Friday, October 27, 2023

                                                      ਕੌਣ ਸੁਣੇ ਅਰਜੋਈ 
                                            ਅੱਜ ਲੱਖਾਂ ਧੀਆਂ ਰੋਂਦੀਆਂ..! 
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਪਿੰਡ ਗੰਭੀਰਪੁਰ ’ਚ ਸੈਂਕੜੇ ਧੀਆਂ ਨੇ ਨਿਆਂ ਦੀ ਖ਼ੈਰ ਮੰਗੀ ਪਰ ਸਰਕਾਰ ਤਰਫ਼ੋਂ ਕੋਈ ਅਜਿਹਾ ਨਹੀਂ ਬਹੁੜਿਆ ਜਿਹੜਾ ਇਨ੍ਹਾਂ ਦੇ ਮੋਢੇ ’ਤੇ ਹੱਥ ਧਰ ਆਖਦਾ, ‘ਧੀਏ! ਅਸੀਂ ਤੁਹਾਡੇ ਨਾਲ ਹਾਂ।’ ਬੇਰੁਜ਼ਗਾਰ ਮਹਿਲਾ ਅਧਿਆਪਕਾ ਬਲਵਿੰਦਰ ਕੌਰ ਨੇ ਕੋਈ ਰਾਤੋਂ ਰਾਤ ਆਪਾ ਨਹੀਂ ਖੋਹਿਆ ਸੀ। ਉਹ ਆਪਣੀ ਮਾਂ ਦੇ ਫ਼ਿਕਰਾਂ ਨੂੰ ਵੀ ਪੜ੍ਹਦੀ ਆ ਰਹੀ ਸੀ, ਨਾਲੋਂ ਨਾਲ ਆਪਣੀ ਪੰਜ ਵਰ੍ਹਿਆਂ ਦੀ ਬੱਚੀ ਨਵਰੀਤ ਦੇ ਬਚਪਨ ਨੂੰ ਵੀ। 35 ਵਰ੍ਹਿਆਂ ਦੀ ਇਸ ਧੀਅ ਕੋਲ ਕਾਬਲੀਅਤ ਸੀ, ਕੰਮ ਕਰਨ ਦਾ ਜਜ਼ਬਾ ਸੀ, ਡਿਗਰੀਆਂ ਸਨ ਅਤੇ ਸਰਕਾਰੀ ਆਫ਼ਰ ਲੈਟਰ ਵੀ ਪਰ ਉਸ ਦੇ ਹੱਥਾਂ ’ਚ ਰੁਜ਼ਗਾਰ ਨਹੀਂ ਸੀ। ਵੇਲਾ ਹੱਥੋਂ ਖੁਹਾ ਬੈਠੇ ਮਾਪੇ ਆਖਦੇ ਹਨ ਕਿ ਕਿਤੇ ਹਕੂਮਤ ਵੇਲੇ ਸਿਰ ਇੱਕ ਧਰਵਾਸਾ ਹੀ ਦਿੰਦੀ ਤਾਂ ਉਨ੍ਹਾਂ ਦੀ ਲੜਕੀ ਨੂੰ ਨਹਿਰ ’ਚ ਕੁੱਦਣਾ ਨਾ ਪੈਂਦਾ। ਪਿੰਡ ਗੰਭੀਰਪੁਰ ਜੋ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਜੱਦੀ ਪਿੰਡ ਹੈ, ’ਚ ਮਾਹੌਲ ਹੁਣ ਗੰਭੀਰ ਬਣਿਆ ਹੋਇਆ ਹੈ। ਅਧਿਆਪਕਾਂ ਨੂੰ ਨਿਆਂ ਦਿਵਾਉਣ ਲਈ ਚਾਰੋ ਪਾਸੇ ਅਵਾਜ਼ਾਂ ਉੱਠ ਰਹੀਆਂ ਹਨ ਪ੍ਰੰਤੂ ਪੰਜਾਬ ਸਰਕਾਰ ਚੁੱਪ ਹੈ। 

          1158 ਸਹਾਇਕ ਪ੍ਰੋਫੈਸਰ/ਲਾਇਬਰੇਰੀਅਨ ਐਸੋਸੀਏਸ਼ਨ ਦੀ ਅਗਵਾਈ ’ਚ ਸੈਂਕੜੇ ਅਧਿਆਪਕ ਕਰੀਬ ਦੋ ਮਹੀਨੇ ਤੋਂ ਗੰਭੀਰਪੁਰ ’ਚ ਆਸ ਲਾਈ ਬੈਠੇ ਹਨ। ਇਨ੍ਹਾਂ ਕੋਲ ਸਰਕਾਰ ਦੇ ਆਫ਼ਰ ਲੈਟਰ ਹਨ ਅਤੇ ਕੇਸ ਅਦਾਲਤ ’ਚ ਹੈ। ਇਨ੍ਹਾਂ ਦੀ ਏਨੀ ਕੁ ਮੰਗ ਸੀ ਕਿ ਸਰਕਾਰ ਮਜ਼ਬੂਤੀ ਅਤੇ ਤੇਜ਼ੀ ਨਾਲ ਉਨ੍ਹਾਂ ਦਾ ਕੇਸ ਲੜੇ।ਪਿੰਡ ਬੱਸੀ ਦੀ ਬਲਵਿੰਦਰ ਕੌਰ ਨਵੀਂ ਨੌਕਰੀ ਦੀ ਆਸ ’ਚ ਪੁਰਾਣੀ ਨੌਕਰੀ ਗੁਆ ਬੈਠੀ ਸੀ। ਆਖ਼ਰ ਜਦੋਂ ਉਸ ਦੀ ਉਮੀਦ ਦੀ ਤੰਦ ਟੁੱਟ ਗਈ ਤਾਂ ਉਸ ਨੇ ਆਪਣੀ ਸਕੂਟੀ ਦਾ ਮੂੰਹ ਨਹਿਰ ਵੱਲ ਘੁੰਮਾ ਲਿਆ। ਸਰਕਾਰ ਸਮੇਂ ਸਿਰ ਇਸ ਧੀ ਦਾ ਦਰਦ ਸਮਝਦੀ ਤਾਂ ਉਸ ਦੀ ਸਕੂਟੀ ਲਾਵਾਰਸ ਨਹੀਂ ਮਿਲਣੀ ਸੀ। ਹੁਣ ਉਸ ਦਾ ਲਿਖਿਆ ਖ਼ੁਦਕੁਸ਼ੀ ਨੋਟ ਇਨਸਾਫ਼ ਮੰਗ ਰਿਹਾ ਹੈ। ਜ਼ਿਕਰਯੋਗ ਹੈ ਕਿ ਉਚੇਰੀ ਸਿੱਖਿਆ ਪ੍ਰਤੀ ਸੰਜੀਦਗੀ ਦਾ ਇਹ ਹਾਲ ਹੈ ਕਿ ਪੰਜਾਬ ਵਿਚ 21 ਵਰ੍ਹਿਆਂ ਤੋਂ ਲੈਕਚਰਾਰਾਂ ਦੀ ਭਰਤੀ ਨਹੀਂ ਹੋਈ ਹੈ। ਪੁਰਾਣੀਆਂ ਸਰਕਾਰਾਂ ਵੀ ਇਸ ਮਾਮਲੇ ’ਚ ਬਰੀ ਨਹੀਂ ਹਨ। ਤਰਨਤਾਰਨ ਦੀ ਅੰਮ੍ਰਿਤਪਾਲ ਕੌਰ ਕੋਲ ਵੀ ਨੌਕਰੀ ਲਈ ਆਖ਼ਰੀ ਚਾਂਸ ਬਚਿਆ ਹੈ। ਉਹ ਰੁਜ਼ਗਾਰ ਦੀ ਝਾਕ ਵਿਚ 49 ਵਰ੍ਹਿਆਂ ਦੀ ਹੋ ਚੁੱਕੀ ਹੈ।

          ਉਹ ਹਕੂਮਤ ਦੇ ਕਿਸ ਥੰਮ੍ਹ ਨੂੰ ਵਾਸਤਾ ਪਾਵੇ। ਇਸ ਤਰ੍ਹਾਂ ਦੀ ਕਹਾਣੀ ਸੈਂਕੜੇ ਧੀਆਂ ਦੀ ਹੈ। ਪਿਛਾਂਹ ਦੇਖੀਏ ਤਾਂ ਵਰ੍ਹਾ 2015 ਵਿਚ ਜਲੰਧਰ ਦੀ ਹਰਪ੍ਰੀਤ ਕੌਰ ਨੇ ਵੀ ਇਨਸਾਫ਼ ਦੀ ਲੜਾਈ ’ਚ ਬਠਿੰਡਾ ਨਹਿਰ ਵਿਚ ਛਾਲ ਮਾਰ ਦਿੱਤੀ ਸੀ, ਉਦੋਂ ਪੁਲੀਸ ਨੇ ਫ਼ੌਰੀ ਛਾਲਾਂ ਮਾਰ ਕੇ ਕੱਢ ਲਿਆ ਸੀ। ਉਹ ਸੰਘਰਸ਼ੀ ਦੌਰ ’ਚ ਜੇਲ੍ਹਾਂ ਵਿਚ ਜਾ ਚੁੱਕੀ ਹੈ।ਬਲਾਕ ਮਲੋਟ ਦੇ ਪਿੰਡ ਰਾਣੀਵਾਲਾ ਦੀ ਰਾਜਵੀਰ ਕੌਰ ਨੇ ਅਮਰਿੰਦਰ ਸਰਕਾਰ ਸਮੇਂ ਮੋਹਾਲੀ ਵਿਚ ਸਿੱਖਿਆ ਬੋਰਡ ਦੀ ਇਮਾਰਤ ’ਤੇ ਚੜ੍ਹ ਕੇ 16 ਜੂਨ 2021 ਨੂੰ ਸਲਫਾਸ ਖਾ ਲਈ ਸੀ। ਪਹਿਲਾਂ ਉਸ ਨੇ ਬਠਿੰਡਾ ਦੇ ਪਿੰਡ ਭੋਖੜਾ ਵਿਚ ਖ਼ੁਦਕੁਸ਼ੀ ਕਰਨ ਦਾ ਯਤਨ ਕੀਤਾ ਸੀ। ਉਸ ਦੀ ਮਾਂ ਤੇ ਭੈਣ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਮੋਗਾ ਦੇ ਪਿੰਡ ਬੰਬੀਹਾ ਭਾਈ ਦੀ ਕਿਰਨਜੀਤ ਕੌਰ ਫਰਵਰੀ 2014 ਵਿਚ ਜਦੋਂ ਬਠਿੰਡਾ ਵਿਚ ਸੰਘਰਸ਼ ’ਤੇ ਸੀ ਤਾਂ ਉਦੋਂ ਉਸ ਦੀ ਗੋਦੀ 14 ਮਹੀਨੇ ਦੀ ਬੱਚੀ ਰੂਥ ਸੀ। ਸੰਘਰਸ਼ ਦੌਰਾਨ ਹੀ ਉਸ ਦੀ ਬੱਚੀ ਦੀ ਮੌਤ ਹੋ ਗਈ।

           ਸਰਕਾਰ ਨੇ ਬੱਚੀ ਦੇ ਪਿਤਾ ਨੂੰ ਉਦੋਂ ਤਰਸ ਦੇ ਅਧਾਰ ’ਤੇ ਨੌਕਰੀ ਦੇ ਦਿੱਤੀ ਸੀ ਪਰ ਹੁਣ ਰੂਥ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਹਾਲੇ ਕੁਝ ਦਿਨ ਪਹਿਲਾਂ ਸਰਕਾਰ ਨੇ ਤਰਸ ਦੇ ਆਧਾਰ ’ਤੇ ਰੂਥ ਦੀ ਮਾਂ ਨੂੰ ਨੌਕਰੀ ਦਿੱਤੀ ਹੈ। ਕਿਰਨਜੀਤ ਕੌਰ ਆਖਦੀ ਹੈ ਕਿ ਜਿਨ੍ਹਾਂ ਸਮਾਂ ਜ਼ਿੰਦਗੀ ਰਹੇਗੀ, ਬੱਚੀ ਰੂਥ ਦਾ ਦੁੱਖ ਵੀ ਢੋਆਂਗੀ। ਪਿੰਡ ਸਧਾਣਾ ਦੀ ਵੀਰਪਾਲ ਕੌਰ ਨੂੰ ਰੈਗੂਲਰ ਨੌਕਰੀ ਲਈ ਦੋ ਦਹਾਕੇ ਸੰਘਰਸ਼ ਕਰਨਾ ਪਿਆ। ਦਸ ਵਾਰ ਉਸ ਨੂੰ ਪੁਲੀਸ ਦਾ ਲਾਠੀਚਾਰਜ ਝੱਲਣਾ ਪਿਆ। ਫ਼ਰੀਦਕੋਟ ਦੀ ਕਿਰਨਜੀਤ ਕੌਰ ਨੇ ਸਾਲ 2010 ਵਿਚ ਟੈਂਕੀ ’ਤੇ ਚੜ੍ਹ ਕੇ ਆਪਣੇ ਆਪ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਉਦੋਂ ਗੱਠਜੋੜ ਸਰਕਾਰ ਨੇ ਫ਼ੌਰੀ ਪੰਜ ਲੱਖ ਰੁਪਏ ਦੀ ਮਦਦ ਐਲਾਨੀ ਅਤੇ ਉਸ ਦੇ ਭਰਾ ਨੂੰ ਸਰਕਾਰੀ ਨੌਕਰੀ ਦੇ ਦਿੱਤੀ ਸੀ। ਭਾਖੜਾ ਨਹਿਰ ਵੀ ਗਵਾਹ ਹੈ ਜਿੱਥੇ ਸੰਘਰਸ਼ੀ ਬੇਰੁਜ਼ਗਾਰ ਧੀਆਂ ਨੇ ਛਾਲਾਂ ਮਾਰੀਆਂ ਹਨ। ਬਹੁਤੇ ਅੰਦੋਲਨਕਾਰੀ ਏਨੀ ਕੁ ਟੇਕ ਰੱਖ ਰਹੇ ਹਨ ਕਿ ਸਰਕਾਰ ਔਖ ਦੀ ਘੜੀ ਵਿਚ ਘੱਟੋ ਘੱਟ ਢਾਰਸ ਤੇ ਤਸੱਲੀ ਤਾਂ ਦੇ ਦੇਵੇ। ਤਾਜ਼ਾ ਘਟਨਾ ’ਚ ਬਲਵਿੰਦਰ ਕੌਰ ਜਾਨ ਗੁਆ ਬੈਠੀ ਹੈ ਜਿਸ ਦੇ ਇਨਸਾਫ਼ ਦੀ ਲੜਾਈ ਵਿਚ ਵਿਰੋਧੀ ਧਿਰਾਂ ਦੇ ਆਗੂ ਰੋਪੜ ਜ਼ਿਲ੍ਹੇ ਵਿੱਚ ਕੁੱਦਣ ਲੱਗੇ ਹਨ।


No comments:

Post a Comment