Wednesday, June 28, 2017

                                     ਨਵਾਂ ਫੈਸਲਾ
             ਮੋਇਆਂ ਨੂੰ ਮਿਲੇਗਾ 'ਮੁਫ਼ਤ ਕਫ਼ਨ'
                                ਚਰਨਜੀਤ ਭੁੱਲਰ
ਬਠਿੰਡਾ : ਭਾਵੇਂ ਪੰਜਾਬ ਦੇ ਗਰੀਬ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਚੋਂ ਮੁਫਤ ਇਲਾਜ ਤਾਂ ਬਹੁਤਾ ਨਹੀਂ ਮਿਲਦਾ ਪ੍ਰੰਤੂ ਹੁਣ ਮ੍ਰਿਤਕਾਂ ਨੂੰ 'ਮੁਫ਼ਤ ਕਫ਼ਨ' ਜਰੂਰ ਮਿਲੇਗਾ। ਸਿਹਤ ਵਿਭਾਗ ਪੰਜਾਬ ਦਾ ਨਵਾਂ ਫੈਸਲਾ ਹੈ ਕਿ ਜੋ ਗਰੀਬ ਲੋਕ ਹਨ, ਉਨ•ਾਂ ਨੂੰ ਮ੍ਰਿਤਕ ਦੇਹ ਢਕਣ ਵਾਸਤੇ 'ਮੁਫ਼ਤ ਕਫ਼ਨ' ਦਿੱਤਾ ਜਾਵੇਗਾ। ਇਵੇਂ ਹੀ ਮ੍ਰਿਤਕ ਦੇਹਾਂ ਨੂੰ ਲਿਜਾਣ ਵਾਸਤੇ ਟਰਾਂਸਪੋਰਟ ਦੀ ਸਹੂਲਤ ਲਈ 500 ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਵੇਗੀ। ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਨੇ ਕੁਝ ਦਿਨ ਪਹਿਲਾਂ ਪੰਜਾਬ ਭਰ ਦੇ ਸਿਵਲ ਸਰਜਨਾਂ ਨੂੰ ਪੱਤਰ ਭੇਜ ਕੇ ਨਵੇਂ ਹਦਾਇਤਾਂ ਦਿੱਤੀਆਂ ਹਨ। ਬੇਸ਼ੱਕ ਇਸ ਨਾਲ ਗਰੀਬ ਲੋਕਾਂ ਨੂੰ ਰਾਹਤ ਮਿਲੇਗੀ ਪ੍ਰੰਤੂ ਸਰਕਾਰ ਨੇ ਇਸ ਵਾਸਤੇ ਬਜਟ ਦਾ ਕਿਧਰੇ ਕੋਈ ਜ਼ਿਕਰ ਨਹੀਂ ਕੀਤਾ ਹੈ। ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਨੇ ਸਰਕਾਰੀ ਹਸਪਤਾਲਾਂ ਚੋਂ ਮ੍ਰਿਤਕ ਦੇਹਾਂ ਨੂੰ ਸਨਮਾਨ ਸਹਿਤ ਲਿਜਾਣ ਸਬੰਧੀ ਹਦਾਇਤਾਂ ਦਿੱਤੀਆਂ ਹਨ। ਇਨ•ਾਂ ਹਦਾਇਤਾਂ ਅਨੁਸਾਰ ਸਿਵਲ ਸਰਜਨਾਂ ਨੂੰ ਆਖਿਆ ਗਿਆ ਹੈ ਕਿ ਮ੍ਰਿਤਕ ਦੇਹਾਂ ਵਾਸਤੇ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਜਾਵੇ ਪ੍ਰੰਤੂ ਕਿਸੇ ਵੀ ਸਰਕਾਰੀ ਹਸਪਤਾਲ ਚੋਂ ਮ੍ਰਿ੍ਰਤਕ ਦੇਹਾਂ ਲਿਜਾਣ ਵਾਲੀ ਵੈਨ ਨਹੀਂ ਹੈ।
                           ਪੰਜਾਬ ਦੇ ਗੁਰਦਾਸਪੁਰ ਸਮੇਤ ਇੱਕ ਦੋ ਜਿਲਿ•ਆਂ ਵਿਚ ਹੀ ਇਹ ਵੈਨਾਂ ਹਨ ਜੋ ਦਾਨੀ ਸੱਜਣਾਂ ਨੇ ਦਿੱਤੀਆਂ ਹੋਈਆਂ ਹਨ। ਇਹ ਵੀ ਲਿਖਿਆ ਹੈ ਕਿ ਅਗਰ ਸਰਕਾਰੀ ਹਸਪਤਾਲਾਂ ਕੋਲ ਇਹ ਵੈਨ ਨਹੀਂ ਤਾਂ ਗਰੀਬ ਲੋਕਾਂ ਨੂੰ ਮ੍ਰਿਤਕ ਦੇਹਾਂ ਲਿਜਾਣ ਵਾਸਤੇ ਟਰਾਂਸਪੋਰਟ ਲਈ 500 ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਵੇ। ਪੱਤਰ ਵਿਚ ਕਿਧਰੇ ਜ਼ਿਕਰ ਨਹੀਂ ਕਿ ਇਹ ਰਾਸ਼ੀ ਕਿਹੜੇ ਫੰਡਾਂ ਚੋਂ ਦਿੱਤੀ ਜਾਵੇ ਅਤੇ ਨਾ ਹੀ ਫੰਡਾਂ ਸਬੰਧੀ ਕੋਈ ਵੱਖਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਸਿਵਲ ਸਰਜਨ ਬਠਿੰਡਾ ਡਾ.ਆਰ.ਐਸ.ਰੰਧਾਵਾ ਨੇ ਦੱਸਿਆ ਕਿ ਐਮ.ਡੀ ਵਲੋਂ ਜਾਰੀ ਪੱਤਰ ਦੀ ਪਾਲਣਾ ਸ਼ੁਰੂ ਕਰ ਦਿੱਤੀ ਹੈ। ਉਨ•ਾਂ ਦੱਸਿਆ ਕਿ ਫੰਡਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣਾ ਬਾਕੀ ਹੈ ਪ੍ਰੰਤੂ ਇਹ ਫੰਡ 'ਯੂਜਰਜ਼ ਫੰਡਾਂ' ਚੋਂ ਹੀ ਵਰਤੇ ਜਾਣਗੇ। ਉਨ•ਾਂ ਦੱਸਿਆ ਕਿ ਮ੍ਰਿਤਕ ਦੇਹਾਂ ਲਿਜਾਣ ਵਾਸਤੇ ਹਸਪਤਾਲਾਂ ਕੋਲ ਵੈਨਾਂ ਨਹੀਂ ਹਨ ਜਿਸ ਕਰਕੇ ਗਰੀਬ ਪਰਿਵਾਰਾਂ ਨੂੰ ਨਗਦ ਰਾਸ਼ੀ ਹੀ ਦਿੱਤੀ ਜਾਵੇਗੀ।  ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਨੇ ਦੱਸਿਆ ਕਿ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਸਿਵਲ ਹਸਪਤਾਲ ਦੇ ਡਾਕਟਰ ਯਕੀਨੀ ਬਨ•ਾਉਣਗੇ ਕਿ ਮ੍ਰਿਤਕ ਦੇਹ ਨੂੰ ਸੁਚੱਜੇ ਤਰੀਕੇ ਨਾਲ ਸਿਵਲ ਹਸਪਤਾਲ 'ਚੋ ਭੇਜਿਆ ਜਾਵੇ।
                          ਵੇਰਵਿਆਂ ਅਨੁਸਾਰ ਸਰਕਾਰੀ ਹਸਪਤਾਲ ਦੇ ਡਾਕਟਰ ਵਲੋਂ ਹਸਪਤਾਲ 'ਚੋਂ ਮ੍ਰਿਤਕ ਦੇਹ ਦੀ ਰਲੀਜ਼ ਬਾਰੇ ਆਰਡਰ ਜਾਰੀ ਕੀਤਾ ਜਾਵੇਗਾ ਅਤੇ ਉਸੇ ਡਾਕਟਰ ਵਲੋਂ  ਮ੍ਰਿਤਕ ਦੇ ਵਾਰਸਾਂ ਤੋਂ ਮ੍ਰਿਤਕ ਦੇਹ ਲੈ ਕੇ ਜਾਣ ਸਬੰਧੀ ਪ੍ਰੋਫਾਰਮਾ ਭਰਾਇਆ ਜਾਵੇਗਾ। ਉਸ ਤੋਂ ਪਹਿਲਾਂ ਮ੍ਰਿਤਕ ਦੇ ਵਾਰਸਾਂ ਨੂੰ ਪੁੱਛਿਆ ਜਾਵੇਗਾ ਕਿ ਉਨ•ਾਂ ਕੋਲ ਲਾਸ਼ ਲਿਜਾਣ ਸਬੰਧੀ ਟਰਾਂਸਪੋਰਟ ਦਾ ਕੋਈ ਪ੍ਰਬੰਧ ਹੈ ਜਾਂ ਨਹੀਂ। ਅਗਰ ਕਿਸੇ ਕੋਲ ਅਜਿਹਾ ਪ੍ਰਬੰਧ ਨਹੀਂ ਹੋਵੇਗਾ ਜਾਂ ਮਾਲੀ ਪਹੁੰਚ ਨਹੀਂ  ਹੋਵੇਗੀ ਤਾਂ ਉਨ•ਾਂ ਦੇ ਵਾਰਸਾਂ ਨੂੰ 500 ਰੁਪਏ ਤੱਕ ਦੀ ਮਾਲੀ ਮਦਦ ਦਿੱਤੀ ਜਾਵੇਗੀ ਜਿਸ ਦਾ ਵੇਰਵਾ ਪ੍ਰੋਫਾਰਮੇ ਵਿਚ ਦਰਜ ਕੀਤਾ ਜਾਵੇਗਾ। ਸਿਹਤ ਵਿਭਾਗ ਨੇ ਅਣਪਛਾਤੀਆਂ ਲਾਸ਼ਾਂ ਨੂੰ ਢਕਣ ਵਾਸਤੇ ਵੀ ਮੁਫ਼ਤ ਕਫ਼ਨ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ।  

No comments:

Post a Comment