Thursday, September 1, 2011

     ਬਰਨਾਲੇ 'ਚ ਗੁਰੂ ਦਾ ਗੇੜੇ ਤੇ ਗੇੜਾ
                         ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ ਔਸਤਨ ਹਰ ਚੌਥੇ ਦਿਨ ਜ਼ਿਲ੍ਹਾ ਬਰਨਾਲਾ ਦੇ ਗੇੜੇ ਲਾ ਰਹੇ ਹਨ। ਉਨ੍ਹਾਂ ਦੀ ਆਪਣੇ ਜੱਦੀ ਜ਼ਿਲ੍ਹੇ ਬਰਨਾਲਾ ਦੇ ਦੌਰੇ ਕਰਨ ਦੀ ਜੂਨ ਅਤੇ ਜੁਲਾਈ ਮਹੀਨੇ ਦੀ ਏਨੀ ਔਸਤ ਰਹੀ ਹੈ। ਉਨ੍ਹਾਂ ਲੰਘੇ ਦੋ ਮਹੀਨਿਆਂ 'ਚ ਜ਼ਿਲ੍ਹੇ ਦੇ 17 ਦਿਨ ਗੇੜੇ ਲਗਾਏ ਗਏ ਹਨ ਜਦੋਂ ਕਿ ਇਸ ਵਰ੍ਹੇ 23 ਫਰਵਰੀ ਤੋਂ 22 ਜੁਲਾਈ ਤੱਕ ਉਨ੍ਹਾਂ ਨੇ ਬਰਨਾਲੇ ਦੇ 20 ਦਿਨ ਦੌਰੇ ਕੀਤੇ ਹਨ। ਲੰਘੇ ਪੰਜ ਮਹੀਨਿਆਂ 'ਚ ਸ੍ਰੀ ਗੁਰੂ ਨੇ ਬਰਨਾਲਾ ਦਾ ਔਸਤਨ ਹਰ ਅੱਠਵੇਂ ਦਿਨ ਦੌਰਾ ਕੀਤਾ ਹੈ।
ਚੋਣ ਕਮਿਸ਼ਨ ਦੀ ਹਦਾਇਤ 'ਤੇ ਮੁੱਖ ਚੋਣ ਅਧਿਕਾਰੀ ਨੇ ਹੁਣ ਪ੍ਰਮੁੱਖ ਸਕੱਤਰ ਦੇ ਦੌਰਿਆਂ ਦੀ ਸੂਚਨਾ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਮੰਗੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਚੋਣ ਕਮਿਸ਼ਨ ਨੂੰ ਇਨ੍ਹਾਂ ਦੌਰਿਆਂ ਦੀ ਸੂਚਨਾ ਨਹੀਂ ਦਿੱਤੀ। ਦਿਲਚਸਪ ਗੱਲ ਇਹ ਹੈ ਕਿ ਭਾਵੇਂ ਪੰਜਾਬ ਸਰਕਾਰ ਨੇ ਚੋਣ ਕਮਿਸ਼ਨ ਨੂੰ ਹਾਲੇ ਤੱਕ ਇਨ੍ਹਾਂ ਦੌਰਿਆਂ ਦੀ ਸੂਚਨਾ ਨਹੀਂ ਦਿੱਤੀ ਪਰ ਡਿਪਟੀ ਕਮਿਸ਼ਨਰ ਬਰਨਾਲਾ ਨੇ ਇਸ ਪੱਤਰਕਾਰ ਨੂੰ 25 ਅਗਸਤ, 2011 ਨੂੰ ਪੱਤਰ ਨੰਬਰ 263/ਆਰ.ਟੀ.ਆਈ. 981 ਤਹਿਤ ਇਹ ਸਾਰੀ ਸੂਚਨਾ ਦੇ ਦਿੱਤੀ ਹੈ।
           ਸੂਚਨਾ ਅਧਿਕਾਰ ਕਾਨੂੰਨ ਤਹਿਤ ਪ੍ਰਮੁੱਖ ਸਕੱਤਰ ਦੇ ਦੌਰਿਆਂ ਦੇ ਜੋ ਵੇਰਵੇ ਮਿਲੇ ਹਨ, ਉਨ੍ਹਾਂ ਤੋਂ ਸਾਫ ਹੈ ਕਿ ਪ੍ਰਮੁੱਖ ਸਕੱਤਰ ਸ੍ਰੀ ਗੁਰੂ ਨੇ ਜੂਨ ਮਹੀਨੇ ਤੋਂ ਹੀ ਬਰਨਾਲਾ ਜ਼ਿਲ੍ਹੇ 'ਚ ਆਪਣੀ ਸਰਗਰਮੀ ਵਧਾਈ ਹੋਈ ਹੈ। ਦੱਸਣਯੋਗ ਹੈ ਕਿ ਸ੍ਰੀ ਗੁਰੂ ਦੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਬਰਨਾਲਾ ਜ਼ਿਲ੍ਹਾ ਦੇ ਰਾਖਵੇਂ ਹਲਕੇ ਭਦੌੜ ਤੋਂ ਚੋਣ ਲੜਨ ਦੇ ਚਰਚੇ ਹਨ। ਕਾਂਗਰਸ ਵਲੋਂ ਉਨ੍ਹਾਂ ਦੇ ਦੌਰਿਆਂ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ  ਗਈ ਸੀ। ਚੋਣ ਕਮਿਸ਼ਨ ਨੇ ਲੰਘੀ 9 ਅਗਸਤ ਨੂੰ ਇਨ੍ਹਾਂ ਦੌਰਿਆਂ ਦੀ ਸੂਚਨਾ ਮੰਗੀ ਸੀ ਪਰ ਪੰਜਾਬ ਸਰਕਾਰ ਨੇ ਸੂਚਨਾ ਦੇਣ ਤੋਂ ਨਾਂਹ-ਨੁੱਕਰ ਹੀ ਕੀਤੀ ਜਿਸ ਤੋਂ ਮੁੱਖ ਚੋਣ ਅਧਿਕਾਰੀ ਪੰਜਾਬ ਕੁਸਮਜੀਤ ਕੌਰ ਸਿੱਧੂ ਖਫ਼ਾ ਹੋ ਗਈ ਹੈ। ਸਰਕਾਰੀ ਸੂਚਨਾ ਅਨੁਸਾਰ ਸ੍ਰੀ ਗੁਰੂ ਨੇ ਸਾਲ 2010 'ਚ ਬਰਨਾਲਾ ਜ਼ਿਲ੍ਹੇ ਦੇ ਕੇਵਲ ਤਿੰਨ ਦੌਰੇ ਹੀ ਕੀਤੇ ਸਨ ਜਦੋਂ ਕਿ ਸਾਲ 2011 'ਚ ਉਹ ਜ਼ਿਲ੍ਹੇ ਦੇ 20 ਦੌਰੇ ਕਰ ਚੁੱਕੇ ਹਨ। ਪ੍ਰਮੁੱਖ ਸਕੱਤਰ 2010 'ਚ 22 ਅਪਰੈਲ ਨੂੰ ਬਰਨਾਲਾ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਕਰਨ ਆਏ ਸਨ, ਫੇਰ 8 ਮਈ ਨੂੰ ਐਸ.ਡੀ. ਕਾਲਜ ਆਫ਼ ਐਜੂਕੇਸ਼ਨ ਦੀ ਕਨਵੋਕੇਸ਼ਨ            'ਚ ਸ਼ਾਮਲ ਹੋਣ ਆਏ ਅਤੇ 9 ਮਈ ਨੂੰ ਚੰਡੀਗੜ੍ਹ ਪਰਤ ਗਏ ਸਨ। ਉਹ ਸਾਲ 2010 'ਚ ਸਿਰਫ਼ ਇੱਕ ਰਾਤ ਹੀ ਬਰਨਾਲਾ ਜ਼ਿਲ੍ਹੇ 'ਚ ਠਹਿਰੇ ਜਦੋਂ ਕਿ ਸਾਲ 2011 'ਚ ਉਹ ਬਰਨਾਲਾ ਜ਼ਿਲ੍ਹੇ 'ਚ 10 ਰਾਤਾਂ ਠਹਿਰੇ ਹਨ। ਜੂਨ ਤੇ ਜੁਲਾਈ ਮਹੀਨਿਆਂ ਦੌਰਾਨ ਉਹ ਸੱਤ ਰਾਤਾਂ ਬਰਨਾਲੇ ਠਹਿਰੇ। ਸੂਚਨਾ ਅਨੁਸਾਰ ਸ੍ਰੀ ਗੁਰੂ ਦੇ ਜ਼ਿਆਦਾ ਦੌਰਿਆਂ ਦਾ ਮਕਸਦ ਵਿਕਾਸ ਕੰਮਾਂ ਨੂੰ ਰੀਵਿਊ ਕਰਨਾ ਦੱਸਿਆ ਗਿਆ ਹੈ।
          ਉਨ੍ਹਾਂ ਅਸਲ 'ਚ 18 ਜੂਨ, 2011 ਤੋਂ ਹੀ ਆਪਣੀ ਸਰਗਰਮੀ ਤੇਜ਼ ਕੀਤੀ ਹੈ। ਉਨ੍ਹਾਂ ਇਸ ਦਿਨ ਆਮ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਧਨੌਲਾ ਦਾ ਦੌਰਾ ਵੀ ਕੀਤਾ, 19 ਜੂਨ ਨੂੰ ਉਨ੍ਹਾਂ ਐਸ.ਐਸ.ਪੀ. ਤੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕੀਤੀ ਅਤੇ ਦੁਪਹਿਰ ਦਾ ਸਮਾਂ ਰਿਕਾਰਡ ਵਿੱਚ ਰਿਜ਼ਰਵ ਰੱਖਿਆ ਦਿਖਾਇਆ ਗਿਆ ਹੈ।  ਉਨ੍ਹਾਂ 20 ਜੂਨ ਨੂੰ ਫੀਲਡ ਦਾ ਦੌਰਾ ਕੀਤਾ ਅਤੇ ਦੁਪਹਿਰ ਮਗਰੋਂ ਸਭਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਫੇਰ ਉਹ ਦੋ ਰਾਤਾਂ ਸੰਗਰੂਰ ਠਹਿਰੇ। ਉਸ ਮਗਰੋਂ ਉਨ੍ਹਾਂ 2 ਜੁਲਾਈ ਨੂੰ ਬਰਨਾਲਾ ਜ਼ਿਲ੍ਹੇ 'ਚ ਫੀਲਡ ਦਾ ਦੌਰਾ ਕੀਤਾ। ਪੰਜਾਬ ਸਰਕਾਰ ਵਲੋਂ ਇਸ ਗੱਲ ਦਾ ਭੇਤ ਰੱਖਿਆ ਗਿਆ ਹੈ ਕਿ ਸ੍ਰੀ ਗੁਰੂ ਨੇ ਫੀਲਡ ਦੌਰੇ ਦੌਰਾਨ ਕਿਨ੍ਹਾਂ ਪਿੰਡਾਂ ਦਾ ਦੌਰਾ ਕੀਤਾ ਹੈ। ਪ੍ਰਮੁੱਖ ਸਕੱਤਰ ਨੇ 3 ਜੁਲਾਈ ਨੂੰ ਤਪਾ ਮੰਡੀ ਅਤੇ ਧਨੌਲਾ ਦਾ ਦੌਰਾ ਕੀਤਾ ਜਿਥੇ ਉਨ੍ਹਾਂ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ਤੇ 4 ਜੁਲਾਈ ਨੂੰ ਪੰਚਾਇਤਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਵਿਕਾਸ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ।
        ਉਨ੍ਹਾਂ 11 ਜੁਲਾਈ ਨੂੰ ਮੁੜ ਵਿਕਾਸ ਕੰਮ ਰੀਵਿਊ ਕੀਤੇ ਅਤੇ ਬਰਨਾਲਾ ਸ਼ਹਿਰ ਦਾ ਦੌਰਾ ਕੀਤਾ। ਰਾਤ ਉਹ ਮਾਲੇਰਕੋਟਲੇ ਠਹਿਰੇ, 12 ਜੁਲਾਈ ਦੀ ਰਾਤ ਬਰਨਾਲੇ ਵਿਖੇ ਕੱਟੀ ਅਤੇ 13 ਜੁਲਾਈ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਬਰਨਾਲਾ 'ਚ ਕੀਤੇ ਸੰਗਤ ਦਰਸ਼ਨ ਵਿੱਚ ਸ਼ਮੂਲੀਅਤ ਕੀਤੀ। ਇਸੇ ਤਰ੍ਹਾਂ 14 ਜੁਲਾਈ ਨੂੰ ਸ੍ਰੀ ਗੁਰੂ ਮੁੱਖ ਮੰਤਰੀ ਵਲੋਂ ਮਹਿਲ ਕਲਾਂ 'ਚ ਕੀਤੇ ਸੰਗਤ ਦਰਸ਼ਨ ਵਿੱਚ ਹਾਜ਼ਰ ਹੋਏ। ਡਿਪਟੀ ਕਮਿਸ਼ਨਰ ਨੇ ਪ੍ਰਮੁੱਖ ਸਕੱਤਰ ਵੱਲੋਂ ਹਲਕਾ ਭਦੌੜ ਦੇ ਕੀਤੇ ਦੌਰਿਆਂ ਦੀ ਜਾਣਕਾਰੀ ਨਹੀਂ ਦਿੱਤੀ।ਜਦੋਂ ਤੋਂ ਚੋਣ ਕਮਿਸ਼ਨ ਨੇ ਨੋਟਿਸ ਲਿਆ ਹੈ, ਉਦੋਂ ਤੋਂ ਸ੍ਰੀ ਗੁਰੂ ਨੇ ਜ਼ਿਲ੍ਹਾ ਬਰਨਾਲਾ ਦੇ ਦੌਰੇ ਬੰਦ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਦੀ ਚੌਕਸੀ ਮਗਰੋਂ ਲੋਕਾਂ 'ਚ ਪੰਜਾਬ ਦੇ ਪੁਲੀਸ ਮੁਖੀ ਦੇ ਮੋਗਾ ਅਤੇ ਪ੍ਰਮੁੱਖ ਸਕੱਤਰ ਦੇ ਬਰਨਾਲਾ ਦੌਰਿਆਂ ਬਾਰੇ ਜਾਣਨ ਲਈ ਦਿਲਚਸਪੀ ਵੱਧ ਗਈ ਹੈ।
                                      ਚੋਣ ਕਮਿਸ਼ਨ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ: ਸੁਖਬੀਰ
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਨੂੰ ਉਹ ਪੂਰੀ ਤਰ੍ਹਾਂ ਸਹਿਯੋਗ ਦੇ ਰਹੇ ਹਨ ਅਤੇ ਜੋ ਵੀ ਵੇਰਵੇ ਚੋਣ ਕਮਿਸ਼ਨ ਵਲੋਂ ਮੰਗੇ ਜਾਂਦੇ ਹਨ, ਉਹ ਪੰਜਾਬ ਸਰਕਾਰ ਵਲੋਂ ਮੁਹੱਈਆ ਕਰਾਏ ਜਾਂਦੇ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਵੇਰਵੇ ਦੇਣ ਵਿੱਚ ਕਦੇ ਕੋਈ ਦੇਰ ਨਹੀਂ ਕੀਤੀ। ਉਨ੍ਹਾਂ ਨਾਲ ਹੀ ਇਹ ਵੀ ਸਾਫ ਕੀਤਾ ਕਿ ਅਫਸਰਾਂ ਦੀ ਮੱਦਦ ਨਾਲ ਕਦੇ ਕੋਈ ਚੋਣ ਨਹੀਂ ਜਿੱਤੀ ਜਾ ਸਕਦੀ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਸ੍ਰੀ ਦਰਬਾਰਾ ਸਿੰਘ ਗੁਰੂ ਵਲੋਂ ਟਿਕਟ ਲੈਣ ਲਈ ਅਕਾਲੀ ਦਲ ਤੱਕ ਪਹੁੰਚ ਕੀਤੀ ਗਈ ਹੈ ਤਾਂ ਸ੍ਰੀ ਬਾਦਲ ਨੇ ਆਖਿਆ ਕਿ ਹਾਲੇ ਤੱਕ ਕੋਈ ਪਹੁੰਚ ਨਹੀਂ ਕੀਤੀ ਗਈ।

No comments:

Post a Comment