Saturday, November 7, 2015

                                ਰਾਹੁਲ ਜੀ ! 
         ਆਹ ਬੱਸ ਇੱਕ ਤਸਵੀਰ ਬਚੀ ਹੈ...
                           ਚਰਨਜੀਤ ਭੁੱਲਰ
ਬਠਿੰਡਾ : ਘਰ ਵਿਚ ਆਟਾ ਨਹੀਂ ਤੇ ਖੇਤਾਂ ਲਈ ਬੀਜ ਨਹੀਂ। ਚਾਹ ਲਈ ਗੁੜ ਨਹੀਂ ਤੇ ਕੱਪੜੇ ਧੌਣ ਲਈ ਸਾਬਣ ਨਹੀਂ,ਤੁਸੀਂ ਹੀ ਦੱਸੋ ਕਿ ਕਿਵੇਂ ਜ਼ਿੰਦਗੀ ਤੋਰੀਏ। ਖੇਤਾਂ ਵਿਚ ਰਾਖ ਹੋਈ ਫਸਲ ਨੂੰ ਵੇਖ ਕੇ ਖੁਦਕੁਸ਼ੀ ਕਰਨ ਵਾਲੇ ਇਸ ਪਿੰਡ ਦੇ ਕਿਸਾਨ ਜਗਦੇਵ ਸਿੰਘ ਦੇ ਪਰਿਵਾਰ ਨੇ ਜਦੋਂ ਆਪਣੀ ਇਹ ਵਿੱਥਿਆ ਸੁਣਾਈ ਤਾਂ ਰਾਹੁਲ ਗਾਂਧੀ ਧੁਰ ਅੰਦਰੋਂ ਹਲੂਣੇ ਗਏ। ਜਦੋਂ ਪਰਿਵਾਰ ਨੇ ਦੱਸਿਆ ਕਿ ਟਰੈਕਟਰ ਖਰਾਬ ਖੜ•ਾ ਹੈ,ਜ਼ਮੀਨ ਦਾ ਠੇਕਾ ਦਿੱਤਾ ਨਹੀਂ ਗਿਆ ਤੇ ਲੜਕੀ ਦਾ ਵਿਆਹ ਕਰਨ ਲਈ ਜ਼ਮੀਨ ਵੇਚਣੀ ਪਈ ਤਾਂ ਰਾਹੁਲ ਗਾਂਧੀ ਪੰਜਾਬ ਦੀ ਕਿਸਾਨੀ ਦੀ ਜ਼ਮੀਨੀ ਹਕੀਕਤ ਦੇਖ ਕੇ ਕੰਬ ਗਏ। ਪਰਿਵਾਰ ਦੀਆਂ ਅੱਖਾਂ ਵਿਚ ਹੰਝੂ ਸਨ ਤੇ ਚਿਹਰੇ ਤੇ ਭਵਿੱਖ ਦੇ ਫਿਕਰ ਵੀ ਸਾਫ ਝਲਕ ਰਹੇ ਸਨ। ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇਸ ਪਿੰਡ ਦੇ ਇਸ ਪ੍ਰਵਾਰ ਦੇ ਘਰ ਕਰੀਬ 25 ਮਿੰਟੇ ਬਿਤਾਏ। ਉਨ•ਾਂ ਪਰਿਵਾਰ ਦੇ ਜੀਆਂ ਤੋਂ ਉਨ•ਾਂ ਦੇ ਖੇਤਾਂ ਦੀ ਦਾਸਤਾਂ ਸੁਣੀ। ਰਾਹੁਲ ਗਾਂਧੀ ਨੇ ਪਰਿਵਾਰ ਨੂੰ ਪੁੱਛਿਆ ਕਿ ਕਿਵੇਂ ਉਨ•ਾਂ ਨੂੰ ਇਹ ਬੁਰੇ ਦਿਨ ਵੇਖਣੇ ਪਏ ਹਨ। ਘਰ ਦਾ ਗੁਜਾਰਾ ਕਿਵੇਂ ਚੱਲਦਾ ਹੈ।  
                   ਰਾਹੁਲ ਗਾਂਧੀ ਨੇ ਇੱਕ ਲੱਖ ਰੁਪਏ ਫੌਰੀ ਨਗਦ ਰਾਸ਼ੀ ਦੇ ਦਿੱਤੀ। ਪਰਿਵਾਰ ਨੇ ਦੱਸਿਆ ਕਿ ਉਹ ਇੱਕ ਲੱਖ ਰੁਪਏ ਨਾਲ ਕਣਕ ਦਾ ਬੀਜ਼,ਖੇਤਾਂ ਲਈ ਖਾਦ, ਇੰਜਨ ਲਈ ਤੇਲ ਅਤੇ ਬਿਜਾਈ ਆਦਿ ਪ੍ਰਬੰਧ ਕਰਨਗੇ। ਦੱਸਣਯੋਗ ਹੈ ਕਿ ਕਿਸਾਨ ਜਗਦੇਵ ਸਿੰਘ ਨੇ ਜਦੋਂ ਚਿੱਟੇ ਮੱਛਰ ਦੇ ਹੱਲੇ ਮਗਰੋਂ ਖੇਤ ਗੇੜਾ ਮਾਰਿਆ ਤਾਂ ਉਸ ਨੇ ਕਾਲੇ ਹੋਏ ਖੇਤਾਂ ਨੂੰ ਵੇਖ ਕੇ 11 ਅਕਤੂਬਰ ਨੂੰ ਟਿਊਬਵੈਲ ਵਾਲੇ ਖੂਹ ਵਿਚ ਫਾਹਾ ਲੈ ਕੇ ਜੀਵਨ ਲੀਲਾ ਖਤਮ ਕਰ ਲਈ। ਉਸ ਕੋਲ ਪੰਜ ਏਕੜ ਜ਼ਮੀਨ ਸੀ ਅਤੇ ਛੇ ਏਕੜ ਜ਼ਮੀਨ ਠੇਕੇ ਤੇ ਲੈ ਕੇ ਨਰਮੇ ਦੀ ਕਾਸ਼ਤ ਕੀਤੀ ਸੀ। ਠੇਕਾ ਭਰਿਆ ਨਹੀਂ ਗਿਆ ਤੇ ਉਪਰੋਂ ਫਸਲ ਖਰਾਬ ਹੋ ਗਈ। ਮਾਲੀ ਸੰਕਟ ਕਾਰਨ ਪਰਿਵਾਰ ਆਪਣਾ ਖਰਾਬ ਟਰੈਕਟਰ ਵੀ ਠੀਕ ਨਹੀਂ ਕਰਾ ਸਕਿਆ ਹੈ। ਪਰਿਵਾਰ ਨੇ ਰਾਹੁਲ ਨੂੰ ਦੱਸਿਆ ਕਿ ਉਨ•ਾਂ ਸਿਰ 6.45 ਲੱਖ ਦਾ ਕਰਜ਼ ਹੈ ਜਿਸ ਨੂੰ ਮੋੜਨਾ ਨੂੰ ਵਿੱਤੋਂ ਬਾਹਰ ਹੈ। ਇਸ ਕਿਸਾਨ ਦੇ ਛੋਟੇ ਲੜਕੇ ਮਲਕੀਤ ਸਿੰਘ ਨੇ ਦੱਸਿਆ ਕਿ ਜਦੋਂ ਕਰਜ਼ਾ ਸਿਰ ਚੜ ਗਿਆ ਤਾਂ ਉਸ ਨੂੰ ਦਸਵੀਂ ਕਰਨ ਮਗਰੋਂ ਹੀ ਪੜਾਈ ਵਿਚਕਾਰੇ ਛੱਡਣੀ ਪਈ।
                   ਲੜਕੇ ਮਲਕੀਤ ਸਿੰਘ ਨੇ ਦੱਸਿਆ ਕਿ ਉਨ•ਾਂ ਨੂੰ ਡੇਢ ਸਾਲ ਪਹਿਲਾਂ ਡੇਢ ਏਕੜ ਜ਼ਮੀਨ ਵੇਚ ਕੇ ਆਪਣੀ ਭੈਣ ਦਾ ਵਿਆਹ ਕਰਨਾ ਪਿਆ ਹੈ। ਉਸ ਨੇ ਆਪਣੇ ਚਾਚੇ ਦੀ 10 ਸਾਲ ਪਹਿਲਾਂ ਹੋਈ ਮੌਤ ਦਾ ਜ਼ਿਕਰ ਵੀ ਕੀਤਾ। ਪਰਿਵਾਰ ਨੇ ਇੱਕ ਜੀਅ ਲਈ ਨੌਕਰੀ ਦੀ ਮੰਗ ਰੱਖੀ।  ਰਾਹੁਲ ਨੇ ਭਰੋਸਾ ਦਿੱਤਾ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਹ ਨੌਕਰੀ ਦਾ ਪ੍ਰਬੰਧ ਕਰਨਗੇ। ਪਰਿਵਾਰ ਦੇ ਜੀਅ ਆਖ ਰਹੇ ਸਨ ਕਿ ਉਨ•ਾਂ ਕੋਲ ਸਿਰਫ ਉਮੀਦ ਬਚੀ ਹੈ। ਕਿਸਾਨ ਦੀ ਭਤੀਜੀ ਬੇਅੰਤ ਕੌਰ ਦਾ ਕਹਿਣਾ ਸੀ ਕਿ ਉਨ•ਾਂ ਲਈ ਜ਼ਮੀਨ ਦਾ ਠੇਕਾ ਭਰਨਾ ਹੁਣ ਵੱਡੀ ਔਖ ਹੈ ਅਤੇ ਰਾਹੁਲ ਗਾਂਧੀ ਦੇ ਭਰੋਸੇ ਨੇ ਉਨ•ਾਂ ਨੂੰ ਢਾਰਸ ਦਿੱਤੀ ਹੈ। ਕਿਸਾਨ ਜਗਦੇਵ ਸਿੰਘ ਦੀ ਨੂੰਹ ਰਕਿੰਦਰ ਕੌਰ ਇੱਕੋ ਵਾਸਤਾ ਪਾ ਰਹੀ ਸੀ ਕਿ ਉਸ ਦੀ ਬੱਚੀ ਦਾ ਕਿਤੋਂ ਪੜਨ ਦਾ ਇੰਤਜਾਮ ਹੋ ਜਾਵੇ ਤਾਂ ਉਸ ਦਾ ਸਾਹ ਸੌਖਾ ਹੋ ਜਾਵੇ। ਉਸ ਨੇ ਦੱਸਿਆ ਕਿ ਘਰੇਲੂ ਤੰਗੀ ਕਰਕੇ ਉਹ ਆਪਣੀ ਬੱਚੀ ਨੂੰ ਪੜਨ ਨਹੀਂ ਪਾ ਸਕੀ ਹੈ। ਨੂੰਹ ਰਕਿੰਦਰ ਕੌਰ ਨੇ ਘਰ ਵਿਚ ਪਈ ਸਹੁਰੇ ਜਗਦੇਵ ਸਿੰਘ ਦੀ ਤਸਵੀਰ ਵੱਲ ਹੱਥ ਕਰਕੇ ਆਖਿਆ ਕਿ ਉਨ•ਾਂ ਕੋਲ ਤਾਂ ਬੱਸ ਇੱਕ ਇਹ ਤਸਵੀਰ ਬਚੀ ਹੈ ਜਾਂ ਫਿਰ ਲੱਖਾਂ ਰੁਪਏ ਕਰਜ਼ਾ। ਕਿਸਾਨ ਦੇ ਵੱਡੇ ਲੜਕੇ ਸੁਖਦੀਪ ਸਿੰਘ ਦਾ ਕਹਿਣਾ ਸੀ ਕਿ ਉਨ•ਾਂ ਦੇ ਛੋਟੇ ਬੱਚੇ ਨੂੰ ਰਾਹੁਲ ਨੇ ਮੁਫਤ ਪੜਾਈ ਕਰਾਉਣ ਦਾ ਵਿਸ਼ਵਾਸ਼ ਦਿਵਾਇਆ ਹੈ।
                                                ਕਲਾਵਤੀ ਨੇ ਰਾਹੁਲ ਝੰਜੋੜਿਆ
ਦੁੱਨੇਵਾਲਾ ਪਿੰਡ ਦੀ ਵਿਧਵਾ ਕੁਲਵਿੰਦਰ ਕੌਰ ਨੇ ਤਾਂ ਰਾਹੁਲ ਗਾਂਧੀ ਨੂੰ ਝੰਜੋੜ ਕੇ ਹੀ ਰੱਖ ਦਿੱਤਾ। ਠੀਕ ਉਵੇਂ ਜਿਵੇਂ ਮਹਾਂਰਾਸ਼ਟਰ ਦੇ ਵਿਦਰਭਾ ਦੀ ਕਲਾਵਾਤੀ ਦੇ ਘਰ ਦੀ ਕਹਾਣੀ ਸੁਣ ਕੇ ਰਾਹੁਲ ਹਿੱਲੇ ਸਨ। ਪਿੰਡ ਦੁੱਨੇਵਾਲਾ ਦੀ ਪੰਚਾਇਤ ਨੇ ਜਦੋਂ ਇਸ ਵਿਧਵਾ ਨੂੰ ਰਾਹੁਲ ਨਾਲ ਮਿਲਾਇਆ ਤਾਂ ਵਿਧਵਾ ਨੇ ਕਰਜ਼ੇ ਕਾਰਨ ਘਰ ਦੇ ਚਾਰ ਕਮਾਊ ਜੀਅ ਚਲੇ ਜਾਣ ਵਾਰੇ ਦੱਸਿਆ। ਰਾਹੁਲ ਨੇ ਭਰੋਸਾ ਦਿੱਤਾ। ਮਗਰੋਂ ਰਾਹੁਲ ਨੇ ਹਰ ਸਟੇਜ ਤੋਂ ਇਸ ਵਿਧਵਾ ਦਾ ਦੁੱਖ ਬਿਆਨਿਆ।
     

No comments:

Post a Comment