Friday, October 13, 2023

                                                      ਵਾਹ ਕੁੜੀਓ ਵਾਹ ! 
                                   ਏਹ ਧੀਆਂ ਮੋਮ ਦੀਆਂ ਗੁੱਡੀਆਂ ਨਹੀਂ..।
                                                       ਚਰਨਜੀਤ ਭੁੱਲਰ  

ਚੰਡੀਗੜ੍ਹ : ਜਿਨ੍ਹਾਂ ਨਾਲ ਜ਼ਿੰਦਗੀ ਨੇ ਅਨਿਆਂ ਕੀਤਾ, ਉਨ੍ਹਾਂ ਕੁੜੀਆਂ ਦੇ ਹੱਥ ਹੁਣ ਇਨਸਾਫ ਦੀ ਮਸ਼ਾਲ ਹੋਵੇਗੀ। ਇਨ੍ਹਾਂ ਦੀ ਜਦੋਂ ਸੁਰਤ ਸੰਭਲੀ, ਗ਼ੁਰਬਤ ਨੇ ਪ੍ਰੀਖਿਆ ਲਈ। ਹਾਲਾਤਾਂ ਨੇ ਸਰੀਕਾ ਪੁਗਾਉਣਾ ਚਾਹਿਆ ਤਾਂ ਇਹ ਵੰਗਾਰ ਬਣ ਗਈਆਂ। ਮਾਪਿਆਂ ਨੇ ਹੱਲਾਸ਼ੇਰੀ ਦਿੱਤੀ, ਅਧਿਆਪਕਾਂ ਨੇ ਉਂਗਲ ਫੜ੍ਹ ਲਈ। ਇਹ ਕਹਾਣੀ ਉਨ੍ਹਾਂ ਦਰਜਨਾਂ ਧੀਆਂ ਦੀ ਹੈ ਜਿਹੜੀਆਂ ਹੁਣ ਜੱਜ ਬਣੀਆਂ ਹਨ। ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਪੀ.ਸੀ.ਐੱਸ (ਜੁਡੀਸ਼ਰੀ) ਦਾ ਲੰਘੇ ਕੱਲ੍ਹ ਨਤੀਜਾ ਐਲਾਨਿਆ ਗਿਆ ਹੈ।    

        ਮੋਹਾਲੀ ਦੇ ਪਿੰਡ ਕੈਲੋਂ ਦੀ ਪਰਮਿੰਦਰ ਕੌਰ ਨੇ ਪਿਤਾ ਨੂੰ ਦੱਸਿਆ ‘ਪਾਪਾ! ਮੈਂ ਜੱਜ ਬਣੀ ਹਾਂ।’ ਸਕਿਉਰਿਟੀ ਗਾਰਡ ਬਾਪ ਸੁਰਮੁੱਖ ਸਿੰਘ ਨੇ ਧੀਅ ਦੇ ਸਿਰ ’ਤੇ ਹੱਥ ਰੱਖ ਕਿਹਾ, ‘ਵਾਹ ਧੀਏ ਵਾਹ’। ਇਸ ਲੜਕੀ ਦੀ ਮਾਂ ਕੁਲਦੀਪ ਕੌਰ ਮਨਰੇਗਾ ਮਜ਼ਦੂਰ ਹੈ। ਜਦੋਂ ਮਾਂ ਵਿਆਹ ਸਾਹਿਆਂ ਵਿਚ ਭਾਂਡੇ ਮਾਂਜਣ ਜਾਂਦੀ ਤਾਂ ਛੋਟੀ ਉਮਰੇ ਪਰਮਿੰਦਰ ਕੌਰ ਭਾਂਡੇ ਮਾਂਜਦੀ, ਉਸ ਨੂੰ ਲੱਗਦਾ ਕਿ ‘ਸਾਡੇ ਹਿੱਸੇ ਭਾਂਡੇ ਹੀ ਕਿਉਂ ਆਏ ਨੇ’। ਉਹ ਸਰਕਾਰੀ ਸਕੂਲ ਚੋਂ ਪੜ੍ਹੀ ਅਤੇ ਵਕਾਲਤ ਮਗਰੋਂ ਕੀਤੀ।

         ਉਹ ਤਿਆਰੀ ਦੇ ਦਿਨਾਂ ਵਿਚ ਸਿਰਫ਼ ਚਾਰ ਘੰਟੇ ਸੌਂਦੀ ਸੀ। ਸੰਗਰੂਰ ਦੇ ਪਿੰਡ ਸ਼ੇਰਪੁਰ ਦੀ ਧੀ ਰਮਨਦੀਪ ਕੌਰ ਵੀ ਜੱਜ ਬਣੀ ਹੈ, ਉਸ ਨੇ ਤਾਂ ਗ਼ਰੀਬੀ ਦਾ ਚੀੜ੍ਹਾ ਰੂਪ ਦੇਖਿਆ ਹੈ। ਪਿਤਾ ਨਾਹਰ ਸਿੰਘ ਮਜ਼ਦੂਰੀ ਕਰਦਾ ਹੈ। ਰਮਨਦੀਪ ਨੇ ਪੜ੍ਹਨ ਲਈ ਜਿਦ ਕੀਤੀ, ਮਾਪਿਆਂ ਦੀ ਖ਼ਾਲੀ ਜੇਬ ਦਿਖਾ ਦਿੱਤੀ। ਮਾਪੇ ਆਖਦੇ ਸਨ ਕਿ ‘ਕੁੜੀਏ! ਬੀ.ਐੱਡ ਕਰ ਲੈ, ਤੂੰ ਕਿਹੜਾ ਜੱਜ ਲੱਗ ਜਾਣੈ’। ਜਦੋਂ ਪੰਜਾਬੀ ’ਵਰਸਿਟੀ ਦੇ ਹੋਸਟਲ ’ਚ ਸੀ ਤਾਂ ਉਦੋਂ ਖ਼ੁਦ ਇੱਕ ਡੰਗ ਦਾ ਖਾਣਾ ਛੱਡ ਦਿੰਦੀ ਸੀ, ਮੈੱਸ ਬਿੱਲ ਲਈ ਪੈਸੇ ਨਹੀਂ ਸਨ। ਕਿਤਾਬਾਂ ਲੈਣ ਲਈ ਪਾਪੜ ਵੇਲਣੇ ਪੈਂਦੇ। ਗ਼ੁਰਬਤ ਇਨ੍ਹਾਂ ਕੁੜੀਆਂ ਦੀ ਪਰਿਕਰਮਾ ਕਰਦੀ ਰਹੀ। ਪਿੰਡਾਂ ਦੇ ਜ਼ਰਖੇਜ਼ ਮਿੱਟੀ ਨੇ ਇਨ੍ਹਾਂ ਦੀ ਤਾਸੀਰ ਤੇ ਤਕਦੀਰ ਬਦਲੀ ਹੈ। 

        ਇਸੇ ਤਰ੍ਹਾਂ ਜੱਜ ਬਣੀ ਸ਼ਿਵਾਨੀ, ਕਪੂਰਥਲਾ ਦੇ ਆਟੋ ਰਿਕਸ਼ਾ ਚਲਾਉਣ ਵਾਲੇ ਬਲਜੀਤ ਸਿੰਘ ਦੀ ਭਾਣਜੀ ਹੈ। ਜਦੋਂ ਸ਼ਿਵਾਨੀ ਤਿੰਨ ਵਰ੍ਹਿਆਂ ਦੀ ਸੀ, ਮਾਂ ਨੇ ਉਸ ਨੂੰ ਮਾਮੇ ਕੋਲ ਛੱਡ ਦਿੱਤਾ। ਮਾਮੇ ਬਲਜੀਤ ਸਿੰਘ ਨੇ ਭਾਣਜੀ ਦੀ ਪਰਵਰਿਸ਼ ਖ਼ਾਤਰ ਖ਼ੁਦ ਵਿਆਹ ਨਾ ਕਰਾਉਣ ਦਾ ਫ਼ੈਸਲਾ ਕੀਤਾ। ਖ਼ੁਦ ਬਲਜੀਤ ਸਿੰਘ ਦੀ ਵਕੀਲ ਬਣਨ ਦੀ ਖੁਆਇਸ਼ ਸੀ ਪਰ ਗ਼ੁਰਬਤ ਨੇ ਉਸ ਦੇ ਸੁਪਨਿਆਂ ਦੀ ਭਰੂਣ ਹੱਤਿਆ ਕਰ ਦਿੱਤੀ। ਕਚਹਿਰੀ ਕਿਸੇ ਕੰਮ ਗਿਆ ਤਾਂ ਮਹਿਲਾ ਜੱਜ ਚੋਂ ਉਸ ਨੂੰ ਆਪਣੀ ਭਾਣਜੀ ਦਾ ਚਿਹਰਾ ਨਜ਼ਰ ਪਿਆ। 

         ਫੇਰ ਉਹ ਇਕਲੌਤੀ ਭਾਣਜੀ ਸ਼ਿਵਾਨੀ ਦੀ ਪੜ੍ਹਾਈ ਲਿਖਾਈ ਲਈ ਦਿਨ ਰਾਤ ਜਾਗਿਆ। ਸ਼ਿਵਾਨੀ ਦੀ ਨਵੀਂ ਪਰਵਾਜ਼ ਸੈਂਕੜੇ ਧੀਆਂ ਲਈ ਪ੍ਰੇਰਨਾ ਹੈ। ਉਹ ਨੇ੍ਹਰਿਆ ’ਚ ਚਾਨਣ ਦਾ ਛਿੱਟਾ ਦੇਣ ਦਾ ਅਹਿਦ ਲੈ ਰਹੀ ਹੈ। ਰਾਜਪੁਰਾ ਦੀ ਡਕੌਂਤ ਭਾਈਚਾਰੇ ਦੀ ਕੁੜੀ ਵੀ ਜੱਜ ਬਣੀ ਹੈ ਜਿਨ੍ਹਾਂ ਦੇ ਭਾਈਚਾਰੇ ਨੂੰ ਸਰਾਪ ਦਿੱਤੇ ਜਾਣ ਦੀ ਮਿੱਥ ਹੈ ਕਿ ਉਹ ਮੰਗ ਕੇ ਹੀ ਖਾਣਗੇ। ਇਸ ਕੁੜੀ ਨੇ ਇਹ ਦਾਗ਼ ਧੋ ਦਿੱਤਾ ਹੈ। ਇਨ੍ਹਾਂ ਕੁੜੀਆਂ ਨੇ ਸਾਬਤ ਕਰ ਦਿੱਤਾ ਕਿ ਉਹ ਮੋਮ ਦੀਆਂ ਗੁੱਡੀਆਂ ਨਹੀਂ। 

       ਮਲੇਰਕੋਟਲਾ ਦੀ ਇੱਕ ਧੀਅ ਗੁਲਫਾਮ, ਅੱਬੂ ਟੈਂਪੂ ਡਰਾਈਵਰ ਹੈ ਜਿਸ ਨੂੰ ਧੀਅ ਦੇ ਜੱਜ ਬਣਨ ’ਤੇ ਨਾਜ਼ ਹੈ। ਜਦੋਂ ਗੁਲਫਾਮ ਸਕੂਲ ਵਿਚ ਸੱਤਵੀਂ ਕਲਾਸ ਵਿਚ ਪੜ੍ਹਦੀ ਸੀ, ਫ਼ੀਸ ਨਾ ਤਾਰੀ ਗਈ ਤਾਂ ਅੰਮੀ ਸਕੂਲ ਚੋਂ ਗੁਲਫਾਮ ਦਾ ਨਾਮ ਕਟਾਉਣ ਚਲੀ ਗਈ। ਸਕੂਲ ਅਧਿਆਪਕਾਂ ਨੇ ਗੁਲਫਾਮ ਦੀ ਪੜਾਈ ਦਾ ਜ਼ਿੰਮਾ ਲਿਆ। ਅੱਬੂ ਤਾਲਿਬ ਹੁਸੈਨ ਬੱਚੀ ਨੂੰ ਵਕੀਲ ਬਣਾਉਣਾ ਚਾਹੁੰਦਾ ਸੀ। ਪੰਜਾਬੀ ’ਵਰਸਿਟੀ ਚੋਂ ਵਕਾਲਤ ਦੀ ਪੜਾਈ ਦੌਰਾਨ ਹੋਸਟਲ ਖਰਚਾ ਚੁੱਕਣ ਦੀ ਪਹੁੰਚ ਨਹੀਂ ਸੀ। ਰੋਜ਼ਾਨਾ ਪਟਿਆਲਾ ਤੋਂ ਮਲੇਰਕੋਟਲਾ ਦਾ ਸਫ਼ਰ ਕਰਦੀ। ਵਿੱਦਿਆ ਸਕਾਲਰਸ਼ਿਪ ਨਾਲ ਸਿਰੇ ਲਾਈ।

        ਮੋਹਾਲੀ ਦੇ ਪਿੰਡ ਮੁੰਡੀ ਖਰੜ ਦੀ ਕਿਰਨਦੀਪ ਕੌਰ ਦਾ ਸੁਪਨਾ ਪੂਰਾ ਕਰਨ ਲਈ ਮਾਂ ਹਰਪ੍ਰੀਤ ਕੌਰ ਨੇ ਕਦੇ ਫ਼ੈਕਟਰੀ ’ਚ ਦਿਹਾੜੀ ਕੀਤੀ ,ਕਦੇ ਬੁਟੀਕ ਚਲਾ ਫ਼ੀਸਾਂ ਦਾ ਖਰਚਾ ਕੱਢਿਆ। ਕਿਰਨਦੀਪ ਪੰਜ ਵਰ੍ਹਿਆਂ ਦੀ ਸੀ, ਜਦੋਂ ਬਾਪ ਜਹਾਨੋਂ ਚਲਾ ਗਿਆ। ਚਾਚੇ ਕੁਲਵਿੰਦਰ ਨੇ ਵਿਆਹ ਨਾ ਕਰਾਉਣ ਦਾ ਫ਼ੈਸਲਾ ਕੀਤਾ ਅਤੇ ਕਿਰਨਦੀਪ ਦੇ ਪਾਲਣ ਪੋਸਣ ’ਚ ਜੁਟ ਗਿਆ। ਦਾਦਾ ਅਮਰੀਕ ਸਿੰਘ ਸਾਬਕਾ ਫ਼ੌਜੀ ਸੀ। ਉਹ ਵੀ ਦਿਨ ਦੇਖੇ ਸਨ ਜਦੋਂ ਮਾਂ ਨੂੰ ਧੀ ਦੀ ਪੜ੍ਹਾਈ ਖ਼ਾਤਰ ਗਹਿਣੇ ਵੀ ਵੇਚਣੇ ਪੈ ਗਏ ਸਨ। 

        ਪਿੰਡ ਰਸੂਲਪੁਰ (ਗੁਰਦਾਸਪੁਰ) ਦੇ ਕਿਸਾਨ ਸਤਨਾਮ ਸਿੰਘ ਦੀ ਧੀਅ ਮਨਮੋਹਨ ਪ੍ਰੀਤ ਕੌਰ ਨੇ ਸਕੂਲ ਪੜ੍ਹਦੇ ਹੀ ਸੁਪਨਿਆਂ ਦਾ ਮੇਚਾ ਲੈ ਲਿਆ ਸੀ। ਡੇਢ ਏਕੜ ਵਾਲੇ ਕਿਸਾਨ ਪਰਿਵਾਰ ਦੀ ਇਸ ਕੁੜੀ ਨਾ ਦਿਨ ਦੇਖਿਆ ਤੇ ਨਾ ਰਾਤ। ਦਿਨੇ ਕਾਲਜ ਅਤੇ ਯੂਨੀਵਰਸਿਟੀ ਕੈਂਪਸ ਪੜ੍ਹਨ ਜਾਂਦੀ, ਸ਼ਾਮ ਨੂੰ ਟਿਊਸ਼ਨਾਂ ਕਰਦੀ ਤੇ ਰਾਤ ਨੂੰ ਖ਼ੁਦ ਦੀ ਪੜ੍ਹਾਈ। ਇਨ੍ਹਾਂ ਕੁੜੀਆਂ ਦੇ ਮਾਪਿਆਂ ਦੇ ਘਰ ਪੁੱਜੀ ਖ਼ੁਸ਼ੀ ਤੋਂ ਜਾਪਦਾ ਹੈ ਕਿ ਇਨ੍ਹਾਂ ਨੇ ਰੱਬ ਦੇ ਮਾਂਹ ਨਹੀਂ ਮਾਰੇ ਹਨ। ਏਦਾਂ ਦੀਆਂ ਦਰਜਨਾਂ ਹੋਰ ਕੁੜੀਆਂ ਹਨ।

                                          ਜੀ.ਪੀ.ਸਰ ਨਾ ਹੁੰਦੇ ਤਾਂ ..

ਬਾਰ ਕੌਂਸਲ ਦੇ ਸਾਬਕਾ ਚੇਅਰਮੈਨ ਗੁਰਿੰਦਰ ਪਾਲ ਸਿੰਘ ਉਰਫ਼ ਜੀ.ਪੀ.ਸਰ ਜਿਨ੍ਹਾਂ ਨੇ ਇਨ੍ਹਾਂ ਕੁੜੀਆਂ ਨੂੰ ਖੰਭ ਦਿੱਤੇ। ਜੀ.ਪੀ.ਸਰ ਦੇ ਬੈਚ ’ਚ 18 ਵਿਦਿਆਰਥੀ ਸਨ ਜਿਨ੍ਹਾਂ ਚੋਂ 13 ਜੱਜ ਬਣੇ ਹਨ। ਉਹ ਦੱਸਦੇ ਹਨ ਕਿ ਜਦੋਂ ਸਾਲ 2019 ਵਿਚ ਉਨ੍ਹਾਂ ਦੇ ਸੰਪਰਕ ਵਿਚ ਵਕਾਲਤ ਦੀ ਪੜ੍ਹਾਈ ਕਰਨ ਵਾਲੇ ਅਜਿਹੇ ਬੱਚੇ ਆਏ ਤਾਂ ਉਨ੍ਹਾਂ ਦੇ ਚਿਹਰੇ ਬੁੱਝੇ ਹੋਏ ਸਨ। ਕਿਸੇ ਕੋਲ ਫ਼ੀਸ ਦੀ ਗੁੰਜਾਇਸ਼ ਨਹੀਂ ਸੀ। ਉਸ ਨੇ ਸਭ ਨੂੰ ਮੁਫ਼ਤ ਵਿਚ ਕੋਚਿੰਗ ਦੇਣੀ ਸ਼ੁਰੂ ਕੀਤੀ। ਹੁਣ ਤੱਕ ਉਸ ਦੇ 19 ਵਿਦਿਆਰਥੀ ਜੱਜ ਬਣੇ ਹਨ। ਵਿਦਿਆਰਥੀ ਆਖਦੇ ਹਨ ਕਿ ਜੀ.ਪੀ.ਸਰ ਉਂਗਲ ਨਾ ਫੜ੍ਹਦੇ ਤਾਂ ਅੱਜ ਇਹ ਮੁਕਾਮ ਨਾ ਮਿਲਦਾ। ਜੀ.ਪੀ.ਸਰ ਆਖਦੇ ਹਨ ਕਿ ‘ਸਾਡਾ ਤਾਂ ਨਾਮ ਹੀ ਇਨ੍ਹਾਂ ਬੱਚਿਆਂ ਨੇ ਰੋਸ਼ਨ ਕੀਤਾ ਹੈ।’


No comments:

Post a Comment