Saturday, October 30, 2021

                                               ਤਰਾਈ ਦੀ ਵੰਗਾਰ 
                                   ਲਿਫਣਾ ਅਸਾਂ ਦੀ ਤਾਸੀਰ ਨਹੀਂਓ..! 
                                                 ਚਰਨਜੀਤ ਭੁੱਲਰ     

ਚੰਡੀਗੜ੍ਹ : ਦਾਦਾ ਅਵਤਾਰ ਸਿੰਘ ਨੇ ਤਰਾਈ 'ਚ ਹਲ਼ ਚਲਾਏ | ਅੱਗਿਓਾ ਜੰਗਲਾਂ ਚੋਂ ਸ਼ੇਰ ਤੇ ਚੀਤੇ ਨਿਕਲੇ, ਜਿਨ੍ਹਾਂ ਨਾਲ ਇਸ ਬਜ਼ੁਰਗ ਨੇ ਆਢਾ ਲਾਇਆ | ਇਸ ਕਿਸਾਨ ਨੇ ਖੇਤੀ ਦਾ ਮੂੰਹ ਮੱਥਾ ਬਣਾਇਆ, ਉਸ ਪਿੱਛੋਂ ਕਿਸਾਨ ਪੁੱਤ ਸੁਖਬਿੰਦਰ ਸਿੰਘ ਨੇ ਟਰੈਕਟਰ ਚਲਾਏ | ਫਸਲਾਂ ਨੇ ਤਰਾਈ ਨੂੰ ਮਹਿਕਣ ਲਾ ਦਿੱਤਾ | ਬਜ਼ੁਰਗਾਂ ਦੀ ਮਿਹਨਤ ਦੇ ਖੇਤ ਕਿਤੇ ਹੱਥੋਂ ਨਾ ਨਿਕਲ ਜਾਣ, ਜਦੋਂ ਇਹ ਸੋਚ ਕੇ ਪੋਤਰਾ ਗੁਰਜੀਤ ਸਿੰਘ ਕਾਲੇ ਖੇਤੀ ਕਾਨੂੰਨ ਖ਼ਿਲਾਫ਼ ਝੰਡਾ ਚੁੱਕ ਘਰੋਂ ਨਿਕਲਿਆ ਤਾਂ ਤਿਕੁਨੀਆ (ਲਖੀਮਪੁਰ) 'ਚ ਹਕੂਮਤ ਦੀ ਤੇਜ਼ ਰਫਤਾਰੀ ਜੀਪ ਨੇ ਦਰੜ ਦਿੱਤਾ |ਉੱਤਰ ਪ੍ਰਦੇਸ਼ ਦੇ ਪਿੰਡ ਇੰਦਰਪੁਰ (ਜਿਲ੍ਹਾ ਰਾਮਪੁਰ) ਦਾ ਕਿਸਾਨ ਗੁਰਜੀਤ ਸਿੰਘ ਹੁਣ ਮੰਜੇ 'ਚ ਪਿਆ ਹੈ | ਟੁੱਟੀ ਲੱਤ 'ਤੇ ਪਲੱਸਤਰ ਲੱਗਾ ਹੈ ਤੇ ਹੌਸਲੇ ਨੂੰ ਕੋਈ ਆਂਚ ਨਹੀਂ ਆਈ |

             ਕੇਂਦਰ ਸਰਕਾਰ ਵੱਲੋਂ ਦਿੱਤੇ ਇਨ੍ਹਾਂ ਜ਼ਖ਼ਮਾਂ ਨੂੰ ਕਿਸਾਨ ਗੁਰਜੀਤ ਸਿੰਘ ਨੇ ਆਪਣੀ ਤਾਕਤ ਬਣਾ ਲਿਆ | ਉਸ ਦਾ ਹੁਣ ਖੂਨ ਖੌਲ ਰਿਹਾ ਹੈ ਅਤੇ ਉਹ ਆਖਦਾ ਹੈ ਕਿ 'ਮਰ ਜਾਵਾਂਗੇ, ਪਿਛੇ ਨਹੀਂ ਹਟਾਂਗੇ' | ਉਹ ਆਖਦਾ ਹੈ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤ ਦੀ ਸੋਚ ਅਪਾਹਜ ਹੈ ਜਿਸ ਨੂੰ ਭਰਮ ਹੈ ਕਿ ਕਿਸਾਨਾਂ ਦੀਆਂ ਲੱਤਾਂ ਤੋੜ ਕੇ ਕਿਸਾਨ ਅੰਦੋਲਨ ਦਾ ਲੱਕ ਤੋੜ ਦਿਆਂਗੇ |ਕਿਸਾਨ ਗੁਰਜੀਤ ਸਿੰਘ ਜ਼ਖਮੀ ਹੋਣ ਦੇ ਬਾਵਜੂਦ ਮੁੜ ਕਿਸਾਨੀ ਰਣ ਖੇਤਰ 'ਚ ਕੁੱਦਣ ਲਈ ਕਾਹਲਾ ਹੈ | ਚੇਤੇ ਰਹੇ ਕਿ ਤਿਕੁਨੀਆ ਵਿਚ ਅਜੇ ਮਿਸ਼ਰਾ ਦੇ ਪਰਿਵਾਰ ਦੀ ਜੀਪ ਨੇ ਕਿਸਾਨਾਂ 'ਤੇ ਜੀਪ ਚੜ੍ਹਾ ਕੇ ਦਰੜ ਦਿੱਤਾ ਜਿਸ ਵਿਚ ਚਾਰ ਕਿਸਾਨ ਤੇ ਇੱਕ ਪੱਤਰਕਾਰ ਦੀ ਮੌਤ ਹੋ ਗਈ ਸੀ ਅਤੇ ਅਨੇਕਾਂ ਕਿਸਾਨ ਜ਼ਖ਼ਮੀ ਹੋ ਗਏ ਸਨ | ਪੰਜਾਬੀ ਟਿ੍ਬਿਊਨ ਵੱਲੋਂ ਜ਼ਖਮੀ ਕਿਸਾਨਾਂ ਨਾਲ ਅੱਜ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ 'ਚ ਅੰਤਾਂ ਦਾ ਜੋਸ਼ ਦਿੱਖਿਆ | ਸਭਨਾਂ ਇੱਕੋ ਗੱਲ ਕਹੀ ਕਿ ਲਖੀਮਪੁਰ ਦੀ ਘਟਨਾ ਨੇ ਕਿਸਾਨ ਅੰਦੋਲਨ ਨੂੰ ਸਿਖਰ ਦੇ ਦਿੱਤਾ ਹੈ | 

           ਪਿੰਡ ਦਿਨੇਸ਼ਪੁਰ ਦੇ ਕਿਸਾਨ ਹਰਪਾਲ ਸਿੰਘ ਚੀਮਾ ਵੀ ਜੀਪ ਹੇਠ ਦਰੜਿਆ ਗਿਆ ਜਿਸ ਦੀ ਲੱਤ ਤੇ ਪੈਰ ਕਈ ਥਾਂਵਾਂ ਤੋਂ ਟੁੱਟਿਆ ਹੈ | ਅਪਰੇਸ਼ਨ ਹੋਇਆ ਹੈ ਅਤੇ ਲੱਤ ਵਿਚ ਰਾਡ ਪਈ ਹੈ ਤੇ ਪੈਰਾਂ ਵਿਚ ਤਾਰਾਂ | ਜ਼ਖ਼ਮੀ ਹਰਪਾਲ ਆਖਦਾ ਹੈ ਕਿ ਪਿਉ ਦਾਦਿਆਂ ਨੇ ਜੰਗਲ ਵਾਹੇ ਤੇ ਆਪਣੀ ਜ਼ਿੰਦਗੀ ਦੇ ਅਹਿਮ ਦਿਨ ਤਰਾਈ ਲੇਖੇ ਲਾ ਦਿੱਤੇ | ਹੁਣ ਜਦੋਂ ਖੇਤ ਲਹਿਰਾਏ ਹਨ ਤਾਂ ਸਰਕਾਰ ਖੇਤ ਖੋਹਣ ਦੇ ਰਾਹ ਪੈ ਗਈ ਹੈ | ਉਹ ਆਖਦਾ ਹੈ ਕਿ ਜਿਉਂਦੇ ਜੀਅ ਤਾਂ ਖੇਤ ਹੱਥੋਂ ਜਾਣ ਨਹੀਂ ਦਿਆਂਗੇ | ਹਰਪਾਲ ਦਾ ਕਹਿਣਾ ਸੀ ਕਿ ਲਖੀਮਪੁਰ ਕਾਂਡ ਨੇ ਉਨ੍ਹਾਂ ਕਿਸਾਨਾਂ ਨੂੰ ਵੀ ਅੰਦੋਲਨ ਦੇ ਰਾਹ ਤੋਰ ਦਿੱਤਾ ਹੈ ਜੋ ਹਾਲੇ ਘਰਾਂ 'ਚ ਬੈਠੇ ਸਨ | ਹਰਪਾਲ ਸਿੰਘ ਨੇ ਕਿਹਾ ਕਿ ਉਹ ਜਲਦੀ ਠੀਕ ਹੋ ਕੇ ਕਿਸਾਨ ਘੋਲ 'ਚ ਮੁੜ ਕੁੱਦਣਗੇ | ਪਿੰਡ ਬਖਸੌਰਾ ਦੇ ਕਿਸਾਨ ਹਰਦੀਪ ਸਿੰਘ ਦੀ ਗੋਡੇ ਦੀ ਹੱਡੀ ਟੁੱਟੀ ਹੈ ਅਤੇ ਪਲਸਤਰ ਲੱਗਾ ਹੋਇਆ ਹੈ | 

          ਇਹ ਕਿਸਾਨ ਆਖਦਾ ਹੈ ਕਿ ਲਖੀਰਪੁਰ ਕਾਂਡ ਨੇ ਤਰਾਈ ਨੂੰ ਹਲੂਣ ਦਿੱਤਾ ਹੈ ਅਤੇ ਹੁਣ ਪਿੰਡਾਂ 'ਚ ਵੱਡੇ ਕਾਫਲੇ ਨਿਕਲਣ ਲੱਗੇ ਹਨ | ਉਹ ਡਰਨ ਵਾਲੇ ਨਹੀਂ ਅਤੇ ਸਰਕਾਰ ਨੂੰ ਅਗਲੀਆਂ ਚੋੋਣਾਂ ਵਿਚ ਟੱਕਰਨਗੇ | ਉਹ ਆਖਦਾ ਹੈ ਕਿ ਸਰਕਾਰ ਨੂੰ ਭਰਮ ਸੀ ਕਿ ਕਿਸਾਨਾਂ ਨੂੰ ਦਰੜ ਕੇ ਦਹਿਸ਼ਤ ਬਣਾ ਦਿਆਂਗੇ ਪਰ ਉਹ ਹੁਣ ਘਰਾਂ ਵਿਚ ਟਿਕਣ ਵਾਲੇ ਨਹੀਂ | ਜਦੋਂ ਵੀ ਠੀਕ ਹੋ ਗਿਆ, ਮੁੜ ਦਿੱਲੀ ਦੇ ਰਾਹ ਪਾਵਾਂਗੇ |ਕਿਸਾਨ ਨੇਤਾ ਤੇਜਿੰਦਰ ਸਿੰਘ ਵਿਰਕ ਦੇ ਸਿਰ 'ਚ ਸੱਟਾਂ ਹਨ | ਉਹ ਹਕੂਮਤ ਦੀ ਅੱਖ 'ਚ ਰੜਕਣ ਲੱਗਾ ਸੀ ਕਿਉਂਜੋ ਤਰਾਈ ਖ਼ਿੱਤਾ ਕਿਸਾਨ ਨੇਤਾ ਵਿਰਕ ਦੀ ਅਗਵਾਈ 'ਚ ਘਰਾਂ ਤੋਂ ਤੁਰ ਪਿਆ ਸੀ | ਦਰਜਨਾਂ ਹੋਰ ਕਿਸਾਨ ਆਗੂ ਹਨ ਜੋ ਜੀਪ ਹੇਠ ਦਰੜੇ ਗਏ ਸਨ ਅਤੇ ਹੁਣ ਮੰਜਿਆਂ ਵਿਚ ਪਏ ਹਨ ਪਰ ਉਨ੍ਹਾਂ ਦਾ ਜੋਸ਼ ਬੇਕਾਬੂ ਹੈ |

                      ਜ਼ਖਮੀ ਕਿਸਾਨਾਂ ਨੂੰ ਨਹੀਂ ਮਿਲਿਆ ਮੁਆਵਜ਼ਾ

ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਲਖੀਮਪੁਰ ਕਾਂਡ ਦੇ ਜ਼ਖ਼ਮੀਆਂ ਨੂੰ ਹਾਲੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ | ਸਰਕਾਰ ਤਰਫ਼ੋਂ ਜ਼ਖ਼ਮੀਆਂ ਨੂੰ ਦਸ ਦਸ ਲੱਖ ਰੁਪਏ ਇਲਾਜ ਲਈ ਦੇਣ ਦਾ ਵਾਅਦਾ ਕੀਤਾ ਸੀ | ਜ਼ਖਮੀ ਹਰਪਾਲ ਸਿੰਘ ਆਖਦਾ ਹੈ ਕਿ ਉਨ੍ਹਾਂ ਨੂੰ ਸਰਕਾਰ ਨੇ ਹਾਲੇ ਤੱਕ ਇਲਾਜ ਲਈ ਧੇਲਾ ਨਹੀਂ ਦਿੱਤਾ ਹੈ | ਕਿਸਾਨ ਹਰਦੀਪ ਸਿੰਘ ਨੇ ਦੱਸਿਆ ਕਿ ਇਤਰਾਜ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਸਰਕਾਰੀ ਹਸਪਤਾਲ ਚੋਂ ਇਲਾਜ ਕਿਉਂ ਨਹੀਂ ਕਰਾਇਆ | ਪ੍ਰੋਗਰੈਸਿਵ ਫਾਰਮਰ ਫਰੰਟ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਮਾਂਗਟ ਦਾ ਕਹਿਣਾ ਸੀ ਕਿ ਅਸਲ ਵਿਚ ਜ਼ਖਮੀ ਕਿਸਾਨ ਉੱਤਰਾਖੰਡ ਚਲੇ ਗਏ ਸਨ ਜਿਨ੍ਹਾਂ ਦੇ ਬਿੱਲ ਵਗੈਰਾ ਲੈ ਕੇ ਉਹ ਸਰਕਾਰ ਨੂੰ ਸੌਂਪ ਰਹੇ ਹਨ ਤਾਂ ਜੋ ਮੁਆਵਜ਼ਾ ਲਿਆ ਜਾ ਸਕੇ | 



No comments:

Post a Comment