Friday, June 2, 2017

                            ਔਰਬਿਟ ਦਾ ਰਾਜ
    ਮੋਤੀਆਂ ਵਾਲੀ ਸਰਕਾਰ 'ਚ ਛਾਏ ਬਾਦਲ !
                              ਚਰਨਜੀਤ ਭੁੱਲਰ
ਬਠਿੰਡਾ :  ਕੈਪਟਨ ਸਰਕਾਰ 'ਚ ਵੀ ਜਰਨੈਲੀ ਸੜਕਾਂ ਤੇ ਔਰਬਿਟ ਦਾ ਰਾਜ ਹੈ। ਸਰਕਾਰੀ ਬੱਸਾਂ ਨੂੰ ਹਕੂਮਤ ਬਦਲੀ ਮਗਰੋਂ ਵੀ ਸੁੱਖ ਦਾ ਸਾਹ ਨਹੀਂ ਆਇਆ। ਬਾਦਲ ਪਰਿਵਾਰ ਨੇ ਹੁਣ ਕਰੀਬ 15 ਨਵੀਆਂ ਮਰਸਡੀਜ਼ ਬੱਸਾਂ ਨੂੰ ਸੜਕਾਂ 'ਤੇ ਉਤਾਰਿਆ ਹੈ ਜਦੋਂ ਕਿ 30 ਦੇ ਕਰੀਬ ਨਵੀਆਂ ਸਧਾਰਨ ਬੱਸਾਂ ਆਉਂਦੇ ਦਿਨਾਂ 'ਚ ਸੜਕਾਂ ਤੇ ਦਿੱਖਣਗੀਆਂ। ਗਠਜੋੜ ਸਰਕਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਨਿਸ਼ਾਨੇ 'ਤੇ ਔਰਬਿਟ ਬੱਸਾਂ ਸਨ। ਰਾਜ ਭਾਗ ਬਦਲਣ ਮਗਰੋਂ ਜਦੋਂ ਪੀ.ਆਰ.ਟੀ.ਸੀ ਨੇ ਗ਼ੈਰਕਨੂੰਨੀ ਬੱਸਾਂ ਖ਼ਿਲਾਫ਼ ਬਿਗਲ ਵਜਾਇਆ ਤਾਂ ਉਸੇ ਦਿਨ ਉਪਰੋਂ ਹੁਕਮ ਆ ਗਏ। ਕੁਝ ਘੰਟਿਆਂ 'ਚ ਹੀ ਸਮਾਂ ਪੁਰਾਣੀ ਚਾਲ ਵਿਚ ਆ ਗਿਆ। ਉਪਰੋਂ ਮਾਝੇ ਤੇ ਦੁਆਬੇ 'ਚ ਕਾਂਗਰਸੀ ਲੀਡਰਾਂ ਦੀ ਪ੍ਰਾਈਵੇਟ ਟਰਾਂਸਪੋਰਟ ਗ਼ੈਰਕਨੂੰਨੀ ਧੂੜਾਂ ਪੁੱਟਣ ਲੱਗੀ ਹੈ। ਅਹਿਮ ਸੂਤਰਾਂ ਅਨੁਸਾਰ ਬਾਦਲ ਪਰਿਵਾਰ ਨੇ 15 ਪੁਰਾਣੀਆਂ ਮਰਸਡੀਜ਼ ਬੱਸਾਂ ਨੂੰ ਸੜਕਾਂ ਤੋਂ ਉਤਾਰ ਕੇ ਨਵੀਆਂ ਮਰਸਡੀਜ਼ ਬੱਸਾਂ ਚਲਾ ਦਿੱਤੀਆਂ ਹਨ। ਪੁਰਾਣੀਆਂ ਬੱਸਾਂ ਦੀ ਬਰੇਕ ਡਾਊਨ ਜਿਆਦਾ ਹੋ ਗਈ ਸੀ। ਬਾਦਲ ਪਰਿਵਾਰ ਦੀ ਬੱਸ ਕੰਪਨੀ ਦੀਆਂ ਬਠਿੰਡਾ ਚੰਡੀਗੜ•, ਚੰਡੀਗੜ• ਅੰਮ੍ਰਿਤਸਰ ਅਤੇ ਚੰਡੀਗੜ• ਪਠਾਨਕੋਟ ਰੂਟ 'ਤੇ ਕਰੀਬ 32 ਮਰਸਡੀਜ਼ ਬੱਸਾਂ ਚੱਲਦੀਆਂ ਹਨ।
                     ਪੰਜ ਨਵੀਆਂ ਸਧਾਰਨ ਤੇ ਏ.ਸੀ ਬੱਸਾਂ ਪਾਈਆਂ ਗਈਆਂ ਹਨ ਜਦੋਂ ਕਿ ਇਸ ਵੀ.ਆਈ.ਪੀ ਬੱਸ ਕੰਪਨੀ ਨੇ 30 ਦੇ ਕਰੀਬ ਪੁਰਾਣੀਆਂ ਸਧਾਰਨ ਬੱਸਾਂ ਨੂੰ ਤਬਦੀਲ ਕਰਕੇ ਨਵੀਆਂ ਪਾਉਣੀਆਂ ਹਨ। ਸੂਤਰ ਆਖਦੇ ਹਨ ਕਿ ਵੀ.ਆਈ.ਪੀ ਬੱਸ ਕੰਪਨੀ ਦੀਆਂ ਕਰੀਬ ਦਰਜਨ ਤੋਂ ਉਪਰ ਇੰਡੋ ਕੈਨੇਡੀਅਨ ਬੱਸਾਂ ਅੰਮ੍ਰਿਤਸਰ ਤੋਂ ਦਿੱਲੀ ਕੰਨਟਰੈਕਟ ਕੈਰੇਜ਼ ਪਰਮਿਟ ਤੇ ਚੱਲਦੀਆਂ ਹਨ। ਪਰਮਿਟ ਦੀਆਂ ਸ਼ਰਤਾਂ ਅਨੁਸਾਰ ਰਸਤੇ ਤੋਂ ਬੱਸ ਕੰਪਨੀ ਕਿਤੋਂ ਵੀ ਕੋਈ ਸਵਾਰੀ ਚੁੱਕ ਜਾਂ ਉਤਾਰ ਨਹੀਂ ਸਕਦੀ ਹੈ। ਇੰਡੋ ਕੈਨੇਡੀਅਨ ਬੱਸ ਸਰਵਿਸ ਦੀ ਵੈਬਸਾਈਟ 'ਤੇ ਪੰਜਾਬ ਦੇ ਵੱਡੇ ਸ਼ਹਿਰਾਂ ਤੋਂ ਆਨ ਲਾਈਨ ਬੁਕਿੰਗ ਹੋ ਰਹੀ ਹੈ ਜਿਸ ਦਾ ਮਤਲਬ ਹੈ ਕਿ ਇਹ ਬੱਸ ਕੰਪਨੀ ਜਲੰਧਰ,ਫਗਵਾੜਾ,ਲੁਧਿਆਣਾ ਤੇ ਰਾਜਪੁਰਾ ਤੋਂ ਸਵਾਰੀ ਚੁੱਕਦੀ ਵੀ ਹੈ ਅਤੇ ਉਤਾਰਦੀ ਵੀ ਹੈ ਇਵੇਂ ਮਾਲਵੇ ਦੇ ਬਾਕੀ ਅਕਾਲੀ ਆਗੂਆਂ ਦੀ ਟਰਾਂਸਪੋਰਟ ਵੀ ਪੁਰਾਣੀ ਚਾਲ 'ਤੇ ਹੀ ਧੂੜਾਂ ਪੁੱਟ ਰਹੀ ਹੈ। ਵੱਡੇ ਕਾਂਗਰਸੀ ਟਰਾਂਸਪੋਰਟਰਾਂ ਨੇ ਵੀ ਅੰਮ੍ਰਿਤਸਰ ਦੇ ਬੱਸ ਅੱਡੇ ਦੇ ਬਾਹਰ,ਜਲੰਧਰ ਦੇ ਪੀ.ਏ.ਪੀ ਚੌਂਕ ਅਤੇ ਲੁਧਿਆਣਾ ਦੇ ਢੋਲੇਵਾਲਾ ਤੇ ਸਮਰਾਲਾ ਚੌਂਕ ਵਿਚ ਆਰਜ਼ੀ ਬੱਸ ਅੱਡੇ ਬਣਾ ਲਏ ਹਨ।
                  ਵੇਰਵਿਆਂ ਅਨੁਸਾਰ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਅੰਬਾਲਾ ਤੱਕ ਦੇ 13 ਟਾਈਮ ਪ੍ਰਵਾਨਿਤ ਹਨ ਜਦੋਂ ਕਿ ਕਾਂਗਰਸੀ ਲੀਡਰਾਂ ਦੀਆਂ ਬੱਸਾਂ ਦੇ ਹਕੀਕਤ 54 ਟਾਈਮ ਚੱਲ ਰਹੇ ਹਨ। ਪੀ.ਆਰ.ਟੀ.ਸੀ ਨੂੰ ਪਹਿਲਾਂ ਉਮੀਦ ਸੀ ਕਿ ਹਕੂਮਤ ਬਦਲੀ ਮਗਰੋਂ ਦਿਨ ਬਦਲਣਗੇ ਅਤੇ ਆਮਦਨੀ ਵਿਚ ਵੱਡਾ ਵਾਧਾ ਹੋਵੇਗਾ। ਤੱਥਾਂ ਅਨੁਸਾਰ ਪੀ.ਆਰ.ਟੀ.ਸੀ ਦੀ ਮਾਰਚ 2017 ਦੇ ਮਹੀਨੇ ਦੌਰਾਨ ਪ੍ਰਤੀ ਦਿਨ ਦੀ ਆਮਦਨ ਔਸਤਨ 1.06 ਕਰੋੜ ਰਹੀ ਹੈ ਜਦੋਂ ਕਿ ਮਾਰਚ 2016 ਵਿਚ ਗਠਜੋੜ ਹਕੂਮਤ ਸਮੇਂ ਇਹੋ ਔਸਤਨ 98 ਲੱਖ ਰੁਪਏ ਪ੍ਰਤੀ ਦਿਨ ਦੀ ਸੀ। ਮਤਲਬ ਕਿ ਸਿਰਫ 8 ਲੱਖ ਪ੍ਰਤੀ ਦਿਨ ਦਾ ਵਾਧਾ ਹੋਇਆ ਇਵੇਂ ਹੀ ਪੀ.ਆਰ.ਟੀ.ਸੀ ਦੀ ਅਪਰੈਲ 2017 ਦੌਰਾਨ ਪ੍ਰਤੀ ਦਿਨ ਦੀ ਆਮਦਨ ਕਰੀਬ 1.07 ਕਰੋੜ ਰੁਪਏ ਔਸਤਨ ਪ੍ਰਤੀ ਦਿਨ ਰਹੀ ਹੈ ਜਦੋਂ ਕਿ ਅਪਰੈਲ 2016 ਦੇ ਮਹੀਨੇ ਵਿਚ ਇਹੋ ਆਮਦਨ ਔਸਤਨ ਕਰੀਬ ਇੱਕ ਕਰੋੜ ਰੁਪਏ ਪ੍ਰਤੀ ਦਿਨ ਰਹੀ ਹੈ। ਪੀ. ਆਰ.ਟੀ.ਸੀ ਨੂੰ ਪਹਿਲੋਂ ਉਮੀਦ ਸੀ ਕਿ ਹਕੂਮਤ ਬਦਲੀ ਮਗਰੋਂ ਪ੍ਰਤੀ ਦਿਨ ਦੀ ਆਮਦਨ ਸਵਾ ਕਰੋੜ ਪ੍ਰਤੀ ਦਿਨ ਤੋਂ ਉਪਰ ਚਲੀ ਜਾਵੇਗੀ।
                     ਪੰਜਾਬ ਰੋਡਵੇਜ਼ ਇੰਪਲਾਈਜ ਯੂਨੀਅਨ (ਅਜ਼ਾਦ) ਦੇ ਜਨਰਲ ਸਕੱਤਰ ਨਛੱਤਰ ਸਿੰਘ ਦਾ ਕਹਿਣਾ ਸੀ ਕਿ ਹਕੂਮਤ ਬਦਲੀ ਮਗਰੋਂ ਵੀ ਕੋਈ ਫਰਕ ਨਹੀਂ ਪਿਆ ਅਤੇ ਸਭ ਗ਼ੈਰਕਨੂੰਨੀ ਅਪਰੇਸ਼ਨ ਪੁਰਾਣੀ ਤਰਜ਼ ਹੀ ਚੱਲ ਰਿਹਾ ਹੈ। ਉਨ•ਾਂ ਆਖਿਆ ਕਿ ਵੱਡੀ ਗੜਬੜ ਟਾਈਮ ਟੇਬਲਾਂ ਵਿਚ ਹੈ ਜਿਸ ਨੂੰ ਹੱਥ ਨਹੀਂ ਪਾਇਆ ਜਾ ਰਿਹਾ। ਇਸੇ ਤਰ•ਾਂ ਪੀ.ਆਰ.ਟੀ.ਸੀ ਕਰਮਚਾਰੀ ਦਲ ਦੇ ਜਨਰਲ ਸਕੱਤਰ ਸੁਖਜਿੰਦਰ ਸਿੰਘ ਦਾ ਕਹਿਣਾ ਸੀ ਕਿ ਨਵੀਂ ਸਰਕਾਰ ਨੇ ਵੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਿਸ ਕਰਕੇ ਕੁਝ ਵੀ ਬਦਲਿਆ ਨਹੀਂ।
                                     ਟਾਈਮ ਟੇਬਲ ਹੀ ਗਲਤ ਹਨ : ਐਮ.ਡੀ
ਪੀ.ਆਰ.ਟੀ.ਸੀ ਦੇ ਮੈਨੇਜਿੰਗ ਡਾਇਰੈਕਟਰ ਸ੍ਰ.ਮਨਜੀਤ ਸਿੰਘ ਨਾਰੰਗ ਦਾ ਕਹਿਣਾ ਸੀ ਕਿ ਟਾਈਮ ਟੇਬਲ ਬਹੁਤ ਗਲਤ ਬਣੇ ਹੋਏ ਹਨ ਜੋ ਕਿ ਨਵੀਂ ਟਰਾਂਸਪੋਰਟ ਪਾਲਿਸੀ ਮਗਰੋਂ ਠੀਕ ਹੋ ਜਾਣਗੇ। ਉਨ•ਾਂ ਦੱਸਿਆ ਕਿ ਫਿਲਹਾਲ ਕਾਰਪੋਰੇਸ਼ਨ ਦੀ ਆਮਦਨ ਵਿਚ ਕੋਈ ਬਹੁਤਾ ਵਾਧਾ ਨਹੀਂ ਹੋਇਆ ਅਤੇ ਨਵੀਂ ਪਾਲਿਸੀ ਮਗਰੋਂ ਆਮਦਨ ਵਧਣ ਦੀ ਉਮੀਦ ਹੈ। ਕਾਰਪੋਰੇਸ਼ਨ ਵਲੋਂ 250 ਨਵੀਆਂ ਬੱਸਾਂ ਤਿੰਨ ਮਹੀਨੇ ਦੇ ਅੰਦਰ ਅੰਦਰ ਪਾਈਆਂ ਜਾ ਰਹੀਆਂ ਹਨ।

No comments:

Post a Comment