Monday, January 22, 2018

                       ਆਮ ਲਈ ‘ਮੰਦੜਾ’
  ਪੁਲੀਸ ਅਫਸਰਾਂ ਲਈ ਪੰਜਾਬ ‘ਰੰਗਲਾ’ !
                          ਚਰਨਜੀਤ ਭੁੱਲਰ
ਬਠਿੰਡਾ : ਪੁਲੀਸ ਅਫਸਰਾਂ ਲਈ ਤਾਂ ਪੰਜਾਬ ‘ਰੰਗਲਾ’ ਹੈ ਜਦੋਂ ਕਿ ਪੁਲੀਸ ਮੁਲਾਜ਼ਮਾਂ ਲਈ ‘ਮੰਦੜਾ’ ਹੈ। ਪੰਜਾਬ ਪੁਲੀਸ ਕੋਲ ਬਜਟ ਵੀ ਵੱਡਾ ਹੈ ਅਤੇ ਅਫਸਰਾਂ ਦੀ ਫੌਜ ਵੀ ‘ਵੱਡੀ’ ਹੈ। ਫਿਰ ਵੀ ‘ਆਮ ਆਦਮੀ’ ਦੀ ਜ਼ਿੰਦਗੀ ਦਾਅ ’ਤੇ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਤਾਜ਼ਾ ਵੇਰਵੇ ਅੱਖਾਂ ਖੋਲ੍ਹਦੇ ਹਨ। ਪੁਲੀਸ ਅਫਸਰਾਂ ਲਈ ਸਭ ਕੁਝ ਮੌਜੂਦ ਹੈ ਜਦੋਂ ਕਿ ਮੁਲਾਜ਼ਮ ਐਮਰਜੈਂਸੀ ਡਿਊਟੀ ਸਮੇਂ ਲੰਗਰ ਵੀ ਗੁਰੂ ਘਰਾਂ ਵਿਚ ਛਕਦੇ ਹਨ। ਏਦਾ ਦੇ ਹਾਲਾਤਾਂ ’ਚ ਹਰ ਪੰਜਾਬੀ ਪੁੱਛਦਾ ਹੈ ਕਿ ਉਹ ਭੈਅ ਦੇ ਤਾਣੇ ਬਾਣੇ ’ਚ ਕਿਵੇਂ ਖੁੱਲ੍ਹ ਕੇ ਜੀਣ। ਹੈਰਾਨੀ ਵਾਲੇ ਤੱਥ ਹਨ ਕਿ ਪੰਜਾਬ ਵਿਚ ਏ.ਆਈ.ਜੀ/ਐਸ.ਐਸ.ਪੀਜ਼/ਐਸ.ਪੀਜ਼ ਦੀਆਂ ਪ੍ਰਵਾਨਿਤ ਅਸਾਮੀਆਂ 160 ਹਨ ਜਦੋਂ ਕਿ ਤਾਇਨਾਤੀ 192 ਪੁਲੀਸ ਅਫਸਰਾਂ ਦੀ ਹੈ। 32 ਪੁਲੀਸ ਅਫਸਰ ‘ਸਰਪਲੱਸ’ ਹਨ। ਐਡੀਸ਼ਨਲ ਡੀਜੀ ਗਿਆਰਾਂ ਹਨ ਤੇ ਕੋਈ ਅਸਾਮੀ ਖਾਲੀ ਨਹੀਂ।  ਗ੍ਰਹਿ ਮੰਤਰਾਲੇ ਅਨੁਸਾਰ ਪੰਜਾਬ ਪੁਲੀਸ ’ਚ 32 ਆਈ.ਜੀ ਤਾਇਨਾਤ ਹਨ ਤੇ ਕੋਈ ਅਸਾਮੀ ਖਾਲੀ ਨਹੀਂ। ਏ.ਐਸ.ਪੀਜ਼ ਦੀਆਂ 294 ਅਸਾਮੀਆਂ ਪ੍ਰਵਾਨਿਤ ਹਨ ਅਤੇ ਕੋਈ ਵੀ ਖਾਲੀ ਨਹੀਂ ਹੈ। ਪੰਜਾਬ ਪੁਲੀਸ ਦੀ ਕੁੱਲ (ਸਿਵਲ ਤੇ ਆਰਮਿਡ) ਸੈਕਸ਼ਨ ਨਫ਼ਰੀ 87,672 ਹੈ  ਜਿਸ ਚੋਂ 7186 ਅਸਾਮੀਆਂ ਖਾਲੀ ਹਨ। ਸਿਪਾਹੀਆਂ ਦੀਆਂ 50,214 ਚੋਂ 46,070 ਅਤੇ ਹੌਲਦਾਰਾਂ ਦੀਆਂ 10059 ਚੋਂ 8511 ਭਰੀਆਂ ਹਨ।
               ਇਵੇਂ ਇੰਸਪੈਕਟਰਾਂ ਦੀਆਂ 158,ਸਬ ਇੰਸਪੈਕਟਰਾਂ ਦੀਆਂ 322 ਅਤੇ ਏ.ਐਸ.ਆਈ ਦੀਆਂ 418 ਅਸਾਮੀਆਂ ਖਾਲੀ ਹਨ। ਪੁਲੀਸ ਨਫਰੀ ਦੇਖੀਏ ਤਾਂ ਪੰਜਾਬ ’ਚ ਅੌਸਤਨ 363 ਵਿਅਕਤੀਆਂ ਦੀ ਸੁਰੱਖਿਆ ਪਿਛੇ ਇੱਕ ਪੁਲੀਸ ਮੁਲਾਜ਼ਮ ਦੀ ਤਾਇਨਾਤੀ ਹੈ। ਭੂਗੋਲਿਕ ਤੌਰ ਤੇ ਦੇਖੀਏ ਤਾਂ ਪੰਜਾਬ ’ਚ ਇੱਕ ਸੌ ਵਰਗ ਕਿਲੋਮੀਟਰ ਦੀ ਸੁਰੱਖਿਆ ਦਾ ਜਿੰਮਾ 123 ਪੁਲੀਸ ਮੁਲਾਜ਼ਮਾਂ ਕੋਲ ਹੈ ਜਦੋਂ ਕਿ ਸੈਕਸ਼ਨ ਨਫ਼ਰੀ 136 ਮੁਲਾਜ਼ਮਾਂ ਦੀ ਹੈ। ਪੁਲੀਸ ਅਫਸਰਾਂ ਨੇ ਆਪਣੇ ਦਫ਼ਤਰਾਂ ਅਤੇ ਘਰਾਂ, ਕੈਂਪ ਦਫ਼ਤਰਾਂ ਵਿਚ ਥੋਕ ਵਿਚ ਸੀਸੀਟੀਵੀ ਕੈਮਰੇ ਲਾਏ ਹਨ। ਪੰਜਾਬ ਪੁਲੀਸ ਕੋਲ 33,467 ਸੀਸੀਟੀਵੀ ਕੈਮਰੇ ਹਨ ਜੋ ਕਿ ਦੇਸ਼ ਭਰ ਚੋਂ ਸਭ ਤੋਂ ਵੱਧ ਹਨ। ਕਿਸੇ ਪੁਲੀਸ ਅਫਸਰਾਂ ਕੋਲ ਸਰਕਾਰੀ ਰਿਹਾਇਸ਼ ਦੀ ਕਮੀ ਨਹੀਂ ਹੈ। ਸਿਰਫ਼ ਦੋ ਐਸ.ਐਸ.ਪੀ ਦਫ਼ਤਰ ਕਿਰਾਏ ਦੀਆਂ ਇਮਾਰਤਾਂ ਵਿਚ ਹਨ। ਦੂਸਰੀ ਤਰਫ਼ ਪੰਜਾਬ ’ਚ ਹੇਠਲੇ 13083 ਪੁਲੀਸ ਮੁਲਾਜ਼ਮਾਂ ਕੋਲ ਹੀ ਸਰਕਾਰੀ ਰਿਹਾਇਸ਼ੀ ਕੁਆਰਟਰਾਂ ਦੀ ਸਹੂਲਤ ਹੈ। ਪੁਲੀਸ ਅਫਸਰਾਂ ਕੋਲ ਨਵੀਆਂ ਨਕੋਰ ਗੱਡੀਆਂ ਹਨ ਅਤੇ ਹਰ ਵੱਡੇ ਅਫਸਰ ਦੀ ਸੁਰੱਖਿਆ ’ਤੇ ਮੁਲਾਜ਼ਮਾਂ ਦੀ ਫੌਜ ਲੱਗੀ ਹੋਈ ਹੈ।
         ਪੰਜਾਬ ’ਚ ਸਮੇਤ ਰੇਲਵੇ 404 ਪੁਲੀਸ ਥਾਣੇ ਹਨ ਜਦੋਂ ਕਿ ਸੈਕਸ਼ਨ ਥਾਣਿਆਂ ਦੀ ਗਿਣਤੀ 399 ਹੈ। ਇਵੇਂ ਹੀ 165 ਪੁਲੀਸ ਚੌਂਕੀਆਂ ਹਨ। ਇਨ੍ਹਾਂ ਥਾਣਿਆਂ ਚੋਂ 30 ਥਾਣਿਆਂ ਕੋਲ ਟੈਲੀਫੋਨ  ਅਤੇ 16 ਕੋਲ ਵਾਈਰਲੈਸ ਦੀ ਕਮੀ ਹੈ ਜਦੋਂ ਕਿ 32 ਥਾਣਿਆਂ ਕੋਲ ਆਪਣੀ ਇਮਾਰਤ ਨਹੀਂ ,ਕਿਰਾਏ ਦੀ ਇਮਾਰਤ ’ਚ ਚੱਲਦੇ ਹਨ। 22 ਪੁਲੀਸ ਚੌਂਕੀਆਂ ਕਿਰਾਏ ਦੀ ਇਮਾਰਤ ਵਿਚ ਹਨ। ਪੰਜਾਬ ’ਚ 172 ਆਈ.ਪੀ.ਐਸ ਅਫਸਰਾਂ ਦੀਆਂ ਅਸਾਮੀਆਂ ਸੈਕਸ਼ਨ ਹਨ ਅਤੇ ਤਾਇਨਾਤੀ 147 ਅਫਸਰਾਂ ਦੀ ਹੈ ਜਦੋਂ ਕਿ 15 ਅਫਸਰ ਕੇਂਦਰੀ ਡੈਪੂਟੇਸ਼ਨ ਤੇ ਹਨ। ਪੁਲੀਸ ਕੋਲ ਪੰਜਾਬ ਭਰ ’ਚ ਸਿਰਫ਼ 52 ਸਪੀਡੋਮੀਟਰ ਹਨ ਜਦੋਂ ਕਿ ਸੜਕੀਂ ਹਾਦਸੇ ਨਿੱਤ ਵਾਪਰਦੇ ਹਨ। ਪੰਜਾਬ ਪੁਲੀਸ ਦਾ ਵਰ੍ਹਾ 2015-16 ਵਿਚ 4596 ਕਰੋੜ ਦਾ ਖਰਚ ਰਿਹਾ ਹੈ ਜਦੋਂ ਕਿ ਸਾਲ 2016-17 ਵਿਚ ਇਹ ਖਰਚਾ 3914 ਕਰੋੜ ਦਾ ਰਿਹਾ ਹੈ। ਪੁਲੀਸ ਦੀ ਟਰੇਨਿੰਗ ’ਤੇ ਸਾਲ 2015-16 ਵਿਚ 62.76 ਕਰੋੜ ਅਤੇ ਸਾਲ 2016-17 ਵਿਚ 41.79 ਕਰੋੜ ਦਾ ਖਰਚਾ ਕੀਤਾ ਗਿਆ ਹੈ।
                   ਦੂਸਰੀ ਤਰਫ਼ ਨਜ਼ਰ ਮਾਰੀਏ ਤਾਂ ਪੰਜਾਬ ਵਿਚ ਪਿਛਲੇ ਕੁਝ ਵਰ੍ਹਿਆਂ ਤੋਂ ਅੌਸਤਨ ਹਰ ਵਰੇ੍ਹ ਚੋਰੀਆਂ ਦੇ 5500 ਪੁਲੀਸ ਕੇਸ ਦਰਜ ਹੋ ਰਹੇ ਹਨ ਜਦੋਂ ਕਿ ਸਲਾਨਾ ਅੌਸਤਨ 600 ਤੋਂ ਉਪਰ ਕਤਲ ਹੋ ਰਹੇ ਹਨ। ਗੈਂਗਸਟਰਾਂ ਦਾ ਆਤੰਕ ਕਿਸੇ ਤੋਂ ਭੁੱਲਿਆ ਨਹੀਂ ਹੈ। ਲੰਘੇ ਵਰ੍ਹੇ ਦੌਰਾਨ ਹਿੰਦੂ ਆਗੂਆਂ ਦੀਆਂ ਹੱਤਿਆਵਾਂ ਨੇ ਚਿੰਤਾ ’ਚ ਹੋਰ ਵਾਧਾ ਕੀਤਾ ਹੈ। ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਪੁਲੀਸ ਨਫ਼ਰੀ ਵੱਡੀ ਗਿਣਤੀ ਵਿਚ ਵੀ.ਆਈ.ਪੀਜ਼ ਨਾਲ ਤਾਇਨਾਤ ਹੈ ਜਦੋਂ ਕਿ ਆਮ ਆਦਮੀ ਨੂੰ ਦਹਿਸ਼ਤ ਦੇ ਮਾਹੌਲ ’ਚ ਰਹਿਣਾ ਪੈ ਰਿਹਾ ਹੈ। ਭਾਵੇਂ ਸਰਕਾਰ ਨੇ ਵੀਆਈਪੀ ਕਲਚਰ ਤੋਂ ਤੌਬਾ ਕਰਨ ਦਾ ਐਲਾਨ ਕੀਤਾ ਹੈ ਪ੍ਰੰਤੂ ਹਕੀਕਤ ਵਿਚ ਆਮ ਵਿਅਕਤੀ ਖੌਫ਼ਜ਼ਦਾ ਹੀ ਹੈ। ਸਰਕਾਰ ਲੋਕਾਂ ਦੀ ਸੁਰੱਖਿਆ ਨੂੰ ਏਜੰਡਾ ਬਣਾਏ।


No comments:

Post a Comment