Tuesday, September 20, 2011

                        ਹੁਣ ਬਾਦਲ ਦੀ ਫੋਟੋ ਵਾਲੇ ਭਾਂਡੇ
                                          ਚਰਨਜੀਤ ਭੁੱਲਰ
ਬਠਿੰਡਾ : ਅਗਲੀਆਂ ਅਸੈਂਬਲੀ ਚੋਣਾਂ 'ਚ ਸਿਆਸੀ ਧਿਰਾਂ ਦੇ ਭਾਂਡੇ ਖੜਕਣਗੇ। ਹਾਕਮ ਧਿਰ ਨੇ ਚੋਣ ਜ਼ਾਬਤੇ ਤੋਂ ਪਹਿਲਾਂ ਪੂਰੇ ਪੰਜਾਬ ਵਿੱਚ 50 ਕਰੋੜ ਦੇ ਸਟੀਲ ਦੇ ਭਾਂਡੇ ਵੰਡਣ ਦਾ ਪ੍ਰੋਗਰਾਮ ਬਣਾਇਆ ਹੈ। ਹਰ ਕੌਲੀ ਤੇ ਚਮਚੇ 'ਤੇ ਮੁੱਖ ਮੰਤਰੀ ਪੰਜਾਬ ਦੀ ਫੋਟੋ ਛਾਪੇ ਜਾਣ ਦੀ ਵੀ ਚਰਚਾ ਹੈ। ਏਨੀ ਕੁ ਪੁਸ਼ਟੀ ਤਾਂ ਹੋ ਚੁੱਕੀ ਹੈ ਕਿ ਹਰ ਭਾਂਡੇ 'ਤੇ ਪੰਜਾਬ ਸਰਕਾਰ ਦਾ ਲੋਗੋ ਖੁਣਵਾਇਆ ਜਾਣਾ ਹੈ। ਇੱਕ ਵੱਡੇ ਅਧਿਕਾਰੀ ਨੇ ਦੱਸਿਆ ਹੈ ਕਿ ਗੱਲ ਇਹ ਚੱਲ ਰਹੀ ਹੈ ਕਿ ਕਿਉਂ ਨਾ ਸਰਕਾਰੀ ਲੋਗੋ ਦੀ ਥਾਂ ਮੁੱਖ ਮੰਤਰੀ ਦੀ ਫੋਟੋ ਹਰ ਭਾਂਡੇ 'ਤੇ ਛਪਵਾ ਦਿੱਤੀ ਜਾਵੇ। ਨਾਲੇ ਲੋਕ ਇਨ੍ਹਾਂ ਭਾਂਡਿਆਂ 'ਚ ਲੰਗਰ ਪਾਣੀ ਛੱਕ ਲਿਆ ਕਰਨਗੇ ਤੇ ਨਾਲੋਂ ਨਾਲ ਆਪਣੇ ਮਾਣਯੋਗ ਮੁੱਖ ਮੰਤਰੀ ਨੂੰ ਵੀ ਯਾਦ ਕਰ ਲਿਆ ਕਰਨਗੇ। ਹੈ ਨਾ ਇੱਕ ਪੰਥ ਦੋ ਕਾਜ। ਗੱਲ ਸਿਰੇ ਲੱਗਦੀ ਹੈ ਜਾਂ ਨਹੀਂ, ਆਉਂਦੇ ਦਿਨ੍ਹਾਂ 'ਚ ਪਤਾ ਲੱਗ ਜਾਵੇਗਾ। ਜਦੋਂ ਸਾਲ 1997 'ਚ ਅਕਾਲੀ ਹਕੂਮਤ ਬਣੀ ਸੀ ਤਾਂ ਹਕੂਮਤ ਦੇ ਆਖਰੀ ਸਾਲ ਏਦਾਂ ਹੀ ਭਾਂਡੇ ਵੰਡੇ ਗਏ ਸਨ। ਉਦੋਂ ਫੋਟੋ ਨਹੀਂ ਛਾਪੀ ਸੀ ਬਲਕਿ ਹਰ ਭਾਂਡੇ 'ਤੇ ਉਦੋਂ ਜ਼ਿਲ੍ਹੇ ਦੇ ਵੱਡੇ ਨੇਤਾ ਦਾ ਨਾਮ ਜ਼ਰੂਰ ਹਰ ਚਮਚੇ ਤੇ ਪਲੇਟ 'ਤੇ ਲਿਖਿਆ ਗਿਆ ਸੀ। ਜਦੋਂ ਹੁਣ ਸਰਕਾਰ ਫਿਰ ਭਾਂਡੇ ਵੰਡਣ ਦੀ ਤਿਆਰੀ ਕਰ ਰਹੀ ਹੈ ਤਾਂ ਰਾਤੋਂ ਰਾਤ ਬਣਨ ਵਾਲੀਆਂ ਸੰਸਥਾਵਾਂ ਵੀ ਹੋਂਦ ਵਿੱਚ ਆਉਣੀਆਂ ਹਨ। ਜਿਸ ਨੂੰ ਦਿਲ ਕੀਤਾ ,ਸਰਕਾਰ ਭਾਂਡਿਆਂ ਦਾ ਸੈਟ ਦੇ ਦੇਵੇਗੀ। ਪੰਜਾਬ ਭਰ 'ਚ 16 ਹਜ਼ਾਰ ਸੰਸਥਾਵਾਂ ਨੂੰ ਸਟੀਲ ਦੇ ਭਾਂਡੇ ਵੰਡੇ ਜਾਣੇ ਹਨ ਜਦੋਂ ਕਿ ਮਾਲਵਾ ਪੱਟੀ 'ਚ 25 ਕਰੋੜ ਰੁਪਏ ਦੇ ਸਟੀਲ ਦੇ ਭਾਂਡੇ ਵੰਡੇ ਜਾਣਗੇ ।  ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਫੌਰੀ ਭਾਂਡੇ ਖਰੀਦਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇੱਥੋਂ ਤੱਕ ਕਿ ਹਰ ਜ਼ਿਲ੍ਹੇ ਨੂੰ ਵੰਡੇ ਜਾਣ ਵਾਲੇ ਭਾਂਡਿਆਂ ਦੀ ਗਿਣਤੀ ਨੂੰ ਵੀ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਇਹ ਭਾਂਡੇ ਪਿੰਡਾਂ ਵਿੱਚ 50 ਵਿਅਕਤੀਆਂ ਦੀ ਵਰਤੋਂ ਲਈ ਦਿੱਤੇ ਜਾਣੇ ਹਨ। ਸਟੀਲ ਦੇ ਭਾਂਡਿਆਂ ਦੀ ਇੱਕ ਕਿੱਟ ਤਿਆਰ ਕੀਤੀ ਜਾਏਗੀ ਜਿਸ 'ਤੇ 30 ਹਜ਼ਾਰ ਰੁਪਏ ਖਰਚ ਆਉਣਗੇ। ਮਾਲਵੇ ਦੇ 10 ਜ਼ਿਲ੍ਹਿਆਂ 'ਚ 8554 ਕਿੱਟਾਂ ਦੀ ਖਰੀਦ ਕੀਤੀ ਜਾ ਰਹੀ ਹੈ ਜਿਨ੍ਹਾਂ 'ਤੇ 25.66 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਭਾਂਡਿਆਂ ਦੇ ਵੰਡੇ ਜਾਣ ਦਾ ਪ੍ਰੋਗਰਾਮ ਡਿਪਟੀ ਕਮਿਸ਼ਨਰਾਂ ਨੂੰ ਭੇਜ ਦਿੱਤਾ ਹੈ। ਪੇਂਡੂ ਆਬਾਦੀ ਦੇ ਆਧਾਰ 'ਤੇ ਭਾਂਡਿਆਂ ਦੀਆਂ ਕਿੱਟਾਂ ਦੀ ਵੰਡ ਕੀਤੀ ਜਾਣੀ ਹੈ। ਭਾਂਡੇ ਵੰਡਣ ਤੋਂ ਪਹਿਲਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਇਨ੍ਹਾਂ ਭਾਂਡਿਆਂ ਦੀ ਇੱਕ ਮਾਡਲ ਕਿੱਟ ਤਿਆਰ ਕਰਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਦਿਖਾਉਣਗੇ।
          ਲਿਖਤੀ ਪੱਤਰ ਅਨੁਸਾਰ ਭਾਂਡਿਆਂ ਦੇ ਸੈੱਟ ਦੀ ਖਰੀਦ ਕੰਟਰੋਲਰ ਆਫ਼ ਸਟੋਰਜ਼ ਵਿਭਾਗ ਵੱਲੋਂ ਸ਼ਾਰਟ ਟਰਮ ਟੈਂਡਰ ਨੋਟਿਸ ਰਾਹੀਂ ਖਰੀਦ ਨਾਲ ਸਬੰਧਿਤ ਸਾਰੇ ਵਿੱਤੀ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਬਣਾਈ ਗਈ ਖਰੀਦ ਕਮੇਟੀ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਵੀ ਇੱਕ ਨੁੰਮਾਇਦਾ ਸ਼ਾਮਲ ਕੀਤਾ ਜਾਵੇਗਾ। ਇਹ ਯਕੀਨੀ ਬਣਾਏ ਜਾਣ ਦੇ ਹੁਕਮ ਹਨ ਕਿ ਹਰ ਬਰਤਨ 'ਤੇ ਪੰਜਾਬ ਸਰਕਾਰ ਦਾ ਲੋਗੋ ਜ਼ਰੂਰ ਖੁਣਵਾਇਆ ਜਾਵੇ। ਉਪ ਮੁੱਖ ਮੰਤਰੀ ਵੱਲੋਂ ਇਸ ਸਬੰਧੀ ਉਚ ਪੱਧਰੀ ਮੀਟਿੰਗ ਕੀਤੀ ਗਈ ਸੀ,ਜਿਸ 'ਚ ਫੈਸਲਾ ਕੀਤਾ ਗਿਆ ਕਿ ਰਜਿਸਟਰਡ ਮਹਿਲਾ ਮੰਡਲਾਂ ਤੋਂ ਇਲਾਵਾ ਪੇਂਡੂ ਖੇਤਰ ਵਿੱਚ ਔਰਤਾਂ ਦੀ ਭਲਾਈ ਲਈ ਕੰਮ ਕਰ ਰਹੀਆਂ ਰਜਿਸਟਡ ਸੰਸਥਾਵਾਂ/ਸੈਲਫ ਹੈਲਪ ਗਰੁੱਪਾਂ/ਪੰਚਾਇਤਾਂ/ ਪਿੰਡਾਂ ਵਿੱਚ ਭਾਈਚਾਰਿਆਂ ਨਾਲ ਸਬੰਧ ਰੱਖਣ ਵਾਲੀਆਂ ਸੰਸਥਾਵਾਂ ਵੱਲੋਂ ਇਹ ਭਾਂਡੇ ਪਿੰਡ ਪੱਧਰ 'ਤੇ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਲਈ ਵਰਤੋਂ ਵਿੱਚ ਲਿਆਂਦੇ ਜਾਣਗੇ ਤੇ ਜਿਨ੍ਹਾਂ ਸੰਸਥਾਵਾਂ ਨੂੰ ਇਹ ਸੈੱਟ ਦਿੱਤੇ ਜਾਣੇ ਹਨ, ਉਨ੍ਹਾਂ ਦੀ ਸ਼ਨਾਖਤ ਡਿਪਟੀ ਕਮਿਸ਼ਨਰ ਦੀ ਦੇਖ ਰੇਖ ਹੇਠ ਬਣਨ ਵਾਲੀ ਕਮੇਟੀ ਵੱਲੋਂ ਕੀਤੀ ਜਾਵੇਗੀ। ਇਸ ਕਮੇਟੀ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਚੇਅਰਮੈਨ ਹੋਣਗੇ ਜਦੋਂ ਕਿ ਡੀ.ਡੀ.ਪੀ.ਓ. ਮੈਂਬਰ ਸਕੱਤਰ ਹੋਣਗੇ।
        ਕੰਟਰੋਲਰ ਆਫ਼ ਸਟੋਰਜ਼ ਵੱਲੋਂ ਜ਼ਿਲ੍ਹੇ ਦੇ ਸਬੰਧਿਤ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਇਹ ਕਿੱਟਾਂ ਖਰੀਦ ਕੇ ਭੇਜੀਆਂ ਜਾਣਗੀਆਂ। ਕੰਟਰੋਲਰ ਆਫ਼ ਸਟੋਰਜ਼ ਵੱਲੋਂ ਹਰ ਸੈੱਟ ਦੇ ਭਾਂਡਿਆਂ ਨੂੰ ਇੱਕ ਪੇਟੀ 'ਚ ਪੈਕ ਕੀਤਾ ਜਾਵੇਗਾ ਅਤੇ ਹਰ ਪੈਕ ਦੇ ਬਾਹਰ ਬਰਤਨਾਂ ਦੀ ਸੂਚੀ ਦਿੱਤੀ ਜਾਵੇਗੀ। ਮੁੱਖ ਮੰਤਰੀ ਪੰਜਾਬ ਵੱਲੋਂ ਭਾਂਡੇ ਵੰਡਣ ਦੀ ਪ੍ਰਕਿਰਿਆ 30 ਸਤੰਬਰ ਤੱਕ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ ਹਨ ਪ੍ਰੰਤੂ ਸ਼੍ਰੋਮਣੀ ਕਮੇਟੀ ਚੋਣਾਂ ਕਾਰਨ ਇਹ ਕੰਮ ਪੱਛੜ ਗਿਆ ਹੈ। ਸੂਤਰਾਂ ਮੁਤਾਬਕ ਵਿਧਾਨ ਸਭਾ ਚੋਣਾਂ ਦੇ ਜ਼ਾਬਤੇ ਤੋਂ ਪਹਿਲਾਂ ਪਹਿਲਾਂ ਬਰਤਨ ਵੰਡਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।
          ਜ਼ਿਲ੍ਹਾ ਬਠਿੰਡਾ 'ਚ 2.56 ਕਰੋੜ ਰੁਪਏ ਦੇ ਬਰਤਨ ਵੰਡੇ ਜਾਣਗੇ ਅਤੇ ਇਸ ਜ਼ਿਲ੍ਹੇ 'ਚ 846 ਸੰਸਥਾਵਾਂ ਨੂੰ ਇਹ ਬਰਤਨ ਦਿੱਤੇ ਜਾਣਗੇ ਜਿਨ੍ਹਾਂ ਦੀ ਸ਼ਨਾਖਤ ਹਾਲੇ ਕੀਤੀ ਜਾਣੀ ਹੈ। ਮਾਨਸਾ ਜ਼ਿਲ੍ਹੇ 'ਚ 583 ਸੰਸਥਾਵਾਂ ਨੂੰ ਇਹ ਭਾਂਡੇ ਵੰਡਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸ ਜ਼ਿਲ੍ਹੇ 'ਚ 1.74 ਕਰੋੜ ਰੁਪਏ ਖਰਚ ਕੀਤੇ ਜਾਣਗੇ। ਮਾਲਵਾ ਖਿੱਤੇ ਦੇ ਫਿਰੋਜ਼ਪੁਰ ਜ਼ਿਲ੍ਹੇ 'ਚ ਸਭ ਤੋਂ ਜ਼ਿਆਦਾ 4.25 ਕਰੋੜ ਰੁਪਏ ਦੇ ਭਾਂਡੇ ਵੰਡੇ ਜਾਣਗੇ ਅਤੇ ਇਸ ਜ਼ਿਲ੍ਹੇ 'ਚ 1419 ਸੰਸਥਾਵਾਂ ਨੂੰ ਇਹ ਬਰਤਨ ਮਿਲਣਗੇ। ਇਸੇ ਤਰ੍ਹਾਂ ਹੀ ਜ਼ਿਲ੍ਹਾ ਫਰੀਦਕੋਟ 'ਚ 385 ਸੰਸਥਾਵਾਂ ਦੀ ਸ਼ਨਾਖਤ ਕੀਤੀ ਜਾਣੀ ਹੈ ਜਿਨ੍ਹਾਂ 'ਤੇ 1.15 ਕਰੋੜ ਰੁਪਏ ਖਰਚ ਕੀਤੇ ਜਾਣਗੇ। ਜ਼ਿਲ੍ਹਾ ਮੋਗਾ 'ਚ ਬਰਤਨਾਂ 'ਤੇ 2.21 ਕਰੋੜ ਰੁਪਏ ਖਰਚਣ ਦਾ ਪ੍ਰੋਗਰਾਮ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲ੍ਹੇ ਮੁਕਤਸਰ ਵਿੱਚ 1.87 ਕਰੋੜ ਰੁਪਏ ਦੇ ਭਾਂਡੇ ਵੰਡੇ ਜਾਣਗੇ। ਪਟਿਆਲਾ ਜ਼ਿਲ੍ਹੇ 'ਚ 3.26 ਕਰੋੜ ਰੁਪਏ ਦੇ ਭਾਂਡੇ ਵੰਡੇ ਜਾਣੇ ਹਨ। ਸੂਤਰਾਂ ਮੁਤਾਬਕ ਇਹ ਬਰਤਨ ਕੇਵਲ ਉਨ੍ਹਾਂ ਸੰਸਥਾਵਾਂ ਨੂੰ ਮਿਲਣਗੇ ਜੋ ਹਾਕਮ ਧਿਰ ਦੇ ਨੇੜੇ ਹੋਣਗੀਆਂ ਤੇ ਆਉਣ ਵਾਲੇ ਕੁੱਝ ਦਿਨਾਂ 'ਚ ਭਾਂਡੇ ਵੰਡਣ ਦਾ ਕੰਮ ਸ਼ੁਰੂ ਹੋ ਜਾਵੇਗਾ।

No comments:

Post a Comment