Tuesday, January 2, 2018

                             ਪੰਜਾਬੀ ਢਾਬੇ 
          ਰੋਟੀ ਪਾਣੀ ਨਹੀਂ, ਭੁੱਕੀ ਮਿਲਦੀ ਹੈ !
                             ਚਰਨਜੀਤ ਭੁੱਲਰ
ਬੀਕਾਨੇਰ ; ਜਰਨੈਲੀ ਸੜਕਾਂ ’ਤੇ ਏਦਾ ਦੇ ਦਰਜਨਾਂ ‘ਪੰਜਾਬੀ ਢਾਬੇ’ ਹਨ ਜਿਨ੍ਹਾਂ ’ਤੇ ਰੋਟੀ ਨਹੀਂ, ਭੁੱਕੀ ਚੌਵੀ ਘੰਟੇ ਮਿਲਦੀ ਹੈ। ਜਦੋਂ ਤੋਂ ਭੁੱਕੀ ਦੇ ਠੇਕੇ ਰਾਜਸਥਾਨ ’ਚ ਬੰਦ ਹੋਏ ਹਨ, ਉਦੋਂ ਤੋਂ ਇਨ੍ਹਾਂ ਢਾਬਿਆਂ ’ਤੇ ਪੋਸਤ ਦਾ ਧੰਦਾ ਜਿਆਦਾ ਚੱਲਣ ਲੱਗਾ ਹੈ। ਬਹੁਤੇ ਢਾਬੇ ਮਝੈਲਾਂ ਦੇ ਹਨ ਤੇ ਇੱਕਾ ਦੁੱਕਾ ਢਾਬਾ ਮਾਲਕਾਂ ਦਾ ਪਿਛੋਕੜ ਮਾਲਵੇ ਦਾ ਹੈ। ਜਦੋਂ ਇਨ੍ਹਾਂ ਢਾਬਿਆਂ ’ਤੇ ਪੋਸਤ ਦੀ ਗੱਲ ਛੇੜੀ ਤਾਂ ਕਿਸੇ ਨੇ ਨਾਂਹ ਨਹੀਂ ਕੀਤੀ। ਬੱਸ ,ਥੋੜਾ ਭਰੋਸਾ ਦੇਣਾ ਪੈਂਦਾ ਹੈ। ਟਰੱਕਾਂ ਦੀ ਭੀੜ ਤੋਂ ਦੂਰੋਂ ਪਤਾ ਲੱਗ ਜਾਂਦਾ ਹੈ ਕਿ ਢਾਬੇ ਤੇ ‘ਮਾਲ’ ਵੀ ਮਿਲਦਾ ਹੈ। ਭਾਵੇਂ ਕਈ ਪੰਜਾਬੀ ਢਾਬਾ ਮਾਲਕ ਇਸ ਕੰਮ ਤੋਂ ਨਾਪਾਕ ਦਿੱਖੇ, ਬਹੁਤੇ ਹੁਣ ਪੋਸਤ ਤੋਂ ਖੱਟੀ ਖਾਣ ਲੱਗੇ ਹਨ। ਹਨੂੰਮਾਨਗੜ-ਬੀਕਾਨੇਰ-ਫਲੌਦੀ ਜਰਨੈਲ ਸੜਕ ’ਤੇ ਕਰੀਬ 23 ‘ਪੰਜਾਬੀ ਢਾਬੇ’ ਹਨ ਜਿਨ੍ਹਾਂ ਚੋਂ ਟਾਵੇਂ ਢਾਬੇ ਰੋਟੀ ਪਾਣੀ ਛਕਾਉਂਦੇ ਹਨ, ਬਾਕੀ ‘ਭੁੱਕੀ ਵਾਲੀ ਚਾਹ’ ਪਿਲਾਉਂਦੇ ਹਨ। ਇਨ੍ਹਾਂ ’ਚ ਕਈ ਢਾਬੇ ਨਾਮ ਦੇ ਪੰਜਾਬੀ ਹਨ ਜਿਨ੍ਹਾਂ ਨੂੰ ਚਲਾਉਂਦੇ ਰਾਜਸਥਾਨੀ ਹਨ। ਜਦੋਂ ਫਲੌਦੀ ਕੋਲ ਭੁੱਕੀ ਦੀ ਪੁੱਛਗਿੱਛ ਕੀਤੀ ਤਾਂ ਸਭਨਾਂ ਨੇ ‘ਗੋਪੀ ਦੇ ਢਾਬੇ’ ਦੀ ਦੱਸ ਪਾਈ। ਇੱਕ ਢਾਬੇ ਵਾਲੇ ਕੋਲ ਰੋਟੀ ਦਾ ਕੋਈ ਪ੍ਰਬੰਧ ਨਹੀਂ ਸੀ ਪ੍ਰੰਤੂ ਉਹ ਹੱਥੋਂ ਹੱਥ ਭੁੱਕੀ ਦੇਣ ਨੂੰ ਤਿਆਰ ਹੋ ਗਿਆ। ਕੀਮਤ 2700 ਰੁਪਏ ਕਿਲੋ। ਢਾਬੇ ਤੇ ਖੜ੍ਹੇ ਰਾਜਸਥਾਨੀ ਏਜੰਟ ਨੇ ‘ਸਕੀਮ’ ਦੀ ਪੇਸ਼ਕਸ਼ ਕੀਤੀ, ‘ ਪੰਜ ਕਿਲੋ ਲੈਣੀ ਹੈ ਤਾਂ 2500 ਰੁਪਏ ਕਿਲੋ ਲੱਗ ਜਾਏਗੀ, ਅੱਧਾ ਕਿਲੋ 1500 ਰੁਪਏ ’ਚ  ਮਿਲੇਗੀ।’
           ਬੀਕਾਨੇਰ ਲਾਗੇ ਇੱਕ ਢਾਬੇ ਵਾਲੇ ਰੇਸ਼ਮ ਸਿੰਘ ਨੇ ਖੁਦ ਹੀ ਦੱਸਿਆ ਕਿ ਉਹ ਕਾਰਾਂ ਵਾਲਿਆਂ ’ਤੇ ਵਿਸਵਾ ਨਹੀਂ ਕਰਦੇ, ਟਰੱਕਾਂ ਵਾਲਿਆਂ ਨੂੰ ਦਿੰਦੇ ਹਨ। ਦੱਸਿਆ ਕਿ ਉਹ ਢਾਬੇ ਦੇ ਅੰਦਰ ‘ਮਾਲ’ ਨਹੀਂ ਰੱਖਦੇ, ਜਦੋਂ ਗ੍ਰਾਹਕ ਆਉਂਦਾ ਹੈ ਤਾਂ ਫੌਰੀ ਗੁਪਤ ਸਟਾਕ ਚੋਂ ਲਿਆ ਕੇ ਪੋਸਤ ਦੇ ਦਿੱਤਾ ਜਾਂਦਾ ਹੈ। ਇੱਕ ਢਾਬੇ ਮਾਲਕ ਨੇ ਦੱਸਿਆ ਕਿ ਉਹ ਪੋਸਤ ਖਾਣ ਦਾ ਆਦੀ ਸੀ ਤੇ ਮਗਰੋਂ ਇੱਧਰ ਹੀ ਪੱਕਾ ਵਸ ਗਿਆ। ਇੱਕ ਦੋ ਢਾਬਿਆਂ ’ਤੇ ਕੰਮ ਕਰਦੇ ਨੌਕਰ ਵੀ ਪੋਸਤ ਖਾਣ ਦੇ ਆਦੀ ਸਨ। ਦੱਸਦੇ ਹਨ ਕਿ ਹਨੂੰਮਾਨਗੜ੍ਹ ਤੋਂ ਜੈਪੁਰ ਅਤੇ ਨਾਗੌਰ ਦੇ ਖੇਤਰ ਹੁਣ ਵੀ ਭੁੱਕੀ ਆਮ ਵਿਕਦੀ ਹੈ। ਟਰੱਕਾਂ ਵਾਲਿਆਂ ਨੇ ਦੱਸਿਆ ਕਿ ਉਹ ਰਾਤ ਵੇਲੇ ‘ਭੁੱਕੀ ਵਾਲੀ ਚਾਹ’ ਪੀ ਕੇ ਗੱਡੀ ਚਲਾਉਂਦੇ ਹਨ। ਜਰਨੈਲੀ ਸੜਕਾਂ ਤੇ ਤਾਂ ਕਈ ਆਜੜੀ ਵੀ ਭੁੱਕੀ ਵਾਲੇ ਪੈਕਟ ਵੇਚਣ ਲਈ ਵਾਹਨ ਚਾਲਕਾਂ ਨੂੰ ਇਸ਼ਾਰੇ ਕਰਦੇ ਦੇਖੇ ਗਏ। ਢਾਬਿਆਂ ’ਤੇ ਬੈਠੇ ਟਰੱਕਾਂ ਵਾਲਿਆਂ ਨੇ ਖੁਲਾਸਾ ਕੀਤਾ ਕਿ ਭੁੱਕੀ ਵੇਚਣ ਵਾਲੇ ਢਾਬਾ ਮਾਲਕਾਂ ਨੂੰ ਸਥਾਨਿਕ ਪੁਲੀਸ ਨੂੰ 10 ਤੋਂ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣੇ ਪੈਂਦੇ ਹਨ। ਵੇਰਵਿਆਂ ਅਨੁਸਾਰ ਰਾਜਸਥਾਨ ਸਰਕਾਰ ਨੇ ਪਹਿਲੀ ਅਪਰੈਲ 2015 ਤੋਂ ਭੁੱਕੀ ਦੇ ਠੇਕੇ ਬੰਦ ਕੀਤੇ ਸਨ ਪ੍ਰੰਤੂ ਉਸ ਮਗਰੋਂ ਇੱਕ ਵਰੇ੍ਹ ਲਈ ਹੋਰ ਮੋਹਲਤ ਦੇ ਦਿੱਤੀ ਗਈ ਸੀ।
                    ਹੁਣ ਪਹਿਲੀ ਅਪਰੈਲ 2016 ਤੋਂ ਰਾਜਸਥਾਨ ਵਿਚਲੇ 125 ਭੁੱਕੀ ਦੇ ਠੇਕੇ ਪੂਰੀ ਤਰਾਂ ਬੰਦ ਹੋ ਗਏ ਹਨ। ਰਾਜਸਥਾਨ ਵਿਚ ਕਰੀਬ 22 ਹਜ਼ਾਰ ਪੋਸਤ ਖਾਣ ਵਾਲੇ ਪਰਮਿਟ ਹੋਲਡਰ ਸਨ। ਭੁੱਕੀ ਦੇ ਠੇਕਿਆਂ ਤੋਂ ਪਰਮਿਟ ਹੋਲਡਰਾਂ ਨੂੰ 500 ਰੁਪਏ ਕਿਲੋ ਪੋਸਤ ਮਿਲਦਾ ਸੀ। ਸਖ਼ਤੀ ਦੇ ਸਮੇਂ ਭੁੱਕੀ ਦਾ ਰੇਟ ਦੋ ਹਜ਼ਾਰ ਤੱਕ ਰਿਹਾ ਹੈ। ਹੁਣ ਠੇਕੇ ਬੰਦ ਹੋਣ ਮਗਰੋਂ ਇਹੋ ਰੇਟ 2700 ਰੁਪਏ ਕਿਲੋ ਹੋ ਗਿਆ ਹੈ। ਤੱਥਾਂ ਤੇ ਨਜ਼ਰ ਮਾਰੀਏ ਤਾਂ ਰਾਜਸਥਾਨ ’ਚ ਸਾਲ 2017 (ਅਕਤੂਬਰ ਤੱਕ) ਐਨ.ਡੀ.ਪੀ.ਐਸ ਦੇ 1412 ਕੇਸ ਦਰਜ ਹੋਏ ਹਨ ਜਿਨ੍ਹਾਂ ਦੀ ਗਿਣਤੀ ਸਾਲ 2015 ’ਚ 790 ਸੀ। ਵਰ੍ਹਾ 2016 ’ਚ ਇਹੋ ਕੇਸ 1108 ਸਨ। ਬੀਕਾਨੇਰ ਰੇਂਜ ਦੇ ਆਈ.ਜੀ ਸ੍ਰੀ ਬਿਪਨ ਕੁਮਾਰ ਪਾਂਡੇ ਦਾ ਕਹਿਣਾ ਸੀ ਕਿ ਪੋਸਤ ਦੇ ਠੇਕੇ ਬੰਦ ਹੋਣ ਮਗਰੋਂ ਪੋਸਤ ਦੀ ਗ਼ੈਰਕਨੂੰਨੀ ਵਿਕਰੀ ਦੇ ਢੰਗ ਤਰੀਕੇ ਬਦਲੇ ਹਨ ਅਤੇ ਮਾਤਰਾ ਵੀ ਘਟੀ ਹੈ। ਢਾਬਿਆਂ ਤੋਂ ਇਲਾਵਾ ਸੜਕਾਂ ਤੇ ਪੈਂਦੀਆਂ ਦੁਕਾਨਾਂ ਵਾਲੇ ਵੀ ਪੋਸਤ ਵੇਚ ਰਹੇ ਹਨ ਅਤੇ ਕਾਫ਼ੀ ਫੜੇ ਵੀ ਹਨ। ਉਹ ਹੁਣ ਰੀਵਿਊ ਮੀਟਿੰਗ ਕਰਨਗੇ ਜਿਸ ਵਿਚ ਪੋਸਤ ਦੀ ਵਿਕਰੀ ਠੱਲ੍ਹਣ ਦੀ ਰਣਨੀਤੀ ਬਣਾਈ ਜਾਵੇਗੀ ਤੇ ਸਭ ਦੁਕਾਨਾਂ ਤੇ ਪੁਲੀਸ ਲਗਾਤਾਰ ਨਜ਼ਰ ਰੱਖ ਰਹੀ ਹੈ।

No comments:

Post a Comment