Saturday, September 3, 2011

                                ਅਕਾਲੀ ਗੁਰੂ ਗੋਬਿੰਦ ਸਿੰਘ ਮਾਰਗ ਦਾ ਰਾਹ ਭੁੱਲੇ
                                                                     ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵੱਲੋਂ ਦਮਦਮਾ ਸਾਹਿਬ ਤੋਂ ਨਾਂਦੇੜ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਮਾਰਗ ਬਣਾਉਣ ਦਾ ਮਾਮਲਾ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ। ਅਕਾਲੀ ਸਰਕਾਰ ਨੇ ਹਕੂਮਤ ਸੰਭਾਲਣ ਮਗਰੋਂ ਇਹ ਮਾਰਗ ਬਣਾਉਣ ਲਈ ਸਰਗਰਮੀ ਵਿੱਢੀ ਸੀ। ਹੁਣ ਸਰਕਾਰ ਇਸ ਮਾਰਗ ਦੇ ਵਿਸਤਾਰ ਨੂੰ ਤਰਜ਼ੀਹੀ ਆਧਾਰ 'ਤੇ ਨਹੀਂ ਲੈ ਰਹੀ ਹੈ। ਮਰਹੂਮ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਆਪਣੇ ਰਾਜ ਭਾਗ ਸਮੇਂ ਸ੍ਰੀ ਆਨੰਦਪੁਰ ਸਾਹਿਬ ਤੋਂ ਤਖ਼ਤ ਦਮਦਮਾ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਸੀ। ਅਕਾਲੀ ਸਰਕਾਰ ਨੇ ਸਤੰਬਰ 2007 ਵਿੱਚ ਇਸ ਦਾ ਵਿਸਤਾਰ ਕਰਨ ਦਾ ਐਲਾਨ ਕੀਤਾ ਸੀ। ਸਰਕਾਰ ਨੇ ਇਕ ਟੀਮ ਦਾ ਗਠਨ ਵੀ ਕੀਤਾ ਸੀ, ਜਿਸ ਵੱਲੋਂ ਮਾਰਗ ਦੀ ਰੂਪ ਰੇਖਾ ਤਿਆਰ ਕੀਤੀ ਗਈ ਸੀ। ਚਾਰ ਸਾਲ ਬੀਤ ਗਏ ਹਨ ਪਰ ਸਰਕਾਰ ਨੇ ਮੁੜ ਇਸ ਮਾਰਗ ਦੀ ਗੱਲ ਨਹੀਂ ਛੇੜੀ। ਮੌਜੂਦਾ ਮਾਰਗ ਦੇ ਕਾਫੀ ਹਿੱਸੇ ਨੂੰ ਤਾਂ ਚੌੜਾ ਕਰ ਦਿੱਤਾ ਗਿਆ ਪਰ ਇਸ ਦਾ ਵਿਸਤਾਰ ਨਹੀਂ ਹੋ ਸਕਿਆ। ਪੰਜਾਬ ਸਰਕਾਰ ਵੱਲੋਂ ਇਸ ਦਾ ਕੇਸ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਸੀ।
            ਲੋਕ ਨਿਰਮਾਣ ਵਿਭਾਗ ਬਠਿੰਡਾ ਵੱਲੋਂ ਤਖ਼ਤ ਦਮਦਮਾ ਸਾਹਿਬ ਤੋਂ ਹਰਿਆਣਾ ਦੀ ਸਰਹੱਦ ਤੱਕ 12 ਕਿਲੋਮੀਟਰ ਸੜਕ ਬਣਾ ਦਿੱਤੀ ਗਈ ਹੈ। ਉਸ ਤੋਂ ਅੱਗੇ ਹਰਿਆਣਾ ਵਿੱਚੋਂ ਇਹ ਮਾਰਗ ਲੰਘਣਾ ਹੈ, ਜਿਸ ਕਰਕੇ ਕੰਮ ਵਿਚਾਲੇ ਰੁਕਿਆ ਪਿਆ ਹੈ। ਸਰਕਾਰ ਵੱਲੋਂ ਇਸ 12 ਕਿਲੋਮੀਟਰ ਸੜਕ 'ਤੇ 4.5 ਕਰੋੜ ਰੁਪਏ ਖਰਚੇ ਗਏ ਹਨ ਅਤੇ ਦਸੰਬਰ 2010 ਵਿੱਚ ਇਸ ਨੂੰ ਮੁਕੰਮਲ ਕਰ ਦਿੱਤਾ ਗਿਆ ਸੀ। ਬਠਿੰਡਾ ਦੇ ਪਿੰਡ ਮਲਕਾਣਾ ਅਤੇ ਗਾਟਵਾਲੀ ਵਿੱਚੋਂ ਦੀ ਇਹ ਮਾਰਗ ਅੱਗੇ ਜਾ ਰਿਹਾ ਹੈ। ਦਮਦਮਾ ਸਾਹਿਬ ਤੋਂ ਨਾਂਦੇੜ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਮਾਰਗ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚੋਂ ਦੀ ਬਣਨਾ ਸੀ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਹ ਪ੍ਰਾਜੈਕਟ ਸੜਕ ਮੰਤਰਾਲੇ ਨੂੰ ਭੇਜ ਦਿੱਤਾ ਗਿਆ ਸੀ। ਕੇਂਦਰ ਸਰਕਾਰ ਨੇ ਦੂਜੇ ਰਾਜਾਂ ਨਾਲ ਵੀ ਰਾਬਤਾ ਕਾਇਮ ਕੀਤਾ ਹੈ। ਸਰਕਾਰੀ ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਇਸ ਮਾਰਗ ਨੂੰ ਕੌਮੀ ਮਾਰਗ ਐਲਾਨਣ ਸਬੰਧੀ ਵੀ ਆਖਿਆ ਸੀ। ਕੇਂਦਰ ਸਰਕਾਰ ਨੇ ਇਸ ਲਈ ਰਜ਼ਾਮੰਦੀ ਦੇ ਦਿੱਤੀ ਸੀ। ਦਮਦਮਾ ਸਾਹਿਬ ਤੋਂ ਨਾਂਦੇੜ ਸਾਹਿਬ ਤੱਕ ਕਾਫੀ ਸੜਕ ਤਾਂ ਪਹਿਲਾਂ ਹੀ ਕੌਮੀ ਮਾਰਗ ਵਿੱਚ ਆਈ ਹੋਈ ਹੈ। ਹਰਿਆਣਾ ਰਾਜ ਵਿੱਚ ਇਸ ਦਾ ਕਾਫੀ ਹਿੱਸਾ ਲਿੰਕ ਸੜਕ ਦਾ ਭਾਗ ਹੈ।
          ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੂੰ ਇਹ ਕੰਮ ਤਰਜੀਹੀ ਆਧਾਰ 'ਤੇ ਕਰਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਿੱਖ ਧਰਮ ਦਾ ਪ੍ਰਚਾਰ ਵੀ ਹੋਵੇਗਾ। ਉਨ੍ਹਾਂ ਆਖਿਆ ਕਿ ਇਸ ਮਾਰਗ ਦੇ ਨਿਰਮਾਣ ਵਿੱਚ ਜੋ ਵੀ ਅੜਿੱਕੇ ਹਨ, ਉਨ੍ਹਾਂ ਨੂੰ ਪੰਜਾਬ ਸਰਕਾਰ ਫੌਰੀ ਦੂਰ ਕਰਾਏ। ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜਨੀਅਰ (ਸੜਕਾਂ) ਜੀ.ਆਰ. ਬੈਂਸ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਸ਼ੁਰੂ ਸ਼ੁਰੂ ਵਿੱਚ ਤਾਂ ਇਸ ਮਾਰਗ ਦੇ ਵਿਸਤਾਰ ਸਬੰਧੀ ਕੰਮ ਕੀਤਾ ਸੀ ਪਰ ਮਗਰੋਂ ਇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਫਿਲਹਾਲ ਤਾਂ ਇਸ ਦਾ ਕੰਮ ਰੁਕਿਆ ਹੋਇਆ ਹੈ। ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਵੱਲੋਂ ਇਹ ਗੱਲ ਹਮੇਸ਼ਾ ਉਭਾਰੀ ਜਾਂਦੀ ਹੈ ਅਤੇ ਸਿਆਸੀ ਲਾਹਾ ਲਿਆ ਜਾਂਦਾ ਹੈ ਕਿ ਕਾਂਗਰਸੀ ਹਕੂਮਤ ਸਮੇਂ ਆਨੰਦਪੁਰ ਸਾਹਿਬ ਤੋਂ ਤਖ਼ਤ ਦਮਦਮਾ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਮਾਰਗ ਬਣਿਆ ਸੀ। ਕਾਂਗਰਸ ਦੇ ਸਾਬਕਾ ਮੰਤਰੀ ਜਸਵੀਰ ਸਿੰਘ ਸੰਗਰੂਰ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਮਾਰਗ ਕਿਸੇ ਲਾਹੇ ਖਾਤਰ ਨਹੀਂ, ਸਗੋਂ ਗਿਆਨੀ ਜੈਲ ਸਿੰਘ ਨੇ ਇਕ ਭਾਵਨਾ ਨਾਲ ਬਣਾਇਆ ਸੀ। ਉਨ੍ਹਾਂ ਆਖਿਆ ਕਿ ਜੇ ਅਕਾਲੀ ਸਰਕਾਰ ਨੂੰ ਏਨੀ ਸ਼ਰਧਾ ਹੁੰਦੀ ਤਾਂ ਅੱਜ ਤੱਕ ਗੁਰੂ ਗੋਬਿੰਦ ਸਿੰਘ ਮਾਰਗ ਦੇ ਵਿਸਤਾਰ ਦਾ ਕੰਮ ਸਿਰੇ ਲੱਗ ਜਾਣਾ ਸੀ। ਉਨ੍ਹਾਂ ਆਖਿਆ ਕਿ ਅਕਾਲੀ ਸਰਕਾਰ ਨੂੰ ਇਕੱਲੀਆਂ ਗੱਲਾਂ ਨਹੀਂ, ਸਗੋਂ ਕੰਮ ਵੀ ਕਰਨੇ ਚਾਹੀਦੇ ਹਨ।
                                                ਮੌਜੂਦਾ ਸਥਿਤੀ ਬਾਰੇ ਪਤਾ ਨਹੀਂ: ਢੀਂਡਸਾ
ਲੋਕ ਨਿਰਮਾਣ ਵਿਭਾਗ ਪੰਜਾਬ ਦੇ ਵਜ਼ੀਰ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਵਿਸਤਾਰ ਨੂੰ ਕੌਮੀ ਮਾਰਗ ਐਲਾਨਣ ਦੀ ਗੱਲ ਮੰਨ ਲਈ ਸੀ। ਉਨ੍ਹਾਂ ਦੱਸਿਆ ਕਿ ਹਰਿਆਣਾ ਵਿੱਚ ਕੁਝ ਹਿੱਸਾ ਚੌੜਾ ਕਰਨ ਵਾਲਾ ਹੈ, ਜਿਸ ਕਰਕੇ ਇਸ ਮਾਰਗ ਦਾ ਵਿਸਤਾਰ ਰੁਕਿਆ ਪਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਹ ਅੜਿੱਕਾ ਦੂਰ ਕਰਨ ਵਾਸਤੇ ਹਰਿਆਣਾ ਦੇ ਲੋਕ ਨਿਰਮਾਣ ਵਿਭਾਗ ਦੇ ਵਜ਼ੀਰ ਨਾਲ ਵੀ ਰਾਬਤਾ ਕਾਇਮ ਕੀਤਾ ਸੀ। ਉਨ੍ਹਾਂ ਦੱਸਿਆ ਕਿ ਰਾਜਸਥਾਨ ਸਰਕਾਰ ਨੇ ਆਪਣੀ ਸਹਿਮਤੀ ਦੇ ਦਿੱਤੀ ਸੀ। ਹੁਣ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਨਹੀਂ ਅਤੇ ਨਾ ਹੀ ਕੇਂਦਰ ਸਰਕਾਰ ਨਾਲ ਮੁੜ ਇਸ ਸਬੰਧੀ ਗੱਲ ਹੋ ਸਕੀ ਹੈ।
                                                    ਮਾਰਗ 'ਤੇ ਖੁੱਲ੍ਹੇ ਸ਼ਰਾਬ  ਦੇ ਠੇਕੇ
ਆਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਜੋ ਗੁਰੂ ਗੋਬਿੰਦ ਸਿੰਘ ਮਾਰਗ ਹੈ, ਉਸ 'ਤੇ ਵੀ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਏ ਹਨ, ਜਿਨ੍ਹਾਂ ਨੂੰ ਬੰਦ ਕਰਾਉਣ ਵਾਸਤੇ ਸਰਕਾਰ ਨੇ ਕੁਝ ਨਹੀਂ ਕੀਤਾ। ਸਿੱਖ ਭਾਈਚਾਰੇ ਵੱਲੋਂ ਸਰਕਾਰ ਨੂੰ ਅਪੀਲਾਂ ਵੀ ਕੀਤੀਆਂ ਗਈਆਂ ਸਨ ਕਿ ਘੱਟੋ ਘੱਟ ਇਸ ਮਾਰਗ 'ਤੇ ਠੇਕੇ ਖੋਲ੍ਹਣ 'ਤੇ ਪਾਬੰਦੀ ਲਾਈ ਜਾਵੇ ਪਰ ਅਜਿਹਾ ਨਹੀਂ ਹੋ ਸਕਿਆ। ਇਹ ਮਾਰਗ ਕਈ ਥਾਵਾਂ ਤੋਂ ਟੁੱਟਿਆ ਪਿਆ ਹੈ। ਇਸ ਮਾਰਗ 'ਤੇ ਇਕੱਲੇ ਠੇਕੇ ਨਹੀਂ ਖੁੱਲ੍ਹੇ, ਸਗੋਂ ਠੇਕਿਆਂ ਦੇ ਵੱਡੇ ਮਸ਼ਹੂਰੀ ਬੋਰਡ ਵੀ ਲੱਗੇ ਹੋਏ ਹਨ। ਜੋ ਮਾਰਗ ਦੇ ਮੀਲ ਪੱਥਰ ਹਨ, ਉਹ ਵੀ ਟੁੱਟੇ ਪਏ ਹਨ, ਜਿਨ੍ਹਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਗਿਆ।

No comments:

Post a Comment