Wednesday, November 7, 2018

                                                       ਸਾਡੀ ਕਾਹਦੀ ਦੀਵਾਲੀ
                          ਦੁੱਖਾਂ ਦਾ ਤੇਲ, ਗਮਾਂ ਦੇ ਦੀਵੇ, ਬਲਦੇ ਨਸੀਬ ਚੰਦਰੇ..
                                                           ਚਰਨਜੀਤ ਭੁੱਲਰ
ਬਠਿੰਡਾ  : ਗੁਰਬਿੰਦਰ ਸਿੰਘ ਦੇ ਕੱਚੇ ਘਰ ਨੂੰ ਤਾਂ ਬੂਹਾ ਵੀ ਨਹੀਂ ਲੱਗਾ, ਲੱਛਮੀ ਫਿਰ ਵੀ ਨਹੀਂ ਆਉਂਦੀ। ਲੱਖੇਵਾਲੀ ਦੇ ਇਸ ਮਜ਼ਦੂਰ ਦੇ ਕੱਚੇ ਢਾਰੇ ’ਚ ਜਦੋਂ ਆਏ, ਦੁੱਖ ਹੀ ਆਏ। ਹੌਸਲਿਆਂ ਦੇ ਬਨੇਰੇ ਵੀ ਹੁਣ ਹੂੰਗਰ ਨਹੀਂ ਭਰਦੇ, ਉਹ ਬਾਲ ਕੇ ਦੀਵਾ ਕਿਥੇ ਰੱਖੇ। ਕਮਰੇ ਦਾ ਬੂਹਾ ਨਹੀਂ, ਫਟੀ ਪੱਲੀ ਹੀ ਪਰਦਾ ਕੱਜਦੀ ਹੈ। ਦਲਿਤ ਮਜ਼ਦੂਰ ਦੇ ਦੋ ਬੱਚੇ ਹਨ ਜੋ ਦੀਵਾਲੀ ਮੌਕੇ ਜਿੱਦ ਨਹੀਂ, ਧਰਵਾਸ ਕਰਦੇ ਹਨ। ਜਦੋਂ ਦੀਵਾਲੀ ਆਉਂਦੀ ਹੈ ਤਾਂ ਮਜ਼ਦੂਰ ਦੀ ਪਤਨੀ ਵੀਰਪਾਲ ਕੌਰ ਬੱਚਿਆਂ ਨੂੰ ਇਹੋ ਸਮਝਾਉਂਦੀ ਹੈ, ‘ ਦੀਵਾਲੀ ਪੈਸੇ ਵਾਲਿਆਂ ਦੀ, ਗ਼ਰੀਬਾਂ ਦੀ ਕਾਹਦੀ ’। ਇਸ ਪਰਿਵਾਰ ਨੂੰ ਨਾ ਨਲਕਾ ਜੁੜ ਸਕਿਆ, ਨਾ ਹੀ ਘਰ ਨੂੰ ਪੱਕੀ ਇੱਟ। ਬੱਚਿਆਂ ਨੂੰ ਸਕੂਲ ਤੋਰ ਨਹੀਂ ਸਕੇ। ਕਦੇ ਭੁੱਖੇ ਪੇਟ ਵੀ ਸੌਣਾ ਪੈਂਦਾ ਹੈ, ਕਿਸੇ ਕੋਲ ਢਿੱਡ ਨਹੀਂ ਫਰੋਲਦੇ। ਪੰਜਾਬ ’ਚ ਏਦਾਂ ਦੇ ਕੱਚੇ ਘਰਾਂ ਦੀ ਕਮੀ ਨਹੀਂ ਜੋ ਮਹਿਲਾਂ ਤੋਂ ਕਦੇ ਨਜ਼ਰ ਨਹੀਂ ਪੈਂਦੇ। ਮਾਨਸਾ ਦੇ ਪਿੰਡ ਕੋਟ ਧਰਮੂ ਦਾ ਕਿਸਾਨ ਰਣਜੀਤ ਸਿੰਘ ਤਾਂ ਜ਼ਿੰਦਗੀ ਤੋਂ ਹਾਰ ਗਿਆ। ਪਿੱਛੇ ਵਿਧਵਾ ਕਰਮਜੀਤ ਕੌਰ ਹੁਣ ਇਕੱਲੀ ਜੰਗ ਲੜ ਰਹੀ ਹੈ। ਕੋਈ ਦੀਵਾਲੀ ਇਸ ਘਰ ’ਚ ਦੀਵਾ ਨਹੀਂ ਬਲਦਾ। ਕਦੇ ਇਹ ਪੈਲ਼ੀਆਂ ਦੇ ਸਰਦਾਰ ਸਨ। 15 ਏਕੜ ਪੈਲੀ ਚੋਂ ਸਭ ਕਰਜ਼ੇ ’ਚ ਉੱਡ ਗਈ। ਸਿਰਫ਼ ਇੱਕ ਏਕੜ ਜ਼ਮੀਨ ਬਚੀ ਹੈ ਜਾਂ ਫਿਰ ਇੱਕ ਮੰਦਬੁੱਧੀ ਬੱਚਾ।
                   ਜਵਾਨ ਧੀ ਕਿਰਨਦੀਪ ਕੌਰ ਦਾ ਫ਼ਿਕਰ ਸਿਰ ’ਤੇ ਹੈ। ਵਿਧਵਾ ਕਰਮਜੀਤ ਕੌਰ ਹੁਣ ਦਿਹਾੜੀ ਕਰਕੇ ਗੁਜ਼ਾਰਾ ਕਰਦੀ ਹੈ। ਪਿੰਡ ਸਮਾਓ ਦੇ ਕਿਸਾਨ ਜਗਬੀਰ ਸਿੰਘ ਨੇ ਤਿੰਨ ਮਹੀਨੇ ਪਹਿਲਾਂ ਹੀ ਜ਼ਿੰਦਗੀ ਨੂੰ ਹੱਥ ਜੋੜ ਦਿੱਤੇ। ਇਵੇਂ ਦੇ ਹਾਲਾਤ ਹੀ ਇਸ ਪਰਿਵਾਰ ਦੇ ਹਨ। ਜਿਨ੍ਹਾਂ ਦੇ ਕਮਾਊ ਤੁਰ ਜਾਂਦੇ ਹਨ, ਉਨ੍ਹਾਂ ਦੇ ਤਾਂ ਘਰ ਦੀ ਦਾਲ ਰੋਟੀ ਵੀ ਨਹੀਂ ਲੰਘਦੀ। ਦੀਵਾਲੀ ਦੇ ਜਸ਼ਨ ਤਾਂ ਦੂਰ ਦੀ ਗੱਲ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੀ ਸਹੁੰ ਚੁੱਕਣ ਮਗਰੋਂ ਹੁਣ ਤੱਕ ਪੰਜਾਬ ਵਿਚ 829 ਕਿਸਾਨ ਘਰਾਂ ਵਿਚ ਸੱਥਰ ਵਿਛ ਚੁੱਕੇ ਹਨ। ਮਤਲਬ ਅੌਸਤਨ 43 ਕਿਸਾਨ ਹਰ ਮਹੀਨੇ ਜ਼ਿੰਦਗੀ ਨੂੰ ਅਲਵਿਦਾ ਆਖ ਰਹੇ ਹਨ। ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਦੇ ਚਾਅ ਮਲ੍ਹਾਰ ਵੀ ਖ਼ੁਦਕੁਸ਼ੀ ਕਰ ਗਏ ਹਨ। ਕਦੇ ਚਿੱਟੀ ਮੱਖੀ ਤੇ ਕਦੇ ਝਾੜ, ਕਦੇ ਜਿਨਸਾਂ ਦੇ ਭਾਅ, ਖੇਤਾਂ ਦੇ ਰਾਜੇ ਨੂੰ ਮੰਡੀਓਂ ਖ਼ਾਲੀ ਮੋੜ ਰਹੇ ਹਨ। ਖੇਤਾਂ ਦੇ ਰਾਜੇ ਦਾ ਚਿਹਰਾ ਬੁੱਝ ਗਿਆ। ਕਪਾਹੀ ਦੇ ਫੁੱਲ ਜ਼ਰੂਰ ਖਿੜੇ ਨੇ ਪਰ ਟਾਹਲੀ ਵਾਲੇ ਖੇਤ ਮੌਤਾਂ ਵੰਡਣੋਂ ਨਹੀਂ ਰੁਕ ਰਹੇ। ਜੇ ਹਵਾ ਇਹ ਰਹੀ ਤਾਂ ਦਿਨ ਦੂਰ ਨਹੀਂ ਜਦੋਂ ਪਿੰਡਾਂ ’ਚ ਹੋਕੇ ਵੱਜਣਗੇ ‘ ਰੱਸੇ ਵਿਕਣੇ ਆਏ, ਲੈ ਲਓ ਰੱਸੇ ਨੀਂ’। ਜਦੋਂ ਹਵਾ ਦਾ ਰੁਖ ਕੋਝਾ ਹੋਵੇ ਤਾਂ ਦੀਵੇ ਕਿਵੇਂ ਬਾਲੀਏ, ਕਿਸਾਨ ਇਹੋ ਤਾਂ ਸਰਕਾਰ ਤੋਂ ਪੁੱਛਦੇ  ਹਨ।
                 ਹੁਣ ਮੰਡੀਆਂ ਵਿਚ ਕਿਸਾਨ ਜਿਣਸ ਦੇ ਢੇਰਾਂ ਕੋਲ ਬੈਠੇ ਹਨ। ਦੂਸਰੇ ਖੇਤਾਂ ਵਿਚ ਅਗਲੀ ਫ਼ਸਲ ਦੀ ਬਿਜਾਂਦ ਵਿਚ ਉਲਝੇ ਹੋਏ ਹਨ। ਦੰਦਲ ਪੂਰੇ ਪੰਜਾਬ ਨੂੰ ਪਈ ਹੈ, ਇਕੱਲੀ ਕਿਸਾਨੀ ਨੂੰ ਨਹੀਂ। ਅੱਧਾ ਪੰਜਾਬ ਬਿਮਾਰੀ ਨੇ ਢਾਹ ਲਿਆ ਹੈ। ਨਰਮਾ ਪੱਟੀ ’ਚ ਤਾਂ ਕੈਂਸਰ ਦੀ ਬਿਮਾਰੀ ਨੇ ਛੋਟੇ ਛੋਟੇ ਬੱਚਿਆਂ ਤੋਂ ਫੁੱਲ ਝੜੀਆਂ ਖੋਹ ਲਈਆਂ ਹਨ। ਬਾਜਾਖਾਨਾ ਦੇ ਛੋਟੇ ਕਿਸਾਨ ਇਕਬਾਲ ਸਿੰਘ ਦਾ ਅੱਠ ਵਰ੍ਹਿਆਂ ਦਾ ਬੇਟਾ ਸਰਤਾਜ ਇਸ ਚੰਦਰੀ ਬਿਮਾਰੀ ਨੂੰ ਝੱਲ ਰਿਹਾ ਹੈ। ਕਿਸਾਨ ਦੱਸਦਾ ਹੈ ਕਿ ਸਰਕਾਰ ਨੇ ਇਲਾਜ ਲਈ ਧੇਲਾ ਨਹੀਂ ਦਿੱਤਾ। ਇਸੇ ਤਰ੍ਹਾਂ ਸਿਵੀਆ ਦੇ ਅਵਤਾਰ ਸਿੰਘ ਦੇ ਘਰ ’ਚ ਖ਼ੁਸ਼ੀ ਦਾ ਦੀਵਾ ਉਦੋਂ ਹੀ ਬੁੱਝ ਗਿਆ ਸੀ ਜਦੋਂ ਉਸ ਦੇ ਦੋ ਮਹੀਨੇ ਦੇ ਬੱਚੇ ਨੂੰ ਕੈਂਸਰ ਹੋਣ ਦੀ ਡਾਕਟਰਾਂ ਨੇ ਗੱਲ ਆਖੀ ਸੀ। ਏਦਾਂ ਦਾ ਕੇਸਾਂ ਦੀ ਕੋਈ ਕਮੀ ਨਹੀਂ। ਸਰਕਾਰੀ ਤੱਥਾਂ ਅਨੁਸਾਰ ਪੰਜਾਬ ਵਿਚ ਰੋਜ਼ਾਨਾ ਅੌਸਤਨ 43 ਮੌਤਾਂ ਕੈਂਸਰ ਨਾਲ ਹੁੰਦੀਆਂ ਹਨ। ਉੱਪਰੋਂ ਹੁਣ ਡੇਂਗੂ ਨੇ ਪੰਜਾਬ ਨੱਪ ਲਿਆ ਹੈ। ਸਰਕਾਰੀ ਹਸਪਤਾਲ ਬਿਮਾਰ ਹਨ, ਪ੍ਰਾਈਵੇਟ ਪਹੁੰਚ ’ਚ ਨਹੀਂ ਰਹੇ। ਉਨ੍ਹਾਂ ਘਰਾਂ ’ਚ ਤਾਂ ਚਾਨਣ ਵੀ ਹੁੰਗਾਰਾ ਨਹੀਂ ਭਰਦਾ ਜਿਨ੍ਹਾਂ ਕੋਲ ਸਿਵਾਏ ਅਰਦਾਸ ਤੋਂ ਕੋਈ ਚਾਰਾ ਨਹੀਂ।
                ਉਨ੍ਹਾਂ ਹਜ਼ਾਰਾਂ ਮਜ਼ਦੂਰਾਂ ਦੇ ਘਰਾਂ ਨੂੰ ਜਿੰਦਰੇ ਵੱਜੇ ਹੋਏ ਹਨ ਜਿਨ੍ਹਾਂ ਦੇ ਜੀਅ ਗੁਜਰਾਤ ਵਿਚ ਨਰਮੇ ਦੇ ਖੇਤਾਂ ਚੋਂ ਲੱਛਮੀ ਲੱਭਣ ਗਏ ਹੋਏ ਹਨ। ਤਾਹੀਓਂ ਨਰਮੇ ਦੇ ਸੀਜ਼ਨ ਵਿਚ ਸਕੂਲਾਂ ਵਿਚ ਬੱਚਿਆਂ ਦੀ ਹਾਜ਼ਰੀ ਘੱਟ ਜਾਂਦੀ ਹੈ। ਨਾ ਜ਼ਮੀਨੀ ਵੰਡ ਹੋਈ, ਨਾ ਪੰਜ ਪੰਜ ਮਰਲੇ ਦੇ ਪਲਾਟਾਂ ਦੀ, ਮਜ਼ਦੂਰਾਂ ਹਿੱਸੇ ਬਿਮਾਰੀਆਂ ਦੀ ਪੰਡ ਆਈ ਹੈ। ਖੇਤ ਮਜ਼ਦੂਰਾਂ ਦੇ ਸਰਵੇ ਦੇ ਹਵਾਲੇ ਨਾਲ ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸੇਵੇਵਾਲਾ ਨੇ ਦੱਸਿਆ ਕਿ ਮਜ਼ਦੂਰਾਂ ਨੂੰ 19 ਫ਼ੀਸਦੀ ਕਰਜ਼ਾ ਸਿਰਫ਼ ਬਿਮਾਰੀਆਂ ਦੇ ਇਲਾਜ ਲਈ ਚੁੱਕਣਾ ਪਿਆ ਹੈ। ‘ਪਟਿਆਲਾ ਮੋਰਚਾ’ ’ਚ ਉੱਤਰੇ ਅਧਿਆਪਕ ਆਖਦੇ ਹਨ ਕਿ ਉਨ੍ਹਾਂ ਦੀਵਾਲੀ ਵੀ ਐਤਕੀਂ ਕਾਲੀ ਹੀ ਹੈ। ਕਰੀਬ 50 ਹਜ਼ਾਰ ਟੈੱਟ ਪਾਸ ਨੌਜਵਾਨ ਭਵਿੱਖ ਦਾ ਦੀਵਾ ਬਾਲਣ ਦੀ ਉਡੀਕ ਕਰ ਰਿਹਾ ਹੈ। ‘ 5178 ਅਧਿਆਪਕ ਯੂਨੀਅਨ’ ਦੇ ਅਧਿਆਪਕ ਰੋਸ ਵਜੋਂ ਸੜਕਾਂ ਤੇ ਬੈਠ ਕੇ ਦੀਵੇ ਵੇਚ ਰਹੇ ਹਨ। ਉਨ੍ਹਾਂ ਨੂੰ ਨਾ ਰੈਗੂਲਰ ਕੀਤਾ ਤੇ ਨਾ ਕੱੁਝ ਅਰਸੇ ਤੋਂ ਤਨਖ਼ਾਹ ਮਿਲੀ ਹੈ।













 









No comments:

Post a Comment