Sunday, October 25, 2020

                                                   ਵਿਚਲੀ ਗੱਲ 
                                    ਲੇਖਾ ਰੱਬ ਮੰਗੇਸੀਐ..!  
                                                  ਚਰਨਜੀਤ ਭੁੱਲਰ      

ਚੰਡੀਗੜ੍ਹ : ਹੰਸ ਰਾਜ ਨੂੰ ਕਿਸੇ ਪੁੱਛਿਆ, ਅਸਤੀਫ਼ਾ ਦਿਓਗੇ? ਅੱਗਿਓਂ ਬੋਲੇ, ਹਜ਼ੂਰ-ਏ-ਆਲਾ! ਕਿੱਦਾਂ ਦੀ ਗੱਲ ਪਏ ਕਰਦੇ ਹੋ, ਅਸਾਂ ਨੂੰ ਮਸਾਂ ਤਾਂ ਕੁਰਸੀ ਮਿਲੀ ਏ..! ਫੱਕਰਾਂ ਦੀ ਖ਼ੈਰ ਮੰਗ ਛੱਡੋ, ਮੌਲਾ ਭਲੀ ਕਰੇਗਾ। ਭਲਿਓ ਤੁਸਾਂ ਕੋਈ ਕਸਰ ਨਹੀਂ ਛੱਡੀ। ਦਿੱਲੀ ਵਾਲਿਆਂ ਮੁੱਲ ਪਾਇਆ ਏ..! ਸਾਡੇ ਆਲੇ ਨਵਜੋਤ ਸਿੱਧੂ ਨੇ ਤਾਂ ਮਿੰਟ ਲਾਇਆ ਏ, ਅੌਹ ਵਗਾਹ ਮਾਰਿਆ ਅਸਤੀਫ਼ਾ। ਅਖੇ ਕੋਈ ਵੱਡੀ ਸਾਰੀ ਕੁਰਸੀ ਦਿਖਾਓ। ਬੀਬਾ ਬਾਦਲ ਦਾ ਧੰਨ ਜਿਗਰਾ। ਕੁਰਸੀ ਤਿਆਗ ਦਿੱਤੀ। ‘ਬਾਦਸ਼ਾਹ ਸਲਾਮਤ’ ਕਾ ਅੰਦਾਜ਼-ਏ-ਬਿਆਂ। ਸ਼ਾਹੀ ਮੜਕ, ਆਵਾਜ਼-ਏ-ਗੜ੍ਹਕ..! ਵਿਧਾਨ ਸਭਾ ਦਾ ਪਵਿੱਤਰ ਸਦਨ। ਸਦਰ-ਏ-ਪੰਜਾਬ ਖੜ੍ਹੇ ਹੋਏ। ਲਿਬਾਸ ਚਿੱਟੇ ਦੁੱਧ ਵਰਗਾ। ਕੁੜਤੇ ’ਤੇ ਲੱਗੀ ਸ਼ਾਹੀ ਜੇਬ। ਜੇਬ ’ਚ ਪਿਆ ਅਸਤੀਫ਼ਾ। ਨਵਰਤਨ ਅਸ਼-ਅਸ਼ ਕਰ ਉੱਠੇ, ਜਦੋਂ ਲੋਕ ਰਾਜ ਦੇ ਬਾਦਸ਼ਾਹ ਬੋਲੇ, ‘ਮੈਂ ਤਾਂ ਅਸਤੀਫ਼ਾ ਜੇਬ ’ਚ ਰੱਖਦਾਂ’। ਦੋ ਦਫ਼ਾ ਪਹਿਲਾਂ ਵੀ ਦਿੱਤੈ। ਅੰਨਦਾਤੇ ਨੂੰ ਆਪਣੇ ਹਾਲ ’ਤੇ ਨਹੀਂ ਛੱਡਾਂਗਾ। ‘ਜੀਨਾ ਯਹਾਂ, ਮਰਨਾ ਯਹਾਂ, ਇਸ ਕੇ ਸਿਵਾ ਜਾਨਾ ਕਹਾਂ।’

               ਸੰਧਵਾਂ ਵਾਲਾ ਕੁਲਤਾਰ ਕੀ ਜਾਣੇ, ਕੁਰਸੀ ਦੀਆਂ ਬਾਤਾਂ। ਡੌਂਡੀ ਪਿੱਟਣ ਲੱਗਾ, ਮਹਾਰਾਜੇ ਦੀ ਜੇਬ ਤਾਂ ਖਾਲੀ ਸੀ, ਸਭ ਗੱਲਾਂ ਝੂਠ। ਐਵੇਂ ਜੇਬਾਂ ਨਾ ਫਰੋਲੋ, ਅੌਹ ਦੇਖੋ, ਪੰਡਾਲ ਕਿਵੇਂ ਭਰੇ ਨੇ। ਢਾਡੀ ਗਾ ਰਹੇ ਨੇ, ਮੁੱਕੇ ਤਣੇ ਨੇ, ਨਾਅਰੇ ਗੂੰਜਦੇ ਨੇ, ਝੰਡੇ ਝੂਲਦੇ ਨੇ। ਕਿਸਾਨਾਂ ਦਾ ਜੋਸ਼ ਵੇਖ... ਨਾਲੇ ਹੋਸ਼ ਵੇਖ। ਕੋਈ ਦੁੱਧ ਲਿਆ ਰਿਹਾ ਏ, ਕੋਈ ਲੰਗਰ ਛਕਾ ਰਿਹਾ ਏ। ‘ਅਸਤੀਫਾ-ਅਸਤੀਫਾ’ ਵਾਲੀ ਖੇਡ ਨੂੰ ਕੌਣ ਭੁੱਲਿਐ। ਅੰਨਦਾਤੇ ਨੇ, ਭੁਲੱਕੜਦਾਸ ਨਹੀਂ, ਹੁਣ ਅੌਖਾ ਹੀ ਧਿਜਣਗੇ। ਫ਼ਿਲਮ ‘ਰੋਟੀ’ ਦਾ ਗਾਣਾ ਇੰਨ ਬਿੰਨ ਢੁੱਕਦੈ। ‘ਅਰੇ ਭੀਖ ਨਾ ਮਾਂਗੇ, ਕਰਜ਼ ਨਾ ਮਾਂਗੇ/ਯੇ ਆਪਣਾ ਹੱਕ ਮਾਂਗਤੀ ਹੈ, ਯੇ ਜੋ ਪਬਲਿਕ ਹੈ, ਸਭ ਜਾਨਤੀ ਹੈ।’ ਕਿਸਾਨ ਭਰਾਵੋ! ਲੱਖ ਰੁਪਏ ਦੀ ਗੱਲ ਕੀਤੀ ਐ। ਮਜੀਠੇ ਵਾਲਿਆਂ ਦੀ ਨਵੀਂ ਆਫਰ ਤੋਂ ਬਲਿਹਾਰੇ ਜਾਵਾਂ। ਅਖ਼ੇ, ‘ਸਭ ਵਿਧਾਇਕ ਅਸਤੀਫ਼ੇ ਦੇ ਦੇਣਗੇ।’ ਅਸਤੀਫ਼ੇ ਦੀ ਗੂੰਜ ਕਿੱਧਰੋਂ ਵੀ ਪਵੇ। ਧੁੜਕੂ ਸਾਧ ਸੁਭਾਅ ਵਾਲੇ ਮੰਤਰੀ ਨੂੰ ਲੱਗ ਜਾਂਦੈ। ਪਿਆਰੇ ਸੁਆਮੀ! ਹੁਣ ਫਿਕਰ ਨੂੰ ਛੱਡੋ, ਮਹਾਰਾਜੇ ਦੀ ਜੇਬ ’ਚ ’ਕੱਲਾ ਅਸਤੀਫ਼ਾ ਨਹੀਂ, ਕਲੀਨ ਚਿੱਟ ਵੀ ਐ।

               ਬਠਿੰਡੇ ਵਾਲਾ ਟੋਨੀ ਜੇਬਕਤਰਾ । ਰੱਬ ਦਾ ਬੰਦਾ ਪਰਲੋਕ ’ਚ ਬੈਠੈ। ਚੇਲਿਆਂ ਦੀ ਚੰਗੀ ਜੈ-ਜੈ ਕਾਰ ਐ। ਟੋਨੀ ਦੇ ਵਾਰਸੋ! ਸਾਡੇ ਮੁੱਖ ਮੰਤਰੀ ਨੂੰ ਬਖ਼ਸ਼ ਦੇਣਾ। ਕਿਤੇ ਜੇਬ ਨੂੰ ਪੈ ਨਿਕਲੋ। ਜੇਬ ’ਚੋਂ ਬੱਸ ਅਸਤੀਫ਼ਾ ਨਿਕਲੂ। ਥੋਡੇ ਕਿਸੇ ਕੰਮ ਨਹੀਂ ਆਉਣਾ। ਸਾਡਾ ਰਹਿਣਾ ਕੱਖ ਨਹੀਂ। ਟਕਸਾਲੀ ਦੱਸਦੇ ਹਨ...ਟੌਹੜਾ ਸਾਹਿਬ ਦੀ ਜੇਬ ਕਈ ਵਾਰੀ ਕੱਟੀ ਗਈ। ਵੱਡੇ ਬਾਦਲ ਉਦੋਂ ਤੋਂ ਜੇਬ ’ਚ ਕੋਈ ਪੈਸਾ ਨਹੀਂ ਰੱਖਦੇ।‘ਫਸੀ ਤਾਂ ਫਟਕਣ ਕੀ।’ ਹੁਕਮ ਤਾਂ ਛੱਡੋ... ਸਲੀਬ ’ਤੇ ਕੀ ਨਾ ਚੜ੍ਹ ਜਾਣ। ਹੁਣ ਭਾਵੇਂ ਜ਼ਹਿਰ ਦਾ ਪਿਆਲਾ ਪਿਆ ਦਿਓ। ਵਕਤ ਦਾ ਚੱਕਾ ਤੇਜ਼ੀ ਨਾਲ ਘੁੰਮਦੈ। ਵਰ੍ਹਾ 2022 ਤਾਂ ਅੱਖ ਦੇ ਫੌਰੇ ਆਜੂ। ‘ਪਹਿਲਾਂ ਅਸਤੀਫ਼ਾ, ਫਿਰ ਭਾਜਪਾ ਨੂੰ ਬਾਏ-ਬਾਏ’, ਇੰਝ ਸੁਖਬੀਰ ਬਾਦਲ ਨੇ ਲਕੀਰ ਖਿੱਚਤੀ। ‘ਪਹਿਲਾਂ ਖੇਤੀ ਸੋਧ ਬਿੱਲ ਲਿਆਂਦੇ, ਉਪਰੋਂ ਅਸਤੀਫ਼ੇ ਵਾਲਾ ਗਿਫਟ ਵਾਊਚਰ।’ ਏਹ ਨਵੀਂ ਲਕੀਰ ਅਮਰਿੰਦਰ ਨੇ ਖਿੱਚਤੀ। ਇੰਝ ਲੱਗਦੈ, ਬਈ ਹੁਣ ਲਕੀਰੋ-ਲਕੀਰੀ ਹੋਣਗੇ।

               ‘ਆਪ’ ਨੇ ਕਿਹੜਾ ਰੱਬ ਦੇ ਮਾਂਹ ਮਾਰੇ ਨੇ। ਓਹ ਵੀ ਵਾਜਾ ਚੁੱਕੀ ਫਿਰਦੇ ਨੇ। ਲੋਕਾਂ ਨੂੰ ਤਾਂ ਰੱਬ ਵੀ ਖੁਸ਼ ਨਹੀਂ ਕਰ ਸਕਿਆ। ਬਾਹਲੇ ਅਧਰਮੀ ਲੋਕ ਨੇ...ਰੱਬ ਦਾ ਖ਼ੌਫ ਖਾਣੋਂ ਵੀ ਹਟ ਗਏ। ਲੱਗਦੈ, ਕੇਜਰੀਵਾਲ ਦਾ ਰਾਹ ਬਿੱਲੀ ਕੱਟ ਗਈ। ‘ਮਿਲੇ ਸੁਰ ਮੇਰਾ ਤੁਮਾਰਾ’... ਅਮਿਤ ਸ਼ਾਹ ਬਾਗੋ ਬਾਗ ਹੋਇਐ। ਭੁਲੱਥ ਆਲੇ ਸੁਖਪਾਲ ਖਹਿਰੇ ਦੇ ਜ਼ਰੂਰ ਨੰਬਰਦਾਰ ਮੱਥੇ ਲੱਗਿਆ ਹੋਊ। ਕਿਸਾਨਾਂ ਨੇ ਮੱਥਾ ਸਿੱਧਾ ਦਿੱਲੀ ਨਾਲ ਲਾਇਐ। ਪ੍ਰਧਾਨ ਮੰਤਰੀ ਨੇ ਮਨ ਦੀ ਬਾਤ ਸੁਣਾਤੀ...ਖੇਤੀ ਕਾਨੂੰਨ ਨਹੀਂ ਹੋਣਗੇ ਵਾਪਸ। ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ ‘ਪੰਚ ਪ੍ਰਮੇਸ਼ਵਰ’ ਪੜ੍ਹੀ ਹੁੰਦੀ, ਏਨੇ ਕੋਰੇ ਨਾ ਹੁੰਦੇ। ਜਪਾਨੀ ਆਖਦੇ ਨੇ, ‘ਜਿਸ ਕੋਲ ਕੁਝ ਗੁਆਉਣ ਲਈ ਨਾ ਹੋਵੇ, ਉਸ ਕੋਲੋਂ ਡਰਨਾ ਚਾਹੀਦੈ।’ ਮਹਾਭਾਰਤ ਕਿਸੇ ਧਰਤੀ ’ਤੇ ਵੀ ਹੋ ਸਕਦੈ। ਰਾਗ ਮੁੱਕ ਗਿਆ ਕਿ ਤਾਰ ਟੁੱਟ ਗਈ। ਦਸੌਂਧਾ ਸਿਓਂ ਗੱਲ ਗੱਲ ’ਤੇ ਆਖਦੈ..‘ਅਮਲਾਂ ਦੇ ਹੋਣਗੇ ਨਿਬੇੜੇ..!’

               ਅਰਸਤੂ ਦਾ ਪ੍ਰਵਚਨ ਸੁਣੋ, ‘ਚੁਟਕਲੇ ਸੁਣਨ ਦੇ ਤਾਂ ਦੇਵਤੇ ਵੀ ਸ਼ੌਕੀਨ ਹੁੰਦੇ ਨੇ।’ ਟੋਟਕਿਆਂ ਨੂੰ ਛੱਡੋ, ਚਾਣਕਯ ਦੀ ਗੱਲ ’ਚ ਦਮ ਐ, ਉਹ ਸੁਣ ਲਓ, ‘ਪਰਜਾ ਦਾ ਗੁੱਸਾ ਹਰ ਤਰ੍ਹਾਂ ਦੇ ਗੁੱਸੇ ਤੋਂ ਭਿਅੰਕਰ ਹੁੰਦਾ ਹੈ।’ ਖੇਤੀ ਕਾਨੂੰਨ ਕਾਹਦੇ ਆਏ, ਲੱਗਦੈ ਜਵਾਰਭਾਟਾ ਆ ਗਿਆ। ਰੱਬ ਝੂਠ ਨਾ ਬੁਲਾਵੇ, ਪੰਜਾਬ ਤਾਂ ਇੱਕੋ ਮੋਰੀ ਨਿਕਲੂ। ‘ਕਾਲੀਆਂ ਇੱਟਾਂ ਕਾਲੇ ਰੋੜ’, ਚਾਰੇ ਪਾਸੇ ਸੰਘਰਸ਼ੀ ਹੜ੍ਹ ਆਇਐ। ਭਾਜਪਾ ਆਗੂ ਕਿਥੋਂ ਤਵੀਤ ਕਰਾਉਣ। ਅਡਵਾਨੀ ਨੇ ਜ਼ਰੂਰ ਠੰਢਾ ਸਾਹ ਲਿਆ ਹੋਊ... ‘ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ।’ ਸਿਸਰੋ ਇੰਝ ਫਰਮਾ ਗਏ, ‘ਗ਼ਲਤੀ ਤਾਂ ਹਰ ਮਨੁੱਖ ਤੋਂ ਹੁੰਦੀ ਐ, ਉਸ ’ਤੇ ਅੜੇ ਰਹਿਣ ਦੀ ਜ਼ਿੱਦ ਸਿਰਫ਼ ਮੂਰਖ ਕਰਦੇ ਨੇ।’ ਕੇਂਦਰ ਨੇ ਤਾਂ ਹੁਣ ਬੂਹੇ ਹੀ ਭੇੜ ਲਏ। ਤਾਹੀਂ ਘੋਲ ਖੇਡ ਲਈ ਪੰਜਾਬ ਨੇ ਝੰਡੀ ਫੜੀ ਐ। ਸਿਆਸਤ ਦਾ ਸਿੰਘਾਸਣ ਡੋਲਣ ਲੱਗੈ। ਕਾਸ਼! ਏਹ ਸਰ ਛੋਟੂ ਰਾਮ ਦਾ ਜੂਠਾ ਖਾ ਲੈਂਦੇ। ਨਾ ਅਸਤੀਫ਼ੇ ਦੇਣੇ ਪੈਂਦੇ, ਨਾ ਅਸਤੀਫ਼ਾ ਜੇਬ ’ਚ ਰੱਖਣਾ ਪੈਂਦਾ। ਮੁੱਖ ਮੰਤਰੀ ਤਾਂ ਕਿਤਾਬਾਂ ਦੇ ਸ਼ੌਕੀਨ ਨੇ। ਅਸਤੀਫ਼ਾ ਤਜੋਰੀ ’ਚ ਰੱਖ ਦੇਣ। ਪ੍ਰੋ. ਬਸੰਤ ਸਿੰਘ ਬਰਾੜ ਦੀ ਕਿਤਾਬ ‘ਕਿਸਾਨਾਂ ਦੇ ਮਸੀਹਾ-ਸਰ ਛੋਟੂ ਰਾਮ’ ਜ਼ਰੂਰ ਪੜ੍ਹਨ। ਪ੍ਰੋਫੈਸਰ ਸਾਹਿਬ, ਪਿੰਡ ਬਾਦਲ ਵੀ ਕਿਤਾਬਾਂ ਦਾ ਸੈੱਟ ਭੇਜਿਓ।

               ਆਓ ਹੁਣ ਸਰ ਛੋਟੂ ਰਾਮ ਦਾ ਵਾਕ ਲਈਏ। ਜ਼ਿਲ੍ਹਾ ਰੋਹਤਕ ਦਾ ਇੱਕ ਬੱਚਾ... ਨਾਮ ‘ਰਾਮ ਰਿਛਪਾਲ’। ਮਾਸਟਰ ਨੇ ਨਾਮ ਲਿਖਿਆ, ਛੋਟੂ ਰਾਮ। ਬਾਪ ਸੁਖੀ ਰਾਮ ਦੀ ਜੇਬ ਖਾਲੀ, ਛੋਟੂ ਰਾਮ ਨੂੰ ਕਿਵੇਂ ਪੜ੍ਹਾਵੇ। ਬਾਪ ਸ਼ਾਹੂਕਾਰ ਘਾਸੀ ਰਾਮ ਦੇ ਚਰਨੀ ਲੱਗਾ। ਬਾਪ ਪੂਰਾ ਦਿਨ ਰੱਸੀ ਵਾਲਾ ਪੱਖਾ ਖਿੱਚਦਾ ਰਿਹਾ। ਛੋਟੂ ਰਾਮ ਕੋਲ ਬੈਠਾ ਰਿਹਾ। ਘਾਸੀ ਰਾਮ ਦੀ ਜਾਗ ਖੁੱਲ੍ਹੀ। ਕਰਜ਼ੇ ਤੋਂ ਕੋਰਾ ਜਵਾਬ ਦੇ ਦਿੱਤਾ। ਵਜ਼ੀਫੇ ਨਾਲ ਲਾਹੌਰ ਅਤੇ ਦਿੱਲੀ ਪੜ੍ਹਿਆ। ਵਕਾਲਤ ਪੜ੍ਹੀ, ਕਾਲਾ ਕੋਟ ਪਾ ਲਿਆ। ਕਰਜ਼ਈ ਕਿਸਾਨਾਂ ਦੇ ਰਾਜ਼ੀਨਾਮੇ ਕਰਾਉਣੇ, ਮੁਫ਼ਤ ਕੇਸ ਲੜਨੇ, ਇਹੋ ਨਿੱਤਨੇਮ ਰਿਹਾ। ‘ਜਾਟ ਐਜੂਕੇਸ਼ਨ ਸੁਸਾਇਟੀ ਬਣਾਈ’। ਵਿੱਦਿਆ ਦੀ ਜੋਤ ਜਗਾਈ। 22 ਹਜ਼ਾਰ ਮੁੰਡੇ ਫੌਜ ’ਚ ਭਰਤੀ ਕਰਾਏ। ਛੋਟੂ ਰਾਮ ਨੇ ‘ਜਾਟ ਗਜ਼ਟ’ ਅਖ਼ਬਾਰ ਕੱਢਿਆ। ‘ਵਿਚਾਰਾ ਜਿਮੀਂਦਾਰ’ ਕਾਲਮ ਹੇਠ ਸਤਾਰਾਂ ਲੇਖ ਲਿਖੇ। ਕਿਸਾਨ ਜਗਾਏ, ਬਦਲੇ ’ਚ ਮਿਲੇ ਦੇਸ਼ਧ੍ਰੋਹ ਦੇ ਪਰਚੇ। ਹੋਏ। ਦੇਸ਼ ਨਿਕਾਲ਼ਾ ਵੱਖਰਾ ਮਿਲਿਆ।

               ਪੰਜਾਬ ਵਿਧਾਨਕਾਰ ਕੌਂਸਲ ’ਚ ਛੋਟੂ ਰਾਮ ਖੇਤੀ ਮੰਤਰੀ, ਫੇਰ ਮਾਲ ਮੰਤਰੀ ਬਣੇ। ਅੰਗਰੇਜ਼ ਅੌਖੇ ਭਾਰੇ ਹੋਏ, ਮਹਾਜਨ ਤਾਂ ਟੁੱਟ ਕੇ ਪੈ ਗਏ... ਛੋਟੂ ਰਾਮ ਨੇ 22 ਕਾਨੂੰਨ ਬਣਾਏ। ਕਿਸਾਨਾਂ ਦੀ ਜੂਨ ਸੌਖੀ ਕਰਤੀ। ਕਿਸਾਨ ਭਲਾਈ ਫੰਡ ਬਣਿਆ। ਡਾ. ਅਬਦੁਸ ਸਲਾਮ, ਜੋ ਮਗਰੋਂ ਨੋਬੇਲ ਇਨਾਮ ਵਿਜੇਤਾ ਬਣਿਆ, ਇਸੇ ਫੰਡ ’ਚੋਂ ਪੜ੍ਹਿਆ। ਕਰਜ਼ਦਾਤਾ ਲਈ ਵਿਧਾਨ, ਕਰਜ਼ੇ ’ਚ ਗ੍ਰਿਫ਼ਤਾਰੀ ਨਹੀਂ ਹੋਵੇਗੀ, ਜ਼ਮੀਨ ਕੁਰਕ ਨਹੀਂ ਹੋਵੇਗੀ, ਮਾਰਕੀਟ ਕਮੇਟੀਆਂ, ਸਹਿਕਾਰੀ ਸਭਾਵਾਂ, ਸਭ ਕਾਨੂੰਨ ਬਣਾਤੇ। 3.65 ਲੱਖ ਕਿਸਾਨਾਂ ਦੀ ਜ਼ਮੀਨ ਵਾਪਸ ਕਰਵਾਈ।ਕਿਸਾਨਾਂ ਦੇ ਦਿਲਾਂ ਦਾ ਰਾਜਾ ਬਣਿਆ। ਕੋਈ ਛੋਟੂ ਰਾਮ ਆਖਦਾ, ਕੋਈ ਛੋਟੂ ਸਿੰਘ ਤੇ ਕੋਈ ਛੋਟੂ ਖਾਨ। ਤਾਹੀਂ ਸਵੀਡਨ ਵਾਲੇ ਆਖਦੇ ਨੇ...‘ਇੱਜ਼ਤ ਦਾ ਪਰਛਾਵਾਂ ਵੱਡਾ ਹੁੰਦੈ।’ ਛੋਟੂ ਰਾਮ ਨੇ ਭਾਖੜਾ ਡੈਮ ਦਾ ਮੁੱਢ ਬੰਨ੍ਹਿਆ। 8 ਜਨਵਰੀ 1945 ਨੂੰ ਡੈਮ ਦੇ ਸਮਝੌਤੇ ’ਤੇ ਦਸਤਖ਼ਤ ਕੀਤੇ। 9 ਜਨਵਰੀ ਨੂੰ ਚਲ ਵਸਿਆ। ਆਖਰੀ ਬੋਲ ਸਨ, ‘ਮੈਂ ਚੱਲਿਆ, ਰਾਮ ਭਲਾ ਕਰੇ।’

              ਛੋਟੂ ਰਾਮ ਦੀ ਸੋਚ ਨੂੰ ਸੱਤ ਸਲਾਮਾਂ। ਇੰਝ ਕਿਸਾਨਾਂ ਨੂੰ ਹਲੂਣਾ ਦਿੰਦਾ, ‘ਚੁੱਪ ਨੂੰ ਤਿਆਗ, ਗੂੰਗੇਪਣ ਨੂੰ ਛੱਡ, ਮੇਰੇ ਕਿਸਾਨ ਭਾਈ! ਮਿੰਨਤਾਂ ਨਹੀਂ, ਵਿਰੋਧ ਕਰ, ਨੀਂਦ ’ਚੋਂ ਜਾਗ, ਮੂੰਹ ’ਤੇ ਛਿੱਟੇ ਮਾਰ, ਘੋਲ ਨੂੰ ਹਥਿਆਰ ਬਣਾ।’ ਛੋਟੂ ਰਾਮ ਵੋਟਾਂ ਲਈ ਨਹੀਂ, ਖੇਤਾਂ ਲਈ ਜਾਗਿਆ। ਅੱਜ ਦਸਹਿਰਾ ਹੈ। ਕਿਸਾਨੀ ਹਕੂਮਤ ਦੇ ਦਿਓਕੱਦ ਬੁੱਤ ਸਾੜੇਗੀ। ਛੋਟੂ ਰਾਮ ਦੀ ਫੋਟੋ ਛੱਜੂ ਰਾਮ ਚੁੱਕੀ ਫਿਰਦੈ। ਪ੍ਰਤਾਪੀ ਇਨਸਾਨ ਦੇ ਦਰਸ਼ਨ ਕਰਾ ਰਿਹੈ। ਚੀ ਗਵੇਰਾ ਦਾ ਮਸ਼ਵਰਾ ਹੈ.. ‘ਇਨਕਲਾਬ ਕੋਈ ਸੇਬ ਨਹੀਂ ਹੁੰਦਾ ਜੋ ਪੱਕਣ ’ਤੇ ਆਪਣੇ ਆਪ ਡਿੱਗ ਪਏਗਾ, ਇਸ ਲਈ ਉੱਦਮ ਕਰਨਾ ਪੈਂਦੈ। ਦਾਦਿਆਂ ਨੇ ਹਲ਼ ਨਾਲ ਬੰਜਰ ਭੰਨੇ, ਪਿਓਆਂ ਨੇ ਸੱਪ ਮਿੱਧੇ, ਮੁੰਡਿਆਂ ਨੂੰ ਡਰ ਐ.. ਕਿਤੇ ਕਾਰਪੋਰੇਟ ਖੇਤਾਂ ਨੂੰ ਡੰਗ ਨਾ ਜਾਣ। ਉਪਰੋਂ ਸ਼ਹਿਰੀ ਵੀ ਨਾਲ ਡਟ ਗਏ..!


 

1 comment:

  1. ਵਾਹ ਜੀ ਵਾਹ ਕਿਰਸਾਨੀ ਦੀ ਬਾਂਹ ਜੇ ਇਸ ਤਰ੍ਹਾਂ ਸਾਰਾ ਮੀਡੀਆ ਫੜ ਲਵੇ ਤਾਂ ਕੀ ਜੁਰਤ ਹੈ ਕਿ ਮੋਦੀ ਕਾਰਪੋਰੇਟ ਘਰਾਣਿਆਂ ਤੋ ਕੰਨ ਛੱਡਾ ਕੇ ਨਾ ਭੱਜੇ

    ReplyDelete