Thursday, February 19, 2015

                           ਸਾਬਕਾ ਵਿਧਾਇਕਾਂ ਦੇ 
        ਮਹਿੰਗੇ ਇਲਾਜ ਨੇ 'ਰੋਗੀ' ਕੀਤਾ ਖ਼ਜ਼ਾਨਾ
                            ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਦੇ ਸਾਬਕਾ ਵਿਧਾਇਕਾਂ ਦਾ ਇਲਾਜ ਖ਼ਜ਼ਾਨੇ ਨੂੰ ਪੌਣੇ ਕਰੀਬ ਛੇ ਕਰੋੜ ਵਿੱਚ ਪਿਆ ਹੈ। ਪਿਛਲੇ ਅੱਠ ਵਰ੍ਹਿਆਂ (2007 08 ਤੋਂ 2014 15) ਦੌਰਾਨ ਸਾਬਕਾ ਵਿਧਾਇਕਾਂ ਦੇ ਇਲਾਜ ਦਾ ਖਰਚਾ ਕਰੀਬ ਦਸ ਗੁਣਾ ਵੱਧ ਗਿਆ ਹੈ। ਸਰਕਾਰੀ ਖ਼ਜ਼ਾਨੇ ਨੂੰ ਵਿਧਾਇਕਾਂ ਨਾਲੋਂ ਸਾਬਕਾ ਵਿਧਾਇਕਾਂ ਦਾ ਇਲਾਜ ਕਾਫ਼ੀ ਮਹਿੰਗਾ ਪੈ ਰਿਹਾ ਹੈ। ਵਿਧਾਨ ਸਭਾ ਸਕੱਤਰੇਤ ਨੂੰ ਸਾਬਕਾ ਵਿਧਾਇਕਾਂ ਲਈ ਹੁਣ ਵਾਧੂ ਬਜਟ ਲੈਣਾ ਪੈਂਦਾ ਹੈ। ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪਰਿਵਾਰ ਦਾ ਇਲਾਜ ਸਰਕਾਰੀ ਖ਼ਜ਼ਾਨੇ ਨੂੰ ਸਭ ਤੋਂ ਮਹਿੰਗਾ ਪਿਆ ਹੈ। ਬਰਾੜ ਪਰਿਵਾਰ ਦੇ ਮੈਡੀਕਲ ਬਿੱਲਾਂ ਦਾ ਖਰਚਾ ਹੁਣ ਬਾਦਲ ਪਰਿਵਾਰ ਦੇ ਮੈਡੀਕਲ ਖਰਚੇ ਤੋਂ ਵੱਧ ਗਿਆ ਹੈ। ਪੰਜਾਬ ਵਿਧਾਨ ਸਭਾ ਸਕੱਤਰੇਤ ਤੋਂ ਆਰਟੀਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਦੇ ਸਾਬਕਾ ਵਿਧਾਇਕਾਂ ਦੇ ਇਲਾਜ 'ਤੇ ਸਾਲ 2007-09 ਵਿੱਚ 11.05 ਲੱਖ ਰੁਪਏ ਖਰਚ ਆਏ ਸਨ ਜਦਕਿ ਸਾਲ 2013 14 ਵਿੱਚ ਇਹ ਇਲਾਜ ਖਰਚਾ ਵੱਧ ਕੇ 1.12 ਕਰੋੜ ਹੋ ਗਿਆ ਹੈ। ਮੌਜੂਦਾ ਚਾਲੂ ਮਾਲੀ ਦੌਰਾਨ ਇਹ ਇਲਾਜ ਖਰਚਾ 93 ਲੱਖ ਤੱਕ ਪੁੱਜ ਗਿਆ ਹੈ।
                    ਪੰਜਾਬ ਦੇ 56 ਸਾਬਕਾ ਵਿਧਾਇਕ ਅਜਿਹੇ ਹਨ, ਜਿਨ੍ਹਾਂ ਦੇ ਇਲਾਜ 'ਤੇ ਪਿਛਲੇ ਅੱਠ ਵਰ੍ਹਿਆਂ ਦੌਰਾਨ ਇੱਕ-ਇੱਕ ਲੱਖ ਰੁਪਏ ਤੋਂ ਜ਼ਿਆਦਾ ਦਾ ਖਰਚ ਆਇਆ ਹੈ। ਸਾਬਕਾ ਵਿਧਾਇਕ ਮਰਹੂਮ ਕੰਵਰਜੀਤ ਸਿੰਘ ਬਰਾੜ ਦਾ ਕਾਫ਼ੀ ਸਮਾਂ ਵਿਦੇਸ਼ ਵਿੱਚ ਇਲਾਜ ਚੱਲਿਆ, ਜਿਸ 'ਤੇ 3.43 ਕਰੋੜ ਰੁਪਏ ਖਰਚਾ ਹੋਇਆ। ਬਰਾੜ ਪਰਿਵਾਰ ਵਿਚੋਂ ਹੀ ਸਾਬਕਾ ਵਿਧਾਇਕ ਗੁਰਬਿੰਦਰ ਕੌਰ ਬਰਾੜ ਦਾ ਇਲਾਜ ਖਰਚ 20.62 ਲੱਖ ਰੁਪਏ ਰਿਹਾ ਹੈ। ਇਸ ਵਿਧਾਇਕਾ ਦੀ ਲੜਕੀ ਬਬਲੀ ਬਰਾੜ ਦੇ ਇਲਾਜ 'ਤੇ 16.22 ਲੱਖ ਰੁਪਏ ਖਰਚ ਆਏ। ਬਰਾੜ ਪਰਿਵਾਰ ਵਿਚੋਂ ਮੌਜੂਦਾ ਵਿਧਾਇਕਾ ਕਰਨ ਕੌਰ ਦੇ ਨਾਮ 'ਤੇ ਸਾਲ 2011-12 ਅਤੇ 2012-13 ਵਿੱਚ 92.57 ਲੱਖ ਦੀ ਰਾਸ਼ੀ ਜਾਰੀ ਕੀਤੀ ਗਈ। ਮੁੱਖ ਮੰਤਰੀ ਪੰਜਾਬ ਦੇ ਪਰਿਵਾਰ ਦਾ ਮੈਡੀਕਲ ਖਰਚ 3.59 ਕਰੋੜ ਸੀ ਪਰ ਬਰਾੜ ਪਰਿਵਾਰ ਦਾ ਮੈਡੀਕਲ ਖਰਚ ਹੁਣ ਇਸ ਨਾਲੋਂ ਜ਼ਿਆਦਾ ਵੱਧ ਗਿਆ ਹੈ। ਨਿਯਮਾਂ ਅਨੁਸਾਰ ਸਾਬਕਾ ਵਿਧਾਇਕ ਅਤੇ ਉਸ ਦੇ ਵਾਰਸਾਂ ਦਾ ਇਲਾਜ ਸਰਕਾਰੀ ਖਰਚੇ 'ਤੇ ਹੁੰਦਾ ਹੈ। ਕਈ ਸਾਬਕਾ ਵਿਧਾਇਕ ਜਹਾਨੋ ਚਲੇ ਗਏ ਹਨ ਅਤੇ ਸਰਕਾਰੀ ਖਰਚੇ 'ਤੇ ਉਨ੍ਹਾਂ ਦੇ ਪਰਿਵਾਰਾਂ ਦਾ ਇਲਾਜ ਚੱਲ ਰਿਹਾ ਹੈ।
                   ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਦੀ ਪਤਨੀ ਗੁਰਇਕਬਾਲ ਕੌਰ ਦੇ ਇਲਾਜ ਦਾ 24.35 ਲੱਖ ਦਾ ਖਰਚਾ ਸਰਕਾਰ ਨੇ ਝੱਲਿਆ ਹੈ ਜਦਕਿ ਪ੍ਰਕਾਸ਼ ਸਿੰਘ ਦੇ ਇਲਾਜ 'ਤੇ 6.21 ਲੱਖ ਰੁਪਏ ਵੱਖਰੇ ਖਰਚ ਆਏ। ਇਵੇਂ ਸਾਬਕਾ ਵਿਧਾਇਕ ਰਮੇਸ਼ ਚੰਦਰ ਡੋਗਰਾ ਅਤੇ ਉਸ ਦੀ ਪਤਨੀ ਸੁਰਿੰਦਰ ਡੋਗਰਾ ਦੇ ਇਲਾਜ ਦਾ ਖਰਚਾ 26.54 ਲੱਖ ਰੁਪਏ ਸਰਕਾਰ ਨੇ ਤਾਰਿਆ। ਲੰਘੇ ਅੱਠ ਵਰ੍ਹਿਆਂ ਦੌਰਾਨ 15 ਸਾਬਕਾ ਵਿਧਾਇਕਾਂ ਦੀਆਂ ਪਤਨੀਆਂ ਦਾ ਇਲਾਜ ਸਰਕਾਰੀ ਖਰਚੇ 'ਤੇ ਹੋਇਆ ਹੈ। ਹਰ ਮਹਿਲਾ ਦੇ ਇਲਾਜ ਤੇ ਡੇਢ ਲੱਖ ਤੋਂ ਜ਼ਿਆਦਾ ਖਰਚਾ ਆਇਆ ਹੈ। ਸਾਬਕਾ ਵਿਧਾਇਕ ਹਰਗੋਪਾਲ ਸਿੰਘ ਦੇ ਇਲਾਜ ਖਰਚ 20.87 ਲੱਖ ਵੀ ਸਰਕਾਰੀ ਖ਼ਜ਼ਾਨੇ ਵਿੱਚੋਂ ਤਾਰਿਆ ਗਿਆ ਹੈ ਜਦਕਿ ਸਾਬਕਾ ਵਿਧਾਇਕ ਗੁਰਚਰਨ ਸਿੰਘ ਗਾਲਿਬ ਦੇ ਇਲਾਜ 'ਤੇ ਵੀ ਸਰਕਾਰ ਨੇ 10.58 ਲੱਖ ਰੁਪਏ ਖਰਚ ਕੀਤੇ। ਸਾਬਕਾ ਵਿਧਾਇਕ ਰਣਜੀਤ ਸਿੰਘ ਬਾਲੀਆ ਨੂੰ 10.20 ਲੱਖ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਦੇ 9 ਲੱਖ ਦੇ ਮੈਡੀਕਲ ਬਿੱਲ ਦੀ ਅਦਾਇਗੀ ਵੀ ਕੀਤੀ ਗਈ ਹੈ।
                 ਸਾਬਕਾ ਕਾਂਗਰਸੀ ਵਿਧਾਇਕ ਜਸਵੀਰ ਸਿੰਘ ਸੰਗਰੂਰ ਦਾ ਪ੍ਰਤੀਕਰਮ ਸੀ ਕਿ ਕਾਫ਼ੀ ਸਾਬਕਾ ਵਿਧਾਇਕ ਇਸ ਵੇਲੇ ਬੁਢਾਪੇ ਵਿੱਚ ਹਨ, ਜਿਸ ਕਰਕੇ ਉਨ੍ਹਾਂ ਦੇ ਇਲਾਜ ਖਰਚ ਵਿੱਚ ਵਾਧਾ ਹੋਇਆ ਹੈ। ਮੌਜੂਦਾ ਵਿਧਾਇਕ ਉਮਰ ਦੇ ਲਿਹਾਜ਼ ਨਾਲ ਤਕੜੇ ਹਨ ਜਿਸ ਕਰਕੇ ਉਨ੍ਹਾਂ ਦਾ ਮੈਡੀਕਲ ਖਰਚ ਘੱਟ ਹੁੰਦਾ ਹੈ।ਸਰਕਾਰੀ ਵੇਰਵਿਆਂ ਅਨੁਸਾਰ ਮਰਹੂਮ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਭੱਠਲ ਦਾ ਇਲਾਜ ਖਰਚ 7.60 ਲੱਖ ਰੁਪਏ ਅਤੇ ਰਾਜਮਹਿੰਦਰ ਸਿੰਘ ਮਜੀਠਾ ਦਾ ਮੈਡੀਕਲ ਖਰਚ 5.67 ਲੱਖ ਰੁਪਏ ਰਿਹਾ। ਸਾਬਕਾ ਵਿਧਾਇਕ ਓੁਪਿੰਦਰਜੀਤ ਕੌਰ ਦਾ ਮੈਡੀਕਲ ਖਰਚ 4.35 ਲੱਖ ਰੁਪਏ। ਦੂਸਰੇ ਪਾਸੇ ਸਾਲ 2011-12 ਵਿੱਚ ਤਤਕਾਲੀ ਵਿਧਾਇਕਾਂ ਦਾ ਮੈਡੀਕਲ ਖਰਚ 18.15 ਲੱਖ ਰੁਪਏ ਆਇਆ ਜਦਕਿ ਸਾਬਕਾ ਵਿਧਾਇਕਾਂ 'ਤੇ ਇੱਕ ਸਾਲ ਵਿੱਚ 75 ਲੱਖ ਰੁਪਏ ਖਰਚ ਹੋਏ।
                                      ਸਿਹਤ ਮਹਿਕਮੇ ਦੀ ਸਿਫਾਰਸ਼' ਤੇ ਅਦਾਇਗੀ : ਸਕੱਤਰ
ਪੰਜਾਬ ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਮਿਸ਼ਰਾ ਨੇ ਆਖਿਆ ਕਿ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਲਈ ਮੈਡੀਕਲ ਖਰਚ ਦੀ ਕੋਈ ਸੀਮਾ ਨਹੀਂ ਹੈ। ਸਿਹਤ ਵਿਭਾਗ ਵੱਲੋਂ ਪਾਸ ਕੀਤੇ ਬਿੱਲਾਂ ਦੀ ਅਦਾਇਗੀ ਸਕੱਤਰੇਤ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨਿਯਮ ਅਨੁਸਾਰ ਮੈਡੀਕਲ ਬਿੱਲ ਪਾਸ ਕਰਦਾ ਹੈ ਅਤੇ ਹਰ ਸਾਲ ਪਿਛਲੇ ਖਰਚੇ ਤੋਂ ਅਨੁਮਾਨ ਲਗਾ ਕੇ ਮੈਡੀਕਲ ਦਾ ਬਜਟ ਪੰਜ ਤੋਂ 10 ਫੀਸਦੀ ਵਧਾ ਕੇ ਸਰਕਾਰ ਤੋਂ ਲਿਆ ਜਾਂਦਾ ਹੈ।
 ਸਾਬਕਾ ਵਿਧਾਇਕਾਂ ਦਾ ਮੈਡੀਕਲ ਖਰਚ
    ਸਾਲ       ਰਾਸ਼ੀ
2007 08   11.05 ਲੱਖ
2008 09   39.99 ਲੱਖ
2009 10   55.99 ਲੱਖ
2010 11   76.15 ਲੱਖ
2011 12   75.05 ਲੱਖ
2012 13   1.12 ਕਰੋੜ
2013 14   1.12 ਕਰੋੜ
2014 15 (ਜਨਵਰੀ ਤੱਕ)    92.87 ਲੱਖ 

No comments:

Post a Comment