Thursday, January 25, 2018

                            ਸਿਆਸੀ ਖੇਡਾਂ..            
ਨਾ ‘ਸ਼ਗਨ’ ਮਿਲਿਆ ਤੇ ਨਾ ‘ਆਸ਼ੀਰਵਾਦ’ !
                             ਚਰਨਜੀਤ ਭੁੱਲਰ
ਬਠਿੰਡਾ : ਹਜ਼ਾਰਾਂ ਧੀਆਂ ਦੀ ਗੋਦ ਹੁਣ ਨਿਆਣੇ ਖੇਡਣ ਲੱਗੇ ਹਨ ਜਿਨ੍ਹਾਂ ਨੂੰ ਨਾ ਸਰਕਾਰੀ ‘ਸ਼ਗਨ’ ਮਿਲਿਆ ਹੈ ਤੇ ਨਾ ਹੀ ‘ਆਸ਼ੀਰਵਾਦ’। ਮਾਪੇ ਆਖਦੇ ਹਨ ਕਿ ਗੁਰੂ ਨੇ ਤਾਂ ਧੀਆਂ ਨੂੰ ਦਾਤ ਵੀ ਬਖ਼ਸ਼ ਦਿੱਤੀ ਹੈ, ਸਰਕਾਰ ਦੀ ਮੁੱਠੀ ਕਦੋਂ ਖੱੁਲੇ੍ਹਗੀ, ਕੋਈ ਭਰੋਸਾ ਨਹੀਂ। ਪੰਜਾਬ ਭਰ ’ਚ ਕਰੀਬ 60 ਹਜ਼ਾਰ ਧੀਆਂ ਨੂੰ ਸਰਕਾਰੀ ‘ਸ਼ਗਨ’ ਨਹੀਂ ਮਿਲਿਆ ਹੈ ਜਿਨ੍ਹਾਂ ਦੇ ਗਰੀਬ ਮਾਪਿਆਂ ਨੇ ਸਰਕਾਰੀ ਮਦਦ ਦੀ ਝਾਕ ’ਚ ਕਰਜ਼ੇ ਚੁੱਕ ਲਏ ਸਨ। ਮੁਕਤਸਰ ਦੇ ਪਿੰਡ ਉਦੇਕਰਨ ਦੀ ਕੁਲਦੀਪ ਕੌਰ ਦੀ ਬੇਟੀ ਤਿੰਨ ਮਹੀਨੇ ਦੀ ਹੋ ਗਈ ਹੈ ਪ੍ਰੰਤੂ ਇਸ ਧੀਅ ਦੇ ਮਾਪਿਆਂ ਨੂੰ ਸਰਕਾਰੀ ‘ਸ਼ਗਨ’ ਨਹੀਂ ਮਿਲਿਆ ਹੈ। ਬਠਿੰਡਾ ਦੇ ਪਿੰਡ ਬਹਿਮਣ ਜੱਸਾ ਸਿੰਘ ਦੀ ਧੀਅ ਸ਼ੈਲੋ ਨੂੰ ਗੁਰੂ ਨੇ ਤਾਂ ਦਾਤ ਬਖ਼ਸ਼ ਦਿੱਤੀ ਪ੍ਰੰਤੂ ਸਰਕਾਰ ਉਸ ਦੇ ਬੂਹੇ ’ਤੇ ਹਾਲੇ ਤੱਕ ਨਹੀਂ ਪੁੱਜੀ।ਬਹਿਮਣ ਜੱਸਾ ਸਿੰਘ ਦੇ ਮਜ਼ਦੂਰ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦਾ ਦੋਹਤਾ ਤਿੰਨ ਮਹੀਨੇ ਦਾ ਹੋ ਗਿਆ ਹੈ। ਲੜਕੀ ਦੇ ਵਿਆਹ ਵੇਲੇ ਕਿਸੇ ਤੋਂ ਕਰਜ਼ਾ ਇਸ ਆਸ ਨਾ ਚੁੱਕਿਆ ਸੀ ਕਿ ਸਰਕਾਰੀ ਸ਼ਗਨ ਦੀ ਰਕਮ ਮਿਲ ਜਾਵੇਗੀ। ਉਸ ਨੂੰ ਕਰਜ਼ੇ ਦਾ ਵਿਆਹ ਪੈ ਰਿਹਾ ਹੈ। ਪਿੰਡ ਕੋਟਗੁਰੂ ਦੀ ਧੀਅ ਜਸਵਿੰਦਰ ਕੌਰ ਨੂੰ ਜਦੋਂ ਲੰਮੀ ਉਡੀਕ ਮਗਰੋਂ ਵੀ ਸ਼ਗਨ ਨਾ ਮਿਲਿਆ ਤਾਂ ਹੁਣ ਉਸ ਨੇ ਆਪਣੇ ਬੇਟੇ ਦਾ ਨਾਮ ਵੀ ‘ਸਹਿਜਦੀਪ’ ਰੱਖਿਆ ਹੈ।
                  ਭਰਾ ਗੁਰਮੇਲ ਸਿੰਘ ਨੇ ਦੱਸਿਆ ਕਿ ਸਰਕਾਰੀ ਸਹਿਜ ਨੇ ਉਨ੍ਹਾਂ ਨੂੰ ਕਿਸੇ ਪਾਸੇ ਦਾ ਨਹੀਂ ਛੱਡਿਆ। ਇਵੇਂ ਗਿਆਨਾ ਪਿੰਡ ਦੀ ਲੜਕੀ ਰਜਨੀ ਦੇਵੀ ਦੀ ਗੋਦ ਇੱਕ ਮਹੀਨੇ ਦਾ ਬੱਚਾ ਖੇਡਣ ਲੱਗਾ ਹੈ ਪ੍ਰੰਤੂ ਉਸ ਦੇ ਮਾਪੇ ‘ਸਿਆਸੀ ਖੇਡਾਂ’ ਤੋਂ ਪ੍ਰੇਸ਼ਾਨ ਹਨ। ਹਾਕਮ ਧਿਰ ਦੇ ਵਿਧਾਇਕ ਦੇ ਪਿੰਡ ਕਾਂਗੜ ਦੀ ਧੀਅ ਰਣਦੀਪ ਕੌਰ ਕੋਲ ਹੁਣ ਇੱਕ ਮਹੀਨੇ ਦਾ ਬੇਟਾ ਹੈ। ਰਣਦੀਪ ਦੇ ਭਰਾ ਸ਼ਮਸ਼ੇਰ ਸਿੰਘ ਦਾ ਕਹਿਣਾ ਸੀ ਕਿ ਸਰਕਾਰੀ ਸ਼ਗਨ ਦੀ ਉਮੀਦ ’ਚ ਉਨ੍ਹਾਂ ਨੇ ਭੈਣ ਦੇ ਵਿਆਹ ਸਮੇਂ ਵਿਆਜ ਤੇ ਪੈਸੇ ਫੜ ਲਏ ਸਨ ਜੋ ਅੱਜ ਤੱਕ ਉਹ ਮੋੜ ਨਹੀਂ ਸਕੇ ਹਨ। ਉਹ ਦਫ਼ਤਰਾਂ ਦੇ ਚੱਕਰ ਕੱਟ ਕੱਟ ਥੱਕ ਗਏ ਹਨ। ਜਗਾ ਰਾਮ ਤੀਰਥ ਦੀ ਕਿਰਨ ਕੌਰ ਕੋਲ 22 ਦਿਨ ਦੀ ਬੇਟੀ ਹੈ। ਏਦਾ ਦੇ ਹਜ਼ਾਰਾਂ ਘਰ ਹਨ ਜਿਨ੍ਹਾਂ ਨੂੰ ਗੁਰੂ ਨੇ ਭਾਗ ਲਾ ਦਿੱਤੇ ਹਨ ਪ੍ਰੰਤੂ ਸਰਕਾਰ ਵੋਟਾਂ ਲੈਣ ਮਗਰੋਂ ਨਹੀਂ ਸਭ ਕੁਝ ਭੁੱਲ ਗਈ ਹੈ। ਮਾਪਿਆਂ ਨੇ ਇਹੋ ਅਪੀਲ ਕੀਤੀ ਕਿ ਹੁਣ ਤਾਂ ਧੀਆਂ ਦੇ ਘਰਾਂ ਵਿਚ ਬਾਲ ਵੀ ਖੇਡਣ ਲੱਗੇ ਹਨ, ਸਰਕਾਰ ਕੁਝ ਤਾਂ ਸ਼ਰਮ ਕਰੇ। ਗਠਜੋੜ ਸਰਕਾਰ ਸਮੇਂ ਇਸ ਸਕੀਮ ਦਾ ਨਾਮ ‘ਸ਼ਗਨ ਸਕੀਮ’ ਸੀ ਜਿਸ ਦਾ ਕੈਪਟਨ ਹਕੂਮਤ ਨੇ ਹੁਣ ਬਦਲ ਕੇ ‘ਅਸ਼ੀਰਵਾਦ’ ਸਕੀਮ ਰੱਖ ਦਿੱਤਾ ਹੈ।
                ਕੈਪਟਨ ਹਕੂਮਤ ਨੇ ਪਹਿਲੀ ਜੁਲਾਈ 2017 ਤੋਂ ਅਸ਼ੀਰਵਾਦ ਸਕੀਮ ਦੀ ਰਾਸ਼ੀ 15 ਹਜ਼ਾਰ ਤੋਂ ਵਧਾ ਕੇ 21 ਹਜ਼ਾਰ ਕਰ ਦਿੱਤੀ ਹੈ। ਕੈਪਟਨ ਸਰਕਾਰ ‘ਅਸ਼ੀਰਵਾਦ’ ਦਾ ਮਹੂਰਤ ਵੀ ਨਹੀਂ ਕਰ ਸਕੀ ਹੈ। ਦਸੰਬਰ 2016 ਤੋਂ 31 ਮਾਰਚ 2017 ਤੱਕ ‘ਸ਼ਗਨ ਸਕੀਮ’ ਦੇ 25 ਹਜ਼ਾਰ ਕੇਸ ਪੈਂਡਿੰਗ ਪਏ ਹਨ ਜਦੋਂ ਕਿ ਕੈਪਟਨ ਹਕੂਮਤ ਦੀ ਅਸ਼ੀਰਵਾਦ ਸਕੀਮ ਦੇ 1 ਅਪਰੈਲ 2017 ਤੋਂ 31 ਦਸੰਬਰ 2017 ਤੱਕ ਕਰੀਬ 35 ਹਜ਼ਾਰ ਕੇਸ ਪੈਂਡਿੰਗ ਪਏ ਹਨ। ਸਭ ਬਕਾਏ ਕਲੀਅਰ ਕਰਨ ਵਾਸਤੇ ਕਰੀਬ 105 ਕਰੋੜ ਦੇ ਫੰਡਾਂ ਦੀ ਲੋੜ ਹੈ। ਜਦੋਂ ਤੋਂ ਪਹਿਲੀ ਜੁਲਾਈ 2017 ਤੋਂ ਇਸ ਸਕੀਮ ਦੀ ਰਾਸ਼ੀ ਵਧਾ ਕੇ 21 ਹਜ਼ਾਰ ਕੀਤੀ ਹੈ, ਉਸ ਮਗਰੋਂ ਦਸੰਬਰ ਮਹੀਨੇ ਤੱਕ 23 ਹਜ਼ਾਰ ਕੇਸ ਆ ਚੁੱਕੇ ਹਨ। ਮਾਪੇ ਆਖਦੇ ਹਨ ਕਿ ਸਕੀਮ ਦਾ ਨਾਮ ਕੋਈ ਵੀ ਰੱਖੋ ਪ੍ਰੰਤੂ ਉਨ੍ਹਾਂ ਨੂੰ ਰਾਸ਼ੀ ਰਲੀਜ ਕਰੋ। ਕਾਂਗਰਸ ਸਰਕਾਰ ਨੇ ਰਾਸ਼ੀ ਵਧਾ ਕੇ ਭੱਲ ਤਾਂ ਖੱਟ ਲਈ ਹੈ ਪ੍ਰੰਤੂ ਹਾਲੇ ਤੱਕ ਕੋਈ ਪੈਸਾ ਜਾਰੀ ਨਹੀਂ ਕੀਤਾ ਹੈ। ਮਾਪਿਆਂ ਨੂੰ ਇਹ ਵੀ ਡਰ ਹੈ ਕਿ ਕਿਤੇ ਨਵੀਂ ਹਕੂਮਤ ਪੁਰਾਣੀ ਸਰਕਾਰ ਦੌਰਾਨ ਦੇ ਪੈਡਿੰਗ ਕੇਸਾਂ ਤੇ ਪੋਚਾ ਹੀ ਨਾ ਫੇਰ ਦੇਵੇ। ਏਦਾ ਪਿਛਲੇ ਸਮੇਂ ਦੌਰਾਨ ਵਾਪਰਿਆ ਸੀ।
               ਜਲਦੀ ਫੰਡ ਰਲੀਜ ਹੋਣਗੇ : ਪ੍ਰਮੁੱਖ ਸਕੱਤਰ
ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਆਰ.ਵੈਂਕਟ ਰਤਨਮ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਸਭ ਕੇਸ ਕਲੀਅਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਬਣਦੀ ਰਾਸ਼ੀ ਦੇ ਬਿੱਲ ਖ਼ਜ਼ਾਨੇ ’ਚ ਜਮ੍ਹਾ ਕਰਾ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਖ਼ਜ਼ਾਨੇ ਚੋਂ ਜਲਦੀ ਫੰਡ ਰਲੀਜ ਹੋਣ ਦੀ ਉਮੀਦ ਹੈ।


No comments:

Post a Comment