Thursday, January 29, 2015

                                         ਵਿਦੇਸ਼ੀ ਦੰਦ
                      ਖਜ਼ਾਨੇ ਨੂੰ ਕਰ ਗਏ ਦੰਗ
                                   ਚਰਨਜੀਤ ਭੁੱਲਰ
 ਬਠਿੰਡਾ : ਮੁੱਖ ਸੰਸਦੀ ਸਕੱਤਰ (ਸਿੰਚਾਈ) ਮਹਿੰਦਰ ਕੌਰ ਜੋਸ਼ ਦੇ ਦੰਦਾਂ ਦਾ ਭਾਰ ਸਰਕਾਰੀ ਖ਼ਜ਼ਾਨਾ ਝੱਲ ਨਹੀਂ ਸਕਿਆ ਹੈ। ਸਿਹਤ ਵਿਭਾਗ ਨੇ ਬੀਬੀ ਜੋਸ਼ ਦੇ ਦੰਦਾਂ ਦੇ ਇਲਾਜ ਦਾ ਪੂਰਾ ਖ਼ਰਚਾ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ 55,190 ਰੁਪਏ ਵਿੱਚ ਵਿਦੇਸ਼ੀ ਦੰਦ ਖ਼ਰੀਦ ਕੇ ਇਲਾਜ ਕਰਾਇਆ ਸੀ। ਸਿਹਤ ਵਿਭਾਗ ਨੇ ਇਨ੍ਹਾਂ ਦੰਦਾਂ ਦੀ ਖ਼ਰੀਦ ਦੇ ਸਿਰਫ਼ 225 ਰੁਪਏ ਹੀ ਦਿੱਤੇ ਹਨ। ਜਦੋਂ ਬੀਬੀ ਜੋਸ਼ ਨੂੰ ਮਾਮੂਲੀ ਰਕਮ ਦਾ ਪਤਾ ਲੱਗਾ ਤਾਂ ਉਨ੍ਹਾਂ ਗੁੱਸੇ ਵਿੱਚ ਆ ਕੇ ਇਹ ਪੈਸੇ ਵਾਪਸ ਸਰਕਾਰੀ ਖ਼ਜ਼ਾਨੇ ਵਿੱਚ ਹੀ ਜਮ੍ਹਾਂ ਕਰਵਾ ਦਿੱਤੇ।ਮੰਤਰੀ ਮੰਡਲ ਮਾਮਲੇ ਸ਼ਾਖਾ ਪੰਜਾਬ ਵੱਲੋਂ ਆਰਟੀਆਈ ਵਿੱਚ ਜੋ ਤਾਜ਼ਾ ਜਾਣਕਾਰੀ ਦਿੱਤੀ ਗਈ ਹੈ, ਉਸ ਵਿੱਚ ਬੀਬੀ ਜੋਸ਼ ਦੇ ਮਾਮਲੇ ਦਾ ਜ਼ਿਕਰ ਕੀਤਾ ਗਿਆ ਹੈ। ਇਸ ਸ਼ਾਖਾ ਨੇ 27 ਅਗਸਤ 2009 ਨੂੰ ਸਿਹਤ ਵਿਭਾਗ ਨੂੰ ਪੱਤਰ ਲਿਖ ਕੇ ਦੰਦਾਂ ਦੀ   ਖ਼ਰੀਦ ਅਤੇ ਇਲਾਜ 'ਤੇ 55,190 ਰੁਪਏ ਦੇ ਖ਼ਰਚੇ ਦੀ ਪ੍ਰਵਾਨਗੀ ਮੰਗੀ ਸੀ। ਪੱਤਰ ਅਨੁਸਾਰ ਬੀਬੀ ਜੋਸ਼ ਨੇ 15 ਜਨਵਰੀ 2009 ਤੋਂ 17 ਮਾਰਚ 2009 ਤੱਕ ਪੀਜੀਆਈ ਤੋਂ ਦੰਦਾਂ ਦਾ ਇਲਾਜ ਕਰਾਇਆ ਸੀ ਪ੍ਰੰਤੂ ਦੰਦਾਂ ਦੀ ਖ਼ਰੀਦ ਨੋਬਲ ਬਾਇਓ ਕੇਅਰ ਇੰਡੀਆ ਲਿਮਟਿਡ ਮੁੰਬਈ (ਸਵਿਸ ਕੰਪਨੀ) ਤੋਂ ਕੀਤੀ ਸੀ।
                    ਸਿਹਤ ਵਿਭਾਗ ਦੇ ਮੈਡੀਕਲ ਬੋਰਡ ਨੇ ਇਸ ਇਲਾਜ ਅਤੇ ਦੰਦਾਂ ਦੀ ਖ਼ਰੀਦ ਦਾ ਖ਼ਰਚਾ ਸਿਰਫ਼ 225 ਰੁਪਏ ਪਾਸ ਕੀਤਾ ਸੀ। ਪੰਜਾਬ ਸਰਕਾਰ ਨੇ 9 ਮਾਰਚ 2010 ਨੂੰ 225 ਰੁਪਏ ਬੀਬੀ ਜੋਸ਼ ਨੂੰ ਜਾਰੀ ਕਰ ਦਿੱਤੇ ਸਨ ਪ੍ਰੰਤੂ ਉਨ੍ਹਾਂ ਇਹ ਰਾਸ਼ੀ ਗੁੱਸੇ ਵਿੱਚ ਵਾਪਸ ਕਰ ਦਿੱਤੀ। ਸੂਤਰ ਦੱਸਦੇ ਹਨ ਕਿ ਉਦੋਂ ਏਨੀ ਮਾਮੂਲੀ ਰਾਸ਼ੀ ਦਿੱਤੇ ਜਾਣ ਨੂੰ ਬੀਬੀ ਜੋਸ਼ ਨੇ ਆਪਣੀ ਹੇਠੀ ਸਮਝੀ ਅਤੇ ਸਿਹਤ ਵਿਭਾਗ ਦੇ ਤਤਕਾਲੀ ਡਾਇਰੈਕਟਰ ਕੋਲ ਇਹ ਮਾਮਲਾ ਉਠਾਇਆ ਵੀ ਸੀ।ਮੁੱਖ ਮੰਤਰੀ ਨੇ ਕੰਨਾਂ ਤੋਂ ਸੁਣਨ ਵਾਲੀਆਂ ਦੋ ਮਸ਼ੀਨਾਂ ਦੀ ਕੁਝ ਅਰਸਾ ਪਹਿਲਾਂ ਖ਼ਰੀਦ ਕੀਤੀ ਸੀ। ਇਨ੍ਹਾਂ ਮਸ਼ੀਨਾਂ ਦੀ ਖ਼ਰੀਦ ਦੇ ਉਨ੍ਹਾਂ ਤਿੰਨ ਲੱਖ ਦੇ ਮੈਡੀਕਲ ਬਿੱਲ ਦਿੱਤੇ ਸਨ ਪ੍ਰੰਤੂ ਸਿਹਤ ਵਿਭਾਗ ਨੇ ਉਨ੍ਹਾਂ ਦੇ ਬਿੱਲ 'ਤੇ ਇਤਰਾਜ਼ ਲਗਾ ਦਿੱਤਾ ਸੀ। ਉਨ੍ਹਾਂ ਨੂੰ ਤਿੰਨ ਲੱਖ ਰੁਪਏ ਦੀ ਥਾਂ ਸਿਰਫ਼ 36 ਹਜ਼ਾਰ ਰੁਪਏ ਦਿੱਤੇ ਗਏ ਸਨ। ਸਰਕਾਰੀ ਜਾਣਕਾਰੀ ਅਨੁਸਾਰ ਪੰਜਾਬ ਦੇ ਕੁਝ ਵਜ਼ੀਰ ਅਤੇ ਮੁੱਖ ਸੰਸਦੀ ਸਕੱਤਰ ਤਾਂ ਛੋਟੇ ਛੋਟੇ ਇਲਾਜ ਦਾ ਖ਼ਰਚਾ ਵੀ ਸਰਕਾਰੀ ਖ਼ਜ਼ਾਨੇ 'ਚੋਂ ਹੀ ਵਸੂਲ ਕਰਦੇ ਹਨ।
                    ਤਤਕਾਲੀ ਸਿੱਖਿਆ ਮੰਤਰੀ ਉਪਿੰਦਰਜੀਤ ਕੌਰ ਨੇ ਮਈ 2010 ਵਿੱਚ ਕਰਾਏ ਇਲਾਜ ਦੇ 231 ਰੁਪਏ ਵੀ ਸਰਕਾਰੀ ਖ਼ਜ਼ਾਨੇ 'ਚੋਂ ਵਸੂਲੇ ਸਨ। ਇਸੇ ਤਰ੍ਹਾਂ ਤਤਕਾਲੀ ਮੁੱਖ ਸੰਸਦੀ ਸਕੱਤਰ ਹਰੀਸ਼ ਰਾਏ ਢਾਂਡਾ ਨੇ ਆਪਣੇ ਲੜਕੇ ਦੇ ਇੱਕ ਮੈਡੀਕਲ ਟੈਸਟ ਦੇ 50 ਰੁਪਏ ਵੀ ਸਰਕਾਰੀ ਖ਼ਜ਼ਾਨੇ 'ਚੋਂ ਲਏ ਸਨ। ਭਾਵੇਂ ਇਹ ਸਭ ਨਿਯਮ ਕਾਨੂੰਨ ਤਹਿਤ ਹੋਇਆ ਹੈ ਪ੍ਰੰਤੂ ਸੂਤਰ ਆਖਦੇ ਹਨ ਕਿ ਨੇਤਾ ਇਲਾਜ 'ਤੇ ਪੱਲਿਓਂ ਛੋਟਾ ਜਿਹਾ ਖ਼ਰਚਾ ਕਰਨ ਤੋਂ ਵੀ ਟਾਲਾ ਵੱਟਦੇ ਹਨ। ਕੈਬਨਿਟ ਵਜ਼ੀਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਮੈਡੀਕਲ ਬਿੱਲਾਂ ਦੀ ਰਾਸ਼ੀ ਪੰਜ ਦਫ਼ਾ ਤਾਂ 800 ਰੁਪਏ ਤੋਂ ਵੀ ਘੱਟ ਰਹੀ ਹੈ। ਮੁੱਖ ਸੰਸਦੀ ਸਕੱਤਰ ਸੀਤਲ ਸਿੰਘ ਨੇ ਪਤਨੀ ਦੇ ਇਲਾਜ 'ਤੇ ਆਏ 520 ਰੁਪਏ ਦੇ ਖ਼ਰਚ ਦੀ ਪੂਰਤੀ ਵੀ ਖ਼ਜ਼ਾਨੇ 'ਚੋਂ ਕੀਤੀ ਸੀ।
                                             ਮਾਮੂਲੀ ਰਾਸ਼ੀ ਕਾਹਦੇ ਲਈ ਲੈਣੀ ਸੀ: ਜੋਸ਼
ਮੁੱਖ ਸੰਸਦੀ ਸਕੱਤਰ (ਸਿੰਜਾਈ) ਮਹਿੰਦਰ ਕੌਰ ਜੋਸ਼ ਨੇ 225 ਰੁਪਏ ਵਾਪਸ ਕਰਨ ਬਾਰੇ ਕਿਹਾ ਕਿ ਏਨੀ ਛੋਟੀ ਰਾਸ਼ੀ ਕਾਹਦੇ ਲਈ ਲੈਣੀ ਹੈ। ਬੀਬੀ ਜੋਸ਼ ਨੇ ਦੱਸਿਆ ਕਿ ਉਨ੍ਹਾਂ ਗੁੱਸੇ ਵਿੱਚ ਨਹੀਂ ਬਲਕਿ ਰੁਟੀਨ ਵਿੱਚ ਹੀ ਰਾਸ਼ੀ ਵਾਪਸ ਕੀਤੀ ਸੀ। ਉਨ੍ਹਾਂ ਆਖਿਆ ਕਿ ਹੁਣ ਤਾਂ ਉਨ੍ਹਾਂ ਦੇ ਇਹ ਗੱਲ ਚੇਤੇ ਵੀ ਨਹੀਂ ਹਨ।

No comments:

Post a Comment