Thursday, June 29, 2017

                          ਨਾਲੇ ਪੁੰਨ, ਨਾਲੇ ਫਲੀਆਂ
          ਔਰਬਿਟ ਨੇ ਦਿੱਤੇ ਸੁਖਬੀਰ ਨੂੰ  ਝੂਟੇ !
                              ਚਰਨਜੀਤ ਭੁੱਲਰ
ਬਠਿੰਡਾ : ਐਤਕੀਂ ਪੰਜਾਬ ਚੋਣਾਂ ਵਿਚ ਚੋਣ ਪ੍ਰਚਾਰ ਲਈ ਔਰਬਿਟ ਕੰਪਨੀ ਦਾ ਹੈਲੀਕਾਪਟਰ ਦਿਨ ਰਾਤ ਉੱਡਿਆ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨੇ ਚੋਂ 1.37 ਕਰੋੜ ਤਾਰੇ ਗਏ। ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਵਿਚ 27 ਦਿਨ ਔਰਬਿਟ ਐਵੀਏਸ਼ਨ ਕੰਪਨੀ ਦਾ ਹੈਲੀਕਾਪਟਰ ਵਰਤਿਆ ਜਿਸ ਨੇ ਚੋਣਾਂ 'ਚ ਅਸੈਂਬਲੀ ਹਲਕਿਆਂ ਦੇ 104 ਗੇੜੇ ਲਾਏ। ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ 40 ਸਟਾਰ ਪ੍ਰਚਾਰਕ ਸਨ ਪ੍ਰੰਤੂ ਔਰਬਿਟ ਹੈਲੀਕਾਪਟਰ ਦੀ ਵਰਤੋਂ ਸਿਰਫ਼ ਬਾਦਲ ਪਰਿਵਾਰ ਨੇ ਹੀ ਕੀਤੀ। ਦੋ ਦਿਨ ਬਿਕਰਮ ਮਜੀਠੀਆ ਅਤੇ ਇੱਕ ਦਿਨ ਹਰਸਿਮਰਤ ਕੌਰ ਬਾਦਲ ਨੇ ਇਸ ਦੀ ਵਰਤੋਂ ਕੀਤੀ। 24 ਦਿਨ ਹੈਲੀਕਾਪਟਰ ਦੀ ਵਰਤੋਂ ਇਕੱਲੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਐਨ.ਕੇ.ਸ਼ਰਮਾ ਨੇ ਹੁਣ ਚੋਣ ਕਮਿਸ਼ਨ ਭਾਰਤ ਸਰਕਾਰ ਕੋਲ ਜੋ ਪੰਜਾਬ ਚੋਣਾਂ ਵਿਚ ਪਾਰਟੀ ਦੇ ਹੋਏ ਕੁੱਲ ਖਰਚ ਦੀ ਰਿਟਰਨ ਜਮ•ਾ ਕਰਾਈ ਹੈ, ਉਸ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਚੋਣਾਂ 'ਤੇ ਕੁੱਲ 15.67 ਕਰੋੜ ਰੁਪਏ ਖਰਚ ਕੀਤੇ ਹਨ।
                          ਸਭ ਤੋਂ ਵੱਡਾ ਖਰਚਾ ਮੀਡੀਆ ਇਸ਼ਤਿਹਾਰਾਂ 'ਤੇ 8.83 ਕਰੋੜ ਕੀਤਾ ਗਿਆ ਜਿਸ ਚੋਂ ਇਕੱਲੇ ਪ੍ਰਿੰਟ ਮੀਡੀਆ ਨੂੰ 6.63 ਕਰੋੜ ਦੇ ਇਸ਼ਤਿਹਾਰ ਦਿੱਤੇ ਗਏ। ਐਤਕੀਂ ਸੋਸ਼ਲ ਮੀਡੀਆ 'ਤੇ ਅਕਾਲੀ ਦਲ ਨੇ 1.73 ਕਰੋੜ ਖਰਚ ਕੀਤੇ ਜਦੋਂ ਕਿ ਲੋਕ ਸਭਾ ਚੋਣਾਂ 2014 ਵਿਚ ਸੋਸ਼ਲ ਮੀਡੀਆ 'ਤੇ ਪਾਰਟੀ ਨੇ 1.02 ਕਰੋੜ ਖਰਚ ਕੀਤੇ ਸਨ। ਪੋਸਟਰਾਂ,ਫਲੈਕਸਾਂ ਅਤੇ ਝੰਡਿਆਂ ਆਦਿ 'ਤੇ 4.06 ਕਰੋੜ ਦਾ ਖਰਚਾ ਕੀਤਾ ਗਿਆ। ਇਲੈਕਟ੍ਰੋਨਿਕ ਮੀਡੀਏ ਚੋਂ ਸ਼੍ਰੋਮਣੀ ਅਕਾਲੀ ਦਲ ਨੇ ਪੀ.ਟੀ.ਸੀ ਚੈਨਲ ਨੂੰ 57.50 ਲੱਖ, ਫਾਸਟ ਵੇਅ ਨੂੰ 28.75 ਲੱਖ ਦੇ ਇਸ਼ਤਿਹਾਰ ਦਿੱਤੇ ਜਦੋਂ ਕਿ ਜੀ-ਪੰਜਾਬੀ ਨੂੰ 30 ਲੱਖ ਦੇ ਇਸ਼ਤਿਹਾਰ ਦਿੱਤੇ। ਇਹ ਸਾਰਾ ਖਰਚਾ ਵੋਟਾਂ ਪੈਣ ਤੋਂ ਪਹਿਲਾਂ ਵਾਲੇ ਆਖਰੀ 16 ਦਿਨਾਂ ਦੌਰਾਨ ਕੀਤਾ ਗਿਆ। ਪਾਰਟੀ ਦਫ਼ਤਰਾਂ ਦੇ ਖ਼ਰਚਿਆਂ 'ਤੇ 1.18 ਕਰੋੜ ਰੁਪਏ ਖਰਚ ਆਏ ਹਨ। ਸ਼੍ਰੋ੍ਰਮਣੀ ਅਕਾਲੀ ਦਲ ਨੂੰ ਇਹ ਵੱਡਾ ਖਰਚਾ ਸਿਆਸੀ ਤੌਰ ਤੇ ਰਾਸ ਨਹੀਂ ਆ ਸਕਿਆ ਅਤੇ ਪਾਰਟੀ ਵਿਰੋਧੀ ਧਿਰ ਦੇ ਰੁਤਬੇ ਤੱਕ ਵੀ ਨਹੀਂ ਪੁੱਜ ਸਕੀ।
                          ਵੇਰਵਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਸਾਲ 2012 ਦੀਆਂ ਚੋਣਾਂ ਵਿਚ ਹੈਲੀਕਾਪਟਰ 'ਤੇ 1.41 ਕਰੋੜ ਰੁਪਏ ਖਰਚ ਕੀਤੇ ਸਨ। ਐਤਕੀਂ ਚੋਣਾਂ ਵਿਚ ਇਕੱਲੀ ਔਰਬਿਟ ਕੰਪਨੀ ਦਾ ਹੈਲੀਕਾਪਟਰ ਵਰਤਿਆ ਗਿਆ ਜਿਸ ਨਾਲ ਬਾਦਲ ਪਰਿਵਾਰ ਨੇ ਇਕੱਲੇ 12 ਗੇੜੇ ਕਾਲਝਰਾਨੀ ਦੇ ਲਾਏ। ਜੋ ਖਰਚਾ ਉਮੀਦਵਾਰਾਂ ਨੇ ਆਪਣੇ ਤੌਰ ਤੇ ਕੀਤਾ ਹੈ, ਉਹ ਵੱਖਰਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਚੋਂ ਸਿਰਫ਼ ਪਟਿਆਲਾ ਦੇ ਉਮੀਦਵਾਰ ਜਰਨਲ ਜੇ.ਜੇ.ਸਿੰਘ ਨੂੰ 20 ਲੱਖ ਰੁਪਏ ਦਾ ਫੰਡ ਦਿੱਤਾ ਜਦੋਂ ਕਿ ਬਾਕੀ ਕਿਸੇ ਉਮੀਦਵਾਰ ਨੂੰ ਕੋਈ ਚੋਣ ਫੰਡ ਨਹੀਂ ਦਿੱਤਾ। ਦੂਸਰੀ ਤਰਫ਼ ਕਾਂਗਰਸ ਪਾਰਟੀ ਨੇ ਪੰਜਾਬ ਚੋਣਾਂ ਲੜਨ ਵਾਲੇ 117 ਉਮੀਦਵਾਰਾਂ ਚੋਂ ਸਿਰਫ਼ 44 ਉਮੀਦਵਾਰਾਂ ਨੂੰ ਹੀ ਚੋਣ ਫੰਡ ਵਜੋਂ 10.90 ਕਰੋੜ ਦਿੱਤੇ। ਹਰ ਉਮੀਦਵਾਰ ਨੂੰ 25 ਲੱਖ ਰੁਪਏ ਦਾ ਚੋਣ ਫੰਡ ਦਿੱਤਾ ਗਿਆ। ਕਾਂਗਰਸ ਨੇ ਯੂ.ਪੀ ਵਿਚ ਪ੍ਰਤੀ ਉਮੀਦਵਾਰ 20 ਲੱਖ ਰੁਪਏ ਦਾ ਚੋਣ ਫੰਡ ਦਿੱਤਾ। ਤ੍ਰਿਣਾਮੂਲ ਕਾਂਗਰਸ ਪਾਰਟੀ ਨੇ ਚੋਣਾਂ ਬਿਨ•ਾਂ ਕੋਈ ਧੇਲਾ ਖਰਚ ਕੀਤੇ ਹੀ ਲੜੀਆਂ।
                                   ਕਾਮਰੇਡਾਂ ਦੇ ਸਟਾਰ ਪ੍ਰਚਾਰਕ ਬੱਸਾਂ 'ਚ ਘੁੰਮੇ
ਭਾਰਤੀ ਕਮਿਊਨਿਸਟ ਪਾਰਟੀ ਦੇ ਸਟਾਰ ਪ੍ਰਚਾਰਕਾਂ ਨੇ ਬੱਸਾਂ ਵਿਚ ਸਫਰ ਕੀਤਾ। ਪਾਰਟੀ ਦੇ ਸਟਾਰ ਪ੍ਰਚਾਰਕ ਬੰਤ ਸਿੰਘ ਬਰਾੜ ਦੇ ਬੱਸ ਸਫ਼ਰ ਦਾ 1210 ਰੁਪਏ ਖਰਚ ਅਤੇ ਗੁਰਨਾਮ ਕੰਵਰ ਦਾ 2880 ਰੁਪਏ ਖਰਚ ਆਇਆ। ਪਾਰਟੀ ਨੇਤਾ ਲਾਲ ਜੀ ਦੇ ਬੱਸ ਸਫ਼ਰ ਦਾ ਖਰਚ 1640 ਰੁਪਏ, ਵਿਜੇ ਸ਼ਰਮਾ ਦਾ 890 ਰੁਪਏ ਅਤੇ ਸਤਿਆਦੇਵ ਸੈਣੀ ਦਾ ਬੱਸ ਸਫ਼ਰ ਅਤੇ ਟੈਕਸੀ ਦਾ 8271 ਰੁਪਏ ਖਰਚਾ ਆਇਆ। ਸੀ.ਪੀ.ਆਈ ਨੇ ਚੋਣਾਂ ਵਿਚ ਕੁੱਦੇ ਆਪਣੇ 23 ਉਮੀਦਵਾਰਾਂ ਨੂੰ 1.80 ਲੱਖ ਰੁਪਏ ਚੋਣ ਫੰਡ ਵਜੋਂ ਦਿੱਤੇ।

No comments:

Post a Comment