Friday, October 29, 2021

                                               ਅੰਮੜੀ ਜਾਈਆਂ
                                  ਸਾਡੇ ਬਾਬਲ ਦੇ ਵਿਹੜੇ ਸੁੱਖ ਨਾਹੀਂ..!
                                                ਚਰਨਜੀਤ ਭੁੱਲਰ    

ਚੰਡੀਗੜ੍ਹ :ਨਰਮਾ ਪੱਟੀ ਦੇ ਕਿਸਾਨ ਦੇ ਘਰਾਂ ’ਚ ਉਦਾਸੀ ਛਾਈ ਹੈ ਅਤੇ ਧੀਆਂ ਦੇ ਚਿਹਰੇ ’ਤੇ ਮਾਯੂਸੀ ਹੈ| ਇੰਜ ਜਾਪਦਾ ਹੈ ਕਿ ਜਿਵੇਂ ਵਿਆਹਾਂ ਦੇ ਅਰਮਾਨ ਇਨ੍ਹਾਂ ਧੀਆਂ ਨਾਲ ਰੁੱਸ ਗਏ ਹੋਣ| ਗੁਲਾਬੀ ਸੁੰਡੀ ਏਨਾ ਕਹਿਰ ਬਣੀ ਹੈ ਕਿ ਖੁਸ਼ੀਆਂ ਨੇ ਕਿਸਾਨ ਦੇ ਘਰਾਂ ਨਾਲੋਂ ਨਾਤਾ ਤੋੜ ਲਿਆ ਹੈ| ਮਾਪੇ ਹੁਣ ਕਿਵੇਂ ਡੋਲੀ ਤੋਰਨ, ਪੈਲ਼ੀਆਂ ਨੇ ਤੁਰਨ ਜੋਗੇ ਨਹੀਂ ਛੱਡਿਆ| ਬਠਿੰਡਾ-ਮਾਨਸਾ ਤੇ ਮੁਕਤਸਰ ਦੇ ਖੇਤਾਂ ‘ਚ ਫਸਲ ਦੇ ਹੋਏ ਨੁਕਸਾਨ ਦੇ ਅਸਰ ਪਿੰਡਾਂ ‘ਚ ਦੂਰੋਂ ਦਿਖਣ ਲੱਗੇ ਹਨ| ਖੁਸ਼ੀ ਗਮੀ ਦੇ ਪ੍ਰੋਗਰਾਮ ਖੇਤੀ ਸੰਕਟ ਦੀ ਭੇਟ ਚੜ੍ਹ ਗਏ ਹਨ|

           ਪਿੰਡ ਬਾਜੇਵਾਲਾ (ਮਾਨਸਾ) ਦੇ ਕਿਸਾਨ ਗੁਰਜੰਟ ਸਿੰਘ ਨੇ ਆਪਣੀ ਧੀਅ ਦਾ ਵਿਆਹ ਚਾਵਾਂ ਮਲਾਰਾਂ ਨਾਲ ਕਰਨਾ ਸੀ ਪਰ ਪੰਜ ਏਕੜ ਪੈਲੀ ਗੁਲਾਬੀ ਸੁੰਡੀ ਦੀ ਲਪੇਟ ਵਿੱਚ ਆ ਗਈ| ਜ਼ਮੀਨ ਦੇ ਠੇਕੇ ਦੀ ਕਿਸ਼ਤ ਮੋੜਨ ਦੇ ਫਿਕਰ ਪੈ ਗਏ| ਕਿਸਾਨ ਦੱਸਦਾ ਹੈ ਕਿ ਧੀਅ ਦੇ ਵਿਆਹ ਲਈ ਪੈਸਾ ਦਾ ਪ੍ਰਬੰਧ ਹੁਣ ਵੱਡਾ ਮਸਲਾ ਬਣ ਗਿਆ ਹੈ| ਪਿੰਡ ਰਾਮਗੜ੍ਹ ਭੂੰਦੜ ਦਾ ਕਿਸਾਨ ਬਿੰਦਰ ਸਿੰਘ ਦੱਸਦਾ ਹੈ ਕਿ ਦੋ ਜਵਾਨ ਧੀਆਂ ਨੇ, ਐਤਕੀਂ ਵਿਆਹ ਕਰਨਾ ਸੀ ਪਰ ਫਸਲ ਮਰ ਗਈ| ਵਿਆਹ ਟਾਲਣ ਤੋਂ ਬਗੈਰ ਹੁਣ ਹੋਰ ਕੋਈ ਰਾਹ ਨਹੀਂ ਬਚਿਆ|

           ਪਿੰਡ ਲਾਲਿਆਂਵਾਲੀ ਦੇ ਇੱਕ ਕਿਸਾਨ ਨੇ ਘਰ ਦਾ ਮੂੰਹ ਮੱਥਾ ਸੰਵਾਰਨਾ ਸ਼ੁਰੂ ਕੀਤਾ ਸੀ ਤਾਂ ਜੋ ਵਿਆਹ ਦੇ ਪ੍ਰਬੰਧ ਕੀਤੇ ਜਾ ਸਕਣ| ਜਦੋਂ ਖੇਤਾਂ ’ਚੋਂ ਖਾਲੀ ਮੁੜਨਾ ਪੈ ਗਿਆ ਤਾਂ ਹੁਣ ਵਿਆਹ ਵੀ ਪਿਛੇ ਪਾਉਣਾ ਪਿਆ| ਮਾਨਸਾ ਤੇ ਬਠਿੰਡਾ ਦੇ ਪੇਂਡੂ ਮੈਰਿਜ ਪੈਲੇਸਾਂ ‘ਚ ਟਾਵੇਂ ਵਿਆਹਾਂ ਦੀ ਬੁਕਿੰਗ ਹੋਈ ਹੈ|ਕਿਸਾਨ ਆਗੂ ਮਲਕੀਤ ਸਿੰਘ ਕੋਟਧਰਮੂ ਆਖਦਾ ਹੈ ਕਿ ਗੁਲਾਬੀ ਸੁੰਡੀ ਨੇ ਪਿੰਡਾਂ ਵਿਚ ਸੁੰਨ ਵਰਤਾ ਦਿੱਤੀ ਹੈ ਤੇ ਵਿਆਹ ਸਾਹੇ ਕਰਨ ਦੀ ਪਹੁੰਚ ਹੁਣ ਕਿਥੇ ਰਹੀ ਹੈ| ਉਨ੍ਹਾਂ ਦੱਸਿਆ ਕਿ ਜੋ ਟਾਵੇਂ ਵਿਆਹ ਹੋ ਰਹੇ ਹਨ, ਉਨ੍ਹਾਂ ਵਿਚ ਵੀ ਬਹੁਤ ਛੋਟੇ ਇਕੱਠ ਹੋ ਰਹੇ ਹਨ| ਝੁਨੀਰ ਦੇ ਹਵੇਲੀ ਰਿਜ਼ਾਰਟ ਦੇ ਮਾਲਕ ਬਲਕਰਨ ਸਿੰਘ ਨੇ ਦੱਸਿਆ ਕਿ ਲੰਘੇ ਵਰ੍ਹੇ ਅਕਤੂਬਰ ‘ਚ 7-8 ਵਿਆਹ ਪੈਲੇਸ ‘ਚ ਹੋਏ ਸਨ ਜਦਕਿ ਐਤਕੀਂ ਸਿਰਫ਼ ਇੱਕ ਵਿਆਹ ਹੋਇਆ ਹੈ| ਉਨ੍ਹਾਂ ਦੱਸਿਆ ਕਿ ਗੁਲਾਬੀ ਸੁੰਡੀ ਦੀ ਮਾਰ ਨੇ ਸਾਰੇ ਕਾਰੋਬਾਰ ਹੀ ਠੱਪ ਕਰਕੇ ਰੱਖ ਦਿੱਤੇ ਹਨ|

            ਸ਼ਹਿਨਾਈ ਪੈਲੇਸ ਸਰਦੂਲਗੜ੍ਹ ਦੇ ਮੈਨੇਜਰ ਜਰਨੈਲ ਸਿੰਘ ਨੇ ਦੱਸਿਆ ਕਿ ਨਵੰਬਰ-ਦਸੰਬਰ ਦੀ ਬੁਕਿੰਗ ਐਤਕੀਂ ਸਿਰਫ਼ 6-7 ਵਿਆਹਾਂ ਦੀ ਹੈ ਜਦਕਿ ਪਿਛਲੇ ਵਰ੍ਹੇ 25 ਵਿਆਹ ਸਮਾਗਮ ਹੋਏ ਸਨ| ਦੀਵਾਲ਼ੀ ਦਾ ਤਿਉਹਾਰ ਐਨ ਸਿਰ ‘ਤੇ ਹੈ ਪਰ ਪਿੰਡਾਂ ਵਿਚ ਕਿਧਰੇ ਦੀਵਾਲ਼ੀ ਮੌਕੇ ‘ਤੇ ਕਲੀ ਕੂਚੀ ਨਜ਼ਰ ਨਹੀਂ ਪੈ ਰਹੀ ਹੈ| ਪਿੰਡਾਂ ਦੇ ਪਰਚੂਨ ਕਾਰੋਬਾਰ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ| ਪਿੰਡ ਮਹਿਰਾਜ ਦੇ ਕਿਸਾਨ ਰਾਜਵੀਰ ਸਿੰਘ ਉਰਫ ਰਾਜਾ ਨੇ ਕਿਹਾ ਕਿ ਸਮੁੱਚਾ ਅਰਥਚਾਰਾ ਹੀ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ ਜਿਸ ਕਰਕੇ ਖੇਤਾਂ ਦੇ ਖ਼ਰਾਬੇ ਦਾ ਅਸਰ ਹਰ ਛੋਟੇ ਵੱਡੇ ਕਾਰੋਬਾਰ ‘ਤੇ ਵੀ ਪਿਆ ਹੈ| ਉਨ੍ਹਾਂ ਕਿਹਾ ਕਿ ਵੱਡਾ ਅਸਰ ਐਤਕੀਂ ਤਿਉਹਾਰਾਂ ‘ਤੇ ਵੀ ਦੇਖਣ ਨੂੰ ਮਿਲੇਗਾ|

                                           ਖੇਤ ਮਜ਼ਦੂਰਾਂ ਦੇ ਵੀ ਚੁੱਲ੍ਹੇ ਹੋਏ ਠੰਢੇ

ਖੇਤ ਮਜ਼ਦੂਰਾਂ ਦੇ ਚੁੱਲ੍ਹੇ ਵੀ ਫਸਲੀ ਤਬਾਹੀ ਕਰਕੇ ਠੰਢੇ ਹੋਏ ਹਨ| ਖੇਤ ਮਜ਼ਦੂਰਾਂ ਲਈ ਨਰਮੇ ਦਾ ਸੀਜ਼ਨ ਘਰਾਂ ਨੂੰ ਚਲਾਉਣ ਲਈ ਮਦਦਗਾਰ ਬਣਦਾ ਹੈ ਪ੍ਰੰਤੂ ਐਤਕੀਂ ਚੁਗਾਈ ਦਾ ਕੰਮ ਚੱਲਿਆ ਹੀ ਨਹੀਂ ਹੈ| ਕੋਟਗੁਰੂ ਦਾ ਕਿਸਾਨ ਬਲਕਰਨ ਸਿੰਘ ਦੱਸਦਾ ਹੈ ਕਿ ਨਰਮਾ ਖਰਾਬ ਹੋਣ ਕਰਕੇ ਮਜ਼ਦੂਰਾਂ ਨੂੰ ਚੁਗਾਈ ਵਿਚੋਂ ਕੁਝ ਬਚਦਾ ਨਹੀਂ ਹੈ ਜਿਸ ਕਰਕੇ ਮਜ਼ਦੂਰ ਖੇਤਾਂ ਵਿਚ ਆਉਣੋਂ ਹੀ ਹਟ ਗਏ ਹਨ| ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਆਖਦੇ ਹਨ ਕਿ ਉਨ੍ਹਾਂ ਲਈ ਖੇਤ ਮਜ਼ਦੂਰਾਂ ਲਈ 30 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਮੁਆਵਜ਼ੇ ਦੀ ਮੰਗ ਕੀਤੀ ਹੈ।

                                    ਖੇਤੀ ਸੰਕਟ ਦਾ ਨਿਸ਼ਾਨਾ ਔਰਤ ਬਣੀ ਹੈ: ਬਿੰਦੂ

ਬੀਕੇਯੂ (ਉਗਰਾਹਾਂ) ਦੇ ਮਹਿਲਾ ਕਿਸਾਨ ਵਿੰਗ ਦੀ ਪ੍ਰਧਾਨ ਹਰਿੰਦਰ ਬਿੰਦੂ ਦਾ ਕਹਿਣਾ ਸੀ ਕਿ ਫਸਲੀ ਖ਼ਰਾਬੇ ਕਰਕੇ ਕੁੜੀਆਂ ਦੀਆਂ ਆਸਾਂ ਟੁੱਟੀਆਂ ਹਨ ਅਤੇ ਫਸਲੀ ਨੁਕਸਾਨ ਦੀ ਵੱਡੀ ਮਾਰ ਔਰਤ ਨੂੰ ਝੱਲਣੀ ਪਈ ਹੈ| ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਤਣਾਅ ਵਿਚ ਹੁੰਦੇ ਹਨ ਤਾਂ ਪਿਛੇ ਔਰਤਾਂ ਨੂੰ ਕਿਸੇ ਜਾਨੀ ਨੁਕਸਾਨ ਦੇ ਡਰੋਂ ਮਾਨਸਿਕ ਪ੍ਰੇਸ਼ਾਨੀ ਵਿਚੋਂ ਦੀ ਲੰਘਣਾ ਪੈਂਦਾ ਹੈ| ਬਿੰਦੂ ਨੇ ਕਿਹਾ ਕਿ ਕਿਸਾਨ ਤੇ ਮਜ਼ਦੂਰ ਪਰਿਵਾਰਾਂ ਦੀ ਔਰਤ ਖੇਤੀ ਸੰਕਟ ਦਾ ਨਿਸ਼ਾਨਾ ਬਣੀ ਹੈ|

No comments:

Post a Comment