੀ ਫਿਰੋਜ਼ਪੁਰ ਵਿਚਲੀ ਰਿਹਾਇਸ਼ ਦਾ ਬਿਜਲੀ ਮੀਟਰ ਵੀ ਕੁਝ ਕੁ ਸਮਾਂ ਪਹਿਲਾਂ ਹੀ ਬਾਹਰ ਕੱਢਿਆ ਗਿਆ ਹੈ। ਸਰਕਾਰੀ ਸੂਚਨਾ ਅਨੁਸਾਰ ਪੰਜਾਬ ਦੇ ਕੈਬਨਿਟ ਮੰਤਰੀ ਚੁਨੀ ਲਾਲ ਭਗਤ ਦੀ ਜਲੰਧਰ ਰਿਹਾਇਸ਼ ਦੇ ਅੰਦਰ ਹੀ ਬਿਜਲੀ ਮੀਟਰ ਲੱਗਿਆ ਹੋਇਆ ਹੈ।ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਦਾ ਬਿਜਲੀ ਮੀਟਰ ਵੀ ਉਨ੍ਹਾਂ ਦੀ ਪਿੰਡ ਧਾਲੀਵਾਲ ਵਿਚਲੀ ਰਿਹਾਇਸ਼ ਦੇ ਅੰਦਰ ਹੀ ਲੱਗਿਆ ਹੋਇਆ ਹੈ। ਨਕੋਦਰ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦਾ ਮੀਟਰ ਵੀ ਉਨ੍ਹਾਂ ਦੇ ਪਿੰਡ ਵਡਾਲਾ ਵਿਚਲੀ ਰਿਹਾਇਸ਼ ਦੇ ਅੰਦਰ ਹੀ ਹੈ।
                    ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਬਿਜਲੀ ਮੀਟਰ ਵੀ ਉਨ੍ਹਾਂ ਦੇ ਘਰ ਵਿੱਚ ਹੀ ਲੱਗਿਆ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਕੈਂਪ ਦਫ਼ਤਰ ਦਾ ਮੀਟਰ ਤਾਂ ਰਿਹਾਇਸ਼ ਤੋਂ ਬਾਹਰ ਹੈ, ਜਦੋਂ ਕਿ ਰਿਹਾਇਸ਼ ਦਾ ਮੀਟਰ ਘਰ ਦੇ ਅੰਦਰ ਹੈ। ਦੱਸਣਯੋਗ ਹੈ ਕਿ ਕੈਂਪ ਦਫ਼ਤਰ ਦਾ ਬਿਜਲੀ ਬਿੱਲ ਸਰਕਾਰੀ ਖਰਚੇ 'ਤੇ ਚੱਲਦਾ ਹੈ ਜਲੰਧਰ ਦੇ ਕਮਿਸ਼ਨਰ ਦੀ ਰਿਹਾਇਸ਼ ਅਤੇ ਕੈਂਪ ਦਫ਼ਤਰ ਦੇ ਮੀਟਰ ਘਰ ਦੇ ਅੰਦਰ ਲੱਗੇ ਹੋਏ ਹਨ ਅਤੇ ਜਲੰਧਰ ਦੇ ਐਸ.ਐਸ.ਪੀ. ਦੇ ਬਿਜਲੀ ਮੀਟਰ ਵੀ ਰਿਹਾਇਸ਼ ਦੇ ਅੰਦਰ ਹੀ ਹਨ। ਬਠਿੰਡਾ ਜ਼ਿਲ੍ਹੇ ਦੇ ਹਲਕਾ ਤਲਵੰਡੀ ਸਾਬੋ ਤੋਂ ਅਕਾਲੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਦੀ ਬਠਿੰਡਾ ਦੇ ਮਾਡਲ ਟਾਊਨ ਵਿਚਲੀ ਰਿਹਾਇਸ਼ ਦੇ ਅੰਦਰ ਹੀ ਬਿਜਲੀ ਮੀਟਰ ਲੱਗਿਆ ਹੋਇਆ ਹੈ। ਬਠਿੰਡਾ ਜ਼ੋਨ ਦੇ ਆਈ.ਜੀ., ਡੀ.ਆਈ.ਜੀ., ਐਸ.ਐਸ.ਪੀ. ਤੋਂ ਇਲਾਵਾ ਡਿਪਟੀ ਕਮਿਸ਼ਨਰ ਬਠਿੰਡਾ ਦੀ ਰਿਹਾਇਸ਼ ਦੇ ਅੰਦਰੋਂ ਵੀ ਹਾਲੇ ਬਿਜਲੀ ਮੀਟਰ ਬਾਹਰ ਨਹੀਂ ਕੱਢਿਆ ਗਿਆ। ਜਲੰਧਰ ਜ਼ਿਲ੍ਹੇ ਵਿੱਚ 11 ਵਿਧਾਇਕਾਂ ਦੇ ਮੀਟਰ ਘਰਾਂ ਵਿੱਚ ਲੱਗੇ ਹੋਏ ਹਨ। ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦਾ ਬਿਜਲੀ ਮੀਟਰ ਵੀ ਉਨ੍ਹਾਂ ਦੀ ਰਿਹਾਇਸ਼ ਦੇ ਅੰਦਰ ਹੀ ਲੱਗਿਆ ਹੋਇਆ ਹੈ।
                  ਸੂਤਰਾਂ ਅਨੁਸਾਰ ਪੰਜਾਬ ਦੇ ਕਈ ਵਜ਼ੀਰਾਂ ਅਤੇ ਮੁੱਖ ਸੰਸਦੀ ਸਕੱਤਰਾਂ ਦੇ ਬਿਜਲੀ ਮੀਟਰ ਘਰਾਂ ਦੇ ਅੰਦਰ ਹੀ ਲੱਗੇ ਹੋਏ ਹਨ, ਜਿਨ੍ਹਾਂ ਬਾਰੇ ਸਰਕਾਰੀ ਸੂਚਨਾ ਦੇਣ ਤੋਂ ਪਾਵਰਕੌਮ ਨੇ ਟਾਲਾ ਵੱਟ ਲਿਆ ਹੈ। ਸੂਚਨਾ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੇ ਵਿਧਾਇਕ ਬਸੰਤ ਸਿੰਘ ਖਾਲਸਾ ਅਤੇ ਵਿਧਾਇਕ ਸੁਰਿੰਦਰ ਕੁਮਾਰ ਡਾਵਰ ਤੋਂ ਇਲਾਵਾ ਇਕ ਆਈ.ਪੀ.ਐਸ. ਅਧਿਕਾਰੀ ਦਾ ਬਿਜਲੀ ਮੀਟਰ ਵੀ ਉਨ੍ਹਾਂ ਦੀ ਸਿਮਟਰੀ ਰੋਡ ਸਥਿਤ ਰਿਹਾਇਸ਼ ਦੇ ਅੰਦਰ ਹੀ ਹੈ। ਵੀ.ਆਈ.ਪੀ. ਲੋਕਾਂ ਅਤੇ ਅਫ਼ਸਰਾਂ ਦਾ ਤਰਕ ਹੈ ਕਿ ਉਨ੍ਹਾਂ ਕਿਸੇ ਵੀ ਅਧਿਕਾਰੀ ਨੂੰ ਬਿਜਲੀ ਮੀਟਰ ਬਾਹਰ ਕੱਢਣ ਤੋਂ ਨਹੀਂ ਰੋਕਿਆ ਅਤੇ ਉਹ ਮੀਟਰ ਬਾਹਰ ਕਢਾਉਣ ਲਈ ਤਿਆਰ ਹਨ। ਦੂਜੇ ਪਾਸੇ ਮਾਲਵੇ ਦੇ ਕਈ ਪਿੰਡਾਂ ਵਿੱਚ ਗਰੀਬ ਲੋਕਾਂ ਦੇ ਘਰਾਂ ਵਿੱਚੋਂ ਬਿਜਲੀ ਮੀਟਰ ਬਾਹਰ ਕੱਢੇ ਜਾਣ ਤੋਂ ਝੜਪ ਵੀ ਹੋ ਚੁੱਕੀ ਹੈ। ਥੋੜ੍ਹੇ ਦਿਨ ਪਹਿਲਾਂ ਹੀ ਪਿੰਡ ਭਾਈ ਬਖਤੌਰ, ਬੁੱਗਰ, ਗਿੱਦੜ ਅਤੇ ਰਾਮਗੜ੍ਹ ਭੂੰਦੜ ਵਿੱਚ ਇਸ ਮਸਲੇ ਤੋਂ ਟਕਰਾਓ ਬਣਿਆ ਹੈ। ਵੇਰਵਿਆਂ ਅਨੁਸਾਰ ਪਾਵਰਕੌਮ ਨੇ ਪੇਂਡੂ ਖੇਤਰ ਵਿੱਚੋਂ ਬਿਜਲੀ ਮੀਟਰ ਘਰਾਂ ਵਿੱਚੋਂ ਬਾਹਰ ਕੱਢਣ ਵਾਸਤੇ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ ਤੋਂ ਦੋ ਕਿਸ਼ਤਾਂ ਵਿੱਚ 1700 ਕਰੋੜ ਰੁਪਏ ਦਾ ਕਰਜ਼ ਚੁੱਕਿਆ ਹੈ।
                  ਪੰਜਾਬ ਵਿੱਚ ਘਰੇਲੂ ਅਤੇ ਵਪਾਰਕ ਕੈਟਾਗਰੀ ਦੇ ਕਰੀਬ 68 ਲੱਖ ਬਿਜਲੀ ਕੁਨੈਕਸ਼ਨ ਹਨ, ਜਿਨ੍ਹਾਂ ਵਿੱਚੋਂ 40 ਲੱਖ ਕੁਨੈਕਸ਼ਨ ਪੇਂਡੂ ਖੇਤਰ ਵਿੱਚ ਹਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਦਾ ਮਾਨ ਦਾ ਕਹਿਣਾ ਹੈ ਕਿ ਪਾਵਰਕੌਮ ਵੱਡਿਆਂ ਨੂੰ ਹੱਥ ਪਾਉਣ ਤੋਂ ਡਰਦਾ ਹੈ, ਜਿੱਥੇ ਸਭ ਤੋਂ ਵੱਧ ਬਿਜਲੀ ਚੋਰੀ ਹੁੰਦੀ ਹੈ। ਜਿਨ੍ਹਾਂ ਗਰੀਬ ਲੋਕਾਂ ਦੇ ਘਰਾਂ ਵਿੱਚ ਇਕ ਦੋ ਬਲੱਬ ਚੱਲਦੇ ਹਨ, ਉਨ੍ਹਾਂ ਦੇ ਮੀਟਰ ਘਰਾਂ ਵਿੱਚੋਂ ਪੁਲੀਸ ਦੀ ਮਦਦ ਨਾਲ ਬਾਹਰ ਕੱਢੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਇਹ ਸਕੀਮ ਉਪਰੋਂ ਸ਼ੁਰੂ ਕੀਤੀ ਜਾਵੇ।
                                                     ਕੋਈ ਵਿਤਕਰਾ ਨਹੀਂ: ਮੁੱਖ ਇੰਜਨੀਅਰ
ਪਾਵਰਕੌਮ ਦੇ ਮੁੱਖ ਇੰਜਨੀਅਰ (ਵੰਡ) ਕੇ.ਐਲ. ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਰੀਬ 80 ਫੀਸਦੀ ਬਿਜਲੀ ਮੀਟਰ ਘਰਾਂ ਤੋਂ ਬਾਹਰ ਕੱਢ ਦਿੱਤੇ ਹਨ ਅਤੇ ਇਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਆਖਿਆ ਕਿ ਬਿਜਲੀ ਮੀਟਰ ਬਾਹਰ ਕੱਢਣ ਵਿੱਚ ਕੋਈ ਵਿਤਕਰਾ ਨਹੀਂ ਹੁੰਦਾ ਅਤੇ ਸਾਰੇ ਖਪਤਕਾਰਾਂ ਦੇ ਹੀ ਮੀਟਰ ਘਰਾਂ ਵਿੱਚੋਂ ਬਾਹਰ ਕੱਢੇ ਜਾਣਗੇ।

No comments:

Post a Comment