Sunday, October 31, 2021

                                                ਪਾਵਰਫੁੱਲ
                    ਵਿਧਾਇਕ ਗਿੱਲ ਦਾ 19.85 ਲੱਖ ਦਾ ਬਿੱਲ ਮੁਆਫ..!                                 ਚਰਨਜੀਤ ਭੁੱਲਰ     

ਚੰਡੀਗੜ੍ਹ : ਹਲਕਾ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਪੰਜਾਬ ਦੇ ਇਕਲੌਤੇ ਵਿਧਾਇਕ ਹਨ, ਜਿਨ੍ਹਾਂ ਦੇ ਬਿਜਲੀ ਬਿੱਲਾਂ ਦੀ ਮੁਆਫੀ ਸਕੀਮ ’ਚ ਕਰੀਬ 19.85 ਲੱਖ ਰੁਪਏ ਮੁਆਫ ਹੋਏ ਹਨ। ਵਿਧਾਇਕ ਗਿੱਲ ਵੱਲ ਵਰ੍ਹਿਆਂ ਤੋਂ ਲੱਖਾਂ ਰੁਪਏ ਦਾ ਬਿਜਲੀ ਬਕਾਇਆ ਖੜ੍ਹਾ ਸੀ। ਉਂਜ ਵੀ ਪੰਜਾਬ ਸਰਕਾਰ ਦੀ ਬਿਜਲੀ ਬਿੱਲਾਂ ਦੀ ਮੁਆਫੀ ਦਾ ਲਾਹਾ ਲੈਣ ਵਿਚ ਹਲਕਾ ਪੱਟੀ ਮੋਹਰੀ ਬਣਿਆ ਹੈ। ਬਿਜਲੀ ਚੋਰੀ ’ਚ ਸਬ ਡਿਵੀਜ਼ਨ ਪੱਟੀ ਪਹਿਲੇ ਨੰਬਰ ’ਤੇ ਹੈ।

           ਵੇਰਵਿਆਂ ਅਨੁਸਾਰ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਵਾਲੀ ਕੋਠੀ ਨੰਬਰ ਈ-32 ਵਿੱਚ ਬਿਜਲੀ ਦਾ ਮੀਟਰ (ਖਾਤਾ ਨੰਬਰ 3002263840) ਜਸਵਿੰਦਰ ਸਿੰਘ ਦੇ ਨਾਂ ’ਤੇ ਲੱਗਾ ਹੈ, ਜਿਸ ਦਾ ਬਿਜਲੀ ਲੋਡ ਇੱਕ ਕਿਲੋਵਾਟ ਹੈ। ਵਿਧਾਇਕ ਗਿੱਲ ਨੇ 30 ਸਤੰਬਰ 2010 ਨੂੰ ਪਾਵਰਕੌਮ ਨੂੰ ਦਰਖਾਸਤ ਦੇ ਕੇ ਇਹ ਮੀਟਰ ਜਸਵਿੰਦਰ ਸਿੰਘ ਦੇ ਨਾਂ ਤੋਂ ਆਪਣੇ ਨਾਂ ਤਬਦੀਲ ਕਰਵਾਉਣ ਲਈ 17,130 ਰੁਪਏ ਫੀਸ ਭਰੀ ਸੀ। ਬਿਜਲੀ ਲੋਡ ਇੱਕ ਕਿਲੋਵਾਟ ਤੋਂ 11 ਕਿਲੋਵਾਟ ਕਰਾਉਣ ਲਈ ਲਿਖਿਆ ਸੀ।

            ਪਾਵਰਕੌਮ ਨੇ ਪੁਰਾਣੇ ਬਕਾਏ ਨਾ ਉਤਾਰੇ ਹੋਣ ਕਰਕੇ ਬਿਜਲੀ ਮੀਟਰ ਦੇ ਨਾਂ ਵਿਚ ਤਬਦੀਲੀ ਨਹੀਂ ਕੀਤੀ ਸੀ। ਪਾਵਰਕੌਮ ਵੱਲੋਂ 12 ਅਕਤੂਬਰ 2021 ਨੂੰ ਜਾਰੀ ਬਿੱਲ ਮੁਤਾਬਕ ਵਿਧਾਇਕ ਗਿੱਲ ਨੇ ਹੁਣ 15 ਨਵੰਬਰ ਤਕ 1.60 ਲੱਖ ਰੁਪਏ ਦਾ ਬਿੱਲ ਹੀ ਤਾਰਨਾ ਹੈ ਜਦੋਂ ਕਿ ਇੱਕ ਕਿਲੋਵਾਟ ਲੋਡ ਹੋਣ ਕਰਕੇ ਉਨ੍ਹਾਂ ਦਾ 19.85 ਲੱਖ ਰੁਪਏ ਦਾ ਬਕਾਇਆ ਬਿੱਲ ਮੁਆਫ ਹੋ ਗਿਆ ਹੈ।ਹਲਕਾ ਪੱਟੀ ਵਿੱਚ 50 ਹਜ਼ਾਰ ਪਰਿਵਾਰਾਂ ਦੇ 80 ਕਰੋੜ ਦੇ ਬਿਜਲੀ ਬਿੱਲ ਮੁਆਫ ਹੋਣੇ ਹਨ। ਪਿਛਾਂਹ ਦੇਖੀਏ ਤਾਂ ਪੰਜਾਬ ਕੈਬਨਿਟ ਨੇ 28 ਜਨਵਰੀ 2019 ਵਿੱਚ ਫੈਸਲਾ ਕੀਤਾ ਸੀ ਕਿ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਆਮਦਨ ਕਰ ਭਰਨ ਵਾਲੇ ਖਪਤਕਾਰ ਨਹੀਂ ਲੈ ਸਕਣਗੇ। ਚੰਨੀ ਸਰਕਾਰ ਨੇ ਹੁਣ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨ ਮੌਕੇ ਆਮਦਨ ਕਰ ਵਾਲੇ ਖਪਤਕਾਰਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਹੈ।

            ਪਾਵਰਕੌਮ ਦੀ ਰਿਪੋਰਟ ਅਨੁਸਰ ਅੰਮ੍ਰਿਤਸਰ ਜ਼ੋਨ ਵਿੱਚ 28 ਫੀਸਦੀ ਬਿਜਲੀ ਚੋਰੀ ਹੁੰਦੀ ਹੈ ਅਤੇ ਤਰਨ ਤਾਰਨ ਸਰਕਲ ਵਿੱਚ 51 ਫੀਸਦੀ ਬਿਜਲੀ ਚੋਰੀ ਹੁੰਦੀ ਹੈ। ਇਵੇਂ ਡਿਵੀਜ਼ਨ ਭਿਖੀਵਿੰਡ ਵਿਚ 77.23 ਫੀਸਦੀ ਬਿਜਲੀ ਚੋਰੀ ਹੁੰਦੀ ਹੈ।ਵੰਡ ਮੰਡਲ ਪੱਟੀ ਵੱਲੋਂ 25 ਅਕਤੂਬਰ 2021 ਨੂੰ ਲਿਖੇ ਪੱਤਰ ਅਨੁਸਾਰ ਪੰਜਾਬ ’ਚੋਂ ਸਭ ਤੋਂ ਜ਼ਿਆਦਾ ਸਬ ਡਿਵੀਜ਼ਨ ਪੱਟੀ ਵਿਚ 87.97 ਫੀਸਦੀ ਬਿਜਲੀ ਚੋਰੀ ਹੁੰਦੀ ਹੈ। ਜਿਹੜੇ 12 ਫੀਸਦੀ ਖਪਤਕਾਰ ਬਿਜਲੀ ਚੋਰੀ ਨਹੀਂ ਕਰਦੇ, ਉਨ੍ਹਾਂ ’ਚੋਂ ਵੀ ਸਿਰਫ ਸੱਤ ਫੀਸਦੀ ਹੀ ਬਿਜਲੀ ਬਿੱਲ ਭਰਦੇ ਹਨ। ਮਤਲਬ ਕਿ ਇਸ ਸਬ ਡਿਵੀਜ਼ਨ ਵਿਚ 95 ਫੀਸਦੀ ਖਪਤਕਾਰਾਂ ਤੋਂ ਪਾਵਰਕੌਮ ਨੂੰ ਵਸੂਲੀ ਨਹੀਂ ਮਿਲ ਰਹੀ ਹੈ। ਪੱਟੀ ਵਿਚ ਬੀਤੇ ਤਿੰਨ ਵਰ੍ਹਿਆਂ ਵਿਚ ਛੇ ਐਕਸੀਅਨ ਬਦਲੇ ਜਾ ਚੁੱਕੇ ਹਨ ਜਦੋਂ ਕਿ ਚਾਰ ਐੱਸਡੀਓਜ਼ ਦੀ ਬਦਲੀ ਹੋ ਚੁੱਕੀ ਹੈ।

                                     ਵਿਧਾਇਕ ਨੂੰ ਗੁੱਸਾ ਕਿਉਂ ਆਉਂਦਾ ਹੈ...

ਸੋਸ਼ਲ ਮੀਡੀਆ ’ਤੇ ਵਿਧਾਇਕ ਹਰਮਿੰਦਰ ਗਿੱਲ ਵੱਲੋਂ ਪੱਟੀ ਦੇ ਐੱਸਡੀਓ ਸੁਸ਼ੀਲ ਨੂੰ ਬੋਲੀ ਮੰਦਭਾਸ਼ਾ ਤੇ ਤਲਖੀ ਦੀ ਵੀਡੀਓ ਵਾਇਰਲ ਹੋਈ ਹੈ। ਐੱਸਡੀਓ ਨੇ ਪੱਟੀ ਦੇ ਪਿੰਡ ਤੁੰਗ ਵਿਚ ਦੋ ਬਿਜਲੀ ਚੋਰੀ ਦੇ ਕੇਸ ਫੜ੍ਹੇ ਸਨ, ਜਿਸ ਤੋਂ ਖ਼ਫਾ ਹੋ ਕੇ ਵਿਧਾਇਕ ਗਿੱਲ ਆਡੀਓ ਵਿੱਚ ਐੱਸਡੀਓ ਨੂੰ ਬਦਲੀ ਕਰਾਉਣ ਅਤੇ ਸਬਕ ਸਿਖਾਉਣ ਦੀ ਧਮਕੀ ਦਿੰਦੇ ਹਨ। ਪੀਐੱਸਈਬੀ ਇੰਜਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਧੀਮਾਨ ਨੇ ਕਿਹਾ ਕਿ ਪੰਜਾਬ ਵਿਚ ਸਿਆਸੀ ਸਰਪ੍ਰਸਤੀ ਹੇਠ ਹੀ ਬਿਜਲੀ ਚੋਰੀ ਹੋ ਰਹੀ ਹੈ, ਜਿਸ ਦੀ ਇਹ ਤਾਜ਼ਾ ਉਦਾਹਰਨ ਹੈ। ਉਨ੍ਹਾਂ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਸਮਾਂ ਮੰਗਿਆ ਹੈ ਤਾਂ ਜੋ ਉਨ੍ਹਾਂ ਨੂੰ ਮਾਮਲੇ ਤੋਂ ਜਾਣੂ ਕਰਾਇਆ ਜਾ ਸਕੇ।

                                      ਮੁਆਫੀ ਬਾਰੇ ਹਾਲੇ ਪਤਾ ਨਹੀਂ : ਗਿੱਲ

ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਅੰਮ੍ਰਿਤਸਰ ਰਿਹਾਇਸ਼ ’ਤੇ ਜਸਵਿੰਦਰ ਸਿੰਘ ਦੇ ਨਾਂ ਲੱਗੇ ਮੀਟਰ ਦਾ ਨਾਂ ਤਬਦੀਲ ਕਰਨ ਲਈ ਪਾਵਰਕੌਮ ਨੂੰ ਦਰਖਾਸਤ ਦਿੱਤੀ ਸੀ ਪਰ ਪਾਵਰਕੌਮ ਨੇ ਤਬਦੀਲੀ ਨਹੀਂ ਕੀਤੀ। ਬਿੱਲ ਮੁਆਫੀ ਬਾਰੇ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਇਸ ਬਾਰੇ ਕੋਈ ਪਤਾ ਨਹੀਂ ਹੈ। ਐੱਸਡੀਓ ਨਾਲ ਹੋਈ ਤਲਖੀ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਤਾਂ ਬਕਾਏ ਮੁਆਫ ਕਰ ਰਹੀ ਹੈ ਅਤੇ ਐੱਸਡੀਓ ਖਪਤਕਾਰਾਂ ’ਤੇ ਪਰਚੇ ਦਰਜ ਕਰਾ ਰਿਹਾ ਹੈ। ਉਹ ਐੱਸਡੀਓ ਖ਼ਿਲਾਫ਼ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਜਾਣਗੇ। ਗਿੱਲ ਨੇ ਬਿਜਲੀ ਚੋਰੀ ਬਾਰੇ ਕਿਹਾ ਕਿ ਗੱਠਜੋੜ ਸਰਕਾਰ ਨੇ ਖਪਤਕਾਰਾਂ ਨੂੰ ਗਲਤ ਆਦਤਾਂ ਪਾਈਆਂ ਸਨ।

1 comment:

  1. ਰਾਜਨੀਤਕ ਆਗੂਆਂ ਵੱਲੋਂ ਸਰਕਾਰੀ ਖ਼ਜ਼ਾਨੇ ਨੂੰ ਕਿਸ ਤਰ੍ਹਾਂ ਢਾਹਿਆ ਜਾ ਰਿਹਾ ਹੈ ਬਹੁਤ ਖ਼ੂਬ ਬਿਆਨ ਕੀਤਾ ਹੈ ਭੁੱਲਰ ਸਾਹਿਬ ।

    ReplyDelete