Friday, October 15, 2021

                                                   ਸੋਲਰ ਫਰਾਡ
                                  ਸੂਰਜੀ ਊਰਜਾ ਨੇ ਚਾੜ੍ਹਿਆ ਨਵਾਂ ਚੰਦ
                                                  ਚਰਨਜੀਤ ਭੁੱਲਰ     

ਚੰਡੀਗੜ੍ਹ : ਪੰਜਾਬ ’ਚ ਕਰੀਬ ਦੋ ਦਰਜਨ ਸੋਲਰ ਪ੍ਰਾਜੈਕਟਾਂ ਵੱਲੋਂ ਪਾਵਰਕੌਮ ਨੂੰ ਵਿੱਤੀ ਰਗੜਾ ਲਾਇਆ ਜਾ ਰਿਹਾ ਸੀ ਜਿਨ੍ਹਾਂ ’ਚੋਂ ਅਡਾਨੀ ਗਰੁੱਪ ਸਭ ਤੋਂ ਅੱਗੇ ਰਿਹਾ| ਪਾਵਰਕੌਮ ਨੇ ਅਚਨਚੇਤੀ ਚੈਕਿੰਗ ਵਿਚ ‘ਸੋਲਰ ਫਰਾਡ’ ਬੇਪਰਦ ਕਰਦਿਆਂ ਉਨ੍ਹਾਂ ਖਿਲਾਫ਼ ਹੁਣ ਕਾਰਵਾਈ ਵਿੱਢੀ ਹੈ| ਦਿਲਚਸਪ ਤੱਥ ਹੈ ਕਿ ਪਾਵਰਕੌਮ ਨੇ ਮਾਨਸਾ ਜ਼ਿਲ੍ਹੇ ਵਿਚ ਇੱਕ ਸੋਲਰ ਪ੍ਰਾਜੈਕਟ ਦਾ ਬਿਜਲੀ ਖ਼ਰੀਦ ਸਮਝੌਤਾ ਵੀ ਰੱਦ ਕਰ ਦਿੱਤਾ ਜਦੋਂ ਕਿ ਅਡਾਨੀ ਗਰੁੱਪ ਖਿਲਾਫ਼ ਅਜਿਹੀ ਕਾਰਵਾਈ ਤੋਂ ਪਾਵਰਕੌਮ ਨੇ ਪਾਸਾ ਵੱਟ ਲਿਆ ਹੈ| ਇਨ੍ਹਾਂ ਸੋਲਰ ਪ੍ਰਾਜੈਕਟਾਂ ਵੱਲੋਂ ਪਾਵਰਕੌਮ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਗਿਆ ਹੈ| ਵੇਰਵਿਆਂ ਅਨੁਸਾਰ ਪੰਜਾਬ ਵਿਚ ਕਰੀਬ 90 ਸੋਲਰ ਪ੍ਰਾਜੈਕਟ ਚੱਲ ਰਹੇ ਹਨ ਜਿਨ੍ਹਾਂ ਨਾਲ ਪਾਵਰਕੌਮ ਦੇ ਕਰੀਬ 25-25 ਵਰ੍ਹਿਆਂ ਦੇ ਖਰੀਦ ਸਮਝੌਤੇ ਹੋਏ ਹਨ| ਪਾਵਰਕੌਮ ਵੱਲੋਂ ਐਨਫੋਰਸਮੈਂਟ ਵਿੰਗ ਅਤੇ ਟੈਕਨੀਕਲ ਆਡਿਟ ਦੀ ਸਾਂਝੀ ਟੀਮ ਦੀ ਅਗਵਾਈ ਵਿਚ ਇਨ੍ਹਾਂ ਸਾਰੇ ਸੋਲਰ ਪ੍ਰਾਜੈਕਟਾਂ ਦੀ ਚੈਕਿੰਗ ਕਰਾਈ ਸੀ|

           ਨਿਯਮਾਂ ਅਨੁਸਾਰ ਸੋਲਰ ਪ੍ਰਾਜੈਕਟਾਂ ਨੂੰ ਨਿਰਧਾਰਿਤ ਲੋਡ ਸਮਰੱਥਾ ਤੋਂ ਪੰਜ ਫੀਸਦੀ ਵੱਧ ਤੱਕ ਦੀ ਲੋਡ ਸਮਰੱਥਾ ਤੋਂ ਛੋਟ ਦਿੱਤੀ ਜਾਂਦੀ ਹੈ| ਪਾਵਰਕੌਮ ਨੇ ਕਰੀਬ 25 ਸੋਲਰ ਪ੍ਰਾਜੈਕਟ ਅਜਿਹੇ ਫੜੇ ਹਨ ਜਿਨ੍ਹਾਂ ਦਾ ਲੋਡ ਨਿਰਧਾਰਿਤ ਸਮਰੱਥਾ ਤੋਂ ਜ਼ਿਆਦਾ ਸੀ| ਭਾਨੂ ਐਨਰਜੀ ਇੰਫਰਾਸਟ੍ਰਕਚਰ ਪਾਵਰ ਲਿਮਟਿਡ ਅਤੇ ਭਾਨੂ ਐਨਰਜੀ ਇੰਡਸਟ੍ਰੀਅਲ ਡਿਵੈਲਪਮੈਂਟ ਲਿਮਟਿਡ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੀਰਪੁਰ ਕਲਾਂ ਵਿਚ 15-15 ਮੈਗਾਵਾਟ ਦੇ ਦੋ ਸੋਲਰ ਪ੍ਰਾਜੈਕਟ ਲੱਗੇ ਹੋਏ ਹਨ| ਚੈਕਿੰਗ ਦੌਰਾਨ ਦੋਵੇਂ ਪਲਾਂਟਾਂ ਦਾ ਸਮਰੱਥਾ ਤੋਂ 7 ਫੀਸਦੀ ਵੱਧ ਲੋਡ ਫੜਿਆ ਗਿਆ ਜਿਸ ’ਚੋਂ ਪੰਜ ਫੀਸਦੀ ਤੱਕ ਦੇ ਵਾਧੇ ਦੀ ਛੋਟ ਸੀ| ਪਾਵਰਕੌਮ ਨੇ ਇਸ ਕੰਪਨੀ ਨਾਲ ਕੀਤਾ ਬਿਜਲੀ ਖਰੀਦ ਸਮਝੌਤਾ 22 ਸਤੰਬਰ ਨੂੰ ਰੱਦ ਕਰ ਦਿੱਤਾ ਜਿਸ ਮਗਰੋਂ ਇਸ ਕੰਪਨੀ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲ ਪਟੀਸ਼ਨ ਪਾ ਦਿੱਤੀ ਅਤੇ ਕਮਿਸ਼ਨ ਨੇ ਇਸ ਕੰਪਨੀ ਨੂੰ ਸਟੇਅ ਦੇ ਦਿੱਤੀ ਹੈ|

          ਪਾਵਰਕੌਮ ਦਾ ਇਸ ਕੰਪਨੀ ਨਾਲ 8.52 ਰੁਪਏ ਅਤੇ 8.63 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦ ਸਮਝੌਤਾ ਹੋਇਆ ਹੈ| ਮਾਹਿਰਾਂ ਮੁਤਾਬਕ ਪਾਵਰਕੌਮ ਨੇ ਇਸ ਕੰਪਨੀ ਦਾ ਖਰੀਦ ਸਮਝੌਤਾ ਤਾਂ ਫੌਰੀ ਰੱਦ ਕਰ ਦਿੱਤਾ ਪਰ ਅਡਾਨੀ ਗਰੁੱਪ ਦੇ ਦੋ ਸੋਲਰ ਪਾਵਰ ਪ੍ਰਾਜੈਕਟਾਂ ਨੂੰ ਬਖਸ਼ ਦਿੱਤਾ ਜਿਥੇ ਸਮਰੱਥਾ ਤੋਂ 17 ਅਤੇ 11 ਫੀਸਦੀ ਵੱਧ ਲੋਡ ਸੀ ਜਿਸ ’ਚ 5 ਫੀਸਦੀ ਛੋਟ ਵੀ ਸ਼ਾਮਲ ਹੈ| ਅਡਾਨੀ ਗਰੁੱਪ ਵੱਲੋਂ ਬਠਿੰਡਾ ਦੇ ਪਿੰਡ ਸਰਦਾਰਗੜ੍ਹ ਅਤੇ ਚੁੱਘੇ ਕਲਾਂ ਵਿਚ 50-50 ਮੈਗਾਵਾਟ ਦੇ ਦੋ ਸੋਲਰ ਪ੍ਰਾਜੈਕਟ ਲਾਏ ਹੋਏ ਹਨ ਜਿਨ੍ਹਾਂ ਦਾ ਉਦਘਾਟਨ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 8 ਨਵੰਬਰ, 2016 ਨੂੰ ਕੀਤਾ ਸੀ|ਚੈਕਿੰਗ ਦੌਰਾਨ ਸਰਦਾਰਗੜ੍ਹ ਦੇ ਸੋਲਰ ਪ੍ਰਾਜੈਕਟ ’ਤੇ ਇਨਸਟਾਲਡ ਕਪੈਸਿਟੀ 50 ਮੈਗਾਵਾਟ ਦੀ ਥਾਂ 58.52 ਮੈਗਾਵਾਟ ਫੜੀ ਗਈ ਜੋ 17 ਫੀਸਦੀ ਵੱਧ ਬਣਦੀ ਹੈ। ਇਸੇ ਤਰ੍ਹਾਂ ਚੁੱਘੇ ਕਲਾਂ ਦੇ ਸੋਲਰ ਪਲਾਂਟ ’ਤੇ ਸਥਾਪਤ ਸਮਰੱਥਾ 50 ਦੀ ਥਾਂ 55.50 ਮੈਗਾਵਾਟ ਫੜੀ ਗਈ ਜੋ 11 ਫੀਸਦੀ ਜ਼ਿਆਦਾ ਸੀ| 

           ਪਾਵਰਕੌਮ ਵੱਲੋਂ ਅਡਾਨੀ ਗਰੁੱਪ ਨਾਲ 12 ਜਨਵਰੀ, 2016 ’ਚ 5.80 ਰੁਪਏ ਅਤੇ 5.95 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦ ਦਾ ਸਮਝੌਤਾ ਕੀਤਾ ਸੀ| ਸਰਕਾਰੀ ਅਧਿਕਾਰੀ ਮੁਤਾਬਕ ਕਰੀਬ ਪੰਜ ਵਰ੍ਹਿਆਂ ਤੋਂ ਸਮਰੱਥਾ ਵਧਾ ਕੇ ਇਸ ਕੰਪਨੀ ਨੇ ਪਾਵਰਕੌਮ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਾ ਦਿੱਤਾ ਹੈ| ਪਾਵਰਕੌਮ ਨੇ 20 ਅਕਤੂਬਰ ਤੱਕ ਇਸ ਕੰਪਨੀ ਨੂੰ ਵਾਧੂ ਪਲੇਟਾਂ ਉਤਾਰਨ ਦਾ ਸਮਾਂ ਦਿੱਤਾ ਹੈ|ਪਤਾ ਲੱਗਾ ਹੈ ਕਿ ਇਨ੍ਹਾਂ ਦੋਵੇਂ ਸੋਲਰ ਪ੍ਰਾਜੈਕਟਾਂ ਵਿਚ ਹਜ਼ਾਰਾਂ ਪਲੇਟਾਂ ਗੈਰਕਾਨੂੰਨੀ ਤੌਰ ’ਤੇ ਲੱਗੀਆਂ ਹੋਈਆਂ ਸਨ ਜਿਨ੍ਹਾਂ ਨੂੰ ਹੁਣ ਉਤਾਰੇ ਜਾਣ ਦਾ ਕੰਮ ਚੱਲ ਰਿਹਾ ਹੈ| ਇਸੇ ਤਰ੍ਹਾਂ ਬਾਕੀ ਸੋਲਰ ਪ੍ਰਾਜੈਕਟਾਂ ’ਤੇ ਵੀ ਸਮਰੱਥਾ ਤੋਂ ਜ਼ਿਆਦਾ ਲੋਡ ਫੜਿਆ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਅਡਾਨੀ ਗਰੁੱਪ ਨੇ ਮਿਲੀਭੁਗਤ ਕਰਕੇ ਸਰਕਾਰੀ ਖਜ਼ਾਨੇ ਨੂੰ ਢਾਹ ਲਾਈ ਹੈ ਅਤੇ ਉਸ ਖਿਲਾਫ਼ ਪਾਵਰਕੌਮ ਫੌਰੀ ਮੁਕੱਦਮਾ ਦਰਜ ਕਰਾਏ|

           ਸੂਤਰਾਂ ਨੇ ਕਿਹਾ ਕਿ ਅਡਾਨੀ ਗਰੁੱਪ ਨੇ ਕੇਂਦਰੀ ਨਿਯਮਾਂ ਦਾ ਹਵਾਲਾ ਦੇ ਕੇ ਪਾਵਰਕੌਮ ਨੂੰ ਜੁਆਬ ਵੀ ਦਿੱਤਾ ਸੀ ਜਿਸ ਨੂੰ ਪਾਵਰਕੌਮ ਨੇ ਰੱਦ ਵੀ ਕਰ ਦਿੱਤਾ ਹੈ| ਪਾਵਰਕੌਮ ਨੇ ਫੜੇ ਗਏ ਸੋਲਰ ਪ੍ਰਾਜੈਕਟਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ| ਇਨ੍ਹਾਂ ’ਚੋਂ ਕਈ ਪ੍ਰਾਜੈਕਟਾਂ ਦੇ ਬਿਜਲੀ ਖਰੀਦ ਸਮਝੌਤੇ ਮਹਿੰਗੀਆਂ ਦਰਾਂ ’ਤੇ ਹੋਏ ਹਨ| ਬੀਕੇਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸੋਲਰ ਪ੍ਰਾਜੈਕਟਾਂ ਨੇ ਇਹ ਠੱਗੀ ਪੰਜਾਬ ਦੇ ਆਮ ਖਪਤਕਾਰਾਂ ਨਾਲ ਮਾਰੀ ਹੈ ਅਤੇ ਇਹ ਬੋਝ ਸਿੱਧਾ ਆਮ ਲੋਕਾਂ ’ਤੇ ਪਿਆ ਹੈ| ਉਨ੍ਹਾਂ ਕਿਹਾ ਕਿ ਪਾਵਰਕੌਮ ਨੇ ਵੱਡੇ ਕਾਰਪੋਰੇਟ ਘਰਾਣੇ ਅਡਾਨੀ ਗਰੁੱਪ ਨਾਲ ਕੋਈ ਰਿਆਇਤ ਵਰਤੀ ਤਾਂ ਕਿਸਾਨ ਧਿਰਾਂ ਬਰਦਾਸ਼ਤ ਨਹੀਂ ਕਰਨਗੀਆਂ|

                                     ਸਮਝੌਤੇ ਅਨੁਸਾਰ ਸਜ਼ਾ ਨਹੀਂ ਦੇ ਸਕਦੇ: ਮੰਡੇਰ

ਪਾਵਰਕੌਮ ਦੇ ਮੁੱਖ ਇੰਜਨੀਅਰ (ਪੀਪੀਆਰ) ਵਰਦੀਪ ਸਿੰਘ ਮੰਡੇਰ ਨੇ ਕਿਹਾ ਕਿ ਚੈਕਿੰਗ ਦੌਰਾਨ ਦਰਜਨਾਂ ਸੋਲਰ ਪ੍ਰਾਜੈਕਟਾਂ ਵਿਚ ਨਿਰਧਾਰਿਤ ਸਮਰੱਥਾ ਤੋਂ ਵੱਧ ਲੋਡ ਪਾਇਆ ਗਿਆ ਹੈ ਅਤੇ ਇਨ੍ਹਾਂ ਪ੍ਰਾਜੈਕਟਾਂ ਖਿਲਾਫ਼ ਕਾਰਵਾਈ ਵਿਚਾਰ ਅਧੀਨ ਹੈ| ਉਨ੍ਹਾਂ ਦਲੀਲ ਦਿੱਤੀ ਕਿ ਅਡਾਨੀ ਗਰੁੱਪ ਦਾ ਬਿਜਲੀ ਖਰੀਦ ਸਮਝੌਤਾ ਇਸ ਕਰਕੇ ਰੱਦ ਨਹੀਂ ਕੀਤਾ ਗਿਆ ਕਿਉਂਕਿ ਭਾਨੂ ਐਨਰਜੀ ਗਰੁੱਪ ਦੇ ਰੱਦ ਕੀਤੇ ਸਮਝੌਤੇ ਨੂੰ ਬਿਜਲੀ ਰੈਗੂਲੇਟਰੀ ਕਮਿਸ਼ਨਰ ਤੋਂ ਸਟੇਅ ਮਿਲ ਗਈ ਸੀ| ਫੜੇ ਪ੍ਰਾਜੈਕਟਾਂ ’ਚੋਂ ਵਾਧੂ ਲੋਡ ਉਤਾਰਿਆ ਜਾ ਰਿਹਾ ਹੈ| ਸ੍ਰੀ ਮੰਡੇਰ ਨੇ ਸਪੱਸ਼ਟ ਕੀਤਾ ਕਿ ਅਡਾਨੀ ਗਰੁੱਪ ਸਮੇਤ ਸਾਰਿਆਂ ਤੋਂ ਰਿਕਵਰੀ ਕੀਤੀ ਜਾਵੇਗੀ ਪਰ ਨਿਯਮਾਂ ਅਨੁਸਾਰ ਕੋਈ ਸਜ਼ਾ ਨਹੀਂ ਦਿੱਤੀ ਜਾ ਸਕੇਗੀ|

                                   ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ: ਵੇਣੂ ਪ੍ਰਸ਼ਾਦ

ਪਾਵਰਕੌਮ ਦੇ ਸੀਐਮਡੀ ਵੇਣੂ ਪ੍ਰਸ਼ਾਦ ਨੇ ਕਿਹਾ ਕਿ ਚੈਕਿੰਗ ਵਿਚ ਜੋ ਸੋਲਰ ਪ੍ਰੋਜੈਕਟ ਕੋਤਾਹੀ ਕਰਦੇ ਪਾਏ ਗਏ ਹਨ, ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਪ੍ਰਾਜੈਕਟਾਂ ਤੋਂ ਰਿਕਵਰੀ ਕੀਤੀ ਜਾਵੇਗੀ| ਉਨ੍ਹਾਂ ਦੱਸਿਆ ਕਿ ਕੋਤਾਹੀ ਕਰਨ ਵਾਲੇ ਪ੍ਰਾਜੈਕਟਾਂ ਨੂੰ ਜੁਰਮਾਨੇ ਵੀ ਲਾਏ ਜਾਣਗੇ ਅਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।

No comments:

Post a Comment