
ਗੁੜ ਤਾਂ ਹੈ ਨਹੀਂ, ਪਟਾਕੇ ਲੈ ਜਾਓ !
ਚਰਨਜੀਤ ਭੁੱਲਰ
ਬਠਿੰਡਾ : ਮਾਨਸਾ ਜ਼ਿਲ੍ਹੇ ਦਾ ਹਰਦੀਪ ਸਿੰਘ ਸਿਰ ਫੜੀ ਬੈਠਾ ਹੈ। ਸਾਇੰਸ ਵਿਸ਼ੇ ’ਚ ਪੀ.ਐੱਚ.ਡੀ ਹੈ, ਟੈੱਟ ਪਾਸ ਹੈ। ਉਸ ਨੂੰ ਕੁੱਝ ਨਹੀਂ ਸੁੱਝ ਰਿਹਾ। ਕਿਸ ਦੀ ਮੰਨੇ, ਕਿਸ ਦੀ ਨਾ ਮੰਨੇ, ਕੋਈ ਉਹਦੇ ਦਿਲ ਦੀ ਨਹੀਂ ਬੁੱਝ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਦੇ ਹਨ ਕਿ ‘ਚੁੱਪ ਕਰਕੇ ਪਕੌੜੇ ਤਲਣ ਲੱਗ ਜਾਓ’। ਮਾਂ ਦੇ ਬੋਲਾਂ ਨੇ ਹਰਦੀਪ ਦੀ ਸੋਚ ਹਲੂਣੀ, ‘ਤੈਨੂੰ ਪਕੌੜੇ ਤਲਣ ਲਈ ਨਹੀਂ ਪੜਾਇਆ ਸੀ।’ ਉਦੋਂ ਹੀ ਕਾਂਗਰਸੀ ਵਜ਼ੀਰ ਦੇ ਬੋਲ ਕੰਨਾਂ ’ਚ ਗੂੰਜੇ ‘ ਮੂੰਗਫਲੀ ਵੇਚ ਕੇ, ਕਬਾੜ ਵੇਚ ਕੇ ਵੀ ਚੰਗੀ ਕਮਾਈ ਕਰ ਸਕਦੇ ਹੋ’। ਰੁਜ਼ਗਾਰ ਮੇਲੇ ’ਚ ਵਜ਼ੀਰ ਵੱਲੋਂ ਦਿੱਤੀ ਇਹ ਨਸੀਹਤ ਰੜਕੀ। ਚੇਤੇ ’ਚ ਖੇਮੂਆਣਾ ਵਾਲੇ ਸੱਜਣ ਦਾ ਚਿਹਰਾ ਵੀ ਘੁੰਮਿਆ ਜੋ ਐਮ.ਏ,ਬੀ.ਐਡ ਸੀ ਤੇ ਮੂੰਹ ਬੰਨ੍ਹ ਕੇ ਕਬਾੜ ਇਕੱਠਾ ਕਰਦਾ ਹੁੰਦਾ ਸੀ। ਹਰਦੀਪ ਨੇ ਆਪਣਾ ਡਿਗਰੀਆਂ ਵਾਲਾ ਝੋਲਾ ਕੱਢਿਆ। ਪੀ.ਐੱਚ.ਡੀ ਦੀ ਡਿਗਰੀ ਲਾਹਨਤ ਪਾਉਂਦੀ ਜਾਪੀ, ‘ਆਪਣਾ ਨਹੀਂ, ਸਾਡਾ ਤਾਂ ਖ਼ਿਆਲ ਰੱਖ ਲੈ।’ ਪੁਰਾਣੇ ਅਕਾਲੀ ਮੰਤਰੀ ਵੱਲੋਂ ਸਟੇਜ ਤੋਂ ਦਿੱਤੇ ਮਸ਼ਵਰੇ ਹਲੂਣਾ ਦੇਣ ਲੱਗੇ, ‘ ਭੇਡਾਂ ਪਾਲੋ, ਬੱਕਰੀਆਂ ਪਾਲੋ, ਹੋਰ ਨਹੀਂ ਤਾਂ ਸੂਰ ਹੀ ਪਾਲ ਲਓ’। ਉਸ ਦੀਆਂ ਅੱਖਾਂ ਮੂਹਰੇ ਕੈਲਾ ਆਜੜੀ ਆ ਖੜ੍ਹਾ ਹੋਇਆ। 15 ਬੱਕਰੀਆਂ ਮਰਨ ਮਗਰੋਂ ਕੈਲੇ ਦਾ ਬਾਗ਼ ਹੀ ਉੱਜੜ ਗਿਆ ਸੀ। ਹਰਦੀਪ ਨੂੰ ਆਪਣੀ ਸੋਚ ’ਚ ਮੋਚ ਲੱਗੀ।
ਏਨੇ ਨੂੰ ਮਨਪ੍ਰੀਤ ਬਾਦਲ ਦੇ ਬੋਲ , ‘ਪਹਿਲੀ ਨੌਕਰੀ ਵੇਲੇ ਤਨਖ਼ਾਹ ਨਾ ਦੇਖੋ, ਤਜਰਬੇ ਵੱਲ ਦੇਖੋ, ਮਿਹਨਤ ਕਰੋ, ਹੋਰ ਦਰਵਾਜ਼ੇ ਖੁੱਲ੍ਹਣਗੇ’ ਦਿਮਾਗ਼ ਖੋਲ੍ਹਣ ਲੱਗੇ। ਮਨਪ੍ਰੀਤ ਨੇ ਵੀ ਤਾਂ ਪਹਿਲੀ ਨੌਕਰੀ ਢਾਈ ਪੌਂਡ ਵਾਲੀ ਹੀ ਕੀਤੀ ਸੀ। ਉਦੋਂ ਹੀ ਬਠਿੰਡਾ ਦੇ ਪਿੰਡ ਜਿਉਂਦ ਵਾਲੀ ਗੁਰਦੇਵ ਕੌਰ ਨੇ ਉਸ ਦੇ ਜ਼ਿਹਨ ’ਚ ਖਰੂਦ ਪਾ ਦਿੱਤਾ। ਅਧਿਆਪਕ ਮੋਰਚੇ ’ਚ 85 ਵਰ੍ਹਿਆਂ ਦੀ ਇਹ ਬਜ਼ੁਰਗ ਅੌਰਤ ਕੁੱਦੀ ਸੀ। ਬਠਿੰਡਾ ਦੀਆਂ ਸੜਕਾਂ ’ਤੇ ਉਹ ਵੱਡਾ ਝੰਡਾ ਲੈ ਕੇ ਘੁੰਮੀ। ਪੁੱਤ ਪੋਤਿਆਂ ਨੂੰ ਰੁਜ਼ਗਾਰ ਲਈ ਰੁਲਣਾ ਨਾ ਪਵੇ, ਸਰਕਾਰੀ ਸਕੂਲ ਬਚ ਜਾਣ, ਇਹ ਸੋਚ ਕੇ ਬਿਰਧ ਮਾਈ ਨਾਅਰੇ ਵੀ ਲਾ ਰਹੀ ਸੀ। ‘ਪਟਿਆਲਾ ਮੋਰਚਾ’ ਖ਼ਜ਼ਾਨਾ ਮੰਤਰੀ ਦੇ ਹਲਕੇ ’ਚ ਆਇਆ ਹੋਇਆ ਸੀ। ਬਜ਼ੁਰਗ ਅੌਰਤ ਆਪੇ ਤੋਂ ਬਾਹਰ ਸੀ। ਉਸ ਦਾ ਝੁਰੜੀਆਂ ਵਾਲਾ ਚਿਹਰਾ ਇਹੋ ਕਹਿੰਦਾ ਜਾਪਿਆ, ‘ਸ਼ਾਇਰੋ ਸ਼ਾਇਰੀ ਨਾਲ ਢਿੱਡ ਭਰਦਾ ਤਾਂ ਕਾਹਤੋਂ ਸੜਕਾਂ ’ਤੇ ਬੁਢਾਪਾ ਰੋਲਦੇ।’ ਇਹ ਮਾਈ ਮੁਜ਼ਾਰੇ ਤੋਂ ਜ਼ਮੀਨ ਦੀ ਹਾਲੇ ਤੱਕ ਮਾਲਕ ਨਹੀਂ ਬਣ ਸਕੀ। ਵੱਡਾ ਪੁੱਤ ਗੁਆ ਬੈਠੀ ਹੈ ਤੇ ਪੋਤਿਆਂ ਖ਼ਾਤਰ ਇਕੱਠਾਂ ’ਚ ਜਾਂਦੀ ਹੈ। ਹਰਦੀਪ ਦੇ ਖ਼ਿਆਲਾਂ ਦੀ ਲੜੀ ਟੁੱਟ ਨਹੀਂ ਰਹੀ।
ਸੋਚਾਂ ਦੀ ਉਲਝਣ ਵਿਚ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਆਣ ਖੜੇ ਹੋਏ। ਮੁਕਤਸਰ ਦੇ ਰੁਜ਼ਗਾਰ ਮੇਲੇ ਮਗਰੋਂ ਅਜੈਬ ਸਿੰਘ ਭੱਟੀ ਨੇ ਨੌਜਵਾਨਾਂ ਨੂੰ ਇੰਜ ਜੋ ਮਸ਼ਵਰਾ ਦਿੱਤਾ ਸੀ ‘ਵੈਸੇ ਤਾਂ ਪੰਜਾਬੀਆਂ ਨੂੰ, ਖ਼ਾਸ ਕਰਕੇ ਨੌਜਵਾਨਾਂ ਨੂੰ, ਕੈਪਟਨ ਅਮਰਿੰਦਰ ਸਿੰਘ ਦੀ ਫ਼ੋਟੋ ਘਰ ਘਰ ਲਵਾ ਕੇ ਰੱਖਣੀ ਚਾਹੀਦੀ ਹੈ, ਪਰਸ ’ਚ ਪਾ ਕੇ ਰੱਖਣੀ ਚਾਹੀਦੀ ਹੈ ਜਿਨ੍ਹਾਂ ਦੀ ਸੋਚ ਸਦਕਾ ਹੁਣ ਨੌਕਰੀਆਂ ਵਾਲੇ ਮੁੰਡਿਆਂ ਨੂੰ ਭਾਲਦੇ ਫਿਰਦੇ ਹਨ’। ਹਰਦੀਪ ਆਖਦਾ ਹੈ ਕਿ ਉਨ੍ਹਾਂ ਦੇ ਪਿੰਡ ਤਾਂ ਹਾਲੇ ਕੋਈ ਪੁੱਜਾ ਨਹੀਂ। ਮਘਾਣੀਆਂ ਦਾ ਸੁਖਵਿੰਦਰ ਸਿੰਘ ਐਮ.ਏ, ਐਮ.ਐੱਡ ਹੈ, ਉਸ ਦਾ ਨੈੱਟ ਵੀ ਕਲੀਅਰ ਹੈ। ਬਾਪ ਨੇ ਸਾਰੀ ਉਮਰ ਕਾਂਗਰਸ ’ਚ ਗੁਜ਼ਾਰੀ। ਸੁਖਵਿੰਦਰ ਆਖਦਾ ਹੈ ਕਿ ਉਹ ਕਿਉਂ ਰੱਖੇ ਅਮਰਿੰਦਰ ਦੀ ਫ਼ੋਟੋ। ਪੰਜਾਬ ਦੇ ਲੋਕ ਪੁੱਛਦੇ ਹਨ, ਨੌਕਰੀਆਂ ਦੀ ਕੋਈ ਕਮੀ ਨਹੀਂ ਤਾਂ ਹਵਾਈ ਅੱਡਿਆਂ ਤੇ ਭੀੜਾਂ ਕਿਉਂ ਨੇ ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਵਰੇ੍ਹ 55 ਲੱਖ ਨੌਕਰੀਆਂ ਦੇਣ ਦੀ ਗੱਲ ਆਖੀ। ਕੈਪਟਨ ਅਮਰਿੰਦਰ ਸਿੰਘ ਨੇ ‘ਘਰ ਘਰ ਰੁਜ਼ਗਾਰ’ ਦੇਣ ਦਾ ਸੁਪਨਾ ਦਿਖਾਇਆ।
ਨੌਜਵਾਨਾਂ ਨੂੰ ਭੇਡਾਂ ਬੱਕਰੀਆਂ ਪਾਲਣ ਦੀ ਸਲਾਹ ਦੇਣ ਵਾਲੇ ਖੁਦ ਸਿਆਸੀ ਮੂੰਹ ਮੁਲਾਹਜ਼ੇ ਪਾਲ ਰਹੇ ਹਨ। ਲੀਡਰਾਂ ਲੋਕਾਂ ਨੂੰ ਚਾਰ ਰਹੇ ਹਨ। ਐਵੇਂ ਨਹੀਂ ਖ਼ਜ਼ਾਨੇ ਸਿਰ ਤੇ ਸਲਾਹਕਾਰਾਂ ਦੀ ਰਾਤੋ ਰਾਤ ਫ਼ੌਜ ਖੜ੍ਹੀ ਹੋਈ। ਪੰਜਾਬ ’ਚ ਪੰਜਾਹ ਹਜ਼ਾਰ ਟੈੱਟ ਪਾਸ ਸੜਕਾਂ ’ਤੇ ਘੁੰਮ ਰਿਹਾ। ਸੇਵਾਦਾਰ ਦੀ ਨੌਕਰੀ ਲਈ ਐਮ.ਫਿਲ ਤੇ ਐਮ.ਟੈੱਕ ਕਤਾਰਾਂ ’ਚ ਖੜ੍ਹਦੇ ਹਨ। ਪੰਜਾਬ ’ਚ ਸਚਿਆਰੇ ਨੌਜਵਾਨਾਂ ਦੀ ਕਮੀ ਨਹੀਂ ਜਿਨ੍ਹਾਂ ਨੂੰ ਸਰਕਾਰਾਂ ਨੇ ਵਿਚਾਰੇ ਬਣਾ ਰੱਖਿਆ ਹੈ। ਮੁੱਖ ਮੰਤਰੀ ਆਖਦੇ ਹਨ ਕਿ ਇਨ੍ਹਾਂ 10 ਦਿਨਾਂ ਵਿਚ 16 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਮੇਲਿਆਂ ਵਿਚ ਨੌਕਰੀ ਦਿੱਤੀ ਹੈ। ਨੌਜਵਾਨ ਜੁਆਬ ਦਿੰਦੇ ਹਨ ਕਿ ਇਨ੍ਹਾਂ ਰੁਜ਼ਗਾਰ ਮੇਲਿਆਂ ਨਾਲੋਂ ਤਾਂ ਪੇਂਡੂ ਖੇਡ ਮੇਲੇ ਚੰਗੇ ਨੇ, ਘੱਟੋ ਘੱਟ ਹਕੀਕਤ ਤਾਂ ਹੁੰਦੀ ਹੈ।
ਵਜ਼ੀਰ ਚਰਨਜੀਤ ਚੰਨੀ ਆਖਦੇ ਹਨ ‘ ਦੋ ਲੱਖ ਲੋਕਾਂ ਨੂੰ ਰੁਜ਼ਗਾਰ ਦੇ ਦਿੱਤਾ ਹੈ’। ਸਭ ਅੱਛਾ ਹੈ ਤਾਂ ਪੰਜਾਬ ’ਚ ਸੜਕਾਂ ’ਤੇ ਅਫ਼ਰਾ ਤਫ਼ਰੀ ਕਿਉਂ ਹੈ। ਅਧਿਆਪਕਾਂ ਦੀ ਤਨਖ਼ਾਹ ’ਤੇ ਕੱਟ ਕਿਉਂ ਹੈ। ਪਿਛਲੀ ਗੱਠਜੋੜ ਸਰਕਾਰ ਵੀ ਹਵਾਈ ਗੱਲਾਂ ਦੀ ਥਾਂ ਧਰਤੀ ਦੇਖਦੀ ਤਾਂ ‘ਉੱਡਤਾ ਪੰਜਾਬ’ ਨੂੰ ਖੰਭ ਨਹੀਂ ਲੱਗਣੇ ਸਨ। ‘ਚਿੱਟੇ’ ਦੀ ਥਾਂ ਨੌਕਰੀ ਵੰਡੀ ਹੁੰਦੀ ਤਾਂ ਗੁਟਕੇ ਹੱਥਾਂ ਵਿਚ ਫੜ ਕੇ ਝੂਠੀ ਸਹੁੰ ਨਾ ਖਾਣੀ ਪੈਂਦੀ। ਕੇਜਰੀਵਾਲ ਤਾਂ ਮੁਆਫ਼ੀ ਮੰਗ ਕੇ ਪੱਲਾ ਛੁਡਾ ਗਿਆ, ਹੁਣ ਨਸ਼ਿਆਂ ਤੋਂ ਪੰਜਾਬ ਦਾ ਖਹਿੜਾ ਕੌਣ ਛੁਡਾਊ। ਨੌਜਵਾਨ ਰੁਜ਼ਗਾਰ ਮੰਗਦੇ ਹਨ। ਅਕਾਲੀ ਰਾਜ ਸਮੇਂ ਵੀ ਨੌਕਰੀਆਂ ਘੱਟ, ਅਸਲਾ ਲਾਇਸੈਂਸ ਜ਼ਿਆਦਾ ਵੰਡੇ ਗਏ। ਪੰਜਾਬ ਦੇ ਵਿਹੜੇ ਸੁੱਖ ਹੁੰਦੀ ਤਾਂ ਹਰਦੀਪ ਸਿੰਘ ਨੂੰ ਸਿਰ ਫੜ ਕੇ ਬੈਠਣਾ ਨਾ ਪੈਂਦਾ।