
ਭੰਗੂ ਨੇ ਲਾਏ ਹਸਪਤਾਲ ’ਚ ‘ਤੰਬੂ’
ਚਰਨਜੀਤ ਭੁੱਲਰ
ਬਠਿੰਡਾ : ਪਰਲਜ਼ ਗਰੁੱਪ ਦੇ ਅਰਬਪਤੀ ਨਿਰਮਲ ਭੰਗੂ ਦਾ ਬਠਿੰਡਾ ਜੇਲ੍ਹ ’ਚ ਸ਼ਾਇਦ ਚਿੱਤ ਨਹੀਂ ਲੱਗਦਾ ਹੈ। ਏਦਾਂ ਜਾਪਦਾ ਹੈ ਕਿ ਜਿਵੇਂ ਉਹ ਜੇਲ੍ਹ ’ਚ ਛੁੱਟੀ ਕੱਟਣ ਹੀ ਆਉਂਦੇ ਹੋਣ। ਦੌਲਤਮੰਦ ਨਿਰਮਲ ਭੰਗੂ ਹਵਾਲਾਤੀ ਤਾਂ ਬਠਿੰਡਾ ਜੇਲ੍ਹ ਦੇ ਹਨ ਪ੍ਰੰਤੂ ਉਹ ਮਰੀਜ਼ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਹਨ। ਬਠਿੰਡਾ ਪੁਲੀਸ ਨੂੰ ਹਸਪਤਾਲ ’ਚ ਵੀ.ਆਈ.ਪੀ ਮਰੀਜ਼ ਭੰਗੂ ਦੀ ਰਖਵਾਲੀ ਕਰੀਬ 45 ਲੱਖ ਰੁਪਏ ’ਚ ਪੈ ਚੁੱਕੀ ਹੈ। ਜ਼ਿਲ੍ਹਾ ਪੁਲੀਸ ਤਰਫ਼ੋਂ ਉਨ੍ਹਾਂ ਨਾਲ ਚਾਰ ਮੁਲਾਜ਼ਮਾਂ ਵਾਲੀ ਗਾਰਦ ਤਾਇਨਾਤ ਕੀਤੀ ਹੋਈ ਹੈ। ਦੂਸਰੀ ਤਰਫ਼ ਪਰਲਜ਼ ਕੰਪਨੀ ਦੇ ਕੱਖੋਂ ਹੌਲੇ ਕੀਤੇ ਨਿਵੇਸ਼ਕ ਦਿੱਲੀ ਵਿਚ 22 ਅਕਤੂਬਰ ਤੋਂ ਭੁੱਖ ਹੜਤਾਲ ’ਤੇ ਬੈਠੇ ਹਨ। ਬਠਿੰਡਾ ਜੇਲ੍ਹ ਤੋਂ ਆਰ.ਟੀ.ਆਈ ’ਚ ਪ੍ਰਾਪਤ ਵੇਰਵੇ ਹੈਰਾਨ ਕਰਨ ਵਾਲੇ ਅਤੇ ਰੌਚਿਕ ਹਨ। ਬਠਿੰਡਾ ਜੇਲ੍ਹ ’ਚ ਨਿਰਮਲ ਭੰਗੂ 13 ਜੂਨ 2016 ਨੂੰ ਬਤੌਰ ਹਵਾਲਾਤੀ ਆਏ ਸਨ। ਦੂਸਰੇ ਦਿਨ ਹੀ ਉਹ 14 ਜੂਨ 2016 ਨੂੰ ਜੇਲ੍ਹ ਚੋਂ ਮੋਹਾਲੀ ਦੇ ਹਸਪਤਾਲ ’ਚ ਇਲਾਜ ਲਈ ਚਲੇ ਗਏ। ਤੱਥਾਂ ਅਨੁਸਾਰ 13 ਜੂਨ 2016 ਤੋਂ ਲੈ ਕੇ 19 ਨਵੰਬਰ 2018 ਤੱਕ ਨਿਰਮਲ ਭੰਗੂ ਦਾ ਹਵਾਲਾਤੀ ਸਮਾਂ 889 ਦਿਨ ਬਣਦਾ ਹੈ ਜਿਸ ਚੋਂ 671 ਦਿਨ ਭੰਗੂ ਨੇ ਮੋਹਾਲੀ ਦੇ ਪ੍ਰਾਈਵੇਟ ਹਸਪਤਾਲ ਬਿਤਾਏ ਹਨ। ਮਤਲਬ ਕਿ ਭੰਗੂ 29 ਮਹੀਨਿਆਂ ਚੋਂ ਕਰੀਬ 22 ਮਹੀਨੇ ਹਸਪਤਾਲ ’ਚ ਰਹੇ ਹਨ। ਸਿਰਫ਼ 218 ਦਿਨ ਹੀ ਉਹ ਬਠਿੰਡਾ ਜੇਲ੍ਹ ਵਿਚ ਟਿਕੇ ਹਨ। ਥਾਣਾ ਥਰਮਲ ਬਠਿੰਡਾ ਵਿਚ ਪਹਿਲੀ ਜੂਨ 2016 ਨੂੰ ਪਰਲਜ਼ ਗੋਲਡਨ ਫਾਰੈਸਟ ਲਿਮਟਿਡ (ਪੀਜੀਐਫ) ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਨਿਰਮਲ ਭੰਗੂ ਵਗ਼ੈਰਾ ਤੇ ਧਾਰਾ 406,420 ਤਹਿਤ ਕੇਸ ਦਰਜ ਹੋਇਆ ਸੀ। ਭੰਗੂ ਖ਼ਿਲਾਫ਼ ਸੀ.ਬੀ.ਆਈ ਨੇ 45 ਹਜ਼ਾਰ ਦੇ ਘੁਟਾਲੇ ਦਾ ਫਰਵਰੀ 2014 ਵਿਚ ਕੇਸ ਦਰਜ ਕੀਤਾ ਸੀ ਜਿਸ ‘ਚ ਉਹ ਤਿਹਾੜ ਜੇਲ੍ਹ ਵਿਚ ਬੰਦ ਸੀ। ਪੰਜਾਬ ਪੁਲੀਸ ਭੰਗੂ ਨੂੰ ਤਿਹਾੜ ਜੇਲ੍ਹ ਤੋਂ ਬਠਿੰਡਾ ਜੇਲ੍ਹ ਲੈ ਆਈ ਸੀ। ਸੂਤਰ ਦੱਸਦੇ ਹਨ ਕਿ ਤਿਹਾੜ ਜੇਲ੍ਹ ਵਿਚ ਉਹ ਕਾਫ਼ੀ ਤੰਗ ਮਹਿਸੂਸ ਕਰਦੇ ਸਨ। ਸਰਕਾਰੀ ਸੂਚਨਾ ਅਨੁਸਾਰ ਨਿਰਮਲ ਭੰਗੂ ਜੇਲ੍ਹ ’ਚ ਇੱਕ ਰਾਤ ਕੱਟਣ ਮਗਰੋਂ ਹੀ 14 ਜੂਨ 2016 ਨੂੰ ਮੋਹਾਲੀ ਹਸਪਤਾਲ ’ਚ ਭਰਤੀ ਹੋ ਗਏ ਜਿੱਥੇ ਉਹ ਲਗਾਤਾਰ 18 ਫਰਵਰੀ 2017 ਤੱਕ (248 ਦਿਨ) ਰਹੇ। ਉਨ੍ਹਾਂ ਦੀ ਗਾਰਦ ਵਿਚ ਇੱਕ ਸਬ ਇੰਸਪੈਕਟਰ, ਦੋ ਹੌਲਦਾਰ ਅਤੇ ਦੋ ਸਿਪਾਹੀ ਸ਼ਾਮਿਲ ਸਨ। ਜੇਲ੍ਹ ਵਿਚ ਕਰੀਬ ਦੋ ਮਹੀਨੇ ਕੱਟਣ ਮਗਰੋਂ ਹੀ ਉਹ ਮੁੜ 28 ਅਪਰੈਲ 2017 ਨੂੰ ਮੋਹਾਲੀ ਹਸਪਤਾਲ ਚਲੇ ਗਏ ਜਿੱਥੇ ਉਹ 5 ਜੂਨ 2017 ਤੱਕ (ਕਰੀਬ 40 ਦਿਨ) ਰਹੇ। ਫਿਰ ਉਹ ਦੋ ਮਹੀਨੇ ਜੇਲ੍ਹ ਵਿਚ ਰਹੇ ਅਤੇ ਤੀਸਰੀ ਦਫ਼ਾ ਉਹ 1 ਅਗਸਤ 2017 ਨੂੰ ਮੋਹਾਲੀ ਹਸਪਤਾਲ ਵਿਚ ਪੁੱਜ ਗਏ ਜਿੱਥੇ ਉਹ 6 ਸਤੰਬਰ 2017 ਤੱਕ (37 ਦਿਨ) ਰਹੇ।
ਵੇਰਵਿਆਂ ਅਨੁਸਾਰ ਪੌਣੇ ਦੋ ਮਹੀਨੇ ਜੇਲ੍ਹ ਵਿਚ ਟਿਕਣ ਮਗਰੋਂ ਉਹ ਮੁੜ 25 ਅਕਤੂਬਰ 2017 ਤੋਂ 3 ਮਾਰਚ 2018 ਤੱਕ (123 ਦਿਨ) ਹਸਪਤਾਲ ਰਹੇ। ਇਸੇ ਤਰ੍ਹਾਂ 17 ਕੁ ਦਿਨ ਜੇਲ੍ਹ ਵਿਚ ਕੱਟਣ ਮਗਰੋਂ ਮੁੜ 21 ਮਾਰਚ 2018 ਤੋਂ 14 ਜੁਲਾਈ 2018 ਤੱਕ (115 ਦਿਨ) ਹਸਪਤਾਲ ਵਿਚ ਭਰਤੀ ਰਹੇ। ਜੇਲ੍ਹ ’ਚ ਹਫ਼ਤੇ ਮਗਰੋਂ ਹੀ ਭੰਗੂ ਦੀ ਤਬੀਅਤ ਵਿਗੜ ਗਈ। ਫਿਰ ਉਹ 21 ਜੁਲਾਈ 2018 ਤੋਂ 24 ਅਕਤੂਬਰ 2018 ਤੱਕ (95 ਦਿਨ) ਪ੍ਰਾਈਵੇਟ ਹਸਪਤਾਲ ਵਿਚ ਇਲਾਜ ’ਤੇ ਰਹੇ। ਹੁਣ ਕਰੀਬ 12 ਦਿਨ ਜੇਲ੍ਹ ਵਿਚ ਰਹਿਣ ਮਗਰੋਂ ਭੰਗੂ 6 ਨਵੰਬਰ 2018 ਨੂੰ ਮੋਹਾਲੀ ਦੇ ਆਈ.ਵੀ.ਆਈ ਹਸਪਤਾਲ ਵਿਚ ਇਲਾਜ ਲਈ ਚਲੇ ਗਏ ਹਨ ਜਿੱਥੇ ਇਲਾਜ ਜਾਰੀ ਹੈ। ਸੂਤਰ ਦੱਸਦੇ ਹਨ ਕਿ ਹਸਪਤਾਲ ਤੋਂ ਕਰੀਬ ਡੇਢ ਕਿੱਲੋਮੀਟਰ ਦੀ ਦੂਰੀ ’ਤੇ ਹੀ ਭੰਗੂ ਦੀ ਮੋਹਾਲੀ ਵਿਚਲੀ ਰਿਹਾਇਸ਼ ਹੈ। ਬਠਿੰਡਾ ਜੇਲ੍ਹ ਦੇ ਸੁਪਰਡੈਂਟ ਸੁਖਵਿੰਦਰ ਸਿੰਘ ਸਹੋਤਾ ਦਾ ਕਹਿਣਾ ਸੀ ਕਿ ਨਿਰਮਲ ਭੰਗੂ ਨੂੰ ਕਿਡਨੀ ਦੀ ਸਮੱਸਿਆ ਅਤੇ ਹਾਈਕੋਰਟ ਦੇ ਹੁਕਮਾਂ ’ਤੇ ਭੰਗੂ ਨੂੰ ਪ੍ਰਾਈਵੇਟ ਹਸਪਤਾਲ ਵਿਚੋਂ ਇਲਾਜ ਦੀ ਪ੍ਰਵਾਨਗੀ ਮਿਲੀ ਹੋਈ ਹੈ। ਉਹ ਸਮੇਂ ਸਮੇਂ ਤੇ ਭੰਗੂ ਦੀ ਬਿਮਾਰੀ ਸਬੰਧੀ ਡਾਕਟਰੀ ਰਿਪੋਰਟਾਂ ਦਾ ਰੀਵਿਊ ਕਰਦੇ ਹਨ ਅਤੇ ਉਸ ਮਗਰੋਂ ਹੀ ਹਸਪਤਾਲ ਭੇਜਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ।
ਸਰਕਾਰ ਦਾ ਹੱਥ ਭੰਗੂ ’ਤੇ ਹੈ : ਬਹਿਮਣ
ਪਰਲਜ਼ ਪੀੜਤਾਂ ਦੀ ਇਨਸਾਫ਼ ਦੀ ਆਵਾਜ਼ ਸੰਸਥਾ ਦੇ ਪੰਜਾਬ ਪ੍ਰਧਾਨ ਗੁਰਤੇਜ ਸਿੰਘ ਬਹਿਮਣ ਦਾ ਕਹਿਣਾ ਸੀ ਕਿ ਪੰਜਾਬ ਵਿਚ ਪਰਲਜ਼ ਤੋਂ 25 ਲੱਖ ਲੋਕ ਪੀੜਤ ਹਨ ਜਿਨ੍ਹਾਂ ਦਾ 10 ਹਜ਼ਾਰ ਕਰੋੜ ਪਰਲਜ਼ ਵੱਲ ਫਸਿਆ ਹੋਇਆ ਹੈ। ਨਿਵੇਸ਼ਕ 25 ਨਵੰਬਰ ਨੂੰ ਵੱਡਾ ਪ੍ਰਦਰਸ਼ਨ ਦਿੱਲੀ ਵਿਚ ਕਰ ਰਹੇ ਹਨ ਅਤੇ ਹੁਣ ਭੁੱਖ ਹੜਤਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਯੋਜਨਾਬੱਧ ਤਰੀਕੇ ਨਾਲ ਭੰਗੂ ਨੂੰ ਤਿਹਾੜ ਜੇਲ੍ਹ ਤੋਂ ਬਠਿੰਡਾ ਜੇਲ੍ਹ ਲਿਆਂਦਾ ਗਿਆ ਅਤੇ ਹੁਣ ਸਰਕਾਰੀ ਮਿਹਰ ਨਾਲ ਜੇਲ੍ਹ ਤੋਂ ਹਸਪਤਾਲ ਭੇਜਿਆ ਗਿਆ ਹੈ।
ਸ਼ਿਰ ਤੇ ਪਗ ਤੇ ਦਾਹੜੀ...ਇਹ ਆਵਦੇ ਗੁਰੂ ਦੇ ambassador ਹਨ.
ReplyDeleteਜਦੋ ਇਹ ਲੋਕ ਸ਼ਰਮ ਲਾਹ ਕੇ ਕਿਲੇ ਤੇ ਟੰਗ ਦਿੰਦੇ ਹਨ, ਇਨਾ ਨੂ ਪਗ ਤੇ ਦਾਹੜੀ ਵੀ ਲਾਹ ਦੇਣੀ ਚਾਹਦੀ ਹੈ. ਘਟੋ ਘਟ ਗੁਰੂ ਦੀਆਂ ਕੁਰਬਾਨੀਆ ਨੂ ਤਾ ਨਾ ਖੂਹ ਵਿਚ ਸੁਟੋ ਤੇ ਸਾਰੀ ਕੋਮ ਦਾ ਨਾਮ ਬਦਨਾਮ ਕਰੋ. ਇਨਾ ਲੋਕਾ ਨੂ ਨੀਦ ਕਿਵੇ ਆ ਜਾਂਦੀ ਹੈ?
ਤੇ ਜੋ ਕਾਲੀ - bjp ਇਸ ਦੇ ਸਰਪ੍ਰਸਤ ਸਨ ਉਨਾ ਨੂ ਕੋਈ ਸਜਾ ਨਹੀ? ਜਥੇਦਾਰਾ ਨੂ ਜਿਨਾ ਦਾ ਕਰਕੇ ਸਿਖ ਰਾਮ ਰਹੀਮ ਦੇ ਮਸਲੇ ਵਿਚ ਮਰੇ, ਬਰਗਾੜੀ ਮਰੇ....ਉਸ ਵਿਚ ਜਥੇਦਾਰਾ ਦੀ ਕੋਈ ਜੁਮੇਵਾਰੀ ਨਹੀ. ਬਸ ਖਾ ਪੀ ਕੇ ਚਿਤੜਾ ਨੂ ਹਥ ਮਲਸ ਲੇ ਤੇ ਘਰ ਭਰ ਕੇ ਘਰੇ ਬਹਿ ਗਏ?