Tuesday, October 3, 2023

                                                      ਕੌਣ ਤਾਰੂ ਕਿਰਾਇਆ
                                      ਕਮਾਂਡੋਜ਼ ਠਾਹਰ ਛੱਡ ਤੁਰਦੇ ਬਣੇ..!
                                                        ਚਰਨਜੀਤ ਭੁੱਲਰ 

ਚੰਡੀਗੜ੍ਹ :ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਸੁਰੱਖਿਆ ਗਾਰਦਾਂ ਦੀ ਕਿਸਾਨ ਭਵਨ, ਚੰਡੀਗੜ੍ਹ ਵਿਚ ਰਹੀ ਰਿਹਾਇਸ਼ ਦਾ ਕਰੀਬ ਪੌਣੇ ਪੰਜ ਕਰੋੜ ਦਾ ਕਿਰਾਇਆ ਕੌਣ ਤਾਰੇਗਾ। ਪੰਜਾਬ ਮੰਡੀ ਬੋਰਡ ਡੇਢ ਦਹਾਕੇ ਤੋਂ ਇਸ ਕਿਰਾਏ ਦੀ ਵਸੂਲੀ ਲਈ ਚਿੱਠੀਆਂ ’ਤੇ ਚਿੱਠੀਆਂ ਲਿਖ ਰਿਹਾ ਹੈ। ਪਹਿਲਾਂ ਮੰਡੀ ਬੋਰਡ ਨੇ ਮਰਹੂਮ ਬਾਦਲ ਦੇ ਸੁਰੱਖਿਆ ਗਾਰਦਾਂ ਤੋਂ ਰਿਹਾਇਸ਼ ਖ਼ਾਲੀ ਕਰਾਉਣ ਲਈ ਪਾਪੜ ਵੇਲੇ ਸਨ। ਹੁਣ ਮੰਡੀ ਬੋਰਡ ਨੂੰ ਕਿਰਾਇਆ ਲੈਣ ਲਈ ਪੱਤਰ ਲਿਖ ਰਿਹਾ ਹੈ। ਪੰਜਾਬ ਮੰਡੀ ਬੋਰਡ ਜੋ ਹੁਣ ਖ਼ੁਦ ਕਰਜ਼ੇ ਦੀ ਮਾਰ ਹੇਠ ਹੈ, ਨੇ ਵਸੂਲੀ ਲਈ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ।ਪੰਜਾਬ ਮੰਡੀ ਬੋਰਡ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸੁਰੱਖਿਆ ਗਾਰਦਾਂ ਦੀ ਰਿਹਾਇਸ਼ ਦਾ ਪੌਣੇ ਪੰਜ ਕਰੋੜ ਰੁਪਏ ਦਾ ਕਿਰਾਇਆ ਡੀਜੀਪੀ ਦਫ਼ਤਰ ਤੋਂ ਦਿਵਾਉਣ ਲਈ ਕਿਹਾ ਹੈ। ਪੱਤਰ ਅਨੁਸਾਰ ਪੂਰਵਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕੌਮੀ ਸੁਰੱਖਿਆ ਗਾਰਡ (ਐਨਐਸਜੀ) ਨੂੰ ਠਹਿਰਾਉਣ ਵਾਸਤੇ ਪੰਜਾਬ ਪੁਲੀਸ ਨੇ ਮੰਡੀ ਬੋਰਡ ਨੂੰ 2 ਦਸੰਬਰ 1992 ਨੂੰ ਪੱਤਰ ਲਿਖਿਆ ਸੀ ਜਿਸ ਦੇ ਅਧਾਰ ’ਤੇ ਕਿਸਾਨ ਭਵਨ ਚੰਡੀਗੜ੍ਹ ਵਿਖੇ 34 ਬੈੱਡ ਅਤੇ ਇੱਕ ਡੀਲਕਸ ਕਮਰਾ ਅਲਾਟ ਕੀਤਾ ਗਿਆ ਸੀ। 

           ਨੈਸ਼ਨਲ ਸਕਿਉਰਿਟੀ ਗਾਰਡ ਦੇ ਕਮਾਂਡੋਜ਼ ਵੱਲੋਂ ਕਿਸਾਨ ਭਵਨ ਨੂੰ ਰਿਹਾਇਸ਼ ਵਜੋਂ 1992 ਤੋਂ 1 ਅਕਤੂਬਰ 2021 ਤੱਕ ਵਰਤਿਆ ਗਿਆ। ਇਨ੍ਹਾਂ ਵਰ੍ਹਿਆਂ ਦਾ ਕਿਰਾਇਆ 4.75 ਕਰੋੜ ਰੁਪਏ ਬਣਿਆ ਹੈ। ਪੰਜਾਬ ਮੰਡੀ ਬੋਰਡ ਪਿਛਲੇ ਤੀਹ ਵਰ੍ਹਿਆਂ ਤੋਂ ਗ੍ਰਹਿ ਵਿਭਾਗ ਨੂੰ ਕਿਰਾਇਆ ਲੈਣ ਲਈ ਪੱਤਰ ਲਿਖ ਰਿਹਾ ਹੈ ਪ੍ਰੰਤੂ ਸਭ ਯਤਨ ਅਸਫਲ ਰਹੇ। ਮੁੱਖ ਸਕੱਤਰ ਨੇ ਕਿਰਾਏ ਦੀ ਅਦਾਇਗੀ ਦੇ ਸਬੰਧ ’ਚ 12 ਅਪਰੈਲ 2001 ਨੂੰ ਮੀਟਿੰਗ ਵੀ ਕੀਤੀ ਸੀ। ਮੰਡੀ ਬੋਰਡ ਦੇ ‘ਬੋਰਡ ਆਫ਼ ਡਾਇਰੈਕਟਰਜ਼’ ਦੀ 6 ਦਸੰਬਰ 2005 ਨੂੰ ਹੋਈ ਮੀਟਿੰਗ ਵਿਚ ਕਮਾਂਡੋਜ਼ ਤੋਂ ਕਿਸਾਨ ਭਵਨ ਖ਼ਾਲੀ ਕਰਾਉਣ ਅਤੇ ਕਿਰਾਇਆ ਵਸੂਲਣ ਦਾ ਫ਼ੈਸਲਾ ਹੋਇਆ।ਪੰਜਾਬ ਮੰਡੀ ਬੋਰਡ ਨੇ 14 ਫਰਵਰੀ 2006 ਨੂੰ ਡੀਜੀਪੀ ਦਫ਼ਤਰ ਨੂੰ ਕਮਾਂਡੋਜ਼ ਤੋਂ ਕਿਸਾਨ ਭਵਨ ਖ਼ਾਲੀ ਕਰਾਉਣ ਲਈ ਕਿਹਾ ਪ੍ਰੰਤੂ ਪੰਜਾਬ ਪੁਲੀਸ ਨੇ ਨਾ ਕਿਰਾਇਆ ਦਿੱਤਾ ਅਤੇ ਨਾ ਹੀ ਕਮਾਂਡੋਜ਼ ਨੇ ਕਿਸਾਨ ਭਵਨ ਖ਼ਾਲੀ ਕੀਤਾ। ਕਿਰਾਏ ਦੇ ਬਕਾਏ ਨੂੰ ਲੈ ਕੇ ਆਡਿਟ ਪੈਰਾ ਵੀ ਬਣਿਆ ਹੋਇਆ ਹੈ। ਹੁਣ ਮੰਡੀ ਬੋਰਡ ਨੇ ਕਿਰਾਇਆ ਵਸੂਲੀ ਲਈ ਮੁੱਖ ਮੰਤਰੀ ਦੇ ਦਾਖਲ ਦੀ ਮੰਗ ਕੀਤੀ ਹੈ।

            ਕਿਸਾਨ ਭਵਨ ਚੰਡੀਗੜ੍ਹ ਵਿਚ 36 ਸੁਰੱਖਿਆ ਮੁਲਾਜ਼ਮ ਕਰੀਬ ਤੀਹ ਵਰ੍ਹੇ ਠਹਿਰੇ ਜਿਨ੍ਹਾਂ ਵਿਚ ਇੱਕ ਡਿਪਟੀ ਕਮਾਂਡੈਂਟ (ਐੱਸ.ਪੀ), ਪੰਜ ਇੰਸਪੈਕਟਰ ਅਤੇ 30 ਕਾਂਸਟੇਬਲ ਸ਼ਾਮਲ ਹਨ। ਡਿਪਟੀ ਕਮਾਂਡੈਂਟ ਕਿਸਾਨ ਭਵਨ ਦੇ ਡੀਲਕਸ ਕਮਰੇ ਠਹਿਰੇ ਹੋਏ ਸਨ ਜਦੋਂ ਕਿ ਬਾਕੀ ਮੁਲਾਜ਼ਮ ਤੇ ਇੰਸਪੈਕਟਰ ਪੰਜ ਡੋਰਮੈਂਟਰੀ ਕਮਰਿਆਂ ਵਿਚ ਠਹਿਰਦੇ ਰਹੇ। ਅਧਿਕਾਰੀ ਦੱਸਦੇ ਹਨ ਕਿ ਕਮਾਂਡੋਜ਼ ਦੀ ਠਹਿਰ ਕਰਕੇ ਕਿਸਾਨ ਭਵਨ ਵਿਚ ਕਿਸਾਨਾਂ ਨੂੰ ਠਹਿਰਾਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੁਰੱਖਿਆ ਗਾਰਦਾਂ ਦਾ ਪ੍ਰਤੀ ਮਹੀਨਾ 1.19 ਲੱਖ ਰੁਪਏ ਅਤੇ ਸਲਾਨਾ 14.28 ਲੱਖ ਰੁਪਏ ਕਿਰਾਇਆ ਬਣਦਾ ਰਿਹਾ ਹੈ। ਸਤੰਬਰ 2010 ਤੋਂ ਪਹਿਲਾਂ ਇਹੋ ਕਿਰਾਇਆ 17,600 ਰੁਪਏ ਪ੍ਰਤੀ ਮਹੀਨਾ ਹੁੰਦਾ ਸੀ। ਪੰਜਾਬ ਮੰਡੀ ਬੋਰਡ ਨੇ ਮਗਰੋਂ ਪੈਮਾਇਸ਼ ਕਰਾ ਕੇ ਪੁਲੀਸ ਨੂੰ ਵਪਾਰਿਕ ਕਿਰਾਇਆ ਪਾਇਆ। ਸੁਰੱਖਿਆ ਗਾਰਦ ਮੁਫਤੋਂ ਮੁਫ਼ਤ ਵਿਚ ਬਿਜਲੀ ਦੀ ਵਰਤੋਂ ਕਰਦੇ ਹਨ ਅਤੇ ਕਾਫ਼ੀ ਵਰ੍ਹੇ ਤਾਂ ਗੱਦੇ,ਚਾਦਰਾਂ ਅਤੇ ਬੈੱਡ ਵਗ਼ੈਰਾ ਵੀ ਮੰਡੀ ਬੋਰਡ ਦੇ ਵਰਤੇ ਜਾਂਦੇ ਰਹੇ।

                                            ਦੋ ਦਿਨ ਬਨਾਮ ਤੀਹ ਸਾਲ..

ਮੁੱਖ ਮੰਤਰੀ ਪੰਜਾਬ ਦੀ ਸੁਰੱਖਿਆ ਵਿਚ ਤਾਇਨਾਤ ਐਨ.ਐੱਸ.ਜੀ ਕਮਾਂਡੋਜ਼ ਫੋਰਸ ਨੇ 2 ਨਵੰਬਰ 1992 ਨੂੰ ਕਿਸਾਨ ਭਵਨ ਚੰਡੀਗੜ੍ਹ ਵਿਚ ਕਬਜ਼ਾ ਜਮਾਇਆ ਸੀ। ਉਸ ਵਕਤ ਕਿਸਾਨ ਭਵਨ ਵਿਚ ਸਿਰਫ਼ ਦੋ ਦਿਨਾਂ ਵਾਸਤੇ ਠਹਿਰ ਮੰਗੀ ਗਈ ਸੀ ਪ੍ਰੰਤੂ ਮਗਰੋਂ ਕਮਾਂਡੋਜ਼ ਨੇ ਇਹ ਠਹਿਰ ਪੱਕੀ ਹੀ ਬਣਾ ਲਈ। ਮੰਡੀ ਬੋਰਡ ਨੂੰ ਡੇਢ ਦਹਾਕਾ ਤਾਂ ਰਿਹਾਇਸ਼ ਖ਼ਾਲੀ ਕਰਾਉਣ ’ਤੇ ਹੀ ਲੱਗ ਗਿਆ। ਇਸ ਪੱਕੀ ਠਹਿਰ ਕਰਕੇ ਕਿਸਾਨ ਭਵਨ ਦੀ ਆਮਦਨ ਨੂੰ ਵੀ ਸੱਟ ਵੱਜੀ ਹੈ। 

                        ਰੈਨੋਵੇਸਨ ਮਗਰੋਂ ਬੁਕਿੰਗ ਵਧੀ..

ਕਿਸਾਨ ਭਵਨ ਚੰਡੀਗੜ੍ਹ ਦੀ ਰੈਨੋਵੇਸ਼ਨ ਮਗਰੋਂ ਹੁਣ ਬੁਕਿੰਗ ਵਿਚ ਇਜ਼ਾਫਾ ਹੋਣ ਲੱਗਾ ਹੈ। ਸਾਲ 2020-21 ਅਤੇ 2021-22 ਦੌਰਾਨ ਕੋਵਿਡ ਅਤੇ ਰੈਨੋਵੇਸ਼ਨ ਕਰਕੇ ਬੁਕਿੰਗ ਬੰਦ ਰੱਖੀ ਗਈ ਸੀ। ਕਿਸਾਨ ਭਵਨ ਦੇ ਕਮਰਿਆਂ ਦੀ ਇਸੇ ਸਾਲ 8 ਮਈ ਤੋਂ ਮੁੜ ਬੁਕਿੰਗ ਸ਼ੁਰੂ ਕੀਤੀ ਗਈ ਹੈ। ਰੈਨੋਵੇਸ਼ਨ ਮਗਰੋਂ ਦੇ ਤਿੰਨ ਮਹੀਨੇ ਦੀ ਬੁਕਿੰਗ ਵਿਚ ਪਿਛਲੇ ਸਾਲਾਂ ਦੇ ਇਸ ਸਮੇਂ ਦੇ ਮੁਕਾਬਲੇ ਆਮਦਨ ਦੁੱਗਣੀ ਹੋ ਗਈ ਹੈ। ਕਿਸਾਨ ਭਵਨ ਨੇ ਸਲਾਨਾ ਆਮਦਨ 4 ਕਰੋੜ ਕਰਨ ਦਾ ਟੀਚਾ ਰੱਖਿਆ ਹੈ। 


No comments:

Post a Comment