Friday, October 18, 2024

                                                      ਅਰਬਿੰਦ ਮੋਦੀ ਵੱਲੋਂ 
                              ਨਵੇਂ ਟੈਕਸ ਲਾਏ ਜਾਣ ਦੀ ਵਕਾਲਤ !
                                                        ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਸਰਕਾਰ ਦੇ ਨਵ-ਨਿਯੁਕਤ ਵਿੱਤ ਸਲਾਹਕਾਰ ਅਰਬਿੰਦ ਮੋਦੀ ਨੇ ਅੱਜ ਰਾਜ ਸਰਕਾਰ ਨੂੰ ਸੂਬੇ ਵਿਚ ਨਵੇਂ ਟੈਕਸ ਲਾਏ ਜਾਣ ਦਾ ਮਸ਼ਵਰਾ ਦਿੱਤਾ ਹੈ। ਮੋਦੀ ਨੇ ਆਮਦਨ ਦੇ ਨਵੇਂ ਵਸੀਲੇ ਪੈਦਾ ਹੋਣ ਦੀਆਂ ਸੰਭਾਵਨਾਵਾਂ ਦੀ ਪੰਜਾਬ ਸਰਕਾਰ ਨੂੰ ਦੱਸ ਪਾਈ ਹੈ। ਅਰਬਿੰਦ ਮੋਦੀ ਦੀ ਪਹਿਲੀ ਮੀਟਿੰਗ ਅੱਜ ਇੱਥੇ ਪੰਜਾਬ ਭਵਨ ਵਿਚ ਹੋਈ ਜਿਸ ਦੀ ਪ੍ਰਧਾਨਗੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤੀ। ਵਿੱਤ ਵਿਭਾਗ ਦੇ ਉੱਚ ਅਧਿਕਾਰੀ ਵੀ ਕਰੀਬ ਇੱਕ ਘੰਟੇ ਦੀ ਮੀਟਿੰਗ ਵਿਚ ਸ਼ਾਮਲ ਹੋਏ। ਪਹਿਲੀ ਮੀਟਿੰਗ ਸਿਰਫ਼ ਵਿਚਾਰ ਵਟਾਂਦਰੇ ਤੱਕ ਹੀ ਸੀਮਤ ਰਹੀ। ਮੁੱਖ ਸਲਾਹਕਾਰ ਨੇ ਸੂਬੇ ਵਿਚ ਪੈਨਸ਼ਨ ਪ੍ਰਾਪਤ ਕਰਨ ਵਾਲੇ ਪੈਨਸ਼ਨਰਾਂ ਦੇ ਅੰਕੜੇ ’ਤੇ ਉਂਗਲ ਉਠਾਈ ਹੈ ਅਤੇ ਪੈਨਸ਼ਨਰਾਂ ਦੀ ਗਿਣਤੀ ਦੀ ਸਮੀਖਿਆ ਕਰਨ ਵਾਸਤੇ ਕਿਹਾ ਹੈ। ਉਨ੍ਹਾਂ ਪੈਨਸ਼ਨਰਾਂ ਦੀ ਗਿਣਤੀ ਜ਼ਿਆਦਾ ਹੋਣ ਦੀ ਗੱਲ ਕਰਦਿਆਂ ਇਸ ਦੀ ਸਮੀਖਿਆ ਪਹਿਲ ਦੇ ਅਧਾਰ ’ਤੇ ਕਰਨ ਲਈ ਕਿਹਾ। 

          ਸੂਬੇ ਵਿਚ ਤਿੰਨ ਲੱਖ ਪੈਨਸ਼ਨਰ ਹਨ ਜਿਨ੍ਹਾਂ ਨੂੰ ਪੈਨਸ਼ਨਾਂ ਅਤੇ ਹੋਰ ਸੇਵਾ ਮੁਕਤੀ ਲਾਭਾਂ ਦੇ ਰੂਪ ਵਿਚ ਪ੍ਰਤੀ ਮਹੀਨਾ 1650 ਕਰੋੜ ਰੁਪਏ ਮਿਲਦੇ ਹਨ।ਪੈਨਸ਼ਨ ਤੇ ਹੋਰਨਾਂ ਲਾਭਾਂ ਵਿਚ ਇੱਕ ਹਜ਼ਾਰ ਕਰੋੜ ਦਾ ਹੋਰ ਇਜ਼ਾਫਾ ਹੋਣ ਦੀ ਉਮੀਦ ਹੈ। ਵਿੱਤੀ ਸਲਾਹਕਾਰ ਨੇ ਇਨ੍ਹਾਂ ਪੈਨਸ਼ਨਰਾਂ ਚੋਂ 25 ਹਜ਼ਾਰ ਪੈਨਸ਼ਨਰਾਂ ਤੇ ਸ਼ੱਕ ਜ਼ਾਹਰ ਕੀਤਾ ਗਿਆ ਹੈ। ਮੀਟਿੰਗ ਵਿਚ ਪੈਨਸ਼ਨ ਵੰਡਣ ਵਾਲੇ ਤਿੰਨ ਬੈਂਕਾਂ ਐਸਬੀਆਈ, ਕੇਨਰਾ ਬੈਂਕ ਤੇ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀ ਵੀ ਸ਼ਾਮਲ ਸਨ ਜਿਨ੍ਹਾਂ ਨੇ ਕਿਹਾ ਕਿ ਉਹ ਹਰ ਵਰ੍ਹੇ ਪੈਨਸ਼ਨਰ ਤੋਂ ਜੀਵਨ ਸਰਟੀਫਿਕੇਟ ਲੈਂਦੇ ਹਨ ਜਿਸ ਕਰਕੇ ਗਿਣਤੀ ਵਿਚ ਕੋਈ ਅੰਤਰ ਨਹੀਂ ਹੋ ਸਕਦਾ ਹੈ। ਮੀਟਿੰਗ ਵਿਚ ਬੈਂਕਰਾਂ ਨੂੰ ਪੈਨਸ਼ਨਰਾਂ ਦੇ ਅਧਾਰ ਕਾਰਡ, ਪੈੱਨ ਕਾਰਡ ਅਤੇ ਸੇਵਾ ਮੁਕਤੀ ਆਦਿ ਦੇ ਵੇਰਵਿਆਂ ਦੇ ਅਧਾਰ ’ਤੇ ਗਿਣਤੀ ਦੀ ਮੁੜ ਪੁਸ਼ਟੀ ਕਰਨ ਵਾਸਤੇ ਕਿਹਾ ਗਿਆ ਹੈ। ਅਰਬਿੰਦ ਮੋਦੀ ਨੇ ਆਪਣੇ ਪਹਿਲੇ ਮਸ਼ਵਰੇ ਵਿਚ ਪੰਜਾਬ ਦੇ ਆੜ੍ਹਤੀਆਂ ’ਤੇ 18 ਫ਼ੀਸਦੀ ਜੀਐਸਟੀ ਲਗਾਏ ਜਾਣ ਨੂੰ ਅੱਜ ਦੇ ਵਿਚਾਰ ਵਟਾਂਦਰੇ ਦਾ ਹਿੱਸਾ ਬਣਾਇਆ। 

         ਉਨ੍ਹਾਂ ਕਿਹਾ ਕਿ ਸੂਬੇ ਵਿਚ ਸਲਾਨਾ ਕਰੀਬ 80 ਹਜ਼ਾਰ ਕਰੋੜ ਦੀ ਜਿਣਸ ਦੀ ਵੇਚ ਵੱਟਤ ਹੁੰਦੀ ਹੈ ਜਿਸ ’ਤੇ ਆੜ੍ਹਤੀਆਂ ਨੂੰ 46 ਰੁਪਏ ਪ੍ਰਤੀ ਕੁਇੰਟਲ ਦੇ ਲਿਹਾਜ਼ ਨਾਲ ਆੜ੍ਹਤ ਮਿਲਦੀ ਹੈ। ਆੜ੍ਹਤ ਦਾ ਕਾਰੋਬਾਰ ਸਰਵਿਸ ਦੇ ਘੇਰੇ ਵਿਚ ਆਉਂਦਾ ਹੈ ਜਿਸ ’ਤੇ 18 ਫ਼ੀਸਦੀ ਜੀਐਸਟੀ ਲਗਾਈ ਜਾ ਸਕਦੀ ਹੈ। ਮੋਦੀ ਨੇ ਕਿਹਾ ਕਿ ਆੜ੍ਹਤ ’ਤੇ ਜੀਐਸਟੀ ਲਗਾਏ ਜਾਣ ਨਾਲ ਇਸ ਨਾਲ ਕਰੀਬ 400 ਕਰੋੜ ਦੀ ਆਮਦਨ ਸੂਬਾ ਸਰਕਾਰ ਨੂੰ ਹੋ ਸਕਦੀ ਹੈ। ਸੂਤਰ ਦੱਸਦੇ ਹਨ ਕਿ ਵਿੱਤ ਮੰਤਰੀ ਹਰਪਾਲ ਸਿੰਘ ਨੇ ਇਸ ਮਸ਼ਵਰੇ ’ਤੇ ਕੋਈ ਹੁੰਗਾਰਾ ਨਾ ਭਰਿਆ। ਦੂਸਰਾ ਮਸ਼ਵਰਾ ਇਹ ਸੀ ਕਿ ਪਲਾਟਾਂ ਦੀ ਜੋ ਖ਼ਰੀਦੋ ਫ਼ਰੋਖ਼ਤ ਹੁੰਦੀ ਹੈ, ਉਸ ’ਤੇ ਜੋ ਮੁਨਾਫ਼ਾ ਹੁੰਦਾ ਹੈ, ਉਸ ’ਤੇ 18 ਫ਼ੀਸਦੀ ਜੀਐਸਟੀ ਲਾਇਆ ਜਾ ਸਕਦਾ ਹੈ। ਅਰਬਿੰਦ ਮੋਦੀ ਨੇ ਮਾਈਨਿੰਗ ਦੇ ਕਾਰੋਬਾਰ ਚੋਂ ਕਰੀਬ ਇੱਕ ਹਜ਼ਾਰ ਕਰੋੜ ਦੀ ਹੋਰ ਆਮਦਨ ਦਾ ਵੀ ਟੇਵਾ ਲਾਇਆ ਹੈ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਅਰਬਿੰਦ ਮੋਦੀ ਨੂੰ ਕੈਬਨਿਟ ਰੈਂਕ ਦੇ ਵਿੱਤੀ ਸਲਾਹਕਾਰ ਨਿਯੁਕਤ ਕੀਤਾ ਹੈ ਤਾਂ ਜੋ ਸੂਬੇ ਨੂੰ ਵਿੱਤੀ ਸੰਕਟ ਚੋਂ ਬਾਹਰ ਕੱਢਿਆ ਜਾ ਸਕੇ। 

         ਸੁਆਲ ਇਹ ਉੱਠਦਾ ਹੈ ਕਿ ਅਰਬਿੰਦ ਮੋਦੀ ਦੇ ਸੁਝਾਵਾਂ ਨੂੰ ਹਕੀਕਤ ਬਣਾਉਣ ਲਈ ਸੂਬਾ ਸਰਕਾਰ ਕਿੰਨੀ ਕੁ ਸਿਆਸੀ ਇੱਛਾ ਸ਼ਕਤੀ ਦਿਖਾਏਗੀ। ਅਰਬਿੰਦ ਮੋਦੀ ਨੇ ਅੱਜ ਮੀਟਿੰਗ ਵਿਚ ਇਸ ਗੱਲ ’ਤੇ ਵੀ ਇਤਰਾਜ਼ ਕੀਤਾ ਕਿ ਦਿੱਲੀ ਸਰਕਾਰ ਤਾਂ 200 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਦੇ ਰਹੀ ਹੈ ਪਰ ਪੰਜਾਬ ਸਰਕਾਰ 300 ਯੂਨਿਟ ਕਿਉਂ ਦੇ ਰਹੀ ਹੈ। ਅਰਬਿੰਦ ਮੋਦੀ ਨੇ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਬਸਿਡੀਆਂ ’ਤੇ ਉਲਟਾ ਤਰਕ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਦੂਸਰੇ ਸੂਬਿਆਂ ਦੇ ਮੁਕਾਬਲੇ ਪੰਜਾਬ ਵਿਚ ਸਬਸਿਡੀ ਘੱਟ ਦਿੱਤੀ ਜਾ ਰਹੀ ਹੈ ਜਦੋਂ ਕਿ ਰੌਲਾ ਰੱਪਾ ਇਹ ਪੈ ਰਿਹਾ ਹੈ ਕਿ ਪੰਜਾਬ ਸਭ ਤੋਂ ਵੱਧ ਸਬਸਿਡੀ ਦੇ ਰਿਹਾ ਹੈ। ਵਿੱਤੀ ਸਲਾਹਕਾਰ ਨੇ ਪੂੰਜੀ ਖਰਚਾ ਵਧਾਏ ਜਾਣ ਦੀ ਸਲਾਹ ਵੀ ਦਿੱਤੀ ਜਿਸ ਤਹਿਤ ਸੜਕਾਂ, ਹਸਪਤਾਲ, ਕਾਲਜ ਆਦਿ ਬਣਾਏ ਜਾਣ ਦੀ ਗੱਲ ਵੀ ਆਖੀ ਗਈ।

                                        ਮਹਿਜ਼ ਸੁਝਾਅ ਹੀ ਹਨ : ਅਧਿਕਾਰੀ

ਉੱਚ ਸਰਕਾਰੀ ਸੂਤਰਾਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਸਿਰਫ਼ ਵਿਚਾਰ ਵਟਾਂਦਰਾ ਹੋਇਆ ਅਤੇ ਅਜਿਹੇ ਸਰਵਿਸ ਸੈਕਟਰ ਤਲਾਸ਼ ਗਏ ਹਨ ਜਿਨ੍ਹਾਂ ’ਤੇ ਜੀਐਸਟੀ ਨਹੀਂ ਲੱਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮਹਿਜ਼ ਸੁਝਾਅ ਹੀ ਹਨ ਅਤੇ ਇਨ੍ਹਾਂ ਨੂੰ ਲਾਗੂ ਕੀਤੇ ਜਾਣ ਦੀ ਕੋਈ ਗੱਲ ਨਹੀਂ ਹੋਈ ਹੈ।


No comments:

Post a Comment