ਖੁਦਕੁਸ਼ੀ ਦਾ ਸੌਦਾ
ਰੁੱਸੇ ਟਾਹਲੀ ਵਾਲੇ ਖੇਤ, ਪੈ ਗਏ ਘਰਾਂ ਵਿਚ ਵੈਣ ਚਰਨਜੀਤ ਭੁੱਲਰ
ਬਠਿੰਡਾ
: ਪੰਜਾਬ ਵਿਚ ਹੁਣ ਖੇਤੀ ਇਕੱਲੀ ਘਾਟੇ ਦਾ ਨਹੀਂ ,ਬਲਕਿ ਖੁਦਕੁਸ਼ੀ ਦਾ ਵੀ ਸੌਦਾ ਬਣ ਗਈ
ਹੈ। ਖਾਸ ਤੌਰ ਤੇ ਕਪਾਹ ਖ਼ਿੱਤੇ ਵਿਚ ਅੰਨਦਾਤਾ ਨੂੰ ਬੁਰੇ ਦਿਨਾਂ ਨੇ ਪਿੰਜ ਸੁੱਟਿਆ ਹੈ।
ਦਮ ਤੋੜ ਰਹੀ ਖੇਤੀ ਨੇ ਕਿਸਾਨਾਂ ਦੀ ਜ਼ਿੰਦਗੀ ਨੂੰ ਬੰਜਰ ਬਣਾ ਦਿੱਤਾ ਹੈ। ਢਾਈ ਦਹਾਕੇ
ਤੋਂ ਇਸ ਖ਼ਿੱਤੇ ਦਾ ਕਿਸਾਨ ਅੱਛੇ ਦਿਨਾਂ ਦੀ ਉਡੀਕ ਵਿਚ ਹੈ। ਕਦੇ ਅਮਰੀਕਨ ਸੁੰਡੀ ਤੇ ਕਦੇ
ਚਿੱਟਾ ਮੱਛਰ, ਉਪਰੋਂ ਕੁਦਰਤੀ ਕਹਿਰ ਕਿਸਾਨ ਘਰਾਂ ਵਿਚ ਵਿਛਦੇ ਸੱਥਰਾਂ ਦੀ ਲੜੀ ਨੂੰ
ਟੁੱਟਣ ਨਹੀਂ ਦੇ ਰਿਹਾ। ਜੰਮਦੇ ਨਿਆਣਿਆਂ ਸਿਰ ਕਰਜ਼ਾ, ਚਿੱਟੀਆਂ ਚੁੰਨੀਆਂ ਦਾ ਵਧਣਾ ਤੇ
ਜ਼ਿੰਦਗੀ ਦੇ ਆਖਰੀ ਪਹਿਰ ਬਜ਼ੁਰਗਾਂ ਦਾ ਰੇਲ ਮਾਰਗਾਂ ਤੇ ਬੈਠਣਾ, ਪੰਜਾਬ ਦੀ ਖੇਤੀ ਨੂੰ ਪਏ
ਸੋਕੇ ਦੀ ਤਸਵੀਰ ਹੈ। ਮਾਲਵਾ ਪੱਟੀ ਦੇ ਮੁਰੱਬਿਆਂ ਵਾਲੇ ਹੁਣ ਲੇਬਰ
ਚੌਂਕਾਂ ਵਿਚ ਮੂੰਹ ਲਪੇਟ ਕੇ ਸ਼ੌਕ ਨੂੰ ਨਹੀਂ ਖੜ•ਦੇ। ਧੀਅ ਦੇ ਵਿਆਹ ਲਈ ਨਵਾਂ ਟਰੈਕਟਰ
ਵੇਚਣਾ ਕਿਸੇ ਬਾਪ ਦਾ ਚਾਅ ਨਹੀਂ ਹੁੰਦਾ। ਬੈਂਕਾਂ ਦੇ ਨੋਟਿਸ ਤੇ ਸ਼ਾਹੂਕਾਰ ਦੇ ਦਬਕੇ ਹੁਣ
ਜੈ ਕਿਸਾਨ ਦੇ ਨਾਅਰੇ ਦਾ ਮੂੰਹ ਚਿੜਾਉਂਦੇ ਹਨ। ਕਪਾਹ ਪੱਟੀ ਵਿਚ ਚਿੱਟੇ ਮੱਛਰ ਦੀ ਮਾਰ
ਮਗਰੋਂ ਮੁੜ ਕਿਸਾਨਾਂ ਮਜ਼ਦੂਰਾਂ ਦੇ ਸਿਵੇ ਬਲਨ ਲੱਗੇ ਹਨ। ਪੰਜਾਬ ਵਿਚ 15 ਸਤੰਬਰ 2015
ਤੋਂ ਮਗਰੋਂ ਰੋਜ਼ਾਨਾ ਔਸਤਨ ਇੱਕ ਖੁਦਕੁਸ਼ੀ ਹੋਣ ਲੱਗੀ ਹੈ। ਕਿਸਾਨ ਮਜ਼ਦੂਰ ਧਿਰਾਂ ਨੇ ਮੁੜ
ਖੇਤੀ ਬਚਾਉਣ ਲਈ ਹਾਅ ਦਾ ਨਾਅਰਾ ਮਾਰਿਆ ਹੈ। ਸਰਕਾਰ ਨੇ 643 ਕਰੋੜ ਦਾ ਮੁਆਵਜ਼ਾ ਭੇਜਿਆ
ਹੈ ਜਿਸ ਨੇ ਪਟਵਾਰੀਆਂ ਤੇ ਦਲਾਲਾਂ ਦੀ ਸਾਂਝ ਨੂੰ ਪੱਕਾ ਕਰ ਦਿੱਤਾ ਹੈ। ਮਜ਼ਦੂਰਾਂ ਦੇ 64
ਕਰੋੜ ਖ਼ਜ਼ਾਨੇ ਵਿਚ ਹੀ ਫਸੇ ਹੋਏ ਹਨ। ਟਿਊਬਵੈਲ ਕੁਨੈਕਸ਼ਨਾਂ ਦੀ ਵੰਡ ਖੇਤੀ ਦੇ ਮੂਲ
ਦੁੱਖਾਂ ਦਾ ਸੰਕਟ ਨਿਵਾਰਨ ਨਹੀਂ ਕਰਦੀ।
ਪੰਜਾਬ ਦੀ ਕਿਸਾਨੀ ਲਈ ਲੰਘੇ
ਢਾਈ ਦਹਾਕੇ ਘਰਾਂ ਦੇ ਸਿਆੜਾਂ ਨੂੰ ਵੀ ਖਾ ਗਏ ਹਨ। ਦਿਨ ਕਟੀ ਲਈ ਗਹਿਣੇ ਵੇਚਣੇ,ਪਸ਼ੂ
ਵੇਚਣੇ, ਦਰਖ਼ਤ ਵੇਚਣੇ, ਘਰ ਵੇਚਣੇ, ਜ਼ਮੀਨ ਵੇਚਣੀ ਹੁਣ ਨਿੱਤ ਦਿਨ ਦੀ ਕਹਾਣੀ ਬਣ ਗਈ ਹੈ।
ਰਸਦੇ ਵਸਦੇ ਪੰਜਾਬ ਦੇ ਕਿਸਾਨ ਘਰਾਂ ਨੂੰ ਛੱਪਰਪਾੜ ਦੁੱਖਾਂ ਨੇ ਮੌਤ ਦੇ ਖੂਹ ਤੇ ਲਿਆ
ਖੜ•ਾ ਕੀਤਾ ਹੈ। ਮੋਗਾ ਜ਼ਿਲ•ੇ ਦੇ ਪਿੰਡ ਸੈਦੋਕੇ ਦੇ ਕਿਸਾਨ ਅਜੈਬ ਸਿੰਘ ਦੇ ਘਰ ਨੂੰ
ਜਿੰਦਰਾ ਵੱਜ ਗਿਆ ਹੈ। ਉਸ ਦੀ ਅਰਥੀ ਨੂੰ ਤਾਂ ਕੋਈ ਮੋਢਾ ਦੇਣ ਵਾਲਾ ਵੀ ਨਹੀਂ ਬਚਿਆ ਸੀ।
ਚਾਰੋ ਪੁੱਤਰ ਮੌਤ ਦੇ ਮੂੰਹ ਚਲੇ ਗਏ। ਅਖੀਰ ਅਜੈਬ ਸਿੰੰਘ ਦੀ ਮੌਤ ਇਸ ਘਰ ਦੀ ਕਹਾਣੀ ਦਾ
ਆਖਰੀ ਚੈਪਟਰ ਸੀ। ਪਹਿਲਾਂ ਜ਼ਮੀਨ ਖੁਸ ਗਈ, ਫਿਰ ਨੌਜਵਾਨ ਪੁੱਤ। ਪਿੰਡ ਵਾਲੇ ਆਖਦੇ
ਹਨ,ਅਜੈਬ ਸਿਓ ਭਲਾ ਬੰਦਾ ਸੀ, ਸਰਕਾਰ ਨੂੰ ਇਹ ਗੱਲ ਸਮਝ ਪੈਂਦੀ ਤਾਂ ਇਸ ਘਰ ਕੋਲ ਇਕੱਲਾ
ਤਾਲਾ ਨਹੀਂ ਬਚਣਾ ਸੀ। ਇਸੇ ਪਿੰਡ ਦੀ ਬਜ਼ੁਰਗ ਔਰਤ ਕਰਤਾਰ ਕੌਰ ਕੋਲ
ਤਾਂ ਹੁਣ ਘਰ ਵੀ ਨਹੀਂ ਬਚਿਆ। ਖੇਤੀ ਸੰਕਟ ਵਿਚ ਉਸ ਨੇ ਦੋਵੇਂ ਪੁੱਤ ਗੁਆ ਲਏ ਤੇ ਮਗਰੋਂ
ਪਤੀ ਵੀ ਜਹਾਨੋਂ ਚਲਾ ਗਿਆ। ਨੂੰਹ ਵੀ ਬੱਚਿਆਂ ਸਮੇਤ ਘਰੋਂ ਚਲੀ ਗਈ। ਸਭ ਕੁਝ ਵਿਕ ਗਿਆ,
ਹੁਣ ਇਸ ਔਰਤ ਕੋਲ ਸਿਰਫ਼ ਪਿੰਡ ਦਾ ਭਾਈਚਾਰਾ ਬਚਿਆ ਹੈ। ਉਸ ਨੂੰ ਤਾਂ ਬੁਢਾਪਾ ਪੈਨਸ਼ਨ ਵੀ
ਨਸੀਬ ਨਹੀਂ ਹੋਈ। ਬਠਿੰਡਾ ਦੇ ਪਿੰਡ ਕੋਠਾ ਗੁਰੂ ਦਾ ਕਿਸਾਨ ਛੋਟੂ ਸਿੰਘ ਹੁਣ ਗੁਰੂ ਘਰ
ਵਿਚ ਬੈਠਾ ਹੈ। ਨਾ ਘਰ ਰਿਹਾ ਤੇ ਨਾ ਜ਼ਮੀਨ। 15 ਏਕੜ ਜ਼ਮੀਨ ਹੁਣ ਸ਼ਾਹੂਕਾਰ ਦੇ ਨਾਮ ਤੇ
ਬੋਲਦੀ ਹੈ।
ਸਭਨਾਂ ਕਿਸਾਨਾਂ ਦੀ ਇੱਕੋ ਕਹਾਣੀ ਹੈ, ਫਸਲਾਂ ਦਾ ਫੇਲ• ਹੋਣਾ, ਸ਼ਾਹੂਕਾਰ ਦੀ
ਵਹੀ ਤੇ ਕੁਰਕੀ ਦੇ ਹੋਕੇ। ਲੋਨ ਤੇ ਲਕੀਰ ਫੇਰਦੇ ਫੇਰਦੇ ਸਭ ਕਿਸਾਨ ਅਖੀਰ ਖੁਦ ਮਿਟ ਗਏ।
ਪਟਿਆਲਾ ਦੇ ਪਿੰਡ ਗੱਜੂਮਾਜਰਾ ਦਾ 16 ਏਕੜ ਦਾ ਮਾਲਕ ਇੱਕ ਕਿਸਾਨ ਤਾਂ ਸਭ ਕੁਝ ਵਿਕਣ
ਮਗਰੋਂ ਹੁਣ ਸ਼ਾਮਲਾਟ ਵਿਚ ਬੈਠਾ ਹੈ। ਇਸ ਬਜ਼ੁਰਗ ਦੇ ਹੱਥੋਂ ਚਾਰ ਲੜਕੇ ਕਿਰੇ ਹਨ, ਇੱਕ
ਖੁਦਕੁਸ਼ੀ ਕਰ ਗਿਆ ਅਤੇ ਤਿੰਨ ਬਿਮਾਰੀ ਨੇ ਖੋਹ ਲਏ। ਮੁਕਤਸਰ ਦੇ ਪਿੰਡ
ਗੱਗੜ ਦਾ ਕਿਸਾਨ ਕਾਕਾ ਸਿੰਘ ਕਦੇ ਮੁਰੱਬਿਆ ਵਾਲਾ ਸਰਦਾਰ ਸੀ। ਹੁਣ ਉਹ ਦਿਹਾੜੀ ਕਰਦਾ
ਹੈ। ਫਾਜਿਲਕਾ ਦੇ ਪਿੰਡ ਪਾਕਾ ਵਿਚ ਤਾਂ ਫਸਲੀ ਖ਼ਰਾਬੇ ਨੇ 35 ਘਰਾਂ ਵਿਚ ਸੱਥਰ ਵਿਛਾਏ
ਹਨ। ਮਾਂ ,ਹੁਣ ਸੱਥ ਵਿਚੋਂ ਦੀ ਲੰਘਿਆ ਨਹੀਂ ਜਾਂਦਾ, ਇਹ ਆਖ ਕੇ ਪਿੰਡ ਕੋਠਾ ਗੁਰੂ ਦੇ
ਕਿਸਾਨ ਪਿਆਰਾ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ। ਆਖਰੀ ਪੰਜ ਏਕੜ ਜ਼ਮੀਨ ਵਿਕਣ ਮਗਰੋਂ ਉਸ
ਕੋਲ ਸਿਰਫ਼ ਜ਼ਹਿਰ ਖਾਣ ਜੋਗੇ ਪੈਸੇ ਹੀ ਬਚੇ ਸਨ। ਨੂੰਹ ਛੱਡ ਕੇ ਚਲੀ ਗਈ, ਹੁਣ ਬਜ਼ੁਰਗ ਮਾਂ
ਮੁਆਵਜ਼ੇ ਲਈ ਭਟਕ ਰਹੀ ਹੈ। ਬਰਨਾਲਾ ਦੇ ਪਿੰਡ ਦੀਵਾਨਾ ਦੀ ਬਿੰਦਰ ਕੌਰ ਦੇ ਦੁੱਖ ਵੀ ਕੋਈ
ਘੱਟ ਨਹੀਂ ਹਨ। ਕਰਜ਼ੇ ਵਿਚ ਜ਼ਮੀਨ ਵਿਕ ਗਈ, ਪਹਿਲਾਂ ਜਵਾਨ ਪੁੱਤ ਅਤੇ ਫਿਰ ਸਿਰ ਦਾ ਸਾਈਂ
ਖੁਦਕੁਸ਼ੀ ਕਰ ਗਿਆ। ਇਵੇਂ ਹੀ ਮਜ਼ਦੂਰਾਂ ਦੀ ਕਹਾਣੀ ਵੀ ਕੋਈ ਵੱਖਰੀ ਨਹੀਂ।
ਮੁਕਤਸਰ ਦੇ ਪਿੰਡ ਫੱਕਰਸਰ ਥੇੜੀ ਦਾ ਬਜ਼ੁਰਗ ਮਜ਼ਦੂਰ ਜੋੜਾ ਹੁਣ ਗੁਰੂ ਘਰ ਚੋਂ ਰੋਟੀ
ਪਾਣੀ ਛਕਣ ਲਈ ਮਜਬੂਰ ਹੈ। ਬਜ਼ੁਰਗ ਮੁਖਤਿਆਰ ਸਿੰਘ ਖੁਦ ਤਾਂ ਅੰਨ•ਾ ਹੈ ਪ੍ਰੰਤੂ ਕੋਈ ਵੀ
ਸਰਕਾਰ ਉਸ ਦੇ ਦੁੱਖ ਨਹੀਂ ਵੇਖ ਸਕੀ। ਇੱਕ ਜਵਾਨ ਪੁੱਤ ਨੇ ਵਿਆਹ ਤੋਂ ਦੂਸਰੇ ਦਿਨ ਹੀ
ਖੁਦਕੁਸ਼ੀ ਕਰ ਲਈ ਅਤੇ ਦੂਸਰਾ ਜਵਾਨ ਲੜਕਾ ਵੀ ਇਸੇ ਰਾਹ ਚਲਾ ਗਿਆ। ਹੁਣ ਇਸ ਮਜ਼ਦੂਰ ਜੋੜੇ
ਕੋਲ ਸਿਰਫ਼ ਦੁੱਖ ਬਚੇ ਹਨ।
ਵਿਆਜ ਦੀਆਂ ਜ਼ਰਬਾਂ ਵਿਚ ਗੁਆਚਿਆ ਬਚਪਨਕਿਸਾਨ
ਘਰਾਂ ਦੇ ਵਾਰਿਸ ਛੋਟੇ ਹਨ ਜਿਨ•ਾਂ ਦੇ ਦੁੱਖ ਵੱਡੇ ਹਨ। ਕਰਜ਼ੇ ਦੀ ਪੰਡ ਜੋ ਪਹਿਲਾਂ ਪਿਓ
ਦਾਦੇ ਦੇ ਸਿਰ ਤੇ ਸੀ, ਹੁਣ ਨਿਆਣੀ ਉਮਰੇ ਹੀ ਇਨ•ਾਂ ਦੇ ਸਿਰ ਤੇ ਟਿੱਕ ਗਈ ਹੈ। ਕੋਈ
ਸਰਕਾਰ ਇਨ•ਾਂ ਬੱਚਿਆਂ ਦੇ ਹੰਝੂਆਂ ਦੀ ਰਮਜ਼ ਨਹੀਂ ਸਕੀ ਹੈ। ਸਕੂਲ ਜਾਣ ਦੀ ਉਮਰੇ ਇਨ•ਾਂ
ਬੱਚਿਆਂ ਨੂੰ ਆਪਣੇ ਮਾਪਿਆਂ ਨਾਲ ਕਿਸਾਨ ਸੰਘਰਸ਼ਾਂ ਦੇ ਪਿੜ ਵਿਚ ਆਉਣਾ ਪੈਂਦਾ ਹੈ। ਜਿਵੇਂ
ਕੋਈ ਸਰਕਾਰ ਦੀ ਖੇਤੀ ਨੀਤੀ ਨਹੀਂ, ਉਵੇਂ ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਬੱਚਿਆਂ ਲਈ ਵੀ
ਸਰਕਾਰ ਦੀ ਨਾ ਕੋਈ ਨੀਤੀ ਹੈ ਅਤੇ ਨਾ ਨੀਅਤ। ਖੇਤਾਂ ਵਿਚ ਸੁੱਖ ਹੁੰਦੀ ਤਾਂ ਨਰਮੇ
ਚੁਗਾਈ ਦੇ ਦਿਨਾਂ ਵਿਚ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਿਚ ਕਮੀ ਨਾ ਹੁੰਦੀ। ਮਾਪਿਆਂ
ਨਾਲ ਪੈਲੀ ਰੁੱਸ ਗਈ ਅਤੇ ਇਨ•ਾਂ ਬੱਚਿਆਂ ਨਾਲ ਸੱਧਰਾਂ। ਜ਼ਿੰਦਗੀ ਦੇ ਹਲੂਣੇ ਨੇ ਇਨ•ਾਂ
ਬੱਚਿਆਂ ਨੂੰ ਨਿਆਣੀ ਉਮਰੇ ਹੀ ਸਿਆਣੇ ਬਣਾ ਦਿੱਤਾ ਹੈ। ਜ਼ਿਲ•ਾ ਮਾਨਸਾ
ਦੇ ਪਿੰਡ ਕਲੀਪੁਰ ਦੇ ਕਿਸਾਨ ਜੱਗਰ ਸਿੰਘ ਪੂਰੀ ਜ਼ਿੰਦਗੀ ਕਰਜ਼ ਨਾ ਉਤਾਰ ਸਕਿਆ। ਫਿਰ ਇਹੋ
ਕਰਜ਼ ਉਸ ਲੜਕੇ ਆਤਮਾ ਸਿੰਘ ਤੇ ਬਿੰਦਰ ਸਿੰਘ ਨੂੰ ਖੁਦਕੁਸ਼ੀ ਦਾ ਕਾਰਨ ਬਣ ਗਿਆ। ਹੁਣ ਇਹੋ
ਕਰਜ਼ ਕਿਸਾਨ ਜੱਗਰ ਸਿੰਘ ਦੀ ਪੋਤੇ ਅਤੇ ਪੋਤਰੀ ਸਿਰ ਤੇ ਹੈ। ਜੱਗਰ ਸਿੰਘ ਖੁਦ ਮੰਜੇ ਤੇ
ਹੈ ਅਤੇ ਨੂੰਹ ਗੁਰਜੀਤ ਕੌਰ ਕੋਲ ਬੱਚਿਆਂ ਦੀ ਪਰਵਰਿਸ਼ ਦਾ ਕੋਈ ਸਾਧਨ ਨਹੀਂ ਹੈ।
ਮੁਕਤਸਰ
ਜ਼ਿਲ•ੇ ਦੇ ਪਿੰਡ ਮਿਠੜੀ ਬੁੱਧ ਗਿਰ ਦਾ ਮਜ਼ਦੂਰ ਸੁਖਜੀਤ ਸਿੰਘ ਖੁਦਕੁਸ਼ੀ ਕਰ ਗਿਆ ਸੀ। ਉਸ
ਦੇ ਦੋ ਬੱਚੇ ਹਨ ਜਿਨ•ਾਂ ਚੋਂ ਇੱਕ ਅੰਨ•ਾ ਅਤੇ ਦੂਸਰਾ ਅਧਰੰਗ ਪੀੜਤ ਹੈ। ਇਸ ਮਜ਼ਦੂਰ ਦੀ
ਪਤਨੀ ਵੀਰਪਾਲ ਕੌਰ ਸਰਕਾਰ ਨੂੰ ਪੁੱਛਦੀ ਹੈ ਕਿ ਹੁਣ ਉਹ ਇਨ•ਾਂ ਬੱਚਿਆਂ ਨੂੰ ਲੈ ਕੇ
ਕਿਥੇ ਜਾਵੇ। ਬਠਿੰਡਾ ਦੇ ਕੋਟੜਾ ਕੌੜਿਆਂ ਵਾਲੀ ਦੀ ਸਕੂਲੀ ਬੱਚੀ
ਗਗਨਦੀਪ ਕੌਰ ਨੂੰ ਜ਼ਿੰਦਗੀ ਦਾ ਝਟਕਾ ਕਦੇ ਨਹੀਂ ਭੁੱਲੇਗਾ। ਸੁਰਤ ਸੰਭਾਲਣ ਤੋਂ ਪਹਿਲਾਂ
ਹੀ ਬਾਪ ਰਾਜ ਸਿੰਘ ਖੁਦਕੁਸ਼ੀ ਕਰ ਗਿਆ। ਮਾਂ ਉਸ ਨੂੰ ਛੱਡ ਕੇ ਚਲੀ ਗਈ। ਹੁਣ ਤਾਈ ਜਸਵੰਤ
ਕੌਰ ਹੀ ਉਸ ਦਾ ਸਭ ਕੁਝ ਹੈ। ਸਰਕਾਰੀ ਮਦਦ ਹਾਲੇ ਤੱਕ ਨਹੀਂ ਬਹੁੜੀ। ਇਵੇਂ ਪਿੰਡ ਬੁੱਗਰ
ਦੇ ਬੱਚੇ ਲਵਪ੍ਰੀਤ ਨੂੰ ਜ਼ਿੰਦਗੀ ਤੋਂ ਕਦੇ ਪਿਆਰ ਨਹੀਂ ਮਿਲ ਸਕਿਆ। ਉਹ ਆਪਣੀ ਨੇਤਰਹੀਣ
ਦਾਦੀ ਅੰਗਰੇਜ਼ ਕੌਰ ਨੂੰ ਆਪਣੀ ਹਕੂਮਤ ਤੋਂ ਮੁਆਵਜ਼ਾ ਮੰਗਣ ਲਈ ਕਿਸਾਨ ਸੰਘਰਸ਼ਾਂ ਵਿਚ ਉਂਗਲ
ਫੜ ਕੇ ਲਿਜਾਂਦਾ ਹੈ। ਭਾਵੇਂ ਇਹ ਬੱਚਾ ਸੜਕਾਂ ਤੇ ਵੱਜਦੇ ਨਾਹਰਿਆਂ ਤੋਂ ਅਣਜਾਣ ਹੈ
ਪ੍ਰੰਤੂ ਉਹ ਮਹਿਸੂਸ ਜਰੂਰ ਕਰਦਾ ਹੋਵੇਗਾ ਕਿ ਪੰਜਾਬ ਦੇ ਵਿਹੜੇ ਸੁੱਖ ਨਹੀਂ। ਪੰਜਾਬ ਵਿਚ
ਹਜ਼ਾਰਾਂ ਧੀਆਂ ਹਨ ਜਿਨ•ਾਂ ਨੂੰ ਡੋਲੀ ਵੇਲੇ ਬਾਬਲ ਦਾ ਹੱਥ ਨਸੀਬ ਨਹੀਂ ਹੁੰਦਾ ਹੈ। ਬਾਪ
ਦੇ ਕਰਜ਼ ਦਾ ਬੋਝ ਇਨ•ਾਂ ਧੀਆਂ ਨਾਲ ਵੀ ਜਾਂਦਾ ਹੈ।
ਫਰੀਦਕੋਟ ਦੇ
ਪਿੰਡ ਭਗਤੂਆਣਾ ਦੀਆਂ ਦੋ ਬੱਚੀਆਂ ਨੂੰ ਮਾਂ ਬਾਪ ਦੇ ਪਿਆਰ ਦਾ ਹਮੇਸ਼ਾ ਤਰਸੇਵਾਂ ਰਹੇਗਾ।
ਤਿੰਨ ਏਕੜ ਜ਼ਮੀਨ ਦਾ ਮਾਲਕ ਕਿਸਾਨ ਭੋਲਾ ਸਿੰਘ ਜ਼ਿੰਦਗੀ ਨਾਲ ਜੱਦੋ-ਜਹਿਦ ਕਰਦਾ ਖੁਦਕੁਸ਼ੀ
ਕਰ ਗਿਆ ਅਤੇ ਇਨ•ਾਂ ਬੱਚੀਆਂ ਦੀ ਮਾਂ ਦੀ ਜਾਪੇ ਦੌਰਾਨ ਹੀ ਮੌਤ ਹੋ ਗਈ। ਪੂਰਾ ਜੱਗ
ਇਨ•ਾਂ ਲਈ ਸੁੰਨਾ ਰਹਿ ਜਾਣਾ ਸੀ ,ਜੇ ਤਾਇਆ ਗੁਰਜੰਟ ਸਿੰਘ ਇਨ•ਾਂ ਦੇ ਸਿਰ ਤੇ ਹੱਥ ਨਾ
ਰੱਖਦਾ। ਸਰਕਾਰੀ ਹੱਥ ਇਨ•ਾਂ ਧੀਆਂ ਦੇ ਸਿਰ ਤੋਂ ਦੂਰ ਹੈ। ਇਨ•ਾਂ ਬੱਚੀਆਂ ਕੋਲ ਸਿਰਫ਼
ਬਾਪ ਦੀ ਤਸਵੀਰ ਬਚੀ ਹੈ। ਪਿੰਡ ਮਹਿਮਾ ਭਗਵਾਨਾ ਦਾ ਬੱਚਾ ਸਿਕੰਦਰ ਸਰਕਾਰਾਂ ਹੱਥੋਂ ਹਾਰ
ਗਿਆ ਹੈ।ਸਿਕੰਦਰ ਦਾ ਬਾਪ ਖੁਦਕੁਸ਼ੀ ਕਰ ਗਿਆ ਅਤੇ ਹੁਣ ਸਿਕੰਦਰ ਆਪਣੇ
ਬਾਪ ਦੀ ਤਸਵੀਰ ਲੈ ਕੇ ਹਰ ਕਿਸਾਨ ਧਰਨੇ ਵਿਚ ਜਾਂਦਾ ਹੈ। ਉਹ ਤਸਵੀਰ ਉੱਚੀ ਚੁੱਕ ਚੁੱਕ
ਕੇ ਦਿਖਾਉਂਦਾ ਹੈ ਪ੍ਰੰਤੂ ਇਹ ਤਸਵੀਰ ਅੱਜ ਤੱਕ ਕਿਸੇ ਅਧਿਕਾਰੀ ਦੇ ਨਜ਼ਰ ਨਹੀਂ ਪਈ।
ਜੇਠੂਕੇ ਪਿੰਡ ਦੀ ਬੱਚੀ ਅਮਰਜੀਤ ਕੌਰ ਤਾਂ ਅੱਜ ਵੀ ਕਿਸੇ ਸ਼ਾਹੂਕਾਰ ਨੂੰ ਵੇਖ ਕੇ ਡਰ
ਜਾਂਦੀ ਹੈ। ਉਹ ਖੁਦਕੁਸ਼ੀ ਦੇ ਰਾਹ ਗਏ ਬਾਪ ਦੀ ਤਸਵੀਰ ਨੂੰ ਵਾਰ ਵਾਰ ਸਾਫ ਕਰਦੀ ਹੈ ਅਤੇ
ਇਹ ਤਸਵੀਰ ਲੈ ਕੇ ਉਹ ਕਈ ਦਫ਼ਾ ਸਰਕਾਰੀ ਦਫ਼ਤਰਾਂ ਵਿਚ ਵੀ ਗਈ ਹੈ। ਸਿਰਫ਼ ਡੇਢ ਏਕੜ ਇਸ
ਪਰਿਵਾਰ ਕੋਲ ਰਹਿ ਗਈ ਹੈ ਅਤੇ ਗੁਜ਼ਾਰੇ ਦਾ ਕੋਈ ਸਾਧਨ ਨਹੀਂ।
ਹਜ਼ਾਰਾਂ ਏਦਾ
ਦੇ ਬੱਚੇ ਹਨ ਜਿਨ•ਾਂ ਨੂੰ ਵਿਆਜ ਦੀਆਂ ਜ਼ਰਬਾਂ ਨੇ ਬਚਪਨ ਉਮਰੇ ਹੀ ਦਬ ਲਿਆ ਹੈ। ਇਨ•ਾਂ
ਬੱਚਿਆਂ ਦੇ ਹਿੱਸੇ ਕਦੇ ਵੀ ਕੋਈ ਸਰਕਾਰੀ ਸਕੀਮ ਨਹੀਂ ਆਈ ਜੋ ਉਨ•ਾਂ ਦੀ ਪਾਲਣ ਪੋਸ਼ਣ ਦਾ
ਜਰੀਆ ਬਣ ਸਕੇ। ਇਨ•ਾਂ ਦੇ ਬਚਪਨ ਦੀਆਂ ਕਿਲਕਾਰੀਆਂ ਤਾਂ ਘਰਾਂ ਦੀ ਤੰਗੀ ਤੁਰਸ਼ੀ ਵਿਚ ਹੀ
ਗੁਆਚ ਗਈਆਂ ਹਨ।
ਰੋਂਦੀਆਂ ਨਾ ਜਾਣ ਝੱਲੀਆਂ...ਦੱਖਣੀ
ਪੰਜਾਬ ਵਿਚ ਖੇਤੀ ਸੰਕਟ ਦਾ ਵੱਡਾ ਝੱਖੜ ਔਰਤਾਂ ਨੇ ਵੀ ਝੱਲਿਆ। ਟਾਹਲੀ ਵਾਲੇ ਖੇਤਾਂ ਨੇ
ਇਨ•ਾਂ ਔਰਤਾਂ ਦੇ ਸੁਹਾਗ ਉਜਾੜ ਦਿੱਤੇ। ਖੇਤੀ ਦਾ ਟੁੱਟਣਾ ਇਨ•ਾਂ ਔਰਤਾਂ ਲਈ ਵੱਡਾ
ਸਮਾਜੀ ਸੰਕਟ ਬਣਿਆ। ਵੱਡਾ ਝੋਰਾ ਇਹ ਵੀ ਹੈ ਕਿ ਇਨ•ਾਂ ਔਰਤਾਂ ਦਾ ਦੁੱਖ ਤਾਂ ਕਦੇ ਘਰਾਂ
ਦੀ ਦੇਹਲੀ ਤੋਂ ਪਾਰ ਨਹੀਂ ਹੋ ਸਕਿਆ। ਉਨ•ਾਂ ਔਰਤਾਂ ਦੀ ਗਿਣਤੀ ਵੀ ਵੱਡੀ ਹੈ ਜਿਨ•ਾਂ
ਨੂੰ ਵਾਰ ਵਾਰ ਵਿਧਵਾ ਹੋਣਾ ਪਿਆ। ਜਿਨ•ਾਂ ਵਿਹੜਿਆਂ ਵਿਚ ਪੀਂਘਾਂ ਪੈਂਦੀਆਂ ਸਨ, ਉਨ•ਾਂ
ਵਿਚ ਵਿਛੇ ਸੱਥਰਾਂ ਦਾ ਚੇਤਾ ਅੱਜ ਵੀ ਇਨ•ਾਂ ਔਰਤਾਂ ਨੂੰ ਭੁੱਲਦਾ ਨਹੀਂ। ਮੁਕਤਸਰ ਦੇ ਪਿੰਡ ਰਹੂੜਿਆਂ ਵਾਲੀ ਦੀ ਸੁਖਜੀਤ ਕੌਰ ਦਾ ਪਤੀ ਰੁਲਦੂ ਸਿੰਘ ਜਦੋਂ
ਖੁਦਕੁਸ਼ੀ ਕਰ ਗਿਆ ਤਾਂ ਉਸ ਨੂੰ ਮਾਪਿਆਂ ਨੇ ਦਿਉਰ ਦੇ ਲੜ ਲਾ ਦਿੱਤਾ। ਜਦੋਂ ਦਿਉਰ
ਗੁਰਮੀਤ ਸਿੰਘ ਨੇ ਵੀ ਖੁਦਕੁਸ਼ੀ ਕਰ ਲਈ ਉਸ ਦੇ ਨਾਲ ਹੀ ਇਸ ਔਰਤ ਦੇ ਸੁਪਨੇ ਵੀ ਮਰ ਗਏ।
ਦੋ ਵਾਰ ਵਿਧਵਾ ਹੋਈ ਸੁਖਜੀਤ ਨੂੰ ਚਾਰ ਬੱਚਿਆਂ ਨੂੰ ਪਾਲਣਾ ਸੌਖਾ ਨਹੀਂ ਹੈ। ਬਠਿੰਡਾ ਦੇ
ਪਿੰਡ ਗਿੱਦੜ ਦੀ ਵੀਰਾਂ ਕੌਰ ਨੂੰ ਵੀ ਦੋ ਵਾਰ ਵਿਧਵਾ ਹੋਣਾ ਪਿਆ ਹੈ। ਪਹਿਲਾ ਪਤੀ
ਬਿੰਦਰ ਸਿੰਘ ਖੁਦਕੁਸ਼ੀ ਕਰ ਗਿਆ। ਉਸ ਨੂੰ ਦਿਉਰ ਦੇ ਲੜ ਲਾ ਦਿੱਤਾ। ਜਦੋਂ 15 ਲੱਖ ਦੇ
ਕਰਜ਼ੇ ਨੂੰ ਉਤਾਰਨ ਦਾ ਕੋਈ ਸਬੱਬ ਨਾ ਬਣਿਆ ਤਾਂ ਦੂਸਰਾ ਪਤੀ ਵੀ ਉਸੇ ਰਾਹ ਚਲਾ ਗਿਆ।
ਪੰਜਾਬ ਸਰਕਾਰ ਵਲੋਂ ਕਰਾਏ ਸਰਵੇ ਵਿਚ ਇਹ ਤੱਥ ਵੀ ਉਭਰੇ ਹਨ ਕਿ ਬਠਿੰਡਾ
ਜ਼ਿਲੇ• ਵਿਚ ਸਾਲ 2000 ਤੋਂ ਸਾਲ 2008 ਤੱਕ 137 ਔਰਤਾਂ ਨੂੰ ਕਰਜ਼ੇ ਕਾਰਨ ਖੁਦਕੁਸ਼ੀ
ਵਰਗਾ ਕਦਮ ਚੁੱਕਣਾ ਪਿਆ ਹੈ। ਪਿੰਡ ਕੇਸਰ ਸਿੰਘ ਵਾਲਾ ਦੀ ਵਿਧਵਾ ਗੁਰਮੇਲ ਕੌਰ ਨੂੰ ਹੁਣ
ਸੁਹਾਗ ਤੇ ਸਪਰੇਅ ਵਿਚ ਕੋਈ ਫਰਕ ਨਹੀਂ ਲੱਗਦਾ। ਪਤੀ ਮਿਠੂ ਸਿੰਘ ਦੀ ਮੌਤ ਨੇ ਉਸ ਦੀ
ਜ਼ਿੰਦਗੀ ਉਖਾੜ ਦਿੱਤੀ। ਮਾਪਿਆਂ ਨੇ ਜਦੋਂ ਉਸ ਨੂੰ ਦਿਉਰ ਹਰਦੀਪ ਸਿੰਘ ਨੇ ਲੜ ਲਾ ਦਿੱਤਾ
ਤਾਂ ਗੁਰਮੇਲ ਕੌਰ ਨੂੰ ਮੁੜ ਭਲੇ ਦਿਨਾਂ ਦੀ ਆਸ ਬਣੀ। ਦੁੱਖ ਭੁੱਲਦੀ ਤਾਂ ਉਸ ਤੋਂ
ਪਹਿਲਾਂ ਹੀ ਦੂਸਰੇ ਪਤੀ ਨੇ ਵੀ ਸਲਫਾਸ ਖਾ ਕੇ ਜ਼ਿੰਦਗੀ ਦੀ ਲੀਲ•ਾ ਖਤਮ ਕਰ ਲਈ। ਹੁਣ ਇਸ
ਔਰਤ ਨੂੰ ਕੋਈ ਢਾਰਸ ਨਹੀਂ। ਪੰਜਾਬ ਸਰਕਾਰ ਨੇ ਖੁਦਕੁਸ਼ੀ ਪੀੜਤ
ਪਰਿਵਾਰਾਂ ਲਈ ਸਾਲ 2001 02 ਵਿਚ ਪਹਿਲੀ ਦਫ਼ਾ ਮੁਆਵਜ਼ਾ ਨੀਤੀ ਬਣਾਉਣ ਦਾ ਐਲਾਨ ਕੀਤਾ ਸੀ।
ਕਾਫ਼ੀ ਲੰਮਾ ਉਸ ਮਗਰੋਂ ਸਰਵੇ ਦੇ ਚੱਕਰ ਵਿਚ ਹੀ ਇਹ ਨੀਤੀ ਉਲਝੀ ਰਹੀ। ਅਖੀਰ ਇਨ•ਾਂ
ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਰਾਸ਼ੀ ਸਰਕਾਰ ਨੇ ਜਾਰੀ ਕਰ ਦਿੱਤੀ ਜਿਸ ਤੋਂ ਬਹੁਤੇ
ਪਰਿਵਾਰ ਹਾਲੇ ਵੀ ਵਾਂਝੇ ਹਨ। ਹੁਣ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਸਰਕਾਰ ਖੁਦਕੁਸ਼ੀ
ਪੀੜਤ ਪਰਿਵਾਰ ਨੂੰ ਘਟਨਾ ਵਾਲੇ ਦਿਨ ਹੀ ਮੁਆਵਜ਼ੇ ਦਾ ਚੈੱਕ ਦੇਵੇਗੀ।