ਨਵਾਂ ਮੋੜ
ਖੇਤਾਂ ਵਿੱਚ ‘ਉੱਗਣ’ ਲੱਗੇ ਸ਼ਹਿਰ !
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦੇ ਖੇਤਾਂ ’ਚ ਹੁਣ ‘ਸ਼ਹਿਰ’ ਉੱਗਣ ਲੱਗੇ ਹਨ। ਖੇਤੀ ਹੇਠਲਾ ਰਕਬਾ ਘੱਟ ਰਿਹਾ ਹੈ ਅਤੇ ਸ਼ਹਿਰੀ ਰਕਬਾ ਵੱਧ ਰਿਹਾ ਹੈ। ਜਲ ਸਰੋਤ ਵਿਭਾਗ ਵੱਲੋਂ ਜਦੋਂ ਵਿਸ਼ੇਸ਼ ਮੁਹਿੰਮ ਤਹਿਤ ਅਜਿਹੇ ਰਕਬੇ ਦੀ ਸ਼ਨਾਖ਼ਤ ਕੀਤੀ ਗਈ ਤਾਂ ਕਰੀਬ 53,611 ਏਕੜ ਰਕਬਾ ਖੇਤਾਂ ’ਚੋਂ ਨਿਕਲਣ ਦੇ ਤੱਥ ਸਾਹਮਣੇ ਆਏ ਹਨ ਅਤੇ ਇਨ੍ਹਾਂ ਖੇਤਾਂ ਦਾ ਰਕਬਾ ਕਲੋਨੀਆਂ ਅਤੇ ਸੜਕਾਂ ਹੇਠ ਆ ਗਿਆ ਹੈ। ਨਿਯਮਾਂ ਅਨੁਸਾਰ ਜਦੋਂ ਖੇਤੀ ਹੇਠਲੇ ਰਕਬੇ ਦੀ ਗੈਰ-ਖੇਤੀ ਕੰਮਾਂ ਲਈ ਵਰਤੋਂ ਹੋਣ ਲੱਗਦੀ ਹੈ ਤਾਂ ਜਲ ਸਰੋਤ ਵਿਭਾਗ ਵੱਲੋਂ ਇਸ ਗੈਰ-ਖੇਤੀ ਵਾਲੇ ਰਕਬੇ ਦਾ ਨਹਿਰੀ ਪਾਣੀ ਕੱਟ ਦਿੱਤਾ ਜਾਂਦਾ ਹੈ ਅਤੇ ਕਟੌਤੀ ਵਾਲੇ ਰਕਬੇ ਦਾ ਨਹਿਰੀ ਪਾਣੀ ਦੂਜੇ ਕਿਸਾਨਾਂ ਵਿਚ ਵੰਡ ਦਿੱਤਾ ਜਾਂਦਾ ਹੈ। ਕਈ ਦਹਾਕਿਆਂ ਤੋਂ ਖੇਤੀ ਵਾਲੀ ਜ਼ਮੀਨ ਗੈਰ -ਖੇਤੀ ਕੰਮਾਂ ਹੇਠ ਆ ਰਹੀ ਹੈ ਪਰ ਉਸ ਦੇ ਹਿੱਸੇ ਵਾਲੇ ਨਹਿਰੀ ਪਾਣੀ ਵਿਚ ਕਟੌਤੀ ਨਹੀਂ ਕੀਤੀ ਜਾਂਦੀ ਸੀ। ਪੰਜਾਬ ਸਰਕਾਰ ਨੇ ਹੁਣ ਇੱਕ ਸਾਲ ਦੌਰਾਨ ਅਜਿਹੇ ਰਕਬੇ ਦੀ ਸ਼ਨਾਖ਼ਤ ਕੀਤੀ ਹੈ ਜਿਸ ਅਨੁਸਾਰ ਹੁਣ 53,611 ਏਕੜ ਰਕਬੇ ਨੂੰ ਗ਼ੈਰ-ਖੇਤੀ ਕੰਮਾਂ ਲਈ ਵਰਤਿਆ ਜਾ ਰਿਹਾ ਹੈ।
ਕਰੀਬ 1,707 ਏਕੜ ਅਜਿਹੇ ਰਕਬੇ ਬਾਰੇ ਫ਼ੈਸਲਾ ਹਾਲੇ ਵਿਚਾਰ ਅਧੀਨ ਹੈ। ਇਸ ਤੋਂ ਪਹਿਲਾਂ ਅਜਿਹੇ ਤੱਥ ਕਦੇ ਸਾਹਮਣੇ ਨਹੀਂ ਆਏ ਸਨ ਕਿ ਕਿੰਨਾ ਰਕਬਾ ਖੇਤੀ ਹੇਠੋਂ ਹਰ ਸਾਲ ਨਿਕਲ ਰਿਹਾ ਹੈ। ਪੰਜਾਬ ਵਿਚ ਸਭ ਤੋਂ ਵੱਧ ਗੁਰਦਾਸਪੁਰ ਡਿਵੀਜ਼ਨ ’ਚ 14,770 ਏਕੜ ਰਕਬਾ ਖੇਤੀ ਹੇਠੋਂ ਨਿਕਲਿਆ ਹੈ। ਦੂਜੇ ਨੰਬਰ ’ਤੇ ਜਲੰਧਰ ਡਿਵੀਜ਼ਨ ’ਚੋਂ 13,773 ਏਕੜ ਰਕਬਾ ਖੇਤੀ ਹੇਠੋਂ ਨਿਕਲਿਆ ਹੈ। ਇਸੇ ਤਰ੍ਹਾਂ ਸੰਗਰੂਰ ਡਿਵੀਜ਼ਨ ’ਚੋਂ 1,130 ਏਕੜ ਰਕਬਾ, ਦੇਵੀਗੜ੍ਹ ਡਿਵੀਜ਼ਨ ’ਚੋਂ 6,614 ਏਕੜ, ਬਠਿੰਡਾ ਕੈਨਾਲ ਡਿਵੀਜ਼ਨ ’ਚੋਂ 2,389 ਏਕੜ, ਰੋਪੜ ਕੈਨਾਲ ਡਿਵੀਜ਼ਨ ’ਚੋਂ 1,564 ਏਕੜ, ਮਜੀਠਾ ਡਿਵੀਜ਼ਨ ’ਚੋਂ 704 ਏਕੜ ਅਤੇ ਬਰਨਾਲਾ ਡਿਵੀਜ਼ਨ ’ਚੋਂ 987 ਏਕੜ ਰਕਬਾ ਖੇਤੀ ਹੇਠੋਂ ਨਿਕਲ ਚੁੱਕਾ ਹੈ। ਪੰਜਾਬ ਵਿਚ ਨਵੇਂ ਕੌਮੀ ਹਾਈਵੇਅ ਵੀ ਬਣ ਰਹੇ ਹਨ ਜਿਨ੍ਹਾਂ ਵਾਸਤੇ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ ਕੀਤੀ ਗਈ ਹੈ। ਇੱਕ ਸਟੱਡੀ ਅਨੁਸਾਰ ਸਾਲ 1991 ਤੋਂ 2011 ਤੱਕ ਕਰੀਬ ਦੋ ਲੱਖ ਛੋਟੇ ਕਿਸਾਨ ਵੀ ਖੇਤੀ ’ਚੋਂ ਬਾਹਰ ਹੋਏ ਹਨ ਜਿਨ੍ਹਾਂ ਦੀ ਗਿਣਤੀ ਪੰਜ ਲੱਖ ਤੋਂ ਘੱਟ ਕੇ 3 ਲੱਖ ਰਹਿ ਗਈ ਹੈ।
ਪੰਜਾਬ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਦਾ ਕਹਿਣਾ ਸੀ ਕਿ ਸ਼ਹਿਰੀਕਰਨ ਕਰਕੇ ਅਜਿਹਾ ਹੋ ਰਿਹਾ ਹੈ ਅਤੇ ਵਿਕਾਸ ਪ੍ਰੋਜੈਕਟਾਂ ਤੋਂ ਇਲਾਵਾ ਕਾਲੋਨੀਆਂ ਦੇ ਪਸਾਰ ਕਾਰਨ ਖੇਤੀ ਹੇਠਲਾ ਰਕਬਾ ਸ਼ਹਿਰਾਂ ਹੇਠ ਆ ਰਿਹਾ ਹੈ। ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਆਖਦੇ ਹਨ ਕਿ ਸ਼ਹਿਰਾਂ ਦੀਆਂ ਹੱਦਾਂ ਵਿਚ ਵਾਧਾ ਹੋ ਰਿਹਾ ਹੈ ਅਤੇ ਪੇਂਡੂ ਲੋਕ ਵੀ ਸ਼ਹਿਰਾਂ ਵਿਚ ਤਬਦੀਲ ਹੋ ਰਹੇ ਹਨ। ਸ਼ਹਿਰਾਂ ਦੇ ਬਾਹਰੀ ਇਲਾਕਿਆਂ ’ਤੇ ਪੇਂਡੂ ਵਸੋਂ ਭਾਰੂ ਹੈ। ਸੂਤਰ ਆਖਦੇ ਹਨ ਕਿ ਖੇਤੀ ਹੇਠੋਂ ਨਿਕਲੇ ਰਕਬੇ ਦਾ ਪਿਛਲੇ 20 ਸਾਲਾਂ ਵਿਚ ਨਹਿਰੀ ਪਾਣੀ 1.78 ਐੱਮਏਐੱਫ ਕਿਸ ਨੇ ਵਰਤਿਆ, ਇਸ ਦਾ ਕੋਈ ਥਹੁ ਪਤਾ ਨਹੀਂ ਹੈ। ਹੁਣ ਇਹ ਪਾਣੀ ਬਾਕੀ ਕਿਸਾਨਾਂ ਵਿਚ ਵੰਡਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।