Friday, November 13, 2015

                  ਨਕਲੀ ਨੇਤਾ,ਨਕਲੀ ਗੋਲੇ
           ਨਕਲੀ ਬਣ ਗਏ ਲਾਣੇਦਾਰ...
                      ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਰੇਂਜ ਵਿਚ ਸੰਘਰਸ਼ੀ ਲੋਕਾਂ ਨੂੰ ਨੱਪਣ ਲਈ ਪੁਲੀਸ ਨੂੰ ਵਿਸ਼ੇਸ਼ ਟਰੇਨਿੰਗ ਦਿੱਤੀ ਜਾ ਰਹੀ ਹੈ। ਬਾਦਲਾਂ ਦੇ ਹਲਕੇ ਵਿਚ ਪੁਲੀਸ ਮੁਲਾਜ਼ਮਾਂ ਦੇ ਦਸਤੇ ਬਣਾਏ ਗਏ ਹਨ ਜਿਨ•ਾਂ ਨੂੰ ਅੰਦੋਲਨਾਂ ਵਿਚ ਭਿੜਣ ਲਈ ਪ੍ਰੈਕਟੀਕਲ ਨੁਕਤੇ ਸਿਖਾਏ ਜਾ ਰਹੇ ਹਨ। ਆਪਣੀ ਕਿਸਮ ਦੀ ਨਵੀਂ ਸਿਖਲਾਈ ਹੈ ਜਿਸ ਵਿਚ ਪੁਲੀਸ ਮੁਲਾਜ਼ਮ ਹੀ ਸਿਵਲ ਕੱਪੜੇ ਪਹਿਨ ਕੇ ਕਿਸਾਨ ਯੂਨੀਅਨ ਦੇ ਨੇਤਾ ਬਣਦੇ ਹਨ ਅਤੇ ਬਕਾਇਦਾ ਨਾਹਰੇ ਮਾਰਦੇ ਹਨ। ਦੂਸਰੀ ਤਰਫ ਪੁਲੀਸ ਮੁਲਾਜ਼ਮ ਟਾਕਰਾ ਕਰਦੇ ਹਨ। ਲੱਕੜੀ ਦੇ ਬਣਾਏ ਬਣਾਉਟੀ ਅੱਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਹਨ। ਇੱਕ ਪੁਲੀਸ ਮੁਲਾਜ਼ਮ ਨੂੰ ਡਿਊਟੀ ਮੈਜਿਸਟਰੇਟ ਬਣਾਇਆ ਜਾਂਦਾ ਹੈ ਜੋ ਅੰਦੋਲਨਕਾਰੀਆਂ ਨਾਲ ਗੱਲਬਾਤ ਵੀ ਕਰਦਾ ਹੈ।ਵਿਸ਼ੇਸ਼ ਸਿਖਲਾਈ ਵੇਖ ਕਿਸੇ ਨਾਟਕ ਦਾ ਭੁਲੇਖਾ ਵੀ ਪੈਂਦਾ ਹੈ।  ਬਠਿੰਡਾ ਰੇਂਜ ਦੇ ਡੀ.ਆਈ.ਜੀ ਤਰਫੋਂ ਬਠਿੰਡਾ,ਮਾਨਸਾ ਤੇ ਮੁਕਤਸਰ ਜ਼ਿਲ•ੇ ਵਿਚ ਵਿਸ਼ੇਸ਼ ਦਸਤੇ ਬਣਾਏ ਜਾ ਰਹੇ ਹਨ ਜਿਨ•ਾਂ ਦੀ ਵਿਸ਼ੇਸ਼ ਸਿਖਲਾਈ ਬਠਿੰਡਾ ਦੀ ਪੁਲੀਸ ਲਾਈਨ ਵਿਚਲੇ ਗਰਾਊਂਡ ਵਿਚ ਚੱਲ ਰਹੀ ਹੈ।
                  ਤਿੰਨੋਂ ਜ਼ਿਲਿ•ਆਂ ਦੇ 75 ਪੁਲੀਸ ਮੁਲਾਜ਼ਮ ਸਿਖਲਾਈ ਲੈ ਰਹੇ ਹਨ। ਇਹ ਇੱਕ ਇੱਕ ਹਫਤੇ ਦੀ ਟਰੇਨਿੰਗ ਹੈ ਜੋ ਕਿ 14 ਨਵੰਬਰ ਨੂੰ ਖਤਮ ਹੋ ਰਹੀ ਹੈ। ਪੁਲੀਸ ਮੁਲਾਜ਼ਮਾਂ ਨੂੰ 10 ਨਵੰਬਰ ਨੂੰ ਪੂਰੀ ਰਿਹਰਸਲ ਵੀ ਕਰਾਈ ਗਈ ਅਤੇ ਇਸ ਮੌਕੇ ਬਕਾਇਦਾ ਪਾਣੀ ਦੀਆਂ ਬੁਛਾੜ ਛੱਡਣ ਵਾਲੀਆਂ ਗੱਡੀਆਂ,ਐਬੂਲੈਸ,ਬਜਰਾ ਗੱਡੀ ਆਦਿ ਵੀ ਮੰਗਵਾਈ ਗਈ। ਜਹਾਨਖੇਲਾ ਤੋਂ ਮਾਹਿਰਾਂ ਦਾ ਗਰੁੱਪ ਇਥੇ ਸਿਖਲਾਈ ਵਾਸਤੇ ਸੱਦਿਆ ਗਿਆ ਹੈ। ਮੌਕੇ ਤੇ ਸਿਖਲਾਈ ਦੀ ਰਿਹਰਸਲ ਦੇਖੀ ਤਾਂ ਗਰਾਊਂਡ ਦੇ ਇੱਕ ਪਾਸਿਓ ਸਿਵਲ ਕੱਪੜਿਆਂ ਵਾਲੇ ਜੋ ਕਿ ਪੁਲੀਸ ਮੁਲਾਜ਼ਮ ਹੀ ਹੁੰਦੇ ਹਨ,ਕਿਸਾਨ ਯੂਨੀਅਨ ਜਿੰਦਾਬਾਦ ਦੇ ਨਾਹਰੇ ਮਾਰਦੇ ਅੱਗੇ ਵੱਧਦੇ ਹਨ। ਨਕਲੀ ਡਿਊਟੀ ਮੈਜਿਸਟਰੇਟ ਨੇਤਾਵਾਂ ਨਾਲ ਗੱਲਬਾਤ ਕਰਦਾ ਹੈ ਅਤੇ ਵਾਪਸ ਆ ਕੇ ਪੁਲੀਸ ਅਫਸਰਾਂ ਨੂੰ ਦੱਸਦਾ ਹੈ ਕਿ ਉਹ ਕਿਸਾਨ ਨੇਤਾ ਆਪਣੀ ਮੰਗ ਹੁਣੇ ਮੰਨਣ ਲਈ ਆਖ ਰਹੇ ਹਨ। ਪੁਲੀਸ ਦੀ ਇੱਕ ਟੋਲੀ ਕਿਸਾਨਾਂ ਨੂੰ ਰੋਕਦੀ ਹੈ ਤਾਂ ਕਿਸਾਨ ਨੇਤਾ ਛੋਟੇ ਛੋਟੇ ਰੋੜੇ ਮਾਰਦੇ ਹਨ ਜਿਨ•ਾਂ ਤੋਂ ਪੁਲੀਸ ਦੀ ਟੋਲੀ ਕੇਨ ਸੀਲਡਾਂ ਨਾਲ ਬਚਾਓ ਕਰਦੀ ਹੈ। ਦੂਸਰੀ ਟੋਲੀ ਵੀ ਹਿਫਾਜਤ ਲਈ ਅੱਗੇ ਵੱਧਦੀ ਹੈ।
                ਇੱਕ ਵਿਅਕਤੀ ਇਸ ਟਕਰਾਓ ਵਿਚ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਐਬੂਲੈਂਸ ਫੌਰੀ ਚੁੱਕ ਕੇ ਲੈ ਜਾਂਦੀ ਹੈ। ਇਹ ਸਭ ਕੁਝ ਵਿਸ਼ੇਸ਼ ਟਰੇਨਿੰਗ ਦਾ ਹਿੱਸਾ ਹੈ। ਸੂਤਰ ਆਖਦੇ ਹਨ ਕਿ ਪੁਲੀਸ ਭਵਿੱਖ ਵਿਚ ਕਿਸਾਨ ਤੇ ਮਜ਼ਦੂਰਾਂ ਤੋਂ ਇਲਾਵਾ ਹਰ ਸੰਘਰਸ਼ ਨਾਲ ਸਖਤੀ ਨਾਲ ਨਜਿੱਠਣ ਦੇ ਮੂਡ ਵਿਚ ਹੈ ਜਿਸ ਵਜੋਂ ਇਹ ਦਸਤੇ ਤਿਆਰ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਪੁਲੀਸ ਅਫਸਰ ਖੁਦ ਵੀ ਇਹ ਰਿਹਰਸਲ ਵੇਖ ਚੁੱਕੇ ਹਨ ਅਤੇ ਇਸ ਸਿਖਲਾਈ ਦਾ ਐਸ.ਪੀ (ਸਥਾਨਿਕ) ਨੂੰ ਇੰਚਾਰਜ ਲਾਇਆ ਗਿਆ ਹੈ। ਅਗਾਮੀ ਵਿਧਾਨ ਸਭਾ ਚੋਣਾਂ ਵਿਚ ਵੀ ਸਮਾਂ ਘੱਟਣ ਲੱਗਾ ਹੈ ਜਿਸ ਕਰਕੇ ਪੁਲੀਸ ਨੂੰ ਡਰ ਹੈ ਕਿ ਆਉਂਦੇ ਦਿਨਾਂ ਵਿਚ ਬਠਿੰਡਾ ਹਲਕੇ ਵਿਚ ਧਰਨੇ ਮੁਜ਼ਾਹਰੇ ਵੱਧਣਗੇ। ਪੰਥਕ ਵਿਵਾਦ ਦੇ ਚੱਲਦਿਆਂ ਮਾਹੌਲ ਵਿਚ ਹੋਰ ਤਲਖੀ ਬਣਨ ਦਾ ਵੀ ਭੈਅ ਹੈ। ਸੂਤਰ ਦੱਸਦੇ ਹਨ ਕਿ ਪੁਲੀਸ ਹੁਣ ਸਖਤੀ ਨਾਲ ਹਰ ਸੰਘਰਸ਼ ਨੂੰ ਦਬਾਉਣ ਦੀ ਰਣਨੀਤੀ ਘੜ ਰਹੀ ਹੈ। ਵਿਸ਼ੇਸ਼ ਸਿਖਲਾਈ ਵਿਚ ਮਾਹਿਰਾਂ ਵਲੋਂ ਹੋਰ ਗੁਰ ਵੀ ਦੱਸੇ ਜਾ ਰਹੇ ਹਨ। ਪਥਰਾਓ ਆਦਿ ਹੋਣ ਦੀ ਸੂਰਤ ਵਿਚ ਬਚਾਓ ਕਰਨ ਦੇ ਨੁਕਤੇ ਵੀ ਸਿਖਾਏ ਜਾ ਰਹੇ ਹਨ।
               ਮੌਕੇ ਮੁਤਾਬਿਕ ਕਿਸ ਤਰ•ਾਂ ਟਕਰਾਓ ਦੀ ਸਥਿਤੀ ਨਾਲ ਨਜਿੱਠਣਾ ਹੈ,ਉਸ ਦੀ ਟਰੇਨਿੰਗ ਵੀ ਦਿੱਤੀ ਜਾ ਰਹੀ ਹੈ। ਇਹ ਟਰੇਨਿੰਗ ਨਿਰੋਲ ਰੂਪ ਵਿਚ ਸੰਘਰਸ਼ੀ ਲੋਕਾਂ ਦੇ ਟਾਕਰੇ ਵਾਸਤੇ ਕਰਾਈ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ (ਕਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਦਾ ਪ੍ਰਤੀਕਰਮ ਸੀ ਕਿ ਅਸਲ ਵਿਚ ਪੁਲੀਸ ਇਨਸਾਫ ਮੰਗਣ ਵਾਲਿਆਂ ਨੂੰ ਹੁਣ ਡਾਂਗ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ ਜਿਸ ਦਾ ਨਮੂਨਾ ਇਹ ਵਿਸ਼ੇਸ਼ ਸਿਖਲਾਈ ਹੈ। ਉਨ•ਾਂ ਆਖਿਆ ਕਿ ਸਰਕਾਰ ਏਦਾ ਦੇ ਹੱਥ ਕੰਡਿਆਂ ਦੀ ਥਾਂ ਲੋਕ ਮਸਲਿਆਂ ਦੇ ਹੱਲ ਕਰੇ ਤਾਂ ਜੋ ਲੋਕਾਂ ਨੂੰ ਸੜਕਾਂ ਤੇ ਉਤਰਨਾ ਹੀ ਨਾ ਪਵੇ। ਇਵੇਂ ਹੀ ਮਜ਼ਦੂਰ ਨੇਤਾ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਸਰਕਾਰ ਖੁਦ ਟਕਰਾਓ ਦਾ ਮਾਹੌਲ ਬਣਾ ਰਹੀ ਹੈ ਜਦੋਂ ਕਿ ਇਹ ਧਿਆਨ ਸਰਕਾਰ ਨੂੰ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਤੇ ਲਾਉਣਾ ਚਾਹੁੰਦਾ ਹੈ। ਲੋਕ ਰੋਹ ਨੂੰ ਕੋਈ ਸਿਖਲਾਈ ਕਦੇ ਠੱਲ ਨਹੀਂ ਸਕੀ ਹੈ।
                                            ਵਿਸ਼ੇਸ਼ ਦਸਤੇ ਦੀ ਤਿਆਰੀ : ਐਸ.ਐਸ.ਪੀ
ਐਸ.ਐਸ.ਪੀ ਸ਼੍ਰੀ ਰਾਜੇਸ਼ਵਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਡੀ.ਆਈ.ਜੀ ਦੀ ਅਗਵਾਈ ਵਿਚ ਮੁਲਾਜ਼ਮਾਂ ਨੂੰ ਹਫਤੇ ਦੀ ਵਿਸ਼ੇਸ਼ ਟਰੇਨਿੰਗ ਕਰਾਈ ਜਾ ਰਹੀ ਹੈ ਤਾਂ ਜੋ ਪੁਲੀਸ ਮੁਲਾਜ਼ਮਾਂ ਨੂੰ ਅੰਦੋਲਨਕਾਰੀਆਂ ਨੂੰ ਰੋਕਣ ਅਤੇ ਉਨ•ਾਂ ਵਲੋਂ ਕੀਤੇ ਜਾਣ ਵਾਲੇ ਪਥਰਾਓ ਤੋਂ ਬਚਾਓ ਵਾਰੇ ਦੱਸਿਆ ਜਾ ਸਕੇ। ਉਨ•ਾਂ ਦੱਸਿਆ ਕਿ ਵਿਸ਼ੇਸ਼ ਸਕੂਐਡ ਤਿਆਰ ਕੀਤਾ ਜਾ ਰਿਹਾ ਹੈ ਜਿਸ ਨੂੰ ਪ੍ਰੋਫੈਸ਼ਨਲ ਸਿਖਲਾਈ ਦਿੱਤੀ ਜਾ ਰਹੀ ਹੈ। ਡਿਊਟੀ ਮੈਜਿਸਟਰੇਟ ਨਾਲ ਅਜਿਹੇ ਮੌਕਿਆ ਤੇ ਕਿਵੇਂ ਰਾਬਤਾ ਕਾਇਮ ਕਰਨਾ ਹੈ ਅਤੇ ਕਿਵੇਂ ਅੰਦੋਲਨਕਾਰੀਆਂ ਨੂੰ ਵਾਰਨਿੰਗ ਦੇਣੀ ਹੈ, ਇਸ ਦੀ ਟਰੇਨਿੰਗ ਵੀ ਦੇ ਰਹੇ ਹਾਂ।

No comments:

Post a Comment