Saturday, November 21, 2015

                                       ਕੇਹੇ ਰਾਖੇ
              ਪੰਜ ਹਜ਼ਾਰ ਡਾਂਗਾਂ ਲੈਣ ਦੀ ਤਿਆਰੀ !
                               ਚਰਨਜੀਤ ਭੁੱਲਰ
ਬਠਿੰਡਾ  :  ਪੰਜਾਬ ਪੁਲੀਸ ਨੇ ਹੁਣ ਬਠਿੰਡਾ ਖਿੱਤੇ ਵਿਚ ਸੰਘਰਸ਼ੀ ਅੰਦੋਲਨਾਂ ਨਾਲ ਸਿੱਝਣ ਲਈ ਕਰੀਬ ਪੰਜ ਹਜ਼ਾਰ ਨਵੀਆਂ ਡਾਂਗਾਂ ਲੈਣ ਦੀ ਤਿਆਰੀ ਵਿੱਢ ਦਿੱਤੀ ਹੈ। ਬਠਿੰਡਾ ਤੇ ਫਰੀਦਕੋਟ ਦੀ ਪੁਲੀਸ ਤਾਂ ਡਾਂਗਾਂ ਦਾ ਟੋਟਾ ਹੀ ਝੱਲ ਰਹੀ ਹੈ। ਹਰ ਜ਼ਿਲ•ੇ ਦੀ ਪੁਲੀਸ ਤਰਫੋਂ ਡਾਂਗਾਂ ਅਤੇ ਹੋਰ ਸਾਜੋ ਸਮਾਨ ਦੀ ਮੰਗ ਡੀ.ਜੀ.ਪੀ ਦਫਤਰ ਨੂੰ ਭੇਜ ਦਿੱਤੀ ਗਈ ਹੈ। ਅੰਦੋਲਨਾਂ ਨਾਲ ਨਿਪਟਣ ਲਈ ਵਿਸ਼ੇਸ਼ ਦਸਤੇ ਪਹਿਲਾਂ ਹੀ ਤਿਆਰ ਕੀਤੇ ਜਾ ਰਹੇ। ਕਿਸਾਨ ਅੰਦੋਲਨ ਅਤੇ ਪੰਥਕ ਵਿਵਾਦ ਕਾਰਨ ਪੁਲੀਸ ਹੁਣ ਡਾਂਗਾਂ ਦੀ ਫੌਰੀ ਲੋੜ ਮਹਿਸੂਸ ਕਰ ਰਹੀ ਹੈ। ਪਤਾ ਲੱਗਾ ਹੈ ਕਿ ਪੁਲੀਸ ਦੇ ਭੰਡਾਰ ਵਿਚ ਪਈ ਪੁਰਾਣੀ ਡਾਂਗ ਹੁਣ ਬਹੁਤੀ ਕੰਮ ਦੀ ਨਹੀਂ ਰਹੀ ਹੈ। ਤਾਹੀਓ ਨਵੀਂ ਡਾਂਗ ਦੀ ਮੰਗ ਭੇਜੀ ਗਈ ਹੈ। ਜਦੋਂ ਮਈ 2007 ਵਿਚ ਡੇਰਾ ਵਿਵਾਦ ਉਠਿਆ ਸੀ ਤਾਂ ਉਦੋਂ ਪੁਲੀਸ ਦੀ ਕਾਫੀ ਡਾਂਗ ਟੁੱਟ ਗਈ ਸੀ। ਉਸ ਮਗਰੋਂ ਸੰਘਰਸ਼ੀ ਅੰਦੋਲਨ ਚੱਲਦੇ ਰਹਿਣ ਕਰਕੇ ਪੁਲੀਸ ਦੀ ਕਾਫੀ ਡਾਂਗ ਨਕਾਰਾ ਹੋਈ ਹੈ। ਹੁਣ ਮਾਲਵਾ ਖਿੱਤੇ ਵਿਚ ਫਿਲਹਾਲ ਹਾਲਾਤ ਸੁਖਾਵੇ ਨਹੀਂ ਹਨ ਜਿਸ ਕਰਕੇ ਪੁਲੀਸ ਪੂਰੀ ਤਿਆਰੀ ਕਰ ਰਹੀ ਹੈ।
                   ਅਹਿਮ ਸੂਤਰਾਂ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਬਠਿੰਡਾ ਪੁਲੀਸ ਨੇ ਦੋ ਤਿੰਨ ਦਿਨ ਪਹਿਲਾਂ ਹੀ ਇੱਕ ਹਜ਼ਾਰ ਡਾਂਗ ਅਤੇ 200 ਛੋਟੇ ਡੰਡਿਆਂ ਦੀ ਲਿਖਤੀ ਮੰਗ ਭੇਜੀ ਹੈ। ਇਥੇ ਪੁਲੀਸ ਕੋਲ ਭੰਡਾਰ ਵਿਚ ਕਰੀਬ 1194 ਡਾਂਗਾਂ ਹਨ ਜਦੋਂ ਕਿ 253 ਡੰਡੇ ਹਨ। ਇਵੇਂ ਹੀ 1000 ਪੋਲੀਸ਼ੀਲਡ, 1000 ਪਲਾਸਟਿਕ ਡੰਡੇ ਅਤੇ 200 ਕੇਨਸੀਲਡਾਂ ਦੀ ਮੰਗ ਵੀ ਕੀਤੀ ਹੈ। ਬਠਿੰਡਾ ਪੁਲੀਸ ਕੋਲ 687 ਪੋਲੀਸੀਲਡਾਂ ਅਤੇ ਕੇਨਸੀਲਡਾਂ ਹਨ। ਕਾਫੀ ਸਮੇਂ ਤੋਂ ਪੁਲੀਸ ਨੂੰ ਡਾਂਗਾਂ ਮਿਲੀਆਂ ਹੀ ਨਹੀਂ ਹਨ ਜਿਸ ਕਰਕੇ ਬਹੁਤੇ ਪੁਲੀਸ ਮੁਲਾਜ਼ਮ ਪ੍ਰਾਈਵੇਟ ਤੌਰ ਤੇ ਡਾਂਗਾਂ ਖਰੀਦਦੇ ਹਨ। ਪੰਜਾਬ ਵਿਚ ਕੈਪਟਨ ਦੀ ਹਕੂਮਤ ਵੇਲੇ ਵੀ ਕਾਫੀ ਵੱਡੀ ਗਿਣਤੀ ਵਿਚ ਡਾਂਗਾਂ ਦੀ ਖਰੀਦ ਕੀਤੀ ਗਈ ਸੀ।ਪੰਥਕ ਅਤੇ ਕਿਸਾਨ ਧਿਰਾਂ ਤਰਫੋਂ ਹਾਕਮ ਧਿਰ ਦੇ ਆਗੂਆਂ ਦੇ ਘਿਰਾਓ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਹੋਇਆ ਹੈ ਜਿਸ ਕਰਕੇ ਸਥਿਤੀ ਦੇ ਟਾਕਰੇ ਲਈ ਸਾਰੇ ਸਾਜੋ ਸਮਾਨ ਦੀ ਲੋੜ ਜਿਆਦਾ ਪੈਣ ਲੱਗੀ ਹੈ। ਵੇਰਵਿਆਂ ਅਨੁਸਾਰ ਫਰੀਦਕੋਟ ਪੁਲੀਸ 500 ਡਾਂਗਾਂ ਅਤੇ 500 ਡੰਡਿਆਂ ਦੀ ਮੰਗ ਕੀਤੀ ਹੈ । ਇਵੇਂ 500 ਕੇਨਸੀਲਡਾਂ ਦੀ ਲੋੜ ਮਹਿਸੂਸ ਕੀਤੀ ਹੈ। ਇੱਥੇ ਇਸ ਵੇਲੇ 1150 ਡਾਂਗਾਂ ਅਤੇ 952 ਡੰਡੇ ਹਨ।
                   ਫਰੀਦਕੋਟ ਜ਼ਿਲ•ੇ ਵਿਚ ਪੰਥਕ ਵਿਵਾਦ ਹਾਲੇ ਖਤਮ ਨਹੀਂ ਹੋਇਆ ਹੈ। ਇਸ ਵਿਵਾਦ ਦੌਰਾਨ ਕਾਫੀ ਲੋਕਾਂ ਨੂੰ ਪੁਲੀਸ ਦੀ ਲਾਠੀ ਦਾ ਸ਼ਿਕਾਰ ਵੀ ਹੋਣਾ ਪਿਆ ਹੈ। ਮਾਨਸਾ ਪੁਲੀਸ ਨੇ ਵੀ 500 ਡਾਂਗਾਂ ਅਤੇ 200 ਛੋਟੀਆਂ ਡਾਂਗਾਂ ਦੀ ਮੰਗ ਉਠਾਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੁਲੀਸ ਦੇ ਮੁੱਖ ਦਫਤਰ ਵਲੋਂ ਤਰਜੀਹੀ ਅਧਾਰ ਤੇ ਮਾਲਵਾ ਖਿੱਤੇ ਨੂੰ ਡਾਂਗਾਂ ਅਤੇ ਹੋਰ ਸਾਜੋ ਸਮਾਨ ਭੇਜਿਆ ਜਾਣਾ ਹੈ ਅਤੇ ਇਸ ਖਿੱਤੇ ਦੇ ਹਰ ਜ਼ਿਲ•ੇ ਤੋਂ ਸਮਾਨ ਦੀ ਮੰਗ ਲੈ ਲਈ ਗਈ ਹੈ। ਪੁਲੀਸ ਦੀ ਡਾਂਗ ਕਰੀਬ ਸਵਾ ਪੰਜ ਫੁੱਟ ਤੋਂ ਜਿਆਦਾ ਲੰਬੀ ਹੁੰਦੀ ਹੈ ਜਦੋਂ ਕਿ ਬੈਂਤ ਦਾ ਡੰਡਾ ਕਰੀਬ ਸਾਢੇ ਤਿੰਨ ਫੁੱਟ ਹੁੰਦਾ ਹੈ। ਪੁਲੀਸ ਦੀਆਂ ਬਹੁਤੀਆਂ ਪੌਲੀਸੀਲਡਾਂ ਧੁੱਪ ਕਾਰਨ ਨਕਾਰਾ ਵੀ ਹੋ ਗਈਆਂ ਹਨ। ਸੂਤਰਾਂ ਅਨੁਸਾਰ ਮੋਗਾ ਪੁਲੀਸ ਨੇ ਵੀ ਇੱਕ ਹਜ਼ਾਰ ਡਾਂਗ ਦੀ ਮੰਗ ਕੀਤੀ ਹੈ ਜਿਸ ਵਿਚ ਪੰਜਾਹ ਫੀਸਦੀ ਡੰਡੇ ਵੀ ਸ਼ਾਮਲ ਹਨ। ਇਸ ਜਿਲ•ੇ ਨੇ ਪਿਛਲੇ ਮਹੀਨੇ ਹੀ ਅਗਾਊ ਹੀ ਸਮਾਨ ਦੀ ਮੰਗ ਭੇਜ ਦਿੱਤੀ ਸ  ਉਚ ਅਫਸਰਾਂ ਨੇ ਦੀਨਾਨਗਰ ਘਟਨਾ ਮਗਰੋਂ ਵੀ ਹਰ ਜ਼ਿਲ•ੇ ਤੋਂ ਸਾਰੇ ਸਾਜੋ ਸਮਾਨ ਦੀ ਸੂਚਨਾ ਮੰਗੀ ਸੀ। ਫਿਰੋਜਪੁਰ ਪੁਲੀਸ ਨੇ ਹੁਣ 200 ਡਾਂਗਾਂ ਦੀ ਮੰਗ ਭੇਜੀ ਹੈ ਜਦੋਂ ਕਿ ਇਸ ਜ਼ਿਲ•ੇ ਵਿਚ 569 ਡਾਂਗਾਂ ਮੌਜੂਦ ਹਨ।
                  ਸੂਤਰ ਦੱਸਦੇ ਹਨ ਕਿ ਪੁਲੀਸ ਦੀ ਨਫਰੀ ਤਾਂ ਨਵੀਂ ਭਰਤੀ ਹੋਣ ਮਗਰੋਂ ਵੱਧ ਗਈ ਸੀ ਪ੍ਰੰਤੂ ਡਾਂਗਾਂ ਨਫਰੀ ਮੁਤਾਬਿਕ ਮਿਲੀਆਂ ਨਹੀਂ ਹਨ। ਫਾਜਿਲਕਾ ਪੁਲੀਸ ਨੇ ਵੀ 100 ਡਾਂਗ ਦੀ ਮੰਗ ਕੀਤੀ ਹੈ ਅਤੇ ਇਨ•ੀ ਗਿਣਤੀ ਵਿਚ ਹੀ ਪੌਲੀਸੀਲਡਾਂ ਦੀ ਮੰਗ ਕੀਤੀ ਹੈ। ਵੱਡੀ ਲੋੜ ਬਠਿੰਡਾ ਜ਼ਿਲ•ੇ ਦੀ ਹੈ ਜਿਥੇ ਪਿਛਲੇ ਕਾਫੀ ਅਰਸੇ ਤੋਂ ਨਾਹਰੇ ਗੂੰਜ ਰਹੇ ਹਨ। ਕਈ ਪੁਲੀਸ ਅਫਸਰਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਸਭ ਬਠਿੰਡਾ ਰੈਲੀ ਦੇ ਸੁਰੱਖਿਆ ਪ੍ਰਬੰਧਾਂ ਵਿਚ ਜੁਟੇ ਹੋਏ ਸਨ।
                                   ਡਾਂਗਾਂ ਵਾਲਾ ਰਾਹ ਚੰਗਾ ਨਹੀਂ : ਅਜਮੇਰ ਔਲਖ
ਜਮਹੂਰੀ ਅਧਿਕਾਰ ਸਭਾ ਦੇ ਸਰਪ੍ਰਸਤ ਅਤੇ ਉਘੇ ਨਾਟਕਕਾਰ ਅਜਮੇਰ ਔਲਖ ਦਾ ਪ੍ਰਤੀਕਰਮ ਸੀ ਕਿ ਸਭਨਾਂ ਧਿਰਾਂ ਨੇ ਹੁਣ ਤੱਕ ਇਨਸਾਫ ਖਾਤਰ ਸ਼ਾਂਤਮਈ ਤਰੀਕੇ ਨਾਲ ਹੀ ਸੰਘਰਸ਼ ਲੜੇ ਹਨ ਪ੍ਰੰਤੂ ਪੁਲੀਸ ਨੇ ਹੱਕ ਮੰਗਣ ਵਾਲਿਆਂ ਨੂੰ ਹਮੇਸਾਂ ਡਾਂਗ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ•ਾਂ ਆਖਿਆ ਕਿ ਸਰਕਾਰ ਨੂੰ ਡਾਂਗਾਂ ਵਾਲੇ ਰਾਹ ਪੈਣ ਦੀ ਥਾਂ ਗੱਲਬਾਤ ਦੇ ਰਸਤੇ ਤੇ ਤੁਰਨਾ ਚਾਹੀਦਾ ਹੈ ਅਤੇ ਮਸਲਿਆਂ ਨੂੰ ਨਜਿੱਠਣ ਨੂੰ ਤਰਜੀਹ ਦੇਣੀ ਚਾਹੀਦੀ ਹੈ। 

No comments:

Post a Comment