Saturday, February 14, 2015

                               ਵਿਸ਼ਵ ਕਬੱਡੀ ਕੱਪ 
            ਐਤਕੀਂ 'ਸ਼ਰਾਬ' ਨਾਲ ਪਈ ਕੌਡੀ
                            ਚਰਨਜੀਤ ਭੁੱਲਰ
ਬਠਿੰਡਾ : ਪੰਜਵੇਂ ਵਿਸ਼ਵ ਕਬੱਡੀ ਕੱਪ ਲਈ ਐਤਕੀਂ ਪੰਜਾਬ ਦੀ 'ਸ਼ਰਾਬ ਲਾਬੀ' ਨੇ ਦਿਲ ਖੋਲ੍ਹ ਕੇ ਪੈਸਾ ਦਿੱਤਾ ਜਦਕਿ ਰੀਅਲ ਅਸਟੇਟ ਦੇ ਕਾਰੋਬਾਰੀ ਲੋਕਾਂ ਨੇ ਹੱਥ ਘੁੱਟ ਕੇ ਹੀ ਰੱਖਿਆ। ਭਾਵੇਂ ਸਰਕਾਰ ਨੇ ਕਬੱਡੀ ਕੱਪ ਤੋਂ ਪਹਿਲਾਂ ਹੀ ਨਸ਼ਾ ਮੁਕਤ ਪੰਜਾਬ ਦੀ ਮੁਹਿੰਮ ਵਿੱਢੀ ਸੀ ਪਰ ਫਿਰ ਵੀ ਸ਼ਰਾਬ ਸਨਅਤਾਂ ਨੇ ਦਾਨ ਦੇਣ ਤੋਂ ਹੱਥ ਪਿਛਾਂਹ ਨਹੀਂ ਖਿੱਚਿਆ ਅਤੇ ਦਾਨ ਦੇਣ ਵਿੱਚ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨ ਵਾਸਤੇ ਹਰ ਵਰ੍ਹੇ ਵਿਸ਼ਵ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ। ਖੇਡ ਵਿਭਾਗ ਪੰਜਾਬ ਨੇ ਆਰ.ਟੀ.ਆਈ ਵਿੱਚ ਖੁਲਾਸਾ ਕੀਤਾ ਹੈ ਕਿ ਸ਼ਰਾਬ ਦੀਆਂ 17 ਸ਼ਰਾਬ ਸਨਅਤਾਂ ਨੇ ਪੰਜਵੇਂ ਕਬੱਡੀ ਕੱਪ ਵਾਸਤੇ 1.55 ਕਰੋੜ ਰੁਪਏ ਦੀ ਮਾਲੀ ਮਦਦ ਦਿੱਤੀ ਹੈ ਜਦਕਿ ਰੀਅਲ ਅਸਟੇਟ ਦੇ ਕਾਰੋਬਾਰੀ ਲੋਕਾਂ ਨੇ ਸਿਰਫ਼ 1.05 ਲੱਖ ਦੀ ਸਪਾਂਸਰਸ਼ਿਪ ਦੇ ਰੂਪ ਵਿੱਚ ਯੋਗਦਾਨ ਪਾਇਆ। ਹਾਲਾਂਕਿ ਹਰ ਵਰ੍ਹੇ ਕਬੱਡੀ ਕੱਪ ਵਾਸਤੇ ਸ਼ਰਾਬ ਸਨਅਤਾਂ ਤੋਂ ਮਾਲੀ ਮਦਦ ਸਰਕਾਰ ਲੈਂਦੀ ਹੈ ਪਰ ਕਦੇ ਵੀ ਇਹ ਮਦਦ ਇੱਕ ਕਰੋੜ ਤੋਂ ਵਧੀ ਨਹੀਂ ਸੀ ਅਤੇ ਕੁਲ 10 ਦੇ ਕਰੀਬ ਸ਼ਰਾਬ ਸਨਅਤਾਂ ਹੀ ਦਾਨ ਦਿੰਦੀਆਂ ਸਨ।
                       ਐਤਕੀਂ 17 ਸ਼ਰਾਬ ਸਨਅਤਾਂ ਨੇ ਕਬੱਡੀ ਵਾਸਤੇ ਦਾਨ ਦਿੱਤਾ ਹੈ। ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਸ਼ਰਾਬ ਸਨਅਤ ਨੇ ਵੀ ਕਬੱਡੀ ਕੱਪ ਵਾਸਤੇ 15 ਲੱਖ ਰੁਪਏ ਦੀ ਵਿੱਤੀ ਮਦਦ ਦਿੱਤੀ ਹੈ। ਸਰਕਾਰੀ ਸੂਚਨਾ ਅਨੁਸਾਰ ਮੈਸਰਜ਼ ਜਗਜੀਤ ਇੰਡਸਟਰੀਜ਼, ਮੈਸਰਜ਼ ਪਟਿਆਲਾ ਡਿਸਟਿਲਰੀਜ਼ ਅਤੇ ਚੰਡੀਗੜ੍ਹ ਡਿਸਟਿਲਰੀਜ਼ ਨੇ ਤਾਂ ਪੰਦਰਾਂ ਪੰਦਰਾਂ ਲੱਖ ਦੇ ਚੈੱਕ ਦਿੱਤੇ ਹਨ। ਚਾਰ ਸ਼ਰਾਬ ਸਨਅਤਾਂ ਨੇ ਦਸ ਦਸ ਲੱਖ ਦਾ ਦਾਨ ਦਿੱਤਾ ਹੈ, ਜਿਨ੍ਹਾਂ ਵਿੱਚ ਮੈਸਰਜ਼ ਬੀ.ਸੀ.ਐਲ ਇੰਡਸਟਰੀਜ਼, ਏਬੀ ਗਰੇਨਜ਼ ਸਪਿਰਟਸ, ਮੈਸਰਜ਼ ਮਾਊਂਟ ਸ਼ਿਵਾਲਕ ਅਤੇ ਮੈਸਰਜ਼ ਪਾਇਅਨਰਜ਼ ਸ਼ਾਮਲ ਹਨ। ਦੂਸਰੇ ਵਿਸ਼ਵ ਕਬੱਡੀ ਕੱਪ ਵਿੱਚ ਸਿਰਫ਼ 9 ਸ਼ਰਾਬ ਸਨਅਤਾਂ ਨੇ ਸਿਰਫ਼ 55 ਲੱਖ ਰੁਪਏ ਹੀ ਦਿੱਤੇ ਸਨ। ਪੰਜਾਬ ਸਰਕਾਰ ਨੇ ਪੰਜਵੇਂ ਕਬੱਡੀ ਕੱਪ ਦਾ 16.85 ਕਰੋੜ ਰੁਪਏ ਦਾ ਬਜਟ ਰੱਖਿਆ ਸੀ ਅਤੇ ਪੰਜਾਬ ਸਰਕਾਰ ਨੇ 3 ਜਨਵਰੀ 2015 ਨੂੰ 7 ਕਰੋੜ ਰੁਪਏ ਖ਼ਜ਼ਾਨੇ ਵਿਚੋਂ ਜਾਰੀ ਕੀਤੇ ਸਨ। ਸਰਕਾਰ ਨੇ 98 ਲੱਖ ਰੁਪਏ ਜਿਲ੍ਹਿਆਂ ਨੂੰ ਜਾਰੀ ਕੀਤੇ ਹਨ, ਜਿਥੇ ਮੈਚ ਕਰਾਏ ਗਏ ਸਨ।
                      ਫੈਰਿਸਵੀਲ ਕੰਪਨੀ ਵੱਲੋਂ ਕਬੱਡੀ ਕੱਪ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹ ਕਰਵਾਏ ਗਏ ਹਨ, ਜਿਸ ਦਾ ਖਰਚ 4.97 ਕਰੋੜ ਰੁਪਏ ਆਇਆ ਹੈ। ਸਰਕਾਰ ਨੇ ਇਸ ਵਿੱਚੋਂ 4.47 ਕਰੋੜ ਰੁਪਏ ਜਾਰੀ ਵੀ ਕਰ ਦਿੱਤੇ ਹਨ। ਦੂਸਰੇ ਪਾਸੇ ਪੰਜਵੇਂ ਕਬੱਡੀ ਕੱਪ ਵਿਚ ਖੇਡਣ ਵਾਲੀਆਂ ਬਹੁਤੀਆਂ ਟੀਮਾਂ ਨੂੰ ਹਾਲੇ ਤੱਕ ਸਰਕਾਰ ਨੇ ਨਗਦ ਰਾਸ਼ੀ ਨਹੀਂ ਦਿੱਤੀ ਹੈ। ਸਰਕਾਰ ਨੂੰ ਐਤਕੀਂ ਟਾਈਟਲ ਸਪਾਂਸਰਸ਼ਿਪ ਨਹੀਂ ਮਿਲੀ ਜਦਕਿ ਪਿਛਲੇ ਸਾਲਾਂ ਵਿੱਚ ਪਰਲਜ਼ ਗਰੁੱਪ ਵੱਲੋਂ ਹੀ ਕਰੀਬ 7 ਕਰੋੜ ਰੁਪਏ ਦਾ ਯੋਗਦਾਨ ਪਾਇਆ ਜਾਂਦਾ ਸੀ। ਪੰਜਵੇਂ ਕਬੱਡੀ ਕੱਪ ਵਾਸਤੇ ਐਚ. ਡੀ. ਐਫ.ਸੀ ਬੈਂਕ ਨੇ 2 ਲੱਖ ਰੁਪਏ, ਪੰਜਾਬ ਨੈਸ਼ਨਲ ਬੈਂਕ ਖਰੜ ਨੇ ਦੋ ਲੱਖ ਰੁਪਏ, ਮੈਸਰਜ਼ ਪਿਊਮਾ ਰਿਲੇਟਰਜ਼ ਨੇ 10 ਲੱਖ ਰੁਪਏ ਦਿੱਤੇ ਹਨ। ਰੀਅਲ ਅਸਟੇਟ ਵਿਚੋਂ ਸਭ ਤੋਂ ਜ਼ਿਆਦਾ ਰਾਸ਼ੀ ਓਮੈਕਸ ਚੰਡੀਗੜ੍ਹ ਨੇ 24.50 ਲੱਖ ਰੁਪਏ ਦੀ ਦਿੱਤੀ ਹੈ ਜਦਕਿ ਬਾਜਵਾ ਡਿਵੈਲਪਰਜ਼ ਨੇ 9.80 ਲੱਖ, ਜਨਤਾ ਲੈਂਡ ਪ੍ਰਮੋਟਰਜ਼ ਨੇ 8.72 ਲੱਖ, ਪ੍ਰੀਤਲੈਂਡ ਨੇ ਪੰਜ ਲੱਖ, ਸਿਪਰਾ ਅਸਟੇਟ ਨੇ ਢਾਈ ਲੱਖ ਦਿੱਤੇ ਹਨ।
                   ਪੰਜਵਾਂ ਵਿਸ਼ਵ ਕਬੱਡੀ ਕੱਪ ਦੀ ਸਮਾਪਤੀ ਪਿੰਡ ਬਾਦਲ ਵਿਖੇ ਹੋਈ ਸੀ। ਉਦਘਾਟਨੀ ਸਮਾਰੋਹਾਂ ਵਿੱਚ ਸੋਨਾਕਸ਼ੀ ਸਿਨਹਾ ਅਤੇ ਅਰਜਨ ਕਪੂਰ ਨੇ ਰੰਗ ਬੰਨਿਆ ਸੀ। ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਤੇਜਿੰਦਰ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਐਤਕੀਂ ਕਬੱਡੀ ਲੀਗ ਹੋਣ ਕਰਕੇ ਸਪਾਂਸਰਸ਼ਿਪ ਘੱਟ ਮਿਲੀ ਹੈ ਅਤੇ ਮਹਿਕਮੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਸ਼ਰਾਬ ਸਨਅਤਾਂ ਤੋਂ ਪੈਸਾ ਲੈਣ ਸਬੰਧੀ ਉਨ੍ਹਾਂ ਕੋਈ ਟਿੱਪਣੀ ਨਹੀਂ ਕੀਤੀ। ਕਬੱਡੀ ਟੀਮਾਂ ਨੂੰ ਇਨਾਮ ਦਿੱਤੇ ਜਾਣ ਸਬੰਧੀ ੳੁਨ੍ਹਾਂ ਆਖਿਆ ਕਿ ਸਾਡੇ ਵੱਲੋਂ ਇਨਾਮੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਪਰ ਫੌਰਨ ਐਕਸਚੇਂਜ ਅਤੇ ਸਰਟੀਫਿਕੇਟਾਂ ਦੀ ਪ੍ਰਕਿਰਿਆ ਥੋੜੀ ਲੰਮੀ ਹੋਣ ਕਰਕੇ ਰਾਸ਼ੀ ਭੇਜਣ ਵਿੱਚ ਥੋੜਾ ਸਮਾਂ ਲੱਗ ਜਾਂਦਾ ਹੈ।
                                                ਪੰਜਾਬੀ ਗਾਇਕਾਂ ਨੇ ਲੁੱਟਿਆ ਮੇਲਾ
ਪੰਜਵਾਂ ਵਿਸ਼ਵ ਕਬੱਡੀ ਕੱਪ ਪੰਜਾਬੀ ਗਾਇਕਾਂ ਲਈ ਵੀ ਲਾਹੇਵੰਦ ਰਿਹਾ। ਪੰਜਾਬ ਸਰਕਾਰ ਨੇ ਨੌਂ ਪੰਜਾਬੀ ਕਲਾਕਾਰ ਬੁੱਕ ਕੀਤੇ ਸਨ, ਜਿਨ੍ਹਾਂ ਨੂੰ 11.34 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ। ਇਨ੍ਹਾਂ ਕਲਾਕਾਰਾਂ ਨੇ ਵੱਖ ਵੱਖ ਸ਼ਹਿਰਾਂ ਵਿਚ ਕਬੱਡੀ ਮੈਚਾਂ ਦੌਰਾਨ ਜੌਹਰ ਦਿਖਾਏ ਸਨ। ਪਰਮਜੀਤ ਸਿੰਘ ਪੰਮੀ ਨੂੰ ਦੋ ਪ੍ਰੋਗਰਾਮਾਂ ਦੇ ਦੋ ਲੱਖ ਰੁਪਏ, ਰਵਿੰਦਰ ਗਰੇਵਾਲ ਨੂੰ 89 ਹਜ਼ਾਰ, ਸਤਵਿੰਦਰ ਬੁੱਗਾ ਨੂੰ 89 ਹਜ਼ਾਰ, ਸਰਬਜੀਤ ਚੀਮਾ ਨੂੰ ਇੱਕ ਲੱਖ, ਸਤਵਿੰਦਰ ਬਿੱਟੀ ਨੂੰ 89 ਹਜ਼ਾਰ, ਸੁਖਵਿੰਦਰ ਸਿੰਘ ਸੁੱਖੀ ਨੂੰ ਦੋ ਦਿਨਾਂ ਦੇ 1.78 ਲੱਖ, ਰੁਪਿੰਦਰ ਕੌਰ ਹਾਂਡਾ ਨੂੰ ਦੋ ਦਿਨਾਂ ਦੇ ਦੋ ਲੱਖ, ਮੈਸਰਜ਼ ਗੁਲਾਬ ਮਿਊਜ਼ਿਕ ਨੂੰ 89 ਹਜ਼ਾਰ ਅਤੇ ਇੰਦਰਜੀਤ ਨਿੱਕੂ ਨੂੰ ਇੱਕ ਲੱਖ ਰੁਪਏ ਦਿੱਤੇ।

No comments:

Post a Comment