Sunday, June 25, 2017

                                    ਕਪਤਾਨ ਦਾ ਤੋਹਫਾ
                ਮਖ਼ਮਲੀ ਸੜਕ ਕਰੇਗੀ ਜੇਬ ਖਾਲੀ
                                     ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ-ਜੀਰਕਪੁਰ ਕੌਮੀ ਸ਼ਾਹਰਾਹ ਦਾ ਸੁਹਾਣਾ ਸਫ਼ਰ ਹੁਣ ਕਰੀਬ 400 ਰੁਪਏ ਵਿਚ ਪਏਗਾ। ਕਰੀਬ 214 ਕਿਲੋਮੀਟਰ ਲੰਮੇ ਇਸ ਸੜਕ ਮਾਰਗ 'ਤੇ ਪੰਜ ਟੌਲ ਪਲਾਜਾ ਬਣ ਰਹੇ ਹਨ ਜਿਨ•ਾਂ 'ਤੇ ਬਠਿੰਡਾ ਤੋਂ ਚੰਡੀਗੜ• ਤੱਕ ਦੇ ਇੱਕ ਪਾਸੇ ਦੇ ਸਫ਼ਰ ਦੇ ਲੋਕਾਂ ਨੂੰ ਕਰੀਬ ਚਾਰ ਸੌ ਰੁਪਏ ਬਤੌਰ ਟੌਲ ਟੈਕਸ ਤਾਰਨੇ ਪੈਣਗੇ। ਕੌਮੀ ਸੜਕ ਅਥਾਰਟੀ ਨੇ ਪਹਿਲੇ ਟੌਲ ਪਲਾਜਾ ਦੇ ਰੇਟ ਜਾਰੀ ਕਰ ਦਿੱਤੇ ਹਨ ਜਿਸ ਤੋਂ ਇਸ ਕੌਮੀ ਸ਼ਾਹਰਾਹ ਦਾ ਸਫ਼ਰ ਮਹਿੰਗਾ ਹੋਣ ਦੇ ਸੰਕੇਤ ਮਿਲੇ ਹਨ। ਸੰਗਰੂਰ-ਪਟਿਆਲਾ ਦਰਮਿਆਨ ਪਿੰਡ ਕਾਲਾਝਾੜ ਵਿਖੇ ਟੌਲ ਪਲਾਜਾ ਲਗਭਗ ਤਿਆਰ ਹੋ ਚੁੱਕਾ ਹੈ ਜਿਸ ਦੇ ਟੌਲ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਜਦੋਂ ਕਿ ਕਰੀਬ ਚਾਰ ਮਹੀਨੇ ਮਗਰੋਂ ਬਡਬਰ ਟੌਲ ਪਲਾਜਾ ਚਾਲੂ ਹੋਣ ਦੀ ਸੰਭਾਵਨਾ ਹੈ। ਕੌਮੀ ਸੜਕ ਅਥਾਰਟੀ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਕਾਲਾਝਾੜ ਟੌਲ ਪਲਾਜਾ ਤੋਂ ਪਟਿਆਲਾ ਤੱਕ ਦੇ ਇੱਕ ਤਰਫ਼ ਦੇ ਸਫ਼ਰ ਲਈ ਕਾਰ,ਜੀਪ ਅਤੇ ਹੋਰ ਲਾਈਟ ਮੋਟਰ ਵਹੀਕਲ 'ਤੇ 80 ਰੁਪਏ ਟੌਲ ਲੱਗੇਗਾ ਜਦੋਂ ਕਿ ਮਿੰਨੀ ਬੱਸ ਨੂੰ ਇਸ 41 ਕਿਲੋਮੀਟਰ ਦੇ ਸਫ਼ਰ ਲਈ ਇੱਕ ਪਾਸੇ ਦਾ 125 ਰੁਪਏ, ਵੱਡੀ ਬੱਸ ਤੇ ਟਰੱਕ ਨੂੰ 285 ਰੁਪਏ ਅਤੇ ਕਮਰਸ਼ੀਅਲ ਵਹੀਕਲ (ਥ੍ਰੀ ਐਕਸਲ) ਨੂੰ 290 ਰੁਪਏ ਤਾਰਨੇ ਪੈਣਗੇ।
                        ਅਥਾਰਟੀ ਤਰਫ਼ੋਂ ਪ੍ਰਤੀ ਕਿਲੋਮੀਟਰ 1.95 ਰੁਪਏ ਟੌਲ ਲਾਇਆ ਗਿਆ ਹੈ ਜਿਸ ਤੋਂ ਅੰਦਾਜ਼ਾ ਹੈ ਕਿ ਬਠਿੰਡਾ ਤੋਂ ਜੀਰਕਪੁਰ ਦਾ ਇੱਕ ਪਾਸੇ ਦਾ ਸਫ਼ਰ ਕਰੀਬ ਚਾਰ ਸੌ ਰੁਪਏ ਵਿਚ ਪਏਗਾ। ਨੋਟੀਫਿਕੇਸ਼ਨ ਅਨੁਸਾਰ ਕਾਲਾਝਾੜ ਦੇ ਆਸ ਪਾਸ ਦੇ 20 ਕਿਲੋਮੀਟਰ ਦੇ ਸਫ਼ਰ ਲਈ ਮਹੀਨਾਵਾਰ ਪਾਸ ਬਣਾਏ ਜਾਣ ਦੀ ਵਿਵਸਥਾ ਵੀ ਕੀਤੀ ਗਈ ਹੈ। ਇਲਾਕੇ ਦੇ ਪਿੰਡਾਂ ਦੇ ਵਸਨੀਕ ਆਪਣੇ ਨਿੱਜੀ ਵਾਹਨਾਂ ਦੇ 245 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪਾਸ ਬਣਾ ਸਕਣਗੇ। ਵੇਰਵਿਆਂ ਅਨੁਸਾਰ ਬਡਵਰ ਅਤੇ ਲਹਿਰਾ ਬੇਗਾ ਟੌਲ ਪਲਾਜਾ ਤਿਆਰ ਹੋਣੇ ਬਾਕੀ ਹਨ ਜਿਨ•ਾਂ ਦੇ ਟੌਲ ਦਾ ਨੋਟੀਫਿਕੇਸ਼ਨ ਤਿੰਨ ਚਾਰ ਮਹੀਨੇ ਵਿਚ ਹੋ ਜਾਵੇਗਾ। ਪਟਿਆਲਾ ਅਤੇ ਜੀਰਕਪੁਰ ਦਰਮਿਆਨ ਦੋ ਟੌਲ ਪਲਾਜਾ ਬਣਨੇ ਹਨ। ਬਠਿੰਡਾ ਤੋਂ ਸੰਗਰੂਰ ਦਰਮਿਆਨ ਪਿੰਡ ਲਹਿਰਾ ਬੇਗਾ ਅਤੇ ਪਿੰਡ ਬਡਬਰ ਕੋਲ ਟੌਲ ਪਲਾਜਾ ਹੋਣਗੇ। ਅੰਦਾਜ਼ੇ ਅਨੁਸਾਰ ਵੱਡੀ ਬੱਸ ਨੂੰ ਬਠਿੰਡਾ ਤੋਂ ਜੀਰਕਪੁਰ ਤੱਕ ਕਰੀਬ 1500 ਰੁਪਏ ਬਤੌਰ ਟੌਲ ਤਾਰਨੇ ਪੈਣਗੇ। ਲੋਕ ਨਿਰਮਾਣ ਵਿਭਾਗ ਦੇ ਨੋਡਲ ਅਧਿਕਾਰੀ ਸ੍ਰੀ ਐਨ.ਪੀ.ਸਿੰਘ ਦਾ ਕਹਿਣਾ ਸੀ ਕਿ ਕਾਲਾਝਾੜ ਟੌਲ ਪਲਾਜਾ ' ਅਜਮਾਇਸ਼ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਜਲਦੀ ਚਾਲੂ ਹੋ ਰਿਹਾ ਹੈ।
                      ਬਠਿੰਡਾ ਤੋਂ ਪਟਿਆਲਾ ਤੱਕ ਕੌਮੀ ਸੜਕ ਮਾਰਗ ਨੂੰ ਚਹੁੰ ਮਾਰਗੀ ਬਣਾਏ ਜਾਣ ਤੇ ਕਰੀਬ 2236 ਕਰੋੜ ਰੁਪਏ ਖਰਚ ਆਉਣੇ ਹਨ ਅਤੇ ਬਠਿੰਡਾ ਪਟਿਆਲਾ ਤੱਕ ਕਰੀਬ ਪੌਣੇ ਤਿੰਨ ਸੌ ਰੁਪਏ ਟੌਲ ਲੱਗਣ ਦਾ ਅਨੁਮਾਨ ਹੈ। ਬਠਿੰਡਾ ਤੋਂ ਬਡਰੁੱਖਾ ਤੱਕ ਦੇ 87 ਕਿਲੋਮੀਟਰ ਸੜਕ ਪ੍ਰੋਜੈਕਟ ਦਾ ਕੰਮ ਵੀ ਤੇਜੀ ਨਾਲ ਚੱਲ ਰਿਹਾ ਹੈ। ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਸ੍ਰੀ ਨੀਰਜ ਭੰਡਾਰੀ ਦਾ ਕਹਿਣਾ ਸੀ ਕਿ ਬਠਿੰਡਾ ਬਡਰੁੱਖਾ ਤੱਕ ਸੜਕ ਮਾਰਗ ਅਕਤੂਬਰ ਤੱਕ ਤਿਆਰ ਹੋ ਜਾਵੇਗਾ ਅਤੇ ਰਾਮਪੁਰਾ ਫਾਟਕ ਤੇ ਪੈਂਦਾ ਓਵਰ ਬਰਿੱਜ ਵੀ ਅਕਤੂਬਰ ਤੱਕ ਮੁਕੰਮਲ ਹੋ ਜਾਣਾ ਹੈ। ਉਸ ਮਗਰੋਂ ਟੌਲ ਦਾ ਨੋਟੀਫਿਕੇਸ਼ਨ ਜਾਰੀ ਹੋਵੇਗਾ। ਸਾਇੰਨਟੈਫਿਕ ਅਵੇਰਸਨੈਸ ਫੋਰਮ ਪੰਜਾਬ ਦੇ ਪ੍ਰਧਾਨ ਡਾ.ਏ.ਐਸ.ਮਾਨ (ਸੰਗਰੂਰ) ਦਾ ਪ੍ਰਤੀਕਰਮ ਸੀ ਕਿ ਜਦੋਂ ਕੇਂਦਰ ਸਰਕਾਰ ਖੁਦ ਇਸ ਪ੍ਰੋਜੈਕਟ ਤੇ ਪੈਸਾ ਲਗਾ ਰਹੀ ਹੈ ਤਾਂ ਟੌਲ ਲਗਾਏ ਜਾਣ ਦੀ ਕੋਈ ਤੁਕ ਨਹੀਂ ਬਣਦੀ ਹੈ। ਉਨ•ਾਂ ਆਖਿਆ ਕਿ ਭਾਵੇਂ ਚਹੁੰ ਮਾਰਗੀ ਸੜਕ ਬਣਨ ਨਾਲ ਸਫ਼ਰ ਦਾ ਸਮਾਂ ਘਟੇਗਾ ਅਤੇ ਹਾਦਸਿਆਂ ਵਿਚ ਕਮੀ ਆਵੇਗੀ ਪ੍ਰੰਤੂ ਇਹ ਸਹੂਲਤਾਂ ਦੇਣੀਆਂ ਵੈਲਫੇਅਰ ਸਟੇਟ ਦਾ ਮੁਢਲਾ ਫਰਜ਼ ਹੈ। ਵੇਰਵਿਆਂ ਅਨੁਸਾਰ ਬਠਿੰਡਾ ਜੀਰਕਪੁਰ ਤੱਕ ਦਰਜਨਾਂ ਫਲਾਈਓਵਰ ਵੀ ਬਣ ਰਹੇ ਹਨ। 

1 comment:

  1. ਜੇ ਸੜਕਾਂ ਤੇ ਚੱਲਣ ਲਈ ਹਰ ਰੋਜ਼ ਜਾਂ ਜਰੂਰਤ ਅਨੁਸਾਰ, ਹਰ ਕੁਝ ਕਿਲੋਮੀਟਰ ਬਾਅਦ ਮੋਟੀ ਰਾਸ਼ੀ ਦੇਣੀ ਪੈਣੀ ਹੈ ਤਾਂ ਸਰਕਾਰ ਹਰ ਵਹੀਕਲ ਦੀ ਖਰੀਦ ਵੇਲੇ 15 ਸਾਲ ਦਾ ਰੋਡ ਟੈਕਸ , ਉਹ ਵੀ ਐਡਵਾਂਸ ਕਿਉਂ ਅਤੇ ਕਿਸ ਚੀਜ਼ ਦਾ ਭਰਾਉਂਦੀ ਹੈ, ਇਹ ਰਾਜ ਜਾਂ ਕੌਮੀ ਮਾਰਗ ਹੁਣ ਥਾਂ ਥਾਂ ਖੁੱਲ੍ਹੇ ਟੋਲ ਟੈਕਸ ਪਲਾਜ਼ਾ ਇੱਕ ਵੱਡੀ ਲੁੱਟ ਹੀ ਤਾਂ ਹੈ,

    ReplyDelete