Friday, October 3, 2025

                                                           ਨਵੀਂ ਚੁਣੌਤੀ
                                 ਪੰਜਾਬ ਵਿੱਚ ਮੁੜ ਹੜ੍ਹਾਂ ਦਾ ਖ਼ਤਰਾ 
                                                          ਚਰਨਜੀਤ ਭੁੱਲਰ 

ਚੰਡੀਗੜ੍ਹ : ਹਾਲ ਹੀ ਵਿੱਚ ਭਿਆਨਕ ਹੜ੍ਹਾਂ ਦੀ ਤਬਾਹੀ ਝੱਲ ਚੁੱਕੇ ਪੰਜਾਬ ਵਿੱਚ ਹੁਣ ਮੁੜ ਤੋਂ ਹੜ੍ਹਾਂ ਦਾ ਖ਼ਤਰਾ ਬਣ ਗਿਆ ਹੈ। ਮੌਸਮ ਵਿਭਾਗ ਦੀ ਤਾਜ਼ਾ ਪੇਸ਼ੀਨਗੋਈ ਮਗਰੋਂ ਅੱਜ ਰਣਜੀਤ ਸਾਗਰ ਡੈਮ ਤੋਂ ਰਾਵੀ ਦਰਿਆ ਵਿੱਚ ਮੁੜ ਵਾਧੂ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜਲ ਸਰੋਤ ਵਿਭਾਗ ਦੇ ਮੁੱਖ ਇੰਜਨੀਅਰਾਂ ਅਤੇ ਤਕਨੀਕੀ ਮਾਹਿਰਾਂ ਨੇ ਅੱਜ ਭਾਰਤੀ ਮੌਸਮ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਵਰਚੁਅਲ ਮੀਟਿੰਗ ਕਰ ਕੇ ਇਸ ਬਾਰੇ ਚਰਚਾ ਕੀਤੀ ਹੈ। ਉੱਧਰ, ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐੱਮ ਬੀ) ਨੇ ਵੀ ਅੰਦਰੂਨੀ ਤੌਰ ’ਤੇ ਚਰਚਾ ਸ਼ੁਰੂ ਕਰ ਕੇ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਤਾਂ ਪਹਿਲੇ ਹੜ੍ਹਾਂ ’ਚੋਂ ਹਾਲੇ ਉੱਭਰਿਆ ਨਹੀਂ ਸੀ ਕਿ ਨਵੀਂ ਨੌਬਤ ਆ ਰਹੀ ਹੈ। ਪੰਜਾਬ ਲਈ ਅਕਤੂਬਰ ਦਾ ਪਹਿਲਾ ਹਫ਼ਤਾ ਚੁਣੌਤੀ ਭਰਿਆ ਰਹਿ ਸਕਦਾ ਹੈ। ਇਸ ਪਹਿਲੇ ਹਫ਼ਤੇ ਵਿੱਚ ਐਨਾ ਮੀਂਹ ਪੈਣ ਦੀ ਪੇਸ਼ੀਨਗੋਈ ਹੈ ਜਿੰਨਾ ਪਿਛਲੇ 80 ਵਰ੍ਹਿਆਂ ਵਿੱਚ ਕਦੇ ਦਰਜ ਨਹੀਂ ਕੀਤਾ ਗਿਆ।

        ਮੌਸਮ ਵਿਭਾਗ ਅਨੁਸਾਰ 4 ਅਕਤੂਬਰ ਰਾਤ ਤੋਂ ਬਾਰਸ਼ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ 6-7 ਅਕਤੂਬਰ ਨੂੰ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦਾ ਅਨੁਮਾਨ ਹੈ। ਮੌਸਮ ਵਿਭਾਗ ਨੇ ਪੰਜਾਬ ਵਿੱਚ ਇਨ੍ਹਾਂ ਦੋ ਦਿਨਾਂ ਦੌਰਾਨ ਔਸਤ 110 ਮਿਲੀਮੀਟਰ, ਜੰਮੂ ਖੇਤਰ ਵਿੱਚ ਕਰੀਬ 120 ਮਿਲੀਮੀਟਰ ਅਤੇ ਹਿਮਾਚਲ ਪ੍ਰਦੇਸ਼ ’ਚ ਔਸਤ 160 ਤੋਂ 180 ਮਿਲੀਮੀਟਰ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵੱਖ-ਵੱਖ ਹਿੱਸਿਆਂ ਵਿੱਚ 6-7 ਅਕਤੂਬਰ ਨੂੰ ਭਾਰੀ ਮੀਂਹ ਪਵੇਗਾ। ਪੰਜਾਬ ਦੇ ਖ਼ਾਸ ਕਰ ਕੇ ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੋਪੜ, ਜਲੰਧਰ, ਲੁਧਿਆਣਾ, ਪਟਿਆਲਾ, ਮੋਗਾ, ਮਾਨਸਾ, ਗੁਰਦਾਸਪੁਰ, ਬਰਨਾਲਾ ਤੇ ਬਠਿੰਡਾ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬਾ ਸਰਕਾਰ ਨੇ ਨਵੀਂ ਚੁਣੌਤੀ ਦੇ ਮੱਦੇਨਜ਼ਰ ਰਣਜੀਤ ਸਾਗਰ ਡੈਮ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਰਾਵੀ ਵਿੱਚ ਹੋਰ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ।

       ਦੋ ਦਿਨ ਪਹਿਲਾਂ ਤੱਕ ਰਣਜੀਤ ਸਾਗਰ ਡੈਮ ’ਚੋਂ 10 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਕੱਲ੍ਹ ਤੱਕ 20,362 ਕਿਊਸਿਕ ਅਤੇ ਅੱਜ ਬਾਅਦ ਦੁਪਹਿਰ 1 ਵਜੇ ਤੋਂ 37,686 ਕਿਊਸਿਕ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ।ਮਾਹਿਰ ਆਖਦੇ ਹਨ ਕਿ ਅਕਤੂਬਰ ਮਹੀਨੇ ’ਚ ਪਹਿਲਾਂ ਕਦੇ ਐਨਾ ਮੀਂਹ ਦਰਜ ਨਹੀਂ ਕੀਤਾ ਗਿਆ ਹੈ। ਪੰਜਾਬ ਵਿੱਚ ਪਹਿਲਾਂ ਹੀ ਕਰੀਬ ਪੰਜ ਲੱਖ ਏਕੜ ਫ਼ਸਲ ਪ੍ਰਭਾਵਿਤ ਹੋ ਚੁੱਕੀ ਹੈ। ਖੇਤਾਂ ’ਚੋਂ ਰੇਤਾ ਹਟਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਤਾਂ ਜੋ ਖੇਤਾਂ ਨੂੰ ਹਾੜ੍ਹੀ ਦੀ ਫ਼ਸਲ ਲਈ ਤਿਆਰ ਕੀਤਾ ਜਾ ਸਕੇ। ਜੇਕਰ ਮੁੜ ਹੜ੍ਹ ਆਉਂਦੇ ਹਨ ਤਾਂ ਖੇਤਾਂ ’ਚ ਦੁਬਾਰਾ ਰੇਤਾ ਚੜ੍ਹਨ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਪਹਿਲਾਂ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਲਾਂਕਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾ ਰਹੀ ਹੈ ਅਤੇ ਦੀਵਾਲੀ ਤੋਂ ਪਹਿਲਾਂ ਮੁਆਵਜ਼ਾ ਵੰਡਣ ਦੀ ਗੱਲ ਆਖ ਰਹੀ ਹੈ। ਨਵੇਂ ਹਾਲਾਤ ਵਿੱਚ ਹਰ ਗਿਣਤੀ-ਮਿਣਤੀ ਫੇਲ੍ਹ ਹੋ ਸਕਦੀ ਹੈ।

       ਪੰਜਾਬ ਸਰਕਾਰ ਨੂੰ ਵੱਡਾ ਖ਼ਦਸ਼ਾ ਹੈ ਕਿ ਮੀਂਹ ਪੈਣ ਦੀ ਸੂਰਤ ’ਚ ਰਾਵੀ ਦਰਿਆ ਵਿੱਚ 22 ਖੱਡਾਂ ਦੇ ਜ਼ਰੀਏ ਵਾਧੂ ਪਾਣੀ ਆਉਣ ਦੀ ਸੰਭਾਵਨਾ ਹੈ। ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 523.53 ਮੀਟਰ ਹੈ ਜੋ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ ਚਾਰ ਫੁੱਟ ਹੇਠਾਂ ਹੈ ਅਤੇ ਹੁਣ ਪਾਣੀ ਦਾ ਪੱਧਰ ਹੋਰ ਘਟਾਇਆ ਜਾਣਾ ਹੈ ਤਾਂ ਜੋ 6-7 ਅਕਤੂਬਰ ਨੂੰ ਪਹਾੜਾਂ ’ਚੋਂ ਆਉਣ ਵਾਲੇ ਵਾਧੂ ਪਾਣੀ ਨੂੰ ਸੰਭਾਲਿਆ ਜਾ ਸਕੇ। ਪੰਜਾਬ ਵਿੱਚ ਬਾਰਿਸ਼ ਹੋਣ ਕਰ ਕੇ ਸਥਾਨਕ ਪਾਣੀ ਸਤਲੁਜ ਦਰਿਆ ਵਿੱਚ ਚੱਲੇਗਾ। ਪੌਂਗ ਡੈਮ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ ਦੋ ਫੁੱਟ ਹੇਠਾਂ ਹੈ ਅਤੇ ਬਿਆਸ ਦਰਿਆ ’ਚ ਇਸ ਵੇਲੇ 17,171 ਕਿਊਸਿਕ ਪਾਣੀ ਚੱਲ ਰਿਹਾ ਹੈ। ਭਾਖੜਾ ਡੈਮ ’ਚ ਪਹਾੜਾਂ ’ਚੋਂ ਵੱਧ ਤੋਂ ਵੱਧ 39,254 ਕਿਊਸਿਕ ਪਾਣੀ ਆਇਆ ਅਤੇ ਇਸ ਡੈਮ ’ਚੋਂ ਸਤਲੁਜ ਵਿੱਚ ਵੱਧ ਤੋਂ ਵੱਧ 32,800 ਕਿਊਸਿਕ ਪਾਣੀ ਛੱਡਿਆ ਗਿਆ।

                                  ਕੁਸ਼ੱਲਿਆ ਡੈਮ ਬਾਰੇ ਹਰਿਆਣਾ ਨੂੰ ਪੱਤਰ 

ਪੰਜਾਬ ਸਰਕਾਰ ਨੇ ਅੱਜ ਹਰਿਆਣਾ ਦੇ ਜਲ ਸਰੋਤ ਵਿਭਾਗ ਦੇ ਮੁੱਖ ਇੰਜਨੀਅਰ ਨੂੰ ਪੱਤਰ ਲਿਖ ਕੇ 6-7 ਅਕਤੂਬਰ ਨੂੰ ਸੰਭਾਵੀ ਭਾਰੀ ਮੀਂਹ ਦੇ ਹਵਾਲੇ ਨਾਲ ਕਿਹਾ ਹੈ ਕਿ ਹਰਿਆਣਾ ਕੁਸ਼ੱਲਿਆ ਡੈਮ ਨੂੰ ਰੈਗੂਲੇਟ ਕਰੇ ਤਾਂ ਜੋ ਪਹਾੜਾਂ ’ਚੋਂ ਆਉਣ ਵਾਲੇ ਪਾਣੀ ਨੂੰ ਡੈਮ ਵਿੱਚ ਸੰਭਾਲਿਆ ਜਾ ਸਕੇ। ਮਤਲਬ ਕਿ ਹਰਿਆਣਾ ਕੁਸ਼ੱਲਿਆ ਡੈਮ ਵਿੱਚ ਹੋਰ ਜਗ੍ਹਾ ਬਣਾਏ ਤਾਂ ਜੋ ਅਚਾਨਕ ਵਾਧੂ ਪਾਣੀ ਆਉਣ ਦੀ ਸੂਰਤ ਵਿੱਚ ਘੱਗਰ ਦਰਿਆ ਓਵਰਫਲੋਅ ਨਾ ਹੋਵੇ।

No comments:

Post a Comment