ਏਨਾ ਸਰੀਫ਼ ! ਜੇਬ ਕਤਰਾ.. ਚਰਨਜੀਤ ਭੁੱਲਰ
ਚੰਡੀਗੜ੍ਹ : ‘ਏਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ..’, ਸੁਰਜੀਤ ਪਾਤਰ ਤਾਂ ਇਹ ਆਖ ਤੁਰ ਗਏ। ਹੁਣ ਜੇ ਕੇ ਬੌਸ ਨੂੰ ਕੌਣ ਆਖੇ, ਜਿਹੜਾ ਸੱਚ ਨੂੰ ਕੰਧੇੜੇ ਚੁੱਕ ਕੋਠੇ ਚੜ੍ਹਿਐ, ਨੱਚ ਨੱਚ ਕਮਲਾ ਹੋਇਐ। ਬਈ! ਨੱਚੋ ਚਾਹੇ ਗਾਓ, ਭਲਾ ਇਹ ਤਾਂ ਦੱਸੋ, ਏਹ ਜੇ ਕੇ ਬੌਸ ਹੈ ਕੀ ਬਲਾ। ਜੇ ਕੇ ਬੌਸ ਹਿਮਾਚਲ ਦਾ ਮਸ਼ਹੂਰ ਜੇਬ ਕਤਰਾ, ਲਿਖਣਾ ਤਾਂ ਚਾਹੁੰਦਾ ਸੀ ਆਪਣੀ ਆਤਮ ਕਥਾ। ਧੰਦਾ ਐਸਾ ਕਿ ਵਿਹਲ ਹੀ ਨੀ ਕੱਢ ਸਕਿਆ। ਜਦ ਨਾਹਨ ਜੇਲ੍ਹ ’ਚ ਬੰਦ ਸੀ, ਇਕੱਲਾ ਮੁੱਖਬੰਦ ਹੀ ਲਿਖ ਸਕਿਆ।
‘ਭੈਣੋ ਔਰ ਭਾਈਓ! ਅਸੀਂ ਜੇਬਾਂ ਕੱਟਦੇ ਹਾਂ, ਤਾਹੀਓਂ ਜੇਲ੍ਹ ’ਚ ਹਾਂ, ਜੋ ਜੇਲ੍ਹ ਤੋਂ ਬਾਹਰ ਵਾਲੇ ਨੇ, ਉਹ ਵੀ ਕਿਹੜਾ ਘੱਟ ਨੇ। ਅਸੀਂ ਤਾਂ ਕੁੱਝ ਜੇਬਾਂ ਦੀ, ਉਹ ਪੂਰੇ ਸਮਾਜ ਦੀਆਂ ਜੇਬਾਂ ਦੀ ਸਫਾਈ ਕਰਦੇ ਨੇ। ਕੋਈ ਟੈਕਸ ਚੋਰ, ਕੋਈ ਰਿਸ਼ਵਤਖ਼ੋਰ, ਕੋਈ ਵੋਟਾਂ ਲੁੱਟਦੈ, ਕੋਈ ਚਾਹ-ਪਾਣੀ ਬਹਾਨੇ ਜੇਬਾਂ ਕੱਟਦੈ। ਜਿੱਥੋਂ ਦਾ ਲੂਣ ਪਾਣੀ ਛਕਿਆ, ਕਦੇ ਉੱਥੇ ਅਸੀਂ ਹੁਨਰ ਨੀ ਦਿਖਾਇਆ।’ ਅਸੂਲੀ ਬੌਸ ਹਕੂਮਤਾਂ ਦੇ ਐਨ ਹੱਡ ’ਤੇ ਮਾਰ ਗਿਆ। ‘ਡੁੱਬਦਾ ਬੰਦਾ ਮੀਂਹ ਦੀ ਪ੍ਰਵਾਹ ਨੀ ਕਰਦਾ।’
ਨੇਤਾਵਾਦੀ ਜ਼ੁਬਾਨ ਤੇ ਜੇਬ ਕਤਰੇ ਦਾ ਹੱਥ, ਇੱਕੋ ਸਪੀਡ ’ਤੇ ਚੱਲਦੇ ਨੇ। ਧੰਦੇ ਦਾ ਸੁਭਾਅ ਵੀ ਇੱਕੋ, ਮਿਸ਼ਨ ਵੀ ਇੱਕਮਿੱਕ ਹੈ। ਚਾਹੇ ਸਰਤਾਜ ਨੂੰ ਪੁੱਛ ਲਓ, ‘ਹੋਏ ਮੈਂ ਤੇ ਸੱਜਣ ਇੱਕੋ ਮਿੱਕੇ..।’ ਜਿਵੇਂ ਸਿਆਸਤ ਕਲਾ ਹੈ, ਇਵੇਂ ਹੱਥ ਦੀ ਸਫ਼ਾਈ ਵੀ ਪ੍ਰਾਚੀਨ ਖਾਜਨੀਤੀ ਹੈ। ਨੇਤਾ ਠਾਠਾਂ ਮਾਰਦਾ ਪੰਡਾਲ ਦੇਖ ਕੇ ਚਾਂਭਲਦੈ, ਜੇਬ ਕਤਰਾ ਭੀੜਾਂ ਦੇਖ ਕੇ। ਸ਼ਿਲਪ ਕਲਾ ਦਾ ਪ੍ਰਤੱਖ ਨਮੂਨਾ ਹੈ, ਇੱਕ ਕਰ ਕਮਲਾਂ ਨਾਲ ਜੇਬ ਕੱਟਦੈ, ਦੂਜਾ ਸਮਾਗਮਾਂ ’ਚ ਫੀਤਾ। ਮਾਇਆ ਨਾਗਣੀ ਹੈ, ਤਾਹੀਂ ਜੋਗੀਆਂ ਨੂੰ ਪਹਾੜਾਂ ਤੋਂ ਉੱਤਰਨਾ ਪੈਂਦੈ। ਸਰਤਾਜ ਵਾਂਗੂ ਹੇਕਾਂ ਲਾਉਂਦੇ ਹੋਏ, ‘ਕੋਈ ਚੱਲਦਾ ਨਾ ਚਾਰਾ ਏ, ਤੇਰਾ ਬਿਨਾਂ ਨਾ ਗੁਜ਼ਾਰਾ ਏ।’
ਜੋਗੀ ਨਾਥ ਸਪੋਲੀਆ ਆਖਦਾ ਪਿਐ ਕਿ ਕਿੱਤੇ ਦੀ ਤਾਸੀਰ ਤੋਂ ਨੇਤਾ ਤੇ ਜੇਬ ਕਤਰੇ ਬਿਲਕੁਲ ਸਾਢੂ ਜਾਪਦੇ ਨੇ। ਭੁੱਖੇ ਸਾਨ੍ਹ ਨੂੰ ਮੱਕੀ ਦੇ ਖੇਤ ’ਚ ਛੱਡੋਗੇ ਤਾਂ ਫਿਰ ਕਿਥੇ ਖੈਰਾਂ। ਖ਼ੈਰ, ਕੰਮ ਕੋਈ ਵੀ ਮਾੜਾ ਨਹੀਂ ਹੁੰਦਾ, ਜਜ਼ਬਾ ਹੋਣਾ ਚਾਹੀਦੈ। ਜੇਬ ਕਤਰੇ ਇਸੇ ਸੋਚ ’ਤੇ ਪਹਿਰਾ ਠੋਕ ਕੇ ਰਹੇ ਨੇ। ਜਦੋਂ ਚੋਰਾਂ ਨੂੰ ਮੋਰ ਪੈਣ, ਫਿਰ ਪਰਲੋ ਨੂੰ ਕੌਣ ਰੋਕੂ। ਰੈਲੀ ਸਿਆਸੀ ਹੋਵੇ ਤੇ ਚਾਹੇ ਰੋਡ ਸ਼ੋਅ, ਜੇਬ ਕਤਰੇ ਚੰਗਾ ਝਾੜ ਲੈਂਦੇ ਨੇ। ਪੁਰਾਣੀ ਫ਼ਿਲਮ ‘ਹਮ ਸਭ ਚੋਰ ਹੈ’ ਦਾ ਗਾਣਾ ਅੱਜ ਵੀ ਢੁੱਕਵੈਂ, ‘ਚੋਰ ਬਣੋ ਜਾਂ ਮੋਰ ਯਹਾਂ ਸਭ ਚਲਤਾ ਹੈ।’
ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ’ਚ ਇੱਕ ਸਕੂਲ ਚੱਲਦੈ ਜਿੱਥੇ ਜੇਬਾਂ ਕੱਟਣ ਦੀ ਕਲਾ ਸਿਖਾਈ ਜਾਂਦੀ ਹੈ। ਅਪਰਾਧ ਦੀ ਨਰਸਰੀ ’ਚ ਸਿੱਧੀ ਗਰੈਜੂਏਸ਼ਨ ਹੁੰਦੀ ਹੈ। ਸਕੂਲ ਦੀ ਮੈਗਾ ਪੀਟੀਐਮ ’ਚ ਮਾਪਿਆਂ ਨੂੰ ਆਹ ਆਸਾ ਸਿੰਘ ਮਸਤਾਣਾ ਆਲੇ ਗਾਣੇ ਵਰਗਾ ਜੁਆਬ ਮਿਲਦੈ, ‘ਇਹ ਮੁੰਡਾ ਨਿਰਾ ਸ਼ਨਿੱਚਰੀ ਏ..।’ ਜੇਬ ਕੱਟਣ ਦੇ ਆਧੁਨਿਕ ਤਰੀਕੇ, ਪੁਲੀਸ ਤੋਂ ਬਚਾਓ ਲਈ ‘ਫ਼ਰਾਰ ਤੰਤਰ’ ਆਦਿ ਸਕੂਲ ਦੇ ਪਾਠਕ੍ਰਮ ’ਚ ਸ਼ਾਮਲ ਹਨ। ਕਈਆਂ ਦੇ ਪ੍ਰੈਕਟੀਕਲ ਵੀ ਕੁੰਭ ਦੇ ਮੇਲੇ ’ਚ ਹੁੰਦੇ ਨੇ।
ਇੱਕ ਸਰਵੇ ਮੁਤਾਬਿਕ ਬੈਂਕਾਕ ਤੇ ਪੈਰਿਸ ਤੋਂ ਇਲਾਵਾ ਆਗਰਾ ਤੇ ਮੁੰਬਈ ’ਚ ਜੇਬਾਂ ਕਤਰਨ ਦਾ ਵੱਖਰਾ ਰਿਕਾਰਡ ਹੈ। ਕਿਸੇ ਸਮੇਂ ਬਨਾਰਸੀ ਠੱਗਾਂ ਦੀ ਪੈਂਠ ਹੁੰਦੀ ਸੀ। ਨਾਲੇ ਠੱਗਾਂ ਦੇ ਕਿਹੜਾ ਹਲ ਚੱਲਦੇ ਨੇ। ਜਿੰਨਾਂ ਦੀ ਜ਼ੁਬਾਨ ਚੱਲਦੀ ਹੈ, ਉਨ੍ਹਾਂ ਦੇ ਸੱਚਮੁੱਚ ਸੱਤ ਹਲ ਚੱਲਦੇ ਨੇ। ਜੇਬ ਕਤਰੇ ਹੱਥਾਂ ’ਤੇ ਸਰ੍ਹੋਂ ਜਮਾਉਣ ਵਾਲੇ ਤੇਲੀ ਨੇ। ਲੋਕਾਂ ਦਾ ਕਿਵੇਂ ਤੇਲ ਕੱਢਣੈ, ਇਹ ਹੁਨਰ ਨੇਤਾ ਜਣਾਂ ਦੇ ਹਿੱਸੇ ਆਇਐ। ਜਦ ਲੋਕ ਰਾਜ ਤੇ ਜੰਗਲ ਰਾਜ ’ਚ ਜੱਫੀ ਪੈ ਜਾਵੇ ਤਾਂ ਫਿਰ ਕਲਪਨਾ ਦੇ ਤਖ਼ਤ ’ਤੇ ਬੈਠਾ ਰਾਮ ਰਾਜ ਹੱਸਦੈ। ਸੂਬਾ ਸਿੰਘ ਲਿਖਦੈ, ‘ਯਾਰੋ! ਬੇ ਵਿਸਾਹੀ ਦੀ ਹੱਦ ਹੋ ਗਈ, ਮਜਨੂੰ ਲੈਲਾ ’ਤੇ ਨਹੀਂ ਇਤਬਾਰ ਕਰਦੇ।’
ਜੇਬ ਕਤਰੇ ਅੰਤਰਯਾਮੀ ਹੁੰਦੇ ਹਨ, ਦੂਰੋਂ ਅੰਦਾਜ਼ਾ ਲਾਉਂਦੇ ਹਨ ਕਿ ਬੱਸ ਦੀ ਕਿਹੜੀ ਸੀਟ ’ਤੇ ਪ੍ਰੋਲੋਤਾਰੀ ਬੈਠੈ ਤੇ ਕਿਹੜੀ ’ਤੇ ਪੂੰਜੀਵਾਦ ਦਾ ਭਤੀਜਾ। ਜਦੋਂ ਬੱਸ ’ਚ ਝਾੜੂ ਫਿਰਦੈ, ਗੁਰਦਾਸ ਮਾਨ ਕੁਰਲਾ ਉੱਠਦੈ, ‘ਚੋਰੀ ਹੋ ਗਈ ਚੋਰੀ ਲੋਕੋ ਚੋਰੀ ਹੋ ਗਈ ਚੋਰੀ..।’ ਦਰਬਾਰਾ ਸਰਕਾਰ ’ਚ ਲੁਧਿਆਣੇ ਵੱਲ ਦਾ ਇੱਕ ਮੰਤਰੀ ਸੀ। ਉਸ ਦੀ ਲੁੱਟ ਤੋਂ ਅੱਕੇ ਲੋਕਾਂ ਨੇ ਮੰਤਰੀ ਦੇ ਪਿੰਡ ਆਲੀ ਲਿੰਕ ਸੜਕ ਦੇ ਮੀਲ ਪੱਥਰ ’ਤੇ ‘ਲੁਟੇਰਗੜ੍ਹ’ ਲਿਖ ਦਿੱਤਾ ਸੀ।
‘ਚੱਲਿਆ ਸਿਕੰਦਰ, ਦੋਵੇਂ ਹੱਥ ਖ਼ਾਲੀ’। ਨਾਲੇ ਇਹ ਪਤੈ ਕਿ ਕਫ਼ਨ ਦੇ ਜੇਬ ਨਹੀਂ ਹੁੰਦੀ। ਹਟਦੇ ਫਿਰ ਨੀ ਜੇਬ ਮਦਾਰੀ। ਅਮਰਿੰਦਰ ਗਿੱਲ ਵੀ ਕਿਹੜਾ ਹਟਦੈ, ਜੀਹਨੂੰ ਜੇਬ ਦੀ ਲੋੜ ਹੀ ਨਹੀਂ, ‘ਗੱਲ ਸੁਣ ਲੈ ਦਰਜ਼ੀਆ ਓਏ, ਮੈਨੂੰ ਕੁੜਤਾ ਸਿਉਂ ਦੇ ਸੂਹਾ।’ ਪੁਰਾਣੇ ਸਮਿਆਂ ’ਚ ਸਿਨੇਮਾ ਘਰਾਂ ਦੀ ਭੀੜ ਹੀ ਜੇਬ ਕਤਰਿਆਂ ਦੀ ਰੋਜ਼ੀ ਰੋਟੀ ਦਾ ਵਸੀਲਾ ਸੀ। ਜੇ ਕੇ ਬੌਂਸ ਵਾਂਗੂ ਜੇਬ ਕਤਰੇ ਹੁੰਦੇ ਤਾਂ ਅਸੂਲੀ ਨੇ। ਐਨ ਸੈਕੂਲਰ ਸੋਚ, ਜਾਤ ਪਾਤ ਤੋਂ ਮੁਕਤ। ਸ਼ਿਕਾਰ ਦਾ ਨਾ ਧਰਮ ਦੇਖਣ ਨਾ ਜਾਤ।
ਅੱਜ ਦੇ ਨੇਤਾ ਜ਼ਰੂਰ ਰੈਫਕਲਿੱਫ ਦੇ ਰੂਮਮੇਟ ਬਣੇ ਨੇ, ਜ਼ਰੀਬਾਂ ਚੁੱਕ ਨਿੱਤ ਲਕੀਰਾਂ ਖਿੱਚਦੇ ਨੇ। ਜੇਬ ਕਤਰਾ ਸਮਾਜਵਾਦੀ ਸੋਚ ਰੱਖਦੈ, ਹਰ ਦੁੱਖ ਆਪਣੇ ਪਿੰਡੇ ਝੱਲਦੈ। ਜੇਬ ਦੇ ਅਮੀਰਾਂ ਨੂੰ ਪਲਾਂ ’ਚ ਪ੍ਰੋਲੋਤਾਰੀ ਬਣਾ ਦਿੰਦੈ। ਦੂਜੇ ਬੰਨੇ ਨੇਤਾਜਣ, ਭਾਵੇਂ ਦਸ ਵਾਰ ਮੰਤਰੀ ਬਣ ਜਾਣ, ਮਜਾਲ ਐ ਕਦੇ ਹੈਂਗਓਵਰ ਹੋ ਜਾਏ। ਜੇਬ ਕਤਰਿਆਂ ਤੋਂ ਸਾਵਧਾਨ! ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਇਹ ਇੱਜ਼ਤ ਮਾਣ ਵਾਲੇ ਮਸ਼ਹੂਰੀ ਬੋਰਡ ਦੂਰੋਂ ਚਮਕਦੇ ਨੇ। ਬਠਿੰਡੇ ਆਲਾ ਟੋਨੀ ਵੀ ਸ਼ੋਅਲੇ ਤੋਂ ਵੱਧ ਮਸ਼ਹੂਰ ਸੀ। ਹੁਣ ਤਾਂ ਪ੍ਰਮਾਤਮਾ ਦੇ ਚਰਨਾਂ ’ਚ ਜਾ ਨਿਵਾਜਿਆ। ਕੇਰਾਂ ਜੇਲ੍ਹ ’ਚ ਉਸ ਨਾਲ ਇੰਟਰਵਿਊ ਕੀਤੀ। ਜੱਫੀ ਪਾ ਮੋਹ ਨਾਲ ਮਿਲਿਆ। ਪਹਿਲਾਂ ਸੁਆਲ, ਟੋਨੀ ਜੀ! ਦਿਖਾਓ ਕੋਈ ਅਕਲ ਦੀ ਵੰਨਗੀ? ਅੱਗਿਓ ਖਚਰੀ ਹਾਸੀ ਹੱਸਿਆ, ‘ਵੰਨਗੀ ਬਾਅਦ ’ਚ ਦੇਖਿਓ, ਪਹਿਲਾਂ ਆਪਦਾ ਆਹ ਪਰਸ ਲੈ ਲੋ।’
ਟੋਨੀ ਸਹਿਕਾਰੀ ਸੁਭਾਅ ਦਾ ਸੀ, ਪੁਲੀਸ ਦੇ ਔਖੇ ਵੇਲੇ ਕੰਮ ਆਉਂਦਾ। ਟੋਨੀ ਜ਼ਿੰਦਗੀ ਭਰ ਕੁੱਟ ਝੱਲਦਾ ਰਿਹਾ। ਆਖ਼ਰ ਥੱਕ ਹਾਰ ਗਿਆ, ਤਾਹੀਂ ਵਿਸਾਖੀ ਆਲਾ ਮੇਲਾ ਸਬ ਲੈੱਟ ਕਰਦਾ ਸੀ। ਜਦੋਂ ਸ਼ਹੀਦੀ ਜੋੜ ਮੇਲੇ ਆਉਂਦੇ ਨੇ, ਪੁਲੀਸ ਜਾਣੂ ਜੇਬ ਕਤਰਿਆਂ ਤੋਂ ਪਹਿਲਾਂ ਹੀ ਖਿਮਾ ਮੰਗਦੀ ਹੈ। ਹੁਣ ਤਾਂ ਜੇਬ ਕਤਰੇ ਕੱਪੜਿਆਂ ਤੋਂ ਪਛਾਣੇ ਨਹੀਂ ਜਾਂਦੇ। ਹੁਨਰ ਦੇ ਬਲਬੂਤੇ ਕਮਾਇਆ ਸੋਨਾ ਗਿਰਵੀ ਰੱਖ ਕੇ ਬੈਂਕਾਂ ਤੋਂ ਗੋਲਡ ਲੋਨ ਵੀ ਲੈਂਦੇ ਨੇ। ‘ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ ਆਵੇ।’
ਬਾਬਾ ਆਲਮ ਆਮ ਆਦਮੀ ਬਣਿਐ, ‘ਤੇਰੇ ਘਰ ਬੰਡਲ ਨੋਟਾਂ ਦੇ, ਤੇਰੇ ਹੱਥ ਬਕਸੇ ਵੋਟਾਂ ਦੇ, ਅਸੀਂ ਮਾਰੇ ਪਏ ਹਾਂ ਤੋਟਾਂ ਦੇ..।’ ਜੇਬ ਕਤਰੇ ਜੇਬ ਕੱਟਦੇ ਨੇ, ਵੋਟਾਂ ਦੀ ਫ਼ਸਲ ਨੇਤਾ ਕੱਟਦੇ ਨੇ, ਮਹਾਤੜ ਗ਼ਰੀਬੀ ਕੱਟਦੇ ਨੇ। ਕੌਣ ਸਾਹਿਬ ਨੂੰ ਆਖੇ ਕਿ ਬਈ! ਲੋਕਾਂ ਦੇ ਦੁੱਖ ਕੱਟ। ਕੇਹਾ ਭੁਚੱਲਿਆ ਅਰਥ ਸ਼ਾਸਤਰ ਹੈ, ਕਰਜ਼ੇ ਦੇ ਡਾਇਨਾਸੋਰ ਨੇ ਪੰਜਾਬ ਦੱਬ ਲਿਆ, ਨੇਤਾਵਾਂ ਦੀ ਪੂੰਜੀ ਛੜੱਪੇ ਮਾਰਦੀ ਪਈ ਏ। ਰਿਤਿਕ ਰੌਸ਼ਨ ਵੀ ਕਿਥੇ ਟਲਦੈ, ‘ਲੋਗ ਭੂਲ ਜਾਤੇ ਹੈਂ ਸਰ, ਕਯਾ ਲੇਕਰ ਆਏ ਥੇ, ਕਯਾ ਲੇਕਰ ਜਾਓਗੇ।’
ਵਿਹਲ ਮਿਲੇ ਤਾਂ ਮੰਟੋ ਦਾ ਨਾਟਕ ‘ਜੇਬ ਕਤਰਾ’ ਪੜ੍ਹਨਾ, ਲੱਗਦੇ ਹੱਥ ਫ਼ਿਲਮ ‘ਪਾਕੇਟਮਾਰ’ ਦੇ ਸ਼ੰਕਰ ਦੇ ਵੀ ਦਰਸ਼ਨ ਕਰਨੇ। ਵੈਸੇ ਤਾਂ ਅੱਕੇ ਹੋਏ ਪਤੀਆਂ ਨੂੰ ਆਪਣੀ ਬੀਵੀ ਚੋਂ ਹੀ ਸ਼ੰਕਰ ਦਾ ਝਉਲਾ ਪੈਂਦੈ। ਬੇਅੰਤ ਸਿੰਘ ਦੀ ਹਕੂਮਤ ’ਚ ਅੰਮ੍ਰਿਤਸਰ ਪੁਲੀਸ ਨੇ ਜੇਬਾਂ ਦੀ ਸਫ਼ਾਈ ਮੁਹਿੰਮ ਦੇ ਇਲਜ਼ਾਮ ’ਚ ਚਾਰ ਔਰਤਾਂ ਨੂੰ ਸਲਾਖ਼ਾਂ ਪਿੱਛੇ ਕੀਤਾ। ਥਾਣੇਦਾਰ ਪੰਜਾਬੀ ਪ੍ਰੇਮੀ ਨਿਕਲਿਆ ਜਿਸ ਨੇ ਤੱਤੇ ਚਿਮਟੇ ਨਾਲ ਮਾਂ ਬੋਲੀ ’ਚ ਚਾਰੋ ਔਰਤਾਂ ਦੇ ਮੱਥੇ ’ਤੇ ‘ਜੇਬ ਕਤਰੀ’ ਉੱਕਰ ਦਿੱਤਾ।
ਪੰਜਾਬ ਸਰਕਾਰ ਨੇ ਪਲਾਸਟਿਕ ਸਰਜਰੀ ਕਰਾਈ, ਮੱਥਿਆਂ ਤੋਂ ਦਾਗ਼ ਮਿਟਾਏ। ਪੰਜਾਬੀ ਪ੍ਰੇਮੀ ਪੁਲਸੀਆਂ ਸੱਜਣਾਂ ਨੂੰ 2016 ’ਚ ਕੈਦ ਬੋਲ ਗਈ। ਪੁਲੀਸ ਦੇ ਹੱਥ ਲੰਮੇ ਹੀ ਨਹੀਂ ਬਲਕਿ ਤੱਤੇ ਵੀ ਹੁੰਦੇ ਨੇ, ਬਚ ਕੇ ਰਿਹਾ ਕਰੋ। ਪੰਜਾਬ ਚੋਣਾਂ ਨੇੜੇ ਨੇ, ਅੱਜ ਕੱਲ੍ਹ ਹਰ ਨੇਤਾ ਕਰੰਟ ਮਾਰਦੈ। ਅਜੰਤਾ ਅਲੋਰਾ ਦੀਆਂ ਗੁਫਾਵਾਂ ਚੋਂ ਹੁਣ ਨੇਤਾ ਬਾਹਰ ਨਿਕਲਣਗੇ ਜਿਵੇਂ ਮੀਂਹ ਦੇ ਦਿਨਾਂ ’ਚ ਡੱਡੂ। ਕਾਦਰ ਖ਼ਾਨ ਮੁਫ਼ਤ ’ਚ ਸਲਾਹ ਵਰਤਾ ਰਿਹੈ, ‘ਦੇਸ਼ ਕੋ ਸੁਧਾਰਨਾ ਹੈ ਤਾਂ ਸਿਰਫ਼ ਦੋ ਲੋਗੋਂ ਕੋ ਸੁਧਾਰਨਾ ਹੋਗਾ, ਇੱਕ ਵੋ ਜੋ ਵੋਟ ਦੇਤਾ ਹੈ, ਇੱਕ ਵੋਹ ਜੋ ਵੋਟ ਲੇਤਾ ਹੈ।’
ਕੰਵਰ ਗਰੇਵਾਲ ਪੁੱਛਣੋਂ ਨੀ ਹਟਦਾ, ‘ਬੜਾ ਤੁਸੀਂ ਲੈ ਲਿਆ ਸਵਾਦ ਨੇਤਾ ਜੀ, ਇੱਕ ਦੋ ਤਾਂ ਦੇ ਦਿਓ ਜੁਆਬ ਨੇਤਾ ਜੀ।’ ਰੇਲ ਮੰਤਰੀ ਚੌਧਰੀ ਜਗਜੀਵਨ ਰਾਮ ਜੀ ਨੇ ਵੀ ਕੇਰਾਂ ਜੁਆਬ ਦਿੱਤਾ ਸੀ। ਪਾਰਲੀਮੈਂਟ ’ਚ ਸੰਸਦ ਮੈਂਬਰਾਂ ਦੀ ਪਤਨੀਆਂ ਦਾ ਰੇਲ ਭਾੜਾ ਮੁਆਫ਼ ਕਰਨ ਦਾ ਐਲਾਨ ਹੋਇਆ। ਅਟਲ ਬਿਹਾਰੀ ਵਾਜਪਾਈ ਸੀਟ ’ਤੇ ਖੜ੍ਹੇ ਹੋ ਪੁੱਛਣ ਲੱਗੇ, ਜਗਜੀਵਨ ਰਾਮ ਜੀ! ਕੀ ਛੜਾ ਮੁਫ਼ਤ ਦੇ ਭਾੜੇ ’ਤੇ ਆਪਣੀ ਸਾਥਣ ਨੂੰ ਨਾਲ ਲਿਜਾ ਸਕਦੈ? ਜਗਜੀਵਨ ਬਾਬੂ ਦਾ ਜੁਆਬ ਸੁਣੋ, ਭਾੜਾ ਮੁਆਫ਼ੀ ਦਾ ਕਾਨੂੰਨ ਜੀਵਨ ਸਾਥਣ ਲਈ ਹੈ, ਚੋਹਲ ਮੋਹਲ ਲਈ ਨਹੀਂ।
(31 ਦਸੰਬਰ 2025)

No comments:
Post a Comment