Tuesday, November 15, 2016

                            ਬਠਿੰਡਾ ਏਅਰਪੋਰਟ 
        ਹੁਣ ਨਾ ਭੁੱਲ ਜਾਣਾ ਸ਼ਹੀਦੇ ਆਜ਼ਮ ਨੂੰ
                             ਚਰਨਜੀਤ ਭੁੱਲਰ
ਬਠਿੰਡਾ : ਹੁਣ ਬਠਿੰਡਾ ਦੇ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣ ਦਾ ਮਸਲਾ ਉਭਰਿਆ ਹੈ। ਹਾਲਾਂਕਿ ਮੋਹਾਲੀ ਏਅਰਪੋਰਟ ਦਾ ਨਾਮ ਸ਼ਹੀਦੇ ਆਜਮ ਦੇ ਨਾਮ ਤੇ ਰੱਖਣ ਵਿਚ ਸਰਕਾਰ ਫੇਲ• ਹੋਈ ਹੈ ਪਰ ਹੁਣ ਬਠਿੰਡਾ ਹਵਾਈ ਅੱਡੇ ਦੇ ਨਾਮਕਰਨ ਦਾ ਮਾਮਲਾ ਉਠਿਆ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ 4 ਦਸੰਬਰ ਨੂੰ ਬਠਿੰਡਾ ਏਅਰਪੋਰਟ ਦਾ ਉਦਘਾਟਨ ਕਰਨਾ ਹੈ। ਉਸ ਤੋਂ ਪਹਿਲਾਂ ਇਸ ਹਵਾਈ ਅੱਡੇ ਦੇ ਨਾਮ ਦਾ ਮਸਲਾ ਉਠਿਆ ਹੈ। ਬਠਿੰਡਾ ਦੇ ਪਿੰਡ ਵਿਰਕ ਕਲਾਂ ਦੀ ਇਸ ਹਵਾਈ ਅੱਡੇ ਲਈ 37 ਏਕੜ ਜ਼ਮੀਨ ਐਕੂਆਇਰ ਹੋਈ ਹੈ ਜਿਥੋਂ ਦੀ ਪੰਚਾਇਤ ਅਤੇ ਕਲੱਬ ਨੇ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਏਅਰਪੋਰਟ ਦਾ ਨਾਮ ਰੱਖਣ ਦੀ ਮੰਗ ਉਠਾ ਕੇ ਪਹਿਲ ਕੀਤੀ ਹੈ ਜਿਸ ਦੀ ਹਮਾਇਤ ਸਭਨਾਂ ਧਿਰਾਂ ਨੇ ਕੀਤੀ ਹੈ। ਪਿੰਡ ਵਿਰਕ ਕਲਾਂ ਦੇ ਸਰਪੰਚ ਜਗਦੇਵ ਸਿੰਘ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਹਵਾਈ ਅੱਡੇ ਦਾ ਨਾਮਕਰਨ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਕੀਤਾ ਜਾਵੇ ਅਤੇ ਪੰਚਾਇਤ ਚਾਹੁੰਦੀ ਹੈ ਕਿ ਸ਼ਹੀਦੇ ਆਜ਼ਮ ਦੇ ਨਾਮ ਤੇ ਹਵਾਈ ਅੱਡਾ ਹੋਵੇ। ਉਨ•ਾਂ ਦੱਸਿਆ ਕਿ ਉਨ•ਾਂ ਨੇ ਚਾਰ ਪੰਜ ਸਾਲ ਪਹਿਲਾਂ ਡਿਪਟੀ ਕਮਿਸ਼ਨਰ ਨੂੰ ਪੱਤਰ ਭੇਜੇ ਸਨ ਕਿ ਹਵਾਈ ਅੱਡੇ ਦੇ ਨਾਮ ਨਾਲ ਵਿਰਕ ਕਲਾਂ ਲਿਖਿਆ ਜਾਵੇ ਪ੍ਰੰਤੂ ਇਹ ਮੰਗ ਅਣਗੌਲੀ ਹੋ ਗਈ ਸੀ।
                    ਵਿਰਕ ਕਲਾਂ ਦੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਉਨ•ਾਂ ਨੂੰ ਪਹਿਲਾਂ ਮੋਹਾਲੀ ਏਅਰਪੋਰਟ ਦਾ ਨਾਮ ਸ਼ਹੀਦੇ ਆਜ਼ਮ ਦੇ ਨਾਮ ਤੇ ਹੋਣ ਦੀ ਉਮੀਦ ਸੀ ਪ੍ਰੰਤੂ ਅਜਿਹਾ ਹੋ ਨਹੀਂ ਸਕਿਆ ਜਿਸ ਕਰਕੇ ਹੁਣ ਸਰਕਾਰ ਬਠਿੰਡਾ ਏਅਰਪੋਰਟ ਨੂੰ ਸ਼ਹੀਦ ਭਗਤ ਸਿੰਘ ਏਅਰਪੋਰਟ ਵਿਚ ਤਬਦੀਲ ਕਰੇ। ਪਿੰਡ ਦੇ ਕਿਸਾਨਾਂ ਦਾ ਕਹਿਣਾ ਸੀ ਕਿ ਏਅਰਪੋਰਟ ਲਈ ਐਕੁਆਇਰ ਕੀਤੀ ਜ਼ਮੀਨ ਦਾ ਕਿਸਾਨਾਂ ਨੂੰ ਪ੍ਰਤੀ ਏਕੜ ਸਿਰਫ਼ 8 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ ਸੀ ਜਦੋਂ ਕਿ ਥੋੜੀ ਦੂਰ ਤੇ ਪੈਂਦੇ ਪਿੰਡ ਘੁੱਦਾ ਵਿਚ ਕਿਸਾਨਾਂ ਨੂੰ ਜ਼ਮੀਨ ਦਾ ਮੁਆਵਜ਼ਾ 28 ਲੱਖ ਰੁਪਏ ਦਿੱਤਾ ਗਿਆ ਸੀ। ਉਨ•ਾਂ ਆਖਿਆ ਕਿ ਮੁਆਵਜ਼ੇ ਵਿਚ ਮਾਰ ਪਾ ਦਿੱਤੀ ਗਈ ਜਿਸ ਕਰਕੇ ਘੱਟੋ ਘੱਟ ਹੁਣ ਸਰਕਾਰ ਏਅਰਪੋਰਟ ਦਾ ਨਾਮ ਸ਼ਹੀਦੇ ਆਜ਼ਮ ਦੇ ਨਾਮ ਤੇ ਰੱਖ ਕੇ ਲੋਕਾਂ ਦੀ ਮੰਗ ਮੰਨ ਲਵੇ। ਇਸੇ ਦੌਰਾਨ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ.ਜਗਮੋਹਨ ਸਿੰਘ ਨੇ ਆਖਿਆ ਕਿ ਸਰਕਾਰ ਨੇ ਮੋਹਾਲੀ ਏਅਰਪੋਰਟ ਦੇ ਨਾਮਕਰਨ ਸਬੰਧੀ ਵਿਧਾਨ ਸਭਾ ਵਿਚ ਮਤਾ ਵੀ ਪਾਸ ਕੀਤਾ ਅਤੇ ਫਿਰ ਵੀ ਸਰਕਾਰ ਸ਼ਹੀਦੇ ਆਜਮ ਦੇ ਨਾਮ ਤੇ ਏਅਰਪੋਰਟ ਦਾ ਨਾਮ ਨਹੀਂ ਰੱਖ ਸਕੀ ਜੋ ਕਿ ਇੱਕ ਵਾਅਦਾਖਿਲਾਫੀ ਹੈ। ਉਨ•ਾਂ ਆਖਿਆ ਕਿ ਘੱਟੋ ਘੱਟ ਸਰਕਾਰ ਹੁਣ ਬਠਿੰਡਾ ਏਅਰਪੋਰਟ ਦੇ ਮਾਮਲੇ ਵਿਚ ਹੀ ਇਹ ਵਾਅਦਾ ਨਿਭਾ ਦੇਵੇ।
                     ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਾ ਪ੍ਰਤੀਕਰਮ ਸੀ ਕਿ ਵਿਰਕ ਕਲਾਂ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਰਕਾਰ ਨੂੰ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਨ•ਾਂ ਵਲੋਂ ਉਠਾਈ ਮੰਗ ਦਾ ਉਹ ਸਮਰਥਨ ਕਰਦੇ ਹਨ। ਉਨ•ਾਂ ਆਖਿਆ ਕਿ ਉਹ ਮੋਹਾਲੀ ਏਅਰਪੋਰਟ ਦੇ ਨਾਮਕਰਨ ਦੇ ਮਾਮਲੇ ਤੇ ਵੀ ਡਟੇ ਹੋਏ ਹਨ। ਦੱਸਣਯੋਗ ਹੈ ਕਿ ਬਠਿੰਡਾ ਏਅਰਪੋਰਟ 30 ਅਕਤੂਬਰ 2012 ਨੂੰ ਮੁਕੰਮਲ ਹੋ ਗਿਆ ਸੀ ਅਤੇ ਪਿਛਲੇ ਸਮੇਂ ਦੌਰਾਨ ਕਿਸੇ ਹਵਾਈ ਕੰਪਨੀ ਨੇ ਇੱਥੋਂ ਉਡਾਣ ਵਾਸਤੇ ਹਾਮੀ ਨਹੀਂ ਭਰੀ ਸੀ। ਪੰਜਾਬ ਸਰਕਾਰ ਵਲੋਂ ਇਸ ਹਵਾਈ ਅੱਡੇ ਤੇ 40 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਹੁਣ ਵੀ ਰੋਜ਼ਾਨਾ ਦਾ ਔਸਤਨ 85 ਹਜ਼ਾਰ ਰੁਪਏ ਖਰਚਾ ਪੈ ਰਿਹਾ ਹੈ। ਨੇਤਾ ਚਰਨਜੀਤ ਚੰਨੀ ਦਾ ਕਹਿਣਾ ਸੀ ਕਿ ਬਠਿੰਡਾ ਏਅਰਪੋਰਟ ਕੇਂਦਰ ਦੀ ਯੂ.ਪੀ.ਏ ਸਰਕਾਰ ਦੀ ਦੇਣ ਹੈ ਅਤੇ ਉਨ•ਾਂ ਤਰਫ਼ੋਂ ਤਾਂ ਮੋਹਾਲੀ ਏਅਰਪੋਰਟ ਦਾ ਨਾਮ ਸ਼ਹੀਦੇ ਆਜਮ ਦੇ ਨਾਮ ਤੇ ਰੱਖਣ ਲਈ ਉਪਰਾਲੇ ਕੀਤੇ ਗਏ ਸਨ ਪ੍ਰੰਤੂ ਕੇਂਦਰ ਤੇ ਰਾਜ ਦੀ ਮੌਜੂਦਾ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਉਨ•ਾਂ ਆਖਿਆ ਕਿ ਪੰਜਾਬ ਸਰਕਾਰ ਘੱਟੋ ਘੱਟ ਹੁਣ ਬਠਿੰਡਾ ਏਅਰਪੋਰਟ ਦਾ ਨਾਮਕਰਨ ਹੀ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਨਾਮ ਤੇ ਕਰ ਦੇਵੇ।
                                   ਕੇਂਦਰ ਨੂੰ ਲਿਖਤੀ ਰੂਪ ਵਿਚ ਭੇਜਿਆ ਜਾਵੇ : ਵਲਟੋਹਾ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਦਾ ਪ੍ਰਤੀਕਰਮ ਸੀ ਕਿ ਮੋਹਾਲੀ ਕੌਮਾਂਤਰੀ ਏਅਰਪੋਰਟ ਦਾ ਨਾਮ ਸ਼ਹੀਦੇ ਆਜ਼ਮ ਦੇ ਨਾਮ ਤੇ ਬਿਲਕੁੱਲ ਰੱਖਿਆ ਜਾਣਾ ਹੈ ਜਿਸ ਵਾਰੇ ਕੇਂਦਰ ਨੇ ਹਰੀ ਝੰਡੀ ਦਿੱਤੀ ਹੋਈ ਹੈ। ਉਨ•ਾਂ ਆਖਿਆ ਕਿ ਅਗਰ ਬਠਿੰਡਾ ਏਅਰਪੋਰਟ ਦੇ ਮਾਮਲੇ ਵਿਚ ਵੀ ਲੋਕ ਇਹੋ ਚਾਹੁੰਦੇ ਹਨ ਤਾਂ ਉਹ ਲਿਖਤੀ ਰੂਪ ਵਿਚ ਕੇਂਦਰ ਨੂੰ ਮੰਗ ਭੇਜ ਦੇਣ ਅਤੇ ਅਕਾਲੀ ਦਲ ਸਭਨਾਂ ਦੇ ਜਜ਼ਬਾਤਾਂ ਦੀ ਕਦਰ ਕਰਦਾ ਹੈ।

No comments:

Post a Comment