Tuesday, November 10, 2015

                                    ਸ਼੍ਰੋਮਣੀ ਕਮੇਟੀ ਦੀਆਂ 
              ਜਥੇਦਾਰਾਂ ਦੇ ਰਿਸ਼ਤੇਦਾਰਾਂ ਤੇ ਬਖ਼ਸ਼ਿਸ਼ਾਂ
                                 ਚਰਨਜੀਤ ਭੁੱਲਰ
ਬਠਿੰਡਾ :  ਸ੍ਰੋਮਣੀ ਕਮੇਟੀ ਵਿਚ ਤਖਤਾਂ ਦੇ ਜਥੇਦਾਰਾਂ ਨੇ ਆਪਣਿਆਂ ਦੀ ਫੌਜ ਖੜ੍ਹੀ ਕਰ ਲਈ ਹੈ। ਇਨ੍ਹਾਂ ਜਥੇਦਾਰਾਂ ਦੇ ਦੂਰ ਨੇੜ ਦੇ ਕਾਫੀ ਰਿਸ਼ਤੇਦਾਰਾਂ ਨੂੰ ਸ੍ਰੋਮਣੀ ਕਮੇਟੀ ਨੇ ਮੌਜ ਲਾਈ ਹੋਈ ਹੈ। ਤਿੰਨ ਜਥੇਦਾਰਾਂ ਨੇ ਤਾਂ ਆਪਣੇ ਪੁੱਤਾਂ ਨੂੰ ਹੀ ਆਪਣੇ ਪੀ.ਏ (ਨਿੱਜੀ ਸਹਾਇਕ) ਰੱਖਿਆ ਹੋਇਆ ਹੈ ਜਦੋਂ ਕਿ ਚੌਥੇ ਜਥੇਦਾਰ ਦਾ ਭਰਾ ਪੀ.ਏ ਵਜੋਂ ਡਿਊਟੀ ਸੰਭਾਲ ਰਿਹਾ ਹੈ।  ਅਹਿਮ ਸੂਤਰਾਂ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਕਰੀਬ ਡੇਢ ਦਰਜਨ ਸਕੇ ਸਬੰਧੀ ਸ੍ਰੋਮਣੀ ਕਮੇਟੀ ਵਿਚ ਨੌਕਰੀ ਕਰ ਰਹੇ ਹਨ ਜਦੋਂ ਕਿ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦੇ ਕਰੀਬ ਦਰਜਨ ਰਿਸ਼ਤੇਦਾਰ ਸ੍ਰੋਮਣੀ ਕਮੇਟੀ ਦੇ ਖਜ਼ਾਨੇ ਚੋਂ ਤਨਖਾਹ ਲੈ ਰਹੇ ਹਨ। ਪੰਜਾਬੀ ਟ੍ਰਿਬਿਊਨ ਵਲੋਂ ਕੀਤੀ ਤਹਿਕੀਕਾਤ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਲੜਕੇ ਜਸਵਿੰਦਰਪਾਲ ਸਿੰਘ ਸੋਨੂੰ ਨੂੰ ਆਪਣਾ ਪੀ.ਏ ਲਾਇਆ ਹੋਇਆ ਹੈ। ਜਥੇਦਾਰ ਦਾ ਭਰਾ,ਦੋ ਭਤੀਜੇ,ਦੋ ਲੜਕੀਆਂ,ਦੋਵੇਂ ਜਵਾਈ,ਇੱਕ ਸਾਲਾ,ਇੱਕ ਸਾਢੂ ਦਾ ਲੜਕਾ ਵੀ ਸ੍ਰੋਮਣੀ ਕਮੇਟੀ ਵਿਚ ਤਾਇਨਾਤ ਹਨ।
                   ਜਥੇਦਾਰ ਦੀਆਂ ਦੋਵੇਂ ਲੜਕੀਆਂ ਸ੍ਰੋਮਣੀ ਕਮੇਟੀ ਤਹਿਤ ਚੱਲ ਰਹੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਅੰਮ੍ਰਿਤਸਰ ਵਿਚ ਰੈਗੂਲਰ ਗਰੇਡ ਵਿਚ ਅਧਿਆਪਕ ਹਨ। ਇੱਕ ਜਵਾਈ ਹੁਣ ਨੌਕਰੀ ਛੱਡ ਕੇ ਵਿਦੇਸ਼ ਚਲਾ ਗਿਆ ਹੈ। ਜਥੇਦਾਰ ਦਾ ਜੱਦੀ ਪਿੰਡ ਚੱਕ ਬਾਜਾ ਮਰਾੜ੍ਹ ਜ਼ਿਲ੍ਹਾ ਮੁਕਤਸਰ ਹੈ ਜਿਥੋਂ ਦੇ ਮਨਜੀਤ ਸਿੰਘ ਤੇ ਦਰਸ਼ਨ ਸਿੰਘ ਵੀ ਸ੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ। ਇਵੇਂ ਹੀ ਹੋਰ ਅੱਧੀ ਦਰਜ਼ਨ ਨੇੜਲੇ ਸ੍ਰੋਮਣੀ ਕਮੇਟੀ ਵਿਚ ਵੱਖ ਵੱਖ ਥਾਵਾਂ ਤੇ ਤਾਇਨਾਤ ਹਨ। ਗਿਆਨੀ ਗੁਰਬਚਨ ਸਿੰਘ ਦੇ ਪ੍ਰਵਾਰ ਦਾ ਮੁਕਤਸਰ ਵਿਚ ਤਿੰਨ ਤਾਰਾ ਹੋਟਲ ਬਣ ਰਿਹਾ ਹੈ ਜਿਸ ਵਿਚ ਜਥੇਦਾਰ ਦੇ ਲੜਕੇ ਮਨਜਿੰਦਰਪਾਲ ਸਿੰਘ ਤੇ ਜਸਵਿੰਦਰਪਾਲ ਸਿੰਘ ਦਾ 32 ਫੀਸਦੀ ਸ਼ੇਅਰ ਹੈ ਜਦੋਂ ਕਿ ਅਰਜਨ ਜੱਗਾ,ਮਹਾਂ ਸਿੰਘ ਤੇ ਸਿਵਨੰਦਨ ਜੱਗਾ ਵੀ ਇਸ ਹੋਟਲ ਵਿਚ ਹਿੱਸੇਦਾਰ ਹਨ। ਜਥੇਦਾਰ ਦਾ ਵੱਡਾ ਲੜਕਾ ਮਨਜਿੰਦਰਪਾਲ ਸਿੰਘ ਸ੍ਰੋਮਣੀ ਅਕਾਲੀ ਦਲ ਦਾ ਸਰਕਲ ਜਥੇਦਾਰ ਹੈ ਅਤੇ ਮਾਰਕੀਟ ਕਮੇਟੀ ਬਰੀਵਾਲਾ ਦਾ ਚੇਅਰਮੈਨ ਵੀ ਹੈ ਜਦੋਂ ਨੂੰਹ ਲਖਵੀਰ ਕੌਰ ਜ਼ਿਲ੍ਹਾ ਪ੍ਰੀਸ਼ਦ ਦੀ ਵਾਈਸ ਚੇਅਰਮੈਨ ਹੈ।
                ਜਥੇਦਾਰ ਗੁਰਬਚਨ ਸਿੰਘ ਨੇ ਵਾਰ ਵਾਰ ਸੰਪਰਕ ਕਰਨ ਤੇ ਫੋਨ ਨਹੀਂ ਚੁੱਕਿਆ। ਉਨ੍ਹਾਂ ਦੇ ਵੱਡੇ ਲੜਕੇ ਮਨਜਿੰਦਰਪਾਲ ਸਿੰਘ ਬਿੱਟੂ ਦਾ ਕਹਿਣਾ ਸੀ ਕਿ ਉਸ ਦਾ ਛੋਟਾ ਭਰਾ ਜਥੇਦਾਰ ਜੀ ਦੇ ਪੀ.ਏ ਵਜੋਂ ਕੰਮ ਨਹੀਂ ਕਰਦਾ ਹੈ ਅਤੇ ਉਨ੍ਹਾਂ ਦੇ ਦੂਰ ਨੇੜ ਦੇ ਰਿਸ਼ਤੇਦਾਰ ਪਹਿਲਾਂ ਦੇ ਹੀ ਸ੍ਰੋਮਣੀ ਕਮੇਟੀ ਵਿਚ ਲੱਗੇ ਹੋਏ ਹਨ। ਉਨ੍ਹਾਂ ਆਖਿਆ ਕਿ ਜਥੇਦਾਰ ਨੇ ਕਦੇ ਕੋਈ ਭਰਤੀ ਨਹੀਂ ਕਰਾਈ ਹੈ। ਉਨ੍ਹਾਂ ਮੰਨਿਆ ਕਿ ਉਨ੍ਹਾਂ ਦੇ ਕੁਝ ਪਰਿਵਾਰਕ ਮੈਂਬਰ ਸ੍ਰੋਮਣੀ ਕਮੇਟੀ ਵਿਚ ਤਾਇਨਾਤ ਹਨ ਪ੍ਰੰਤੂ ਉਨ੍ਹਾਂ ਦੀ ਤਾਇਨਾਤੀ ਕਾਫੀ ਪੁਰਾਣੀ ਹੈ। ਉਨ੍ਹਾਂ ਆਖਿਆ ਕਿ ਮਹਾਂ ਸਿੰਘ ਵਲੋਂ ਆਪਣੀ ਜ਼ਮੀਨ ਵਿਚ ਹੋਟਲ ਬਣਾਇਆ ਜਾ ਰਿਹਾ ਹੈ, ਉਸ ਵਿਚ ਉਨ੍ਹਾਂ ਦੀ ਹਿੱਸੇਦਾਰੀ ਹੈ। ਦੂਸਰੀ ਤਰਫ ਸੂਤਰ ਆਖਦੇ ਹਨ ਕਿ ਸਭ ਰਿਸ਼ਤੇਦਾਰਾਂ ਦੀ ਭਰਤੀ ਗਿਆਨੀ ਗੁਰਬਚਨ ਸਿੰਘ ਦੇ ਸ੍ਰੋਮਣੀ ਕਮੇਟੀ ਵਿਚ ਬਤੌਰ ਮੁਲਾਜ਼ਮ ਤਾਇਨਾਤੀ ਹੋਣ ਮਗਰੋਂ ਹੀ ਹੋਈ ਹੈ। ਅਹਿਮ ਸੂਤਰਾਂ ਅਨੁਸਾਰ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੇ ਆਪਣੇ ਲੜਕੇ ਅਮਨਦੀਪ ਸਿੰਘ ਨੂੰ ਆਪਣਾ ਪੀ.ਏ ਰੱਖਿਆ ਹੋਇਆ ਹੈ ਜਿਸ ਕੋਲ ਸ੍ਰੋਮਣੀ ਕਮੇਟੀ ਵਿਚ ਮੀਤ ਮੈਨੇਜਰ ਦਾ ਅਹੁਦਾ ਹੈ।
                ਦੂਸਰਾ ਲੜਕਾ ਅਮਰਜੀਤ ਸਿੰਘ ਦਰਬਾਰ ਸਾਹਿਬ ਵਿਚ ਗਰੰਥੀ ਹੈ ਜਿਸ ਨੂੰ ਸ੍ਰੋਮਣੀ ਕਮੇਟੀ ਨੇ ਉਮਰ ਹੱਦ ਵਿਚ ਵਿਸ਼ੇਸ਼ ਤੌਰ ਤੇ ਪੰਜ ਸਾਲ ਦੀ ਛੋਟ ਦਿੱਤੀ ਸੀ। ਗਿਆਨੀ ਮੱਲ ਸਿੰਘ ਦਾ ਛੋਟਾ ਸਾਲਾ ਬੂਟਾ ਸਿੰਘ,ਦੂਸਰੇ ਸਾਲੇ ਨਾਥ ਸਿੰਘ ਦਾ ਬੇਟਾ ਬਲਜੀਤ ਸਿੰਘ,ਸਾਲੇ ਨਾਥ ਸਿੰਘ ਦਾ ਜਵਾਈ ਕੇਵਲ ਸਿੰਘ,ਤੀਸਰੇ ਸਾਲੇ ਡਿਪਟੀ ਕਾਕਾ ਸਿੰਘ ਦਾ ਬੇਟਾ ਅਵਤਾਰ ਸਿੰਘ (ਵਸਨੀਕ ਅਕਲੀਆਂ,ਜ਼ਿਲ੍ਹਾ ਮਾਨਸਾ),ਛੋਟੀ ਸਾਲੀ ਦਾ ਲੜਕਾ ਗੁਰਬਿੰਦਰ ਸਿੰਘ ਵਾਸੀ ਬੱਲ੍ਹੋ (ਬਠਿੰਡਾ),ਭਾਣਜਾ ਗੁਰਮੀਤ ਸਿੰਘ ਵਾਸੀ ਜੇਠੂਕੇ (ਬਠਿੰਡਾ)ਸ੍ਰੋਮਣੀ ਕਮੇਟੀ ਵਿਚ ਹਨ। ਇਵੇਂ ਹੀ ਜਥੇਦਾਰ ਨੇ ਹੋਰ ਰਿਸ਼ਤੇਦਾਰ ਵੀ ਅੱਗਿਓ ਪਿੱਛਿਓ ਸ੍ਰੋਮਣੀ ਕਮੇਟੀ ਵਿਚ ਭਰਤੀ ਕਰਾਏ ਹੋਏ ਹਨ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਥੋੜਾ ਸਮਾਂ ਪਹਿਲਾਂ ਹੀ ਜਥੇਦਾਰ ਬਣੇ ਹਨ ਜਿਨ੍ਹਾਂ ਨੇ ਆਪਣੇ ਭਰਾ ਹਿੰਮਤ ਸਿੰਘ ਨੂੰ ਆਪਣਾ ਪੀ.ਏ ਰੱਖਿਆ ਹੋਇਆ ਹੈ। ਸੂਤਰਾਂ ਅਨੁਸਾਰ ਇਵੇਂ ਹੀ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਆਪਣੇ ਲੜਕੇ ਗੁਰਪ੍ਰਸ਼ਾਦ ਸਿੰਘ ਨੂੰ ਪੀ.ਏ ਵਜੋਂ ਤਾਇਨਾਤ ਕੀਤਾ ਹੋਇਆ ਹੈ।
               ਗਿਆਨੀ ਮੱਲ ਸਿੰਘ ਤੇ ਗਿਆਨੀ ਗੁਰਮੁੱਖ ਸਿੰਘ ਦਾ ਲਗਾਤਾਰ ਫੋਨ ਬੰਦ ਆ ਰਿਹਾ ਹੈ ਜਦੋਂ ਕਿ ਗਿਆਨੀ ਇਕਬਾਲ ਸਿੰਘ ਨਾਲ ਸੰਪਰਕ ਨਹੀਂ ਹੋ ਸਕਿਆ। ਸ੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਦਾ ਪ੍ਰਤੀਕਰਮ ਸੀ ਕਿ ਉਨ੍ਹਾਂ ਦੇ ਇਸ ਤਰ੍ਹਾਂ ਦਾ ਕੋਈ ਮਾਮਲਾ ਧਿਆਨ ਵਿਚ ਨਹੀਂ ਹੈ। ਸ੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਸੁਖਦੇਵ ਸਿੰਘ ਭੌਰ ਦਾ ਕਹਿਣਾ ਸੀ ਕਿ ਗੁਰਦੁਆਰਾ ਪ੍ਰਬੰਧ ਨੂੰ ਪ੍ਰਵਾਰਵਾਦ ਦੇ ਘੇਰੇ ਤੋਂ ਮੁਕਤ ਕਰਨ ਵਾਸਤੇ ਗੁਰਦੁਆਰਾ ਐਕਟ ਅਤੇ ਉਸ ਮਗਰੋਂ ਬਾਈ ਲਾਅਜ ਬਣੇ ਸਨ ਜਿਸ ਦੇ ਤਹਿਤ ਸ੍ਰੋਮਣੀ ਕਮੇਟੀ ਦੇ ਮੈਂਬਰ ਜਾਂ ਮੁਲਾਜ਼ਮ ਦੇ ਖੂਨ ਦੇ ਰਿਸ਼ਤੇ ਚੋਂ ਕੋਈ ਵੀ ਸ੍ਰੋਮਣੀ ਕਮੇਟੀ ਵਿਚ ਭਰਤੀ ਨਹੀਂ ਹੋ ਸਕਦਾ ਸੀ ਪ੍ਰੰਤੂ ਮਗਰੋਂ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਸਮੇਂ ਇਸ ਤੋਂ ਛੋਟ ਦੇ ਦਿੱਤੀ ਗਈ। ਉਨ੍ਹਾਂ ਆਖਿਆ ਕਿ ਜਥੇਦਾਰਾਂ ਵਲੋਂ ਏਡੀ ਗਿਣਤੀ ਵਿਚ ਰਿਸ਼ਤੇਦਾਰਾਂ ਨੂੰ ਭਰਤੀ ਕਰਾਉਣਾ ਮੁੜ ਮਹੰਤਸ਼ਾਹੀ ਵੱਲ ਸੰਕੇਤ ਹਨ।
                ਸ੍ਰੋਮਣੀ ਕਮੇਟੀ ਦੇ ਅੰਤ੍ਰਿਗ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੌਲੀ ਦਾ ਪ੍ਰਤੀਕਰਮ ਸੀ ਕਿ ਟੱਬਰ ਪਾਲਣ ਵਾਲੇ ਜਥੇਦਾਰ ਪੰਥਕ ਹਿੱਤਾਂ ਵਿਚ ਨਿਰਪੱਖ ਤੇ ਸਹੀ ਜਿੰਮੇਵਾਰੀ ਨਹੀਂ ਨਿਭਾ ਸਕਦੇ ਹਨ ਅਤੇ ਜਥੇਦਾਰਾਂ ਵਲੋਂ ਪ੍ਰਵਾਰਵਾਦ ਨੂੰ ਬੜਾਵਾ ਦੇਣਾ ਗੁਰਦੁਆਰਾ ਐਕਟ ਦੀ ਸਹੀ ਭਾਵਨਾ ਨੂੰ ਸੱਟ ਮਾਰਨ ਵਾਲਾ ਹੈ। 

No comments:

Post a Comment