Thursday, October 24, 2024

                                                        ਸ਼ੁਕਰੀਆ ਕੈਨੇਡਾ 
                                  ਤੇਰਾ ਮੰਦਾ, ਅਸਾਂ ਲਈ ਚੰਗਾ..! 
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਕੈਨੇਡਾ ਦੇ ਮੰਦਵਾੜੇ ਨੇ ਪੰਜਾਬ ਦੇ ਤਕਨੀਕੀ ਕਾਲਜ ਤਾਰ ਦਿੱਤੇ ਹਨ। ਵਤਨ ਵਾਪਸੀ ਮਗਰੋਂ ਹੁਣ ਕਾਲਜ ਵਾਪਸੀ ਵੱਲ ਮੋੜਾ ਪਿਆ ਹੈ। ਜਿਨ੍ਹਾਂ ਕਾਲਜਾਂ ਨੂੰ ਤਾਲੇ ਲੱਗਣ ਦੀ ਨੌਬਤ ਬਣ ਗਈ ਸੀ, ਉਨ੍ਹਾਂ ਦੇ ਦਰਵਾਜ਼ੇ ਮੁੜ ਖੁੱਲ੍ਹੇ ਹਨ। ਪੰਜਾਬ ’ਚ ਤਕਨੀਕੀ ਸਿੱਖਿਆ ਦੀ ਮੁੜ ਦੀਪ ਬਲੇ ਹਨ। ਪਿਛਲੇ ਵਰ੍ਹੇ ਪਿਆ ਮੋੜਾ ਐਤਕੀਂ ਦਾਖ਼ਲਿਆਂ ’ਚ ਰੰਗ ਦਿਖਾਉਣ ਲੱਗਾ ਹੈ। ਇਸ ਵੇਲੇ ਪੰਜਾਬ ’ਚ ਚਾਰ ਸਰਕਾਰੀ ਤਕਨੀਕੀ ’ਵਰਸਿਟੀਆਂ ਹਨ ਜਿਨ੍ਹਾਂ ਅਧੀਨ ਸੈਂਕੜੇ ਸਰਕਾਰੀ ਤੇ ਪ੍ਰਾਈਵੇਟ ਕਾਲਜ ਆਉਂਦੇ ਹਨ। ਵੇਰਵਿਆਂ ਅਨੁਸਾਰ ਉਪਰੋਕਤ ’ਵਰਸਿਟੀਆਂ ਦੇ ਕੈਂਪਸਾਂ ਤੇ ਉਨ੍ਹਾਂ ਅਧੀਨ ਪੈਂਦੇ ਤਕਨੀਕੀ ਕਾਲਜਾਂ ’ਚ ਐਤਕੀਂ 10 ਤੋਂ 15 ਫ਼ੀਸਦੀ ਦਾਖ਼ਲੇ ਵਧੇ ਹਨ ਜਦੋਂ ਕਿ ਪਿਛਲੇ ਵਰ੍ਹੇ ਦਾਖ਼ਲਿਆਂ ਦੀ ਗਿਰਾਵਟ ਨੂੰ ਠੁੰਮ੍ਹਣਾ ਮਿਲ ਗਿਆ ਸੀ। ਪ੍ਰਾਈਵੇਟ ਕਾਲਜਾਂ ਦੇ ਪ੍ਰਬੰਧਕ ਆਸਵੰਦ ਹੋਏ ਹਨ। ਇਨ੍ਹਾਂ ਸਭਨਾਂ ਵਰਸਿਟੀਆਂ ਤੇ ਕਾਲਜਾਂ ਵਿਚ ਕੁੱਲ 1,01,092 ਪ੍ਰਵਾਨਿਤ ਸੀਟਾਂ ਸਨ ਜਿਨ੍ਹਾਂ ਚੋਂ ਐਤਕੀਂ 56,959 ਸੀਟਾਂ ਭਰ ਚੁੱਕੀਆਂ ਹਨ ਜੋ ਕਿ 56 ਫ਼ੀਸਦੀ ਬਣਦੀਆਂ ਹਨ।

           ਪਿਛਲੇ ਵਰ੍ਹੇ 1.09 ਲੱਖ ਪ੍ਰਵਾਨਿਤ ਸੀਟਾਂ ਚੋਂ 51,890 ਸੀਟਾਂ ਭਰੀਆਂ ਸਨ ਜੋ 47 ਫ਼ੀਸਦੀ ਸਨ। ਸਾਲ 2022-23’ਚ 1.01 ਲੱਖ ਸੀਟਾਂ ਚੋਂ 47,301 ਸੀਟਾਂ ਭਰੀਆਂ ਸਨ ਜੋ ਕਿ 47 ਫ਼ੀਸਦੀ ਹਨ। ਆਈ.ਕੇ ਗੁਜਰਾਲ ਪੀਟੀਯੂ ਕਪੂਰਥਲਾ ’ਚ ਐਤਕੀਂ 63.50 ਫ਼ੀਸਦੀ ਸੀਟਾਂ ਭਰੀਆਂ ਹਨ। ਇਸ ਵਰਸਿਟੀ ਅਧੀਨ ਕੁੱਲ 214 ਕਾਲਜ ਪੈਂਦੇ ਹਨ ਜਿਨ੍ਹਾਂ ਚੋਂ 57 ਇੰਜੀਨੀਅਰਿੰਗ ਕਾਲਜ ਅਤੇ 43 ਫਾਰਮੇਸੀ ਦੇ ਕਾਲਜ ਹਨ। ਇਸ ਵਰਸਿਟੀ ਅਤੇ ਉਸ ਦੇ ਅਧੀਨ ਪੈਂਦੇ ਕਾਲਜਾਂ ’ਚ ਕੁੱਲ ਪ੍ਰਵਾਨਿਤ 69,143 ਸੀਟਾਂ ਚੋਂ ਇਸ ਵਾਰ 43904 ਸੀਟਾਂ ਭਰ ਗਈਆਂ ਹਨ। ਪਿਛਲੇ ਵਰ੍ਹੇ ਇਸ ਵਰਸਿਟੀ ਤੇ ਕਾਲਜਾਂ ’ਚ 50.74 ਫ਼ੀਸਦੀ ਅਤੇ ਸਾਲ 2022-23 ਵਿਚ 50.56 ਫ਼ੀਸਦੀ ਸੀਟਾਂ ਭਰੀਆਂ ਸਨ। ਪੀਟੀਯੂ ਕਪੂਰਥਲਾ ਦੇ ਵਾਈਸ ਚਾਂਸਲਰ ਡਾ. ਸੁਸ਼ੀਲ ਮਿੱਤਲ ਆਖਦੇ ਹਨ ਕਿ ਕੈਨੇਡਾ ਦੀ ਸਖ਼ਤੀ ਤੇ ਮੰਦਵਾੜੇ ਦਾ ਵੱਡਾ ਯੋਗਦਾਨ ਹੈ ਕਿ ਤਕਨੀਕੀ ਸਿੱਖਿਆ ’ਚ ਰੁਝਾਨ ਮੁੜ ਵਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੌਜੂਦਾ ਸਿਸਟਮ ਵਿਚ ਭਰੋਸਾ ਵਧਿਆ ਹੈ ਜਿਸ ਕਰਕੇ ਰੁਜ਼ਗਾਰ ਦਰ ਵੀ ਵਧੀ ਹੈ।

          ਇਸ ਨਾਲ ਸਰਕਾਰ ਦਾ ਖਰਚਾ ਵੀ ਘਟੇਗਾ ਅਤੇ ਵਰਸਿਟੀਆਂ ਦੇ ਵਿੱਤੀ ਸਰੋਤ ਵੀ ਵਧਣਗੇ। ਦੇਖਿਆ ਜਾਵੇ ਤਾਂ ਪਿਛਲੇ ਕੁੱਝ ਮਹੀਨਿਆਂ ਤੋਂ ਕੈਨੇਡਾ ਵਿਚ ਰੁਜ਼ਗਾਰ ਦਾ ਵੱਡਾ ਮਸਲਾ ਬਣ ਗਿਆ ਹੈ। ਕੈਨੇਡਾ ਵਾਸੀ ਕਮਲਜੀਤ ਸਿੰਘ ਸਿੱਧੂ (ਰਾਈਆ ਵਾਲੇ) ਆਖਦੇ ਹਨ ਕਿ ਕੈਨੇਡਾ ਸਰਕਾਰ ਨੇ ਨਿਯਮ ਸਖ਼ਤ ਕੀਤੇ ਹਨ ਅਤੇ ਹੁਣ ਤਾਂ ਵਰਕ ਪਰਮਿਟ ਹੋਲਡਰਾਂ ਨੂੰ ਵੀ ਕੰਮ ਨਹੀਂ ਮਿਲ ਰਿਹਾ ਹੈ। ਸੋਸ਼ਲ ਮੀਡੀਆ ’ਤੇ ਖ਼ਬਰਾਂ ਫਲੈਸ਼ ਹੋਣ ਕਰਕੇ ਪੰਜਾਬੀ ਮਾਪੇ ਵੀ ਹੁਣ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਕਿਨਾਰਾ ਕਰਨ ਲੱਗੇ ਹਨ। ਵੇਰਵਿਆਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਪੀਟੀਯੂ ਬਠਿੰਡਾ ਜੋ ਕਿ ਪਹਿਲਾਂ ਵਿੱਤੀ ਵਸੀਲਿਆਂ ਦੇ ਸੰਕਟ ਨਾਲ ਜੂਝ ਰਹੀ ਸੀ, ਇਸ ਮੌਜੂਦਾ ਰੁਝਾਨ ਤੋਂ ਕਾਫ਼ੀ ਆਸਵੰਦ ਹੈ। ਬਠਿੰਡਾ ਵਰਸਿਟੀ ਨਾਲ ਕਰੀਬ 60 ਕਾਲਜ ਐਫੀਲੀਏਟਿਡ ਹਨ। ਇਸ ਵਰ੍ਹੇ ਇਸ ਵਰਸਿਟੀ ਤੇ ਉਸ ਦੇ ਕਾਲਜਾਂ ਵਿਚ 38.78 ਫ਼ੀਸਦੀ ਸੀਟਾਂ ਭਰੀਆਂ ਹਨ ਜਦੋਂ ਕਿ ਪਿਛਲੇ ਸਾਲ 35.95 ਫ਼ੀਸਦੀ ਸੀਟਾਂ ਭਰੀਆਂ ਸਨ। ਸਾਲ 2022-23 ਵਿਚ 33 ਫ਼ੀਸਦੀ ਹੀ ਭਰੀਆਂ ਸਨ।

          ਬਠਿੰਡਾ ’ਵਰਸਿਟੀ ਦੇ ਡੀਨ ਪ੍ਰੋ. ਬੂਟਾ ਸਿੰਘ ਜੋ ਕਿ ਪਹਿਲਾਂ ’ਵਰਸਿਟੀ ਦੇ ਵਾਈਸ ਚਾਂਸਲਰ ਰਹਿ ਚੁੱਕੇ ਹਨ ਦਾ ਕਹਿਣਾ ਸੀ ਕਿ ਯੂਨੀਵਰਸਿਟੀ ਕੈਂਪਸ ਵਿਚ ਦਾਖ਼ਲੇ ਵਧੇ ਹਨ ਅਤੇ ਕਾਲਜਾਂ ਵਿਚ ਨਵੇਂ ਕੋਰਸਾਂ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਉਹ ਆਖਦੇ ਹਨ ਕਿ ਹੁਣ ਦਾਖ਼ਲੇ ਵਧਣ ਕਰਕੇ ਵਰਸਿਟੀ ਨੂੰ ਵਿੱਤੀ ਮਜ਼ਬੂਤੀ ਵੀ ਮਿਲੇਗੀ। ਦੂਸਰੇ ਸੂਬਿਆਂ ਦੇ ਵਿਦਿਆਰਥੀ ਵੀ ਇੱਥੇ ਆ ਰਹੇ ਹਨ ਅਤੇ ਪੁਰਾਣੇ ਇੰਜੀਨੀਅਰਿੰਗ ਕੋਰਸਾਂ ’ਚ ਮੁੜ ਰੌਣਕ ਪਰਤੀ ਹੈ। ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਅਧੀਨ ਕੋਈ ਕਾਲਜ ਨਹੀਂ ਹੈ ਪ੍ਰੰਤੂ ਇਸ ਵਰਸਿਟੀ ਦੇ ਕੈਂਪਸ ਵਿਚ ਐਤਕੀਂ 46.13 ਫ਼ੀਸਦੀ ਸੀਟਾਂ ਭਰ ਚੁੱਕੀਆਂ ਹਨ ਜਦੋਂ ਕਿ ਪਿਛਲੇ ਸਾਲ ਇਹ ਦਰ 28.85 ਫ਼ੀਸਦੀ ਸੀ। ਉਸ ਤੋਂ ਪਹਿਲਾਂ ਸਾਲ 2022-23 ਵਿਚ 37.42 ਫ਼ੀਸਦੀ ਸੀ। ਇਸੇ ਤਰ੍ਹਾਂ ਹੀ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਿਚ ਵੀ ਇਸ ਸਾਲ 72.23 ਫ਼ੀਸਦੀ ਸੀਟਾਂ ਭਰ ਚੁੱਕੀਆਂ ਹਨ ਅਤੇ ਸਾਲ 2023-24 ਵਿਚ 65.36 ਫ਼ੀਸਦੀ ਅਤੇ ਸਾਲ 2022-23 ਵਿਚ 58.55 ਫ਼ੀਸਦੀ ਸੀਟਾਂ ਭਰੀਆਂ ਸਨ।

          ਪੰਜਾਬ ਵਿਚ ਵਜ਼ੀਫ਼ਿਆਂ ਦੇ ਅੜਿੱਕੇ ਅਤੇ ਵਿਦੇਸ਼ ਜਾਣ ਦੇ ਰੁਝਾਨ ਕਰਕੇ ਬਹੁਤੇ ਤਕਨੀਕੀ ਕਾਲਜ ਬੰਦ ਵੀ ਹੋ ਚੁੱਕੇ ਹਨ ਅਤੇ ਕਈ ਕਾਲਜ ਘਾਟੇ ਵਿਚ ਚੱਲ ਰਹੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵਤਨ ਵਾਪਸੀ ਦਾ ਨਾਅਰਾ ਦਿੱਤਾ ਸੀ ਅਤੇ ਪਿਛਲੇ ਸਮੇਂ ਤੋਂ ਬਣ ਰਹੇ ਮਾਹੌਲ ਕਰਕੇ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ੍ਹ ਪਈ ਹੈ। ਬਹੁਤੇ ਕਾਲਜਾਂ ਵਾਲੇ ਤਾਂ ਹਾਸੇ ਹਾਸੇ ਵਿਚ ਆਖਦੇ ਹਨ ਕਿ ਸਾਨੂੰ ਤਾਂ ਟਰੂਡੋ ਨੇ ਬਚਾ ਲਿਆ। ਜੁਆਇੰਟ ਐਸੋਸੀਏਸ਼ਨ ਆਫ਼ ਕਾਲਜ਼ਿਜ਼ ਦੇ ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ ਆਖਦੇ ਹਨ ਕਿ ਜਿਹੜੇ ਕਾਲਜ ਆਖ਼ਰੀ ਸਾਹਾਂ ’ਤੇ ਸਨ, ਉਨ੍ਹਾਂ ਨੂੰ ‘ਵਤਨ ਵਾਪਸੀ’ ਨੇ ਬਚਾ ਲਿਆ ਹੈ। ਉਹ ਆਖਦੇ ਹਨ ਕਿ ਢਾਈ ਵਰ੍ਹਿਆਂ ਤੋਂ ਜੋ ਸਰਕਾਰ ਨੇ ਰੈਗੂਲਰ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਹਨ, ਉਸ ਨਾਲ ਵੀ ਇੱਕ ਮਾਹੌਲ ਸਿਰਜਿਆ ਗਿਆ ਹੈ। ਹੁਣ ਪੰਜਾਬ ਵਿਚ ਹੁਨਰ ਵੀ ਮਿਲਦਾ ਹੈ ਅਤੇ ਨੌਕਰੀ ਵੀ।

No comments:

Post a Comment