Wednesday, September 21, 2011

       ਭਗੌੜਿਆਂ ਨੂੰ ਫੜਨ ਵਾਲਾ ਖੁਦ ਭਗੌੜਾ
                                      ਚਰਨਜੀਤ ਭੁੱਲਰ
ਬਠਿੰਡਾ : ਭਗੌੜਿਆਂ ਨੂੰ ਫੜਨ ਵਾਲੇ ਪੁਲੀਸ ਇੰਸਪੈਕਟਰ ਨੂੰ ਖੁਦ ਭਗੌੜਾ ਕਰਾਰ ਦਿੱਤਾ ਹੋਇਆ ਹੈ। ਮਾਨਸਾ ਪੁਲੀਸ ਨੂੰ ਜਿਸ ਭਗੌੜੇ ਇੰਸਪੈਕਟਰ ਦੀ ਤਲਾਸ਼ ਹੈ,ਉਹ ਖੁਦ ਬਠਿੰਡਾ ਪੁਲੀਸ ਦੇ ਪੀ.ਓ. ਸਟਾਫ (ਭਗੌੜਿਆਂ ਨੂੰ ਫੜਨ ਵਾਲਾ ਸਟਾਫ) ਦਾ ਇੰਚਾਰਜ ਲੱਗਾ ਹੋਇਆ ਹੈ।  ਇਹ ਪੁਲੀਸ ਇੰਸਪੈਕਟਰ ਰੈਗੂਲਰ ਨੌਕਰੀ ਵੀ ਕਰ ਰਿਹਾ ਹੈ ਪਰ ਮਾਨਸਾ ਪੁਲੀਸ ਉਸ ਨੂੰ ਫੜਨ ਵਿੱਚ ਨਾਕਾਮ ਰਹੀ ਹੈ। ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਬੁਢਲਾਡਾ ਵੱਲੋਂ ਇੱਕ ਇਸਤਗਾਸਾ ਕੇਸ ਵਿੱਚ ਗੁਲਜ਼ਾਰ ਸਿੰਘ ਪੁਲੀਸ ਇੰਸਪੈਕਟਰ ਨੂੰ 3 ਮਾਰਚ 2011 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਇਸ ਮਗਰੋਂ ਬਠਿੰਡਾ ਪੁਲੀਸ ਨੇ ਉਸ ਨੂੰ ਪੀ.ਓ. ਸਟਾਫ ਦਾ ਇੰਚਾਰਜ ਲਗਾ ਦਿੱਤਾ ਸੀ। ਅਦਾਲਤ ਵੱਲੋਂ ਥਾਣਾ ਬੋਹਾ ਨੂੰ ਵੀ ਇਸ ਦੀ ਸੂਚਨਾ ਭੇਜੀ ਗਈ ਸੀ। ਜ਼ਿਲ੍ਹਾ ਪੁਲੀਸ ਬਠਿੰਡਾ ਵੱਲੋਂ ਇੰਸਪੈਕਟਰ ਗੁਲਜ਼ਾਰ ਸਿੰਘ ਨੂੰ 18 ਜੁਲਾਈ ਨੂੰ ਪੀ.ਓ. ਸਟਾਫ ਦਾ ਇੰਚਾਰਜ ਲਗਾਇਆ ਗਿਆ ਸੀ। ਉਸ ਮਗਰੋਂ ਉਸ ਦੀ ਬਦਲੀ 28 ਜੁਲਾਈ ਨੂੰ ਮੁਕਤਸਰ ਦੀ ਹੋ ਗਈ ਸੀ ਅਤੇ ਉਸ ਨੂੰ 1 ਅਗਸਤ ਨੂੰ ਰਿਲੀਵ ਕਰ ਦਿੱਤਾ ਗਿਆ ਸੀ ਤੇ ਮੁੜ 30 ਅਗਸਤ ਨੂੰ ਉਸ ਨੇ ਬਠਿੰਡਾ ਜੁਆਇਨ ਕਰ ਲਿਆ ਸੀ ਅਤੇ ਉਹ ਪੀ.ਓ. ਸਟਾਫ ਦੇ ਇੰਚਾਰਜ ਦੇ ਤੌਰ 'ਤੇ ਕੰਮ ਕਰ ਰਿਹਾ ਹੈ।
          ਬੁਢਲਾਡਾ ਅਦਾਲਤ ਵੱਲੋਂ ਉਸ ਨੂੰ ਪਿੰਡ ਰਾਮਪੁਰ ਮੰਡੇਰ ਜ਼ਿਲ੍ਹਾ ਮਾਨਸਾ ਵੱਲੋਂ ਪਾਈ ਪ੍ਰਾਈਵੇਟ ਸ਼ਿਕਾਇਤ (ਇਸਤਗਾਸਾ) ਦੇ ਸਬੰਧ ਵਿੱਚ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ। ਜਦੋਂ ਉਹ ਅਦਾਲਤ ਵਿੱਚ ਸਮੇਂ ਸਿਰ ਪੇਸ਼ ਨਾ ਹੋਇਆ ਤਾਂ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ। ਅਦਾਲਤ ਨੇ ਪੁਲੀਸ ਨੂੰ ਭਗੌੜੇ ਐਲਾਨੇ ਗੁਲਜ਼ਾਰ ਸਿੰਘ ਨੂੰ ਫੜ ਕੇ ਅਦਾਲਤ ਵਿੱਚ ਪੇਸ਼  ਕਰਨ ਦੇ ਹੁਕਮ ਦਿੱਤੇ ਸੀ ਪਰ ਪੁਲੀਸ ਵੱਲੋਂ ਇਸ ਪੀ.ਓ. ਨੂੰ ਫੜਨ ਲਈ ਕੁਝ ਨਹੀਂ ਕੀਤਾ। ਥਾਣਾ ਬੋਹਾ ਦੇ ਮੁੱਖ ਥਾਣਾ ਅਫਸਰ ਪ੍ਰਿਤਪਾਲ ਸਿੰਘ ਦਾ ਕਹਿਣਾ ਕਿ ਉਸ ਨੇ ਜੁਲਾਈ ਮਹੀਨੇ 'ਚ ਹੀ ਜੁਆਇਨ ਕੀਤਾ ਹੈ ਜਿਸ ਕਰਕੇ ਇਸ ਕੇਸ ਬਾਰੇ ਪਤਾ ਉਨ੍ਹਾਂ ਨੂੰ ਪਤਾ ਨਹੀਂ ਹੈ। ਜ਼ਿਲ੍ਹਾ ਮਾਨਸਾ ਦੇ ਐਸ.ਐਸ.ਪੀ. ਸੁਰਿੰਦਰਪਾਲ ਸਿੰਘ ਪਰਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਜ਼ਿਲ੍ਹੇ 'ਚ ਕਰੀਬ ਪੌਣੇ ਦੋ ਸੌ ਭਗੌੜੇ ਹਨ ਅਤੇ ਗੁਲਜ਼ਾਰ ਸਿੰਘ ਪੁਲੀਸ ਇੰਸਪੈਕਟਰ ਦੇ ਭਗੌੜੇ ਹੋਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
         ਲਿਖਤੀ ਰਿਕਾਰਡ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਮਪੁਰ ਮੰਡੇਰ ਦੇ ਬਜ਼ੁਰਗ ਰਾਮ ਚੰਦ ਸਿੰਘ ਨੇ ਗੁਲਜ਼ਾਰ ਸਿੰਘ ਪੁਲੀਸ ਇੰਸਪੈਕਟਰ, ਜੋ ਪਹਿਲਾਂ ਥਾਣਾ ਬੋਹਾ 'ਚ ਤਾਇਨਾਤ ਰਹੇ ਹਨ,ਖਿਲਾਫ 22 ਨਵੰਬਰ 2006 ਨੂੰ ਸ਼ਿਕਾਇਤ  ਨੰਬਰ 8 ਦਾਇਰ ਕੀਤੀ ਸੀ। ਅਦਾਲਤ ਵੱਲੋਂ 9 ਨਵੰਬਰ 2009 ਨੂੰ ਇਸ ਮਾਮਲੇ ਆਈ.ਪੀ.ਸੀ. ਦੀ ਧਾਰਾ 304, 342 ਤਹਿਤ ਗੁਲਜ਼ਾਰ ਸਿੰਘ ਨੂੰ ਸੰਮਨ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਬਜ਼ੁਰਗ ਰਾਮ ਚੰਦ ਸਿੰਘ ਦਾ ਲੜਕਾ ਗੁਰਮੇਲ ਸਿੰਘ ਮਾਰਿਆ ਗਿਆ ਸੀ। ਉਸ ਵਕਤ ਦੇ ਏ.ਐਸ.ਆਈ ਗੁਲਜ਼ਾਰ ਸਿੰਘ, ਜੋ ਹੁਣ ਇੰਸਪੈਕਟਰ ਹਨ, ਨੇ 1993 ਨੂੰ ਐਫ.ਆਈ.ਆਰ. ਨੰਬਰ 12 ਦਰਜ ਕਰਾਈ ਸੀ ਜਿਸ 'ਚ ਗੁਰਮੇਲ ਸਿੰਘ ਦੇ ਪੁਲੀਸ ਮੁਕਾਬਲੇ 'ਚ ਮਾਰੇ ਜਾਣ ਦੀ ਗੱਲ ਆਖੀ ਗਈ ਸੀ। ਬਜ਼ੁਰਗ ਰਾਮ ਚੰਦ ਸਿੰਘ ਨੇ ਇਸ ਘਟਨਾ ਮਗਰੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਨੰਬਰ 814 ਆਫ 1995 ਦਾਇਰ ਕਰ ਦਿੱਤੀ ਸੀ। ਹਾਈ ਕੋਰਟ ਨੇ ਪੱਤਰ ਨੰਬਰ 50925 ਮਿਤੀ 22 ਸਤੰਬਰ 1996 ਅਤੇ ਪੱਤਰ ਨੰਬਰ 66767 ਮਿਤੀ 21 ਦਸੰਬਰ 1996 ਰਾਹੀਂ ਸੈਸ਼ਨ ਜੱਜ ਬਠਿੰਡਾ ਨੂੰ ਇਸ ਮਾਮਲੇ ਦੀ ਪੜਤਾਲ ਕਰਨ ਦੀ ਹਦਾਇਤ ਕੀਤੀ ਸੀ। ਸੈਸ਼ਨ ਜੱਜ ਬਠਿੰਡਾ ਵੱਲੋਂ ਮਾਮਲੇ ਦੀ ਪੜਤਾਲ ਰਿਪੋਰਟ 31  ਮਈ 1997 ਨੂੰ ਦੇ ਦਿੱਤੀ ਸੀ ਜਿਸ 'ਚ ਸਾਫ ਲਿਖਿਆ ਗਿਆ ਸੀ ਕਿ ਏ.ਐਸ.ਆਈ. ਗੁਲਜ਼ਾਰ ਸਿੰਘ ਨੇ ਗੁਰਮੇਲ ਸਿੰਘ ਨੂੰ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ ਵਿੱਚ ਰੱਖਿਆ ਸੀ। ਗੁਰਮੇਲ ਸਿੰਘ ਮੁਕਾਬਲੇ 'ਚ ਨਹੀਂ ਮਰਿਆ ਜਿਵੇਂ ਪੁਲੀਸ ਨੇ ਐਫ.ਆਈ.ਆਰ. ਨੰਬਰ 12 ਮਿਤੀ 16 ਮਾਰਚ 1993 ਵਿੱਚ ਆਖਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਪੜਤਾਲ ਰਿਪੋਰਟ ਦੇ ਆਧਾਰ 'ਤੇ 26 ਫਰਵਰੀ 2002 ਨੂੰ ਮਾਨਸਾ ਪੁਲੀਸ ਨੂੰ ਹੁਕਮ ਜਾਰੀ ਕਰ ਦਿੱਤੇ ਸਨ ਕਿ ਗੁਰਮੇਲ ਸਿੰਘ ਨੂੰ ਪੁਲੀਸ ਹਿਰਾਸਤ ਵਿੱਚ ਮਾਰਿਆ ਗਿਆ ਹੈ, ਜਿਸ ਕਰਕੇ ਮ੍ਰਿਤਕ ਗੁਰਮੇਲ ਸਿੰਘ ਦੇ ਬਾਪ ਰਾਮ ਚੰਦ ਸਿੰਘ ਨੂੰ ਇੱਕ ਲੱਖ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ।
          ਜ਼ਿਲ੍ਹਾ ਪੁਲੀਸ ਮਾਨਸਾ ਨੇ ਇਨ੍ਹਾਂ ਹੁਕਮਾਂ ਦੇ ਆਧਾਰ 'ਤੇ 9 ਅਕਤੂਬਰ 2002 ਨੂੰ ਐਫ.ਆਈ.ਆਰ. 97 ਤਹਿਤ ਏ.ਐਸ.ਆਈ. ਗੁਲਜ਼ਾਰ ਸਿੰਘ 'ਤੇ ਪੁਲੀਸ ਕੇਸ ਦਰਜ ਕਰ ਲਿਆ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਮਗਰੋਂ ਪੁਲੀਸ ਨੇ ਬੜੇ ਹੀ ਯੋਜਨਾਬੰਦ ਤਰੀਕੇ ਨਾਲ ਐਫ.ਆਈ. ਆਰ. ਕੈਂਸਲ ਕਰ ਦਿੱਤੀ। ਕੈਂਸਲੇਸ਼ਨ ਲਈ ਰਾਮ ਚੰਦ ਦਾ ਹਲਫੀਆ ਬਿਆਨ ਵੀ ਪੇਸ਼ ਕੀਤਾ ਗਿਆ। ਜਦੋਂ ਕੈਂਸਲੇਸ਼ਨ ਦਾ ਨੋਟਿਸ ਰਾਮ ਚੰਦ ਨੂੰ ਹੋਇਆ ਤਾਂ ੳਸ ਨੇ ਕੈਂਸਲੇਸ਼ਨ ਰਿਪੋਰਟ 'ਤੇ ਅਸਹਿਮਤੀ ਜ਼ਾਹਰ ਕਰ ਦਿੱਤੀ। ਰਾਮ ਚੰਦ ਦਾ ਕਹਿਣਾ ਸੀ ਕਿ ਉਸ ਨੇ ਕਿਸੇ ਵੀ ਹਲਫੀਆ ਬਿਆਨ 'ਤੇ ਦਸਤਖਤ ਨਹੀਂ ਕੀਤੇ ਹਨ। ਉਸ ਨੂੰ ਜਦੋਂ ਮੁਆਵਜ਼ਾ ਰਾਸ਼ੀ ਦਿੱਤੀ ਗਈ ਸੀ,ਉਦੋਂ ਖਾਲੀ ਕਾਗਜ਼ਾਂ 'ਤੇ ਦਸਤਖਤ ਕਰਾਏ ਗਏ ਸਨ। ਆਖਰ ਬਜ਼ੁਰਗ ਰਾਮ ਚੰਦ ਨੇ ਅਦਾਲਤ ਵਿਚ ਇਸਤਗਾਸਾ ਦਾਇਰ ਕਰ ਦਿੱਤਾ। ਜਿਸ ਦੇ ਅਧਾਰ 'ਤੇ ਅਦਾਲਤ ਨੇ ਇੰਸਪੈਕਟਰ ਗੁਲਜ਼ਾਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਹੁਕਮ ਕੀਤੇ। ਜਦੋਂ ਗੁਲਜ਼ਾਰ ਸਿੰਘ ਪੇਸ਼ ਨਾ ਹੋਏ ਤਾਂ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ। ਮਾਨਸਾ ਪੁਲੀਸ ਨੇ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਵਿਅਕਤੀ ਨੂੰ ਫੜਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਬਠਿੰਡਾ ਪੁਲੀਸ ਨੇ ਉਲਟਾ ਗੁਲਜ਼ਾਰ ਸਿੰਘ ਨੂੰ ਪੀ.ਓ. ਸਟਾਫ ਵਿਚ ਹੀ ਇੰਚਾਰਜ ਤਾਇਨਾਤ ਕਰ ਦਿੱਤਾ।
         ਦੂਸਰੇ ਪਾਸੇ ਇੰਸਪੈਕਟਰ ਗੁਲਜ਼ਾਰ ਸਿੰਘ ਦਾ ਕਹਿਣਾ ਸੀ ਕਿ ਅਦਾਲਤ ਵੱਲੋਂ ਪੀ.ਓ. ਕਰਾਰ ਦਿੱਤੇ ਜਾਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਹੇ। ਉਨ੍ਹਾਂ ਦੱਸਿਆ ਕਿ ਇਸ ਇਸਤਗਾਸਾ ਕੇਸ ਦੇ ਮਾਮਲੇ 'ਚ ਉਸ ਨੂੰ ਸੁਪਰੀਮ ਕੋਰਟ ਵੱਲੋਂ ਸਟੇਅ ਮਿਲ ਗਈ ਹੈ। ਉਹ ਅੱਜ ਕੱਲ੍ਹ ਪੀ.ਓ. ਸਟਾਫ 'ਚ ਤਾਇਨਾਤ ਹਨ। ਉਨ੍ਹਾਂ ਆਪਣਾ ਹੋਰ ਪੱਖ ਦੇਣ ਤੋਂ ਇਨਕਾਰ ਕਰ ਦਿੱਤਾ।

No comments:

Post a Comment