Tuesday, October 5, 2021

                                              ਖੇਤਾਂ ਦੇ ਦਾਰੇ ਪੁੱਤ
                              ਸ਼ਗਨਾਂ ਦੀ ਰੁੱਤੇ, ਅਸਾਂ ਮੌਤ ਨਾਲ ਸੁੱਤੇ..!
                                              ਚਰਨਜੀਤ ਭੁੱਲਰ    

ਚੰਡੀਗੜ੍ਹ : ਪਹਿਲਾਂ ਮੁਲਕ ਨੂੰ ਅੰਨ ਦਿੱਤਾ, ਹੁਣ ਪੁੱਤ ਵੀ ਲੇਖੇ ਲਾ ਦਿੱਤੇ। ਖੇਤ ਬਚਾਉਣ ਲਈ, ਜ਼ਮੀਨਾਂ ਦੀ ਪੱਤ ਬਚਾਉਣ ਲਈ ਘਰੋਂ ਤੋਰੇ ਪੁੱਤ ਹੀ ਗੁਆ ਬੈਠਣਗੇ, ਮਾਪਿਆਂ ਨੇ ਕਦੇ ਸੋਚਿਆ ਨਹੀਂ ਸੀ। ਜਿਨ੍ਹਾਂ ਤਰਾਈ ਦੇ ਬੰਜਰ ਭੰਨ੍ਹੇ, ਉਹ ਘਰਾਂ ਤੋਂ ਹਕੂਮਤੀ ਅੜ ਭੰਨ੍ਹਣ ਲਈ ਤੁਰੇ। ਦਿੱਲੀ ਦਾ ਗਰੂਰ ਏਨਾ ਕਰੂਰ ਹੋ ਗਿਆ ਕਿ ਦੀਵਾਲੀ ਤੋਂ ਪਹਿਲਾਂ ਕਿੰਨੇ ਘਰਾਂ ਦੇ ਚਿਰਾਗ ਬੁਝਾ ਗਿਆ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਮਾਤਮੀ ਸੰਨਾਟਾ ਹੈ। ਤਰਾਈ ਦੀ ਧਰਤੀ ਨੇ ਮੁਲਕ ਜਗਾ ਦਿੱਤਾ ਹੈ। ਬੁਝੇ ਚਿਰਾਗ਼ਾਂ ਨੇ ਕਿਸਾਨੀ ਘੋਲ ਦੀ ਮਸ਼ਾਲ ’ਚ ਤੇਲ ਪਾਇਆ ਹੈ।ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ ਕਿਸਾਨਾਂ ਨੂੰ ਯਮਦੂਤ ਬਣ ਟੱਕਰਿਆ। ਉਸ ਦੀ ਤੇਜ਼ ਰਫ਼ਤਾਰੀ ਗੱਡੀ ਕਿਸਾਨ ਘਰਾਂ ਦੇ ਸੁਫ਼ਨਿਆਂ ਨੂੰ ਰਾਖ ਕਰ ਗਈ। ਗੁਰੂ ਕੇ ਬਾਗ਼ ਦਾ ਮੋਰਚਾ ਚੇਤੇ ਕਰਾ ਦਿੱਤਾ। ਉਦੋਂ ਬਰਤਾਨਵੀ ਸ਼ਾਸਕ ਦੀ ਰੇਲ ਗੱਡੀ ਨੇ ਜ਼ਿੰਦਗੀ ਚੀਰ ਦਿੱਤੀ ਸੀ, ਹੁਣ ਹਕੂਮਤ ਦੀ ਗੱਡੀ ਨੇ ‘ਅੰਨਦਾਤਾ’ ਦਰੜ ਦਿੱਤਾ ਹੈ।

            ਲਖੀਮਪੁਰ ਖੀਰੀ ਦੇ ਪਿੰਡ ਨਾਨਪਾਰਾ ’ਚ ਦੋ ਦਿਨਾਂ ਤੋਂ ਕਿਸੇ ਘਰ ਚੁੱਲ੍ਹਾ ਨਹੀਂ ਬਲਿਆ। ਕਿਸਾਨ ਦਲਜੀਤ ਸਿੰਘ (35) ਇਸ ਕਾਂਡ ’ਚ ਸ਼ਹੀਦ ਹੋ ਗਿਆ ਹੈ। ਪਤਨੀ ਪਰਮਜੀਤ ਕੌਰ ਦਾ ਵਿਰਲਾਪ ਝੱਲਿਆ ਨਹੀਂ ਜਾ ਰਿਹਾ।ਦਲਜੀਤ ਸਿੰਘ ਘਰੋਂ ਚਾਨਣ ਦੀ ਭਾਲ ’ਚ ਤੁਰਿਆ ਸੀ। ਹਕੂਮਤ ਨੇ ਲਾਸ਼ ਬਣਾ ਦਿੱਤਾ। ਤਿੰਨ ਵਰ੍ਹਿਆਂ ਤੋਂ ਹੋਣੀ ਸਾਹ ਨਹੀਂ ਲੈਣ ਦੇ ਰਹੀ। ਦੋ ਵਰ੍ਹੇ ਪਹਿਲਾਂ ਦਲਜੀਤ ਸਿੰਘ ਦੀ ਮਾਂ ਤੁਰ ਗਈ ਅਤੇ ਪਿਛਲੇ ਸਾਲ ਬਾਪ ਵੀ ਉਸੇ ਰਾਹ ਚਲਾ ਗਿਆ। ਹੁਣ ਦਲਜੀਤ ਸਿੰਘ ਵੀ ਵਕਤੋਂ ਪਹਿਲਾਂ ਮਾਪਿਆਂ ਕੋਲ ਚਲਾ ਗਿਆ। ਪਿੱਛੇ ਪਤਨੀ ਤੇ ਬੱਚੇ ਰਾਹ ਤੱਕ ਰਹੇ ਹਨ। ਉਸ ਦੀ ਬੇਟੀ ਪਰਨੀਤ ਕੌਰ ਆਖਦੀ ਹੈ ਕਿ ਬਾਪ ਦੀ ਸ਼ਹੀਦੀ ਅਜਾਈਂ ਨਹੀਂ ਜਾਵੇਗੀ। ਨੌਵੀਂ ਜਮਾਤ ਵਿੱਚ ਪੜ੍ਹਦਾ ਬੇਟਾ ਰਾਜਦੀਪ ਆਖਦਾ ਹੈ ਕਿ ਹੁਣ ਕੌਣ ਆਖੇਗਾ, ‘ਜਾਹ ਪੁੱਤ, ਖੇਤ ਗੇੜਾ ਮਾਰ ਕੇ ਆ।’ਪਿੰਡ ਮਕਰੌਨੀਆ ਦੇ ਕਿਸਾਨ ਪੁੱਤ ਗੁਰਵਿੰਦਰ ਦੀ ਉਮਰ 19 ਸਾਲ ਹੀ ਸੀ। ਤਾਬੂਤ ’ਚ ਲਿਪਟੇ ਬੱਚੇ ਨੂੰ ਦੇਖ ਮਾਪੇ ਦੁਹੱਥੜ ਮਾਰ ਰੋਏ। 

            ਚਾਚਾ ਮਸਕੀਨ ਸਿੰਘ ਆਖਦਾ ਹੈ ਕਿ ਪੂਰੇ ਪਰਿਵਾਰ ’ਚੋਂ ਇਕੱਲਾ ਗੁਰਵਿੰਦਰ ਸੀ, ਜੋ ਕਿਸਾਨ ਮੋਰਚੇ ’ਚ ਕਿਸੇ ਵੀ ਦਿਨ ਜਾਣੋ ਨਹੀਂ ਖੁੰਝਿਆ। ਚਾਚਾ ਦੱਸਦਾ ਹੈ ਕਿ ਜਦੋਂ ਉਸ ਨੂੰ ਛੇੜ ਦੇਣਾ ਤਾਂ ਅੱਗਿਓਂ ਗੁਰਵਿੰਦਰ ਆਖਦਾ, ‘ਚਾਚਾ, ਦੇਖਦੇ ਜਾਇਓ, ਜੰਗ ਜਿੱਤ ਕੇ ਮੁੜਾਂਗੇ।’ਯੂਪੀ ਦੇ ਤਰਾਈ ਖ਼ਿੱਤੇ ’ਚ ਜਿਨ੍ਹਾਂ ਕਿਸਾਨਾਂ ਨੇ ਹਮੇਸ਼ਾ ਗੰਨੇ ਬੀਜੇ, ਹੁਣ ਕਿਸਾਨੀ ਸੰਘਰਸ਼ ’ਚ ਨਵੇਂ ਸੁਫ਼ਨੇ ਬੀਜ ਰਹੇ ਹਨ। ਜਿਸ ਤਰਾਈ ਦੀ ਮਿੱਟੀ ਨੂੰ ਕਿਸਾਨਾਂ ਨੇ ਪਸੀਨਾ ਵਹਾ ਕੇ ਸੋਨਾ ਬਣਾਇਆ, ਉਸ ਸੋਨੇ ’ਤੇ ਹੁਣ ਕਾਰਪੋਰੇਟਾਂ ਦੀ ਅੱਖ ਹੈ। ਇਨ੍ਹਾਂ ਅੱਖਾਂ ’ਚ ਕਿਸਾਨੀ ਸੰਘਰਸ਼ ਰੜਕਣ ਲੱਗਾ ਹੈ। ਪਿੰਡ ਚੌਹਖੜਾ ਦੇ ਕਿਸਾਨ ਗੰਨੇ ਦੇ ਭਾਅ ਲਈ ਲੜਦੇ ਰਹੇ ਪਰ ਬੀਤੇ ਦਿਨ ਆਪਣੇ ਪਿੰਡ ਦਾ ਨੌਜਵਾਨ ਮੁੰਡਾ ਲਵਪ੍ਰੀਤ ਭੰਗ ਦੇ ਭਾਅ ਗੁਆ ਬੈਠੇ। ਲਵਪ੍ਰੀਤ ਦੀ ਉਮਰ 20 ਵਰ੍ਹੇ ਸੀ, ਮਾਪਿਆਂ ਨੇ ਖੇਤਾਂ ਦੀ ਜੰਗ ਬਿੱਲੇ ਲਾਉਣ ਲਈ ਪੁੱਤ ਨੂੰ ‘ਕਿਸਾਨ ਮੋਰਚੇ’ ਵਿੱਚ ਭਰਤੀ ਕਰਾ ਦਿੱਤਾ। ਕਿਸ ਮਿੱਟੀ ਦਾ ਬਣਿਆ ਸੀ ਲਵਪ੍ਰੀਤ, ਜਾਨ ਦੇ ਗਿਆ, ਮੋਰਚੇ ਨੂੰ ਪਿੱਠ ਨਹੀਂ ਦਿਖਾਈ। 

           ਲਵਪ੍ਰੀਤ ਸ਼ਗਨਾਂ ਦੀ ਰੁੱਤੇ ਤੁਰ ਗਿਆ, ਘਰ ਦੇ ਵਿਹੜੇ ’ਚ ਵਿਰਲਾਪ ਹੈ। ਪਾਣੀ ਵਾਰਨ ਦੇ ਦਿਨ ਵੇਖਣ ਵਾਲੀ ਮਾਂ ਦੇ ਹੱਥਾਂ ’ਚ ਜਵਾਨ ਪੁੱਤ ਦੀ ਖ਼ੂਨ ਨਾਲ ਲੱਥ-ਪੱਥ ਹੋਈ ਲਾਸ਼ ਸੀ। ਵਟਣਾ ਮਲਣ ਦੀ ਉਮਰੇ ਪੁੱਤ ਨੂੰ ਆਖ਼ਰੀ ਇਸ਼ਨਾਨ ਕਰਾਉਣਾ ਪੈ ਜਾਏ, ਇਹ ਮਾਪਿਆਂ ਤੋਂ ਵੱਧ ਕੋਈ ਨਹੀਂ ਜਾਣ ਸਕਦਾ।ਕਿਸਾਨ ਆਗੂ ਅਮਨ ਸੰਧੂ ਆਖਦਾ ਹੈ ਕਿ ਭਾਜਪਾ ਆਗੂਆਂ ਦੇ ਵਿਰੋਧ ’ਚ ਹੀ ਇਹ ਨੌਜਵਾਨ ਬਾਕੀ ਕਿਸਾਨਾਂ ਨਾਲ ਘਰੋਂ ਨਿਕਲੇ ਸਨ। ਹਕੂਮਤੀ ਚੱਕਾ ਏਨਾ ਤੇਜ਼ ਸੀ ਕਿ ਇਹ ਨੌਜਵਾਨ ਮੌਤ ਨੂੰ ਝਕਾਨੀ ਨਾ ਦੇ ਸਕੇ। ਇਨ੍ਹਾਂ ਕਿਸਾਨਾਂ ਦੀ ਸ਼ਹਾਦਤ ਨੇ ਕਿਸਾਨੀ ਘੋਲ ’ਚ ਰੜਕ ਭਰ ਦਿੱਤੀ ਹੈ।ਪਿੰਡ ਨਮਦਾਪੁਰ ਦਾ 65 ਵਰ੍ਹਿਆਂ ਦੇ ਸ਼ਹੀਦ ਕਿਸਾਨ ਨਛੱਤਰ ਸਿੰਘ ਨੇ ਕਿਸਾਨੀ ਘੋਲ ਦੇ ਭਾਗ ਹੀ ਬਦਲ ਦਿੱਤੇ ਹਨ। ਪਿੰਡ ’ਚ ਰੋਹ ਫੈਲ ਗਿਆ ਹੈ। ਖ਼ੁਦ ਤਾਂ ਜ਼ਿੰਦਗੀ ਦੇ ਗਿਆ ਪਰ ਨਛੱਤਰ ਸਿੰਘ ਆਪਣੀ ਜ਼ਿੰਦਗੀ ਦੇ ਆਖ਼ਰੀ ਪੜਾਅ ’ਤੇ ‘ਕਿਸਾਨੀ ਘੋਲ’ ਨੂੰ ਵੀ ਅਖੀਰਲੇ ਅਧਿਆਇ ਵਿੱਚ ਲੈ ਗਿਆ। ਭਲਕੇ ਜਦੋਂ ਇਨ੍ਹਾਂ ਕਿਸਾਨਾਂ ਦੇ ਸਸਕਾਰ ਹੋਣਗੇ ਤਾਂ ਹਰ ਅੱਖ ਦਾ ਹੰਝੂ ‘ਕਿਸਾਨੀ ਘੋਲ’ ਦੀ ਮਸ਼ਾਲ ਵਿੱਚ ਡਿੱਗੇਗਾ।

                                                  ਏਹ ਕੇਹਾ ‘ਦੰਗਲ’ ਸੀ...

ਲਖੀਮਪੁਰ ਖੀਰੀ ਦੇ ਪਿੰਡ ਤਿਕੋਨੀਆ ’ਚ ਇਹ ਕਾਂਡ ਵਾਪਰਿਆ ਹੈ, ਜਿੱਥੇ ਹਰ ਵਰ੍ਹੇ ਦੀ ਦੋ ਅਕਤੂਬਰ ਨੂੰ ਦੰਗਲ ਹੁੰਦਾ ਹੈ। ਐਤਕੀਂ ਇਹ ਦੰਗਲ ਤਿੰਨ ਅਕਤੂਬਰ ਨੂੰ ਹੋਣਾ ਸੀ, ਜਿੱਥੇ ਡਿਪਟੀ ਮੁੱਖ ਮੰਤਰੀ ਪੁੱਜ ਰਿਹਾ ਸੀ। ‘ਦੰਗਲ’ ਤੋਂ ਪਹਿਲਾਂ ਹੀ ਹਕੂਮਤ ਨੇ ਦੋ ਹੱਥ ਦਿਖਾ ਦਿੱਤੇ, ਜਿਸ ਵਜੋਂ ਚਾਰ ਕਿਸਾਨ ਜ਼ਿੰਦਗੀ ਤੋਂ ਹਾਰ ਗਏ ਪਰ ਕਿਸਾਨੀ ਦੰਗਲ ਵਿਚ ਜਾਨ ਪਾ ਗਏ। 50 ਵਰ੍ਹਿਆਂ ਦਾ ਹੁਸ਼ਿਆਰ ਸਿੰਘ ਆਖਦਾ ਹੈ ਕਿ ਹਕੂਮਤ ਦੀ ਨੀਅਤ ਮਾੜੀ ਸੀ, ਜਿਸ ਕਰਕੇ ਇਹ ਕਾਰਾ ਹੋਇਆ ਹੈ।

2 comments:

  1. ਧੰਨ ਖੇਤਾਂ ਦੇ ਜਾਏ ਖੇਤ ਬਚਾਵਨ ਆਏੇ ,ਭੂਤਰੇ ਹਾਕਮਾਂ ਨੇ ਮਾਂਵਾ ਦੇ ਪੁੱਤ ਮਿੱਟੀ ਵਿੱਚ ਮਲਾਏ,ਇਹਨਾਂ ਪੁਤਰਾਂ ਦੀ ਕਰਬਾਨੀ ਅਜਾਈ ਨਾ ਜਾਏ 🙏🙏

    ReplyDelete
  2. ਵਾਹ ਭੁੱਲਰ ਸਾਹਬ ਐਸਾ ਸੱਚ ਲਿਖਿਆ ਕੇ ਰਵਾ ਹੀ ਦਿੱਤਾ ...

    ReplyDelete