Wednesday, October 26, 2011

         ਏਥੇ ਦੀਵੇ ਬਲਦੇ ਦੁੱਖਾਂ ਦੇ...
                      ਚਰਨਜੀਤ ਭੁੱਲਰ
ਬਠਿੰਡਾ : ਜਦੋਂ ਸਰਕਾਰੀ ਇਰਾਦਾ ਮਾੜਾ ਹੋਵੇ ਤਾਂ ਕੇਸ ਇਰਾਦਾ ਕਤਲ ਦਾ ਹੀ ਬਣਦਾ ਹੈ। ਨਾ ਫਿਰ ਕਸੂਰ ਦੇਖਿਆ ਜਾਂਦਾ ਹੈ ਤੇ ਨਾ ਹੀ ਕਿਸੇ ਬੱਚੇ ਬੱਚੀ ਦਾ ਭਵਿੱਖ। ਸਕੂਲ ਪੜ੍ਹਦੀ ਬੱਚੀ ਸੁਖਦੀਪ ਨੂੰ ਥਾਣੇ ਦਾ ਮੂੰਹ ਦਿਖਾ ਦਿੱਤਾ ਗਿਆ ਹੈ। ਜਦੋਂ ਹੁਕਮ ਉਪਰੋਂ ਆਏ ਹੋਣ ਤਾਂ ਥਾਣੇਦਾਰ ਦੀ ਕਲਮ ਵੀ ਲੇਖ ਕਾਲੇ ਹੀ ਲਿਖਦੀ ਹੈ। ਬੱਚੀ ਸੁਖਦੀਪ ਕੌਰ 'ਤੇ  ਇਰਾਦਾ ਕਤਲ ਦਾ ਕੇਸ ਬਣਿਆ ਹੈ। ਉਹ ਵੀ ਬਿਨ੍ਹਾਂ ਕਸੂਰੋਂ। ਜੋ ਇਸ ਬੱਚੀ ਦੇ ਅਰਮਾਨ ਕਤਲ ਹੋਏ ਹਨ,ਉਨ੍ਹਾਂ ਦਾ ਕੋਈ ਲੇਖਾ ਨਹੀਂ। ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਦੀ ਇਹ ਧੀਅ ਹੁਣ ਕਿਸ ਦਰ ਜਾਵੇ। ਏਨਾ ਕੁ ਕਸੂਰ ਉਸ ਦਾ ਹੈ ਕਿ ਉਹ 'ਜ਼ਮੀਨ ਨਹੀਂ ਦਿਆਂਗੇ' ਉਚੀ ਅਵਾਜ਼ 'ਚ ਆਖ ਬੈਠੀ। ਮਾਮਲਾ ਇਰਾਦਾ ਕਤਲ ਦਾ ਬਣ ਗਿਆ। ਉਸ ਦੇ ਬਾਪ ਸਿਰ ਪੰਜ ਲੱਖ ਦਾ ਖੇਤੀ ਕਰਜ਼ਾ ਹੈ। ਸਰਕਾਰੀ ਅੱਖ ਉਨ੍ਹਾਂ ਦੀ ਜ਼ਮੀਨ 'ਤੇ ਟਿਕੀ ਹੋਈ ਹੈ। ਇਸ ਬੱਚੀ ਨੂੰ ਹੁਣ ਫਿਕਰ ਪੜਣ ਲਿਖਣ ਦਾ ਨਹੀਂ,ਬਾਪ ਦੀ ਪੈਲੀ ਖੁਸਣ ਦਾ ਸਿਰ 'ਤੇ ਭਾਰ ਹੈ। ਬਾਪ ਦੀ ਪੱਗ ਲਈ ਉਸ ਨੇ ਹਵਾਲਾਤ ਵੀ ਵੇਖ ਲਿਆ ਹੈ। ਜਦੋਂ ਮਸਲੇ ਵੱਡੇ ਬਣ ਜਾਣ ਤਾਂ ਫਿਰ ਥਾਣੇ ਵੀ ਛੋਟੇ ਲੱਗਦੇ ਹਨ। ਲੋਕ ਰਾਜੀ ਸਰਕਾਰ ਲੋਕਾਂ ਦਾ ਚਿਹਰਾ ਪੜ੍ਹਦੀ ਤਾਂ ਇਸ ਬੱਚੀ ਨੂੰ ਥਾਣਾ ਨਾ ਦੇਖਣਾ ਪੈਂਦਾ। ਇਸ ਬੱਚੀ ਦਾ ਬਾਪ ਤਾਪ ਬਿਜਲੀ ਘਰ ਲਈ 'ਪਿਉਨਾ ਕੰਪਨੀ' ਨੂੰ ਆਪਣੇ ਖੇਤ ਨਹੀਂ ਦੇਣਾ ਚਾਹੁੰਦਾ। ਨਾ ਉਹ ਚੈਕ ਲੈਂਦਾ ਹੈ। ਤਾਹੀਂ ਉਹ ਪੁਲੀਸ ਦੀ ਅੱਖ ਦੀ ਰੜ੍ਹਕ ਬਣ ਗਿਆ ਹੈ।  ਸਬਕ ਸਿਖਾਉਣ ਖਾਤਰ ਇਹੋ ਰੜ੍ਹਕ ਉਸ ਦੀ ਬੱਚੀ 'ਤੇ ਕੱਢ ਦਿੱਤੀ ਗਈ ਹੈ। ਗੋਬਿੰਦਪੁਰਾ ਦੇ ਜ਼ਮੀਨੀ ਮਸਲੇ ਦਾ ਅੰਤ ਕੋਈ ਵੀ ਹੋਵੇ ਲੇਕਿਨ ਦਰਜ਼ਨਾਂ ਧੀਆਂ ਦੇ ਇਹ ਜਖਮ ਜ਼ਿੰਦਗੀ ਭਰ ਰਿਸਦੇ ਰਹਿਣਗੇ।
          ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕੁਰਸੀ ਸੰਭਾਲਣ ਮਗਰੋਂ ਵਾਅਦਾ ਕੀਤਾ ਗਿਆ ਸੀ ਕਿ 'ਕਿਸੇ ਔਰਤ ਨੂੰ ਥਾਣੇ ਨਹੀਂ ਸੱਦਿਆ ਜਾਏਗਾ।' ਗੋਬਿੰਦਪੁਰਾ ਦੀ 19 ਵਰ੍ਹਿਆਂ ਦੀ ਜਵਾਨ ਧੀਅ ਅਮਨਪ੍ਰੀਤ ਕੌਰ ਨੂੰ ਜ਼ਿਲ੍ਹੇ ਦਾ ਹਰ ਥਾਣਾ ਦਿਖਾ ਦਿੱਤਾ ਗਿਆ ਹੈ। ਪੁਲੀਸ ਨੇ ਪੰਜ ਦਫਾ ਉਸ ਨੂੰ ਹਵਾਲਾਤ ਡੱਕਿਆ ਹੈ। ਉਸ ਮਗਰੋਂ ਬਠਿੰਡਾ ਜੇਲ੍ਹ ਦੀ ਵਿਖਾ ਦਿਤੀ ਹੈ। ਬੁਢਲਾਡਾ ਦੇ ਗੁਰੂ ਨਾਨਕ ਕਾਲਜ 'ਚ ਬੀ.ਏ ਭਾਗ ਦੂਜਾ 'ਚ ਪੜ੍ਹਦੀ ਅਮਨਪ੍ਰੀਤ 'ਤੇ ਹੁਣ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਉਹ ਆਖਦੀ ਹੈ ਕਿ ਮੁੱਖ ਮੰਤਰੀ ਤਾਂ ਆਪਣਾ ਵਾਅਦਾ ਭੁੱਲ ਗਏ ਪ੍ਰੰਤੂ ਉਹ ਪੁਲੀਸ ਕੇਸ ਦੇ ਦਾਗ ਨੂੰ ਕਦੇ ਨਹੀਂ ਭੁੱਲੇਗੀ। ਉਸ ਦੀ ਵੱਡੀ ਭੈਣ ਗਗਨਪ੍ਰੀਤ ਕੌਰ ਅਧਿਆਪਕ ਬਣਨਾ ਚਾਹੁੰਦੀ ਸੀ। ਪੁਲੀਸ ਨੇ ਉਸ ਨੂੰ ਮੁਜ਼ਰਮ ਬਣਾ ਦਿੱਤਾ ਹੈ। ਇਨ੍ਹਾਂ ਭੈਣਾਂ ਦੀ ਮਾਂ ਤੇ ਬਾਪ ਤੋਂ ਬਿਨ੍ਹਾਂ ਭਰਾ ਅਤੇ 70 ਵਰ੍ਹਿਆਂ ਦੀ ਦਾਦੀ 'ਤੇ ਵੀ ਪੁਲੀਸ ਕੇਸ ਬਣਾ ਦਿੱਤਾ ਗਿਆ ਹੈ। ਇਨ੍ਹਾਂ ਧੀਆਂ ਦਾ ਕਹਿਣਾ ਹੈ ਕਿ 'ਜ਼ਮੀਨ ਸਾਡੀ ਮਾਂ ਹੈ,ਜਦੋਂ ਮਾਂ ਹੀ ਹੱਥੋਂ ਚਲੀ ਗਈ,ਫਿਰ ਜੀਵਨ ਕਾਹਦਾ।' ਇਹ ਪਰਿਵਾਰ ਪਿਉਨਾ ਕੰਪਨੀ ਨੂੰ ਜ਼ਮੀਨ ਨਹੀਂ ਦੇਣਾ ਚਾਹੁੰਦਾ। ਉਨ੍ਹਾਂ ਦੇ ਬਾਪ ਗੁਰਲਾਲ ਸਿੰਘ 'ਤੇ ਤਾਂ ਕਈ ਪਰਚੇ ਦਰਜ ਕੀਤੇ ਗਏ ਹਨ। ਇਸ ਪਿੰਡ ਦੀ ਸਕੂਲੀ ਬੱਚੀ ਹਰਪ੍ਰੀਤ ਕੌਰ ਨੇ ਮਈ 2009 ਦੀ ਲੋਕ ਸਭਾ ਚੋਣ ਤੋਂ ਪਹਿਲਾਂ ਆਪਣੇ ਪਿੰਡ 'ਚ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਔਰਤਾਂ ਨਾਲ ਚੁੰਨੀਆਂ ਵਟਾਉਂਦੀ ਨੂੰ ਦੇਖਿਆ ਹੈ। ਹੁਣ ਇਹ ਬੱਚੀ ਉਹੀ ਚੁੰਨੀ ਪੁਲੀਸ ਹੱਥੋਂ ਲੀਰੋ ਲੀਰ ਹੁੰਦੀ ਵੇਖ ਰਹੀ ਹੈ। ਬੱਚੀ ਆਖਦੀ ਹੈ ਕਿ ਨੰਨ੍ਹੀ ਛਾਂ ਸਾਡਾ ਨਹੀਂ ਤਾਂ ਸਾਡੀ ਚੁੰਨੀ ਦਾ ਹੀ ਵਚਨ ਨਿਭਾ ਦਿੰਦੀ। ਪੁਲੀਸ ਨੇ ਇਸ ਬੱਚੀ ਨੂੰ ਵੀ ਇਰਾਦਾ ਕਤਲ 'ਚ ਫਸਾ ਦਿੱਤਾ ਹੈ।
ਬਾਪ ਦੀ ਉਮਰ ਤੋਂ ਵੱਡੇ ਥਾਣੇਦਾਰਾਂ ਨੇ ਇਨ੍ਹਾਂ ਬੱਚੀਆਂ ਨਾਲ ਕੋਈ ਲਿਹਾਜ ਨਹੀਂ ਕੀਤੀ। ਇਸ ਪਰਿਵਾਰ ਨੇ ਦੱਸਿਆ ਕਿ ਪਹਿਲਾਂ ਪੁਲੀਸ ਨੇ ਉਨ੍ਹਾਂ ਦੇ ਦੋ ਏਕੜ ਹਰੇ ਝੋਨੇ 'ਤੇ ਦਵਾਈ ਛਿੜਕਾ ਦਿੱਤੀ। ਜਦੋਂ ਉਹ ਆਪਣੀ ਜੱਦੀ ਪੁਸ਼ਤੀ ਜਾਇਦਾਦ ਨੂੰ ਬਚਾਉਣ ਤੋਂ ਪਿਛੇ ਨਾ ਹਟੇ ਤਾਂ ਉਨ੍ਹਾਂ ਦੀ ਸਕੂਲ ਪੜ੍ਹਦੀ ਬੱਚੀ 'ਤੇ ਪੁਲੀਸ ਕੇਸ ਪਾ ਦਿੱਤਾ। ਏਦਾ ਹੀ 18 ਵਰ੍ਹਿਆਂ ਦੀ ਲੜਕੀ ਸੁਖਦੀਪ ਕੌਰ ਨਾਲ ਹੋਈ ਹੈ। ਉਹ ਤਾਂ ਕਿਸੇ ਸੰਘਰਸ਼ ਦੇ ਰਾਹ ਵੀ ਨਹੀਂ ਪਈ ਸੀ ਲੇਕਿਨ ਫਿਰ ਵੀ ਉਸ 'ਤੇ ਇਰਾਦਾ ਕਤਲ ਦਾ ਕੇਸ ਦਰਜ ਕਰ ਦਿੱਤਾ ਗਿਆ ਹੈ।
          ਪਿੰਡ ਗੋਬਿੰਦਪੁਰਾ ਦੀ ਜੂਹ ਤੋਂ ਇਹ ਸਭ ਕੁਝ ਝੱਲਿਆ ਨਹੀਂ ਜਾ ਰਿਹਾ ਹੈ। ਇਸ ਜੂਹ ਨੇ ਪਿੰਡ 'ਚ ਹਾਸੇ ਠੱਠੇ ਦੇਖੇ ਹਨ। ਖੇਤਾਂ 'ਚ ਫਸਲਾਂ ਦੇ ਚੋਝ ਦੇਖੇ ਹਨ। ਪਿਪਲਾਂ 'ਤੇ ਪੀਘਾਂ ਝੂਟਦੀਆਂ ਧੀਆਂ ਨੂੰ ਦੇਖਿਆ ਹੈ। ਸਕੂਲ ਜਾਂਦੀਆਂ ਬੱਚੀਆਂ ਦੀ ਪੈੜ ਚਾਲ ਵੀ ਨਿੱਤ ਸੁਣੀ ਹੈ। ਸਰਕਾਰਾਂ ਨੂੰ ਸ਼ਰਮ ਹੁੰਦੀ ਤਾਂ ਇਸ ਪਿੰਡ ਨਾਲ ਹਾਸੇ ਰੁੱਸਣੇ ਨਹੀਂ ਸਨ। ਗੋਬਿੰਦਪੁਰਾ ਸ਼ਰਮ 'ਚ ਜ਼ਰੂਰ ਡੁੱਬਾ ਹੋਇਆ ਹੈ। ਦਿਨ ਰਾਤ ਪੁਲੀਸ ਦਾ ਪਹਿਰਾ ਉਸ ਦਾ ਧਰਵਾਸ ਤੋੜ ਰਿਹਾ ਹੈ। ਧੀਆਂ ਭੈਣਾਂ ਪਿਛੇ ਦੌੜਦੀ ਪੁਲੀਸ ਨੂੰ ਦੇਖ ਕੇ ਉਹ ਵਾਰਸ ਸਾਹ ਨੂੰ ਸੱਦਣੋ ਬੇਵੱਸ ਹੈ। ਘੋੜ ਸਵਾਰ ਪੁਲੀਸ ਦੀ ਗਲੀਆਂ'ਚ ਨਿੱਤ ਹੁੰਦੀ ਦਗੜ ਦਗੜ ਦੇਖਣੀ ਉਸ ਦੇ ਭਾਗ ਹੀ ਬਣ ਗਏ ਹਨ। ਗੋਬਿੰਦਪੁਰਾ ਨੇ ਆਹ ਦਿਨ ਵੀ ਵੇਖਣੇ ਸਨ। ਗੋਬਿੰਦਪੁਰਾ ਨੂੰ ਮਾਣ ਵੀ ਜ਼ਰੂਰ ਹੈ ਕਿ ਉਸ ਦਾ ਹਰ ਨਿਆਣਾ ਸਿਆਣਾ ਹੱਕ ਲਈ ਲੜਣਾ ਜਾਣਦਾ ਹੈ। ਕਿਸਾਨ ਤੇ ਮਜ਼ਦੂਰ ਧਿਰਾਂ ਇਸ ਪਿੰਡ ਦੀ ਰਾਖੀ ਲਈ ਉਤਰੀਆਂ ਹਨ। ਹੁਣ ਸੋਖਾ ਨਹੀਂ ਖੇਤਾਂ ਦਾ ਪੁੱਤਾਂ ਨੂੰ ਖੇਤਾਂ ਤੋਂ ਵਿਰਵੇ ਕਰਨਾ। ਪੁਲੀਸ ਨੂੰ ਹੁਣ ਪਿੰਡ ਦੀ ਹਰ ਧੀਅ ਚੋਂ 'ਝਾਂਸੀ ਦੀ ਰਾਣੀ' ਦਾ ਝਉਲਾ ਪੈਂਦਾ ਹੈ।
          ਜ਼ਿੰਦਗੀ ਦੀ ਢਲਦਾ ਪ੍ਰਛਾਵਾ ਵੀ ਜੇਲ੍ਹ ਵੇਖ ਚੁੱਕਾ ਹੈ। 70 ਵਰ੍ਹਿਆਂ ਦੀ ਬੇਬੇ ਗੁਰਦੇਵ ਕੌਰ ਚੰਗੀ ਤਰ੍ਹਾਂ ਤੁਰ ਫਿਰ ਵੀ ਨਹੀਂ ਸਕਦੀ। ਪੁਲੀਸ ਆਖਦੀ ਹੈ ਕਿ ਉਸ ਨੇ ਤਾਂ ਕਤਲ ਕਰ ਦੇਣਾ ਸੀ। ਉਸ ਉਪਰ ਧਾਰਾ 307 ਦਾ ਕੇਸ ਦਰਜ ਕਰ ਦਿੱਤਾ ਹੈ। ਪੋਤਿਆਂ ਲਈ ਜ਼ਮੀਨ ਬਚ ਜਾਏ,ਇਹੋ ਉਸ ਦੀ ਆਖਰੀ ਇੱਛਾ ਹੈ। ਮੁਢ ਕਦੀਮ ਤੋਂ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਨੂੰ ਹਵਾਲਾਤ ਦੇਖਣੇ ਪੈਣਗੇ। ਉਹ ਤਾਂ ਪੁਲੀਸ ਦੀ ਡਾਂਗ ਵੀ ਝੱਲ ਚੁੱਕੀ ਹੈ। ਕਿਉਂਕਿ ਉਹ ਕਿਸਾਨ ਨੇਤਾ ਗੁਰਲਾਲ ਸਿੰਘ ਦੀ ਮਾਂ ਹੈ। 72 ਵਰ੍ਹਿਆਂ ਦੀ ਵਿਧਵਾ ਔਰਤ ਅਮਰਜੀਤ ਕੌਰ ਤੇ ਉਸ ਦੀ 56 ਸਾਲ ਦੀ ਵਿਧਵਾ ਭੈਣ ਸੁਖਦੇਵ ਕੌਰ ਲਈ ਇਹ ਦੁੱਖ ਕੋਈ ਨਵੇਂ ਨਹੀਂ ਹਨ। ਅਮਰਜੀਤ ਕੌਰ ਦਾ ਪਤੀ ਜੱਗਾ ਸਿੰਘ ਇਸ ਜਹਾਨੋ ਚਲਾ ਗਿਆ ਹੈ। ਜਦੋਂ ਅਮਰਜੀਤ ਕੌਰ ਦੇ ਘਰ ਔਲਾਦ ਨਾ ਹੋਈ ਤਾਂ ਉਹ ਆਪਣੀ ਛੋਟੀ ਭੈਣ ਨੂੰ ਸੁਖਦੇਵ ਕੌਰ ਨੂੰ ਆਪਣੇ ਘਰ ਲੈ ਆਈ। ਪਰ ਉਸ ਦੇ ਵੀ ਔਲਾਦ ਨਾ ਹੋਈ। ਹੁਣ ਵਿਧਵਾ ਭੈਣਾਂ ਦੀ ਸੱਤ ਏਕੜ ਜ਼ਮੀਨ ਐਕੁਆਇਰ ਕਰ ਲਈ ਗਈ ਹੈ। ਭਾਵੇਂ ਉਨ੍ਹਾਂ ਦੇ ਔਲਾਦ ਤਾਂ ਨਹੀਂ ਹੋਈ ਲੇਕਿਨ ਜੱਗੇ ਜੱਟ ਦੀ ਆਖਰੀ ਨਿਸ਼ਾਨੀ ਜ਼ਮੀਨ ਨੂੰ ਬਚਾਉਣ ਲਈ ਇਨ੍ਹਾਂ ਭੈਣਾਂ ਨੂੰ ਪੁਲੀਸ ਦਾ ਕੋਈ ਭੈਅ ਨਹੀਂ ਰਿਹਾ। ਇਰਾਦਾ ਕਤਲ ਦੇ ਕੇਸ ਵੀ ਉਨ੍ਹਾਂ ਦੇ ਜਜਬਾ ਨਹੀਂ ਤੋੜ ਸਕੇ ਹਨ। ਬਿਰਧ ਸੁਰਜੀਤ ਕੌਰ ਦਾ ਸਿਰੜ ਦੇਖੇ। ਉਹ ਆਖਦੀ ਹੈ ਕਿ 50 ਵਰ੍ਹੇ ਪਹਿਲਾਂ ਪਿੰਡ ਗੋਬਿੰਦਪੁਰਾ 'ਚ ਡੋਲੀ 'ਚ ਬੈਠ ਕੇ ਆਈ ਸੀ,ਹੁਣ ਅਰਥੀ ਵੀ ਇਸੇ ਪਿੰਡ ਚੋਂ ਉਠੇਗੀ ਪਰ ਜ਼ਮੀਨ ਨਹੀਂ ਛੱਡਾਂਗੇ।
           ਭਾਵੇਂ ਇਹ ਮਸਲਾ ਦੇਰ ਸਵੇਰ ਕਿਵੇਂ ਵੀ ਸੁਲਝ ਜਾਏ ਪ੍ਰੰਤੂ ਇਸ ਮਸਲੇ ਦੀ ਚੀਸ ਜਵਾਨ ਧੀਆਂ ਦੇ ਹਮੇਸ਼ਾ ਪੈਂਦੀ ਰਹੇਗੀ। ਇਹੋ ਚੀਸ ਬੁਢਾਪੇ ਦੇ ਅੰਤਲੇ ਸਾਹ ਤੱਕ ਸਾਹ ਬਣ ਕੇ ਹੀ ਚੱਲੇਗੀ। ਹੁਣ ਤੁਸੀਂ ਹੀ ਦੱਸੋ ਕਿ ਜਿਸ ਪਿੰਡ 'ਤੇ ਪਹਾੜ੍ਹ ਡਿੱਗੇ ਹੋਣ,ਉਹ ਕਿਵੇਂ ਬਨੇਰਿਆਂ 'ਤੇ ਦੀਪ ਬਾਲਣ। ਜਿਨ੍ਹਾਂ ਦੇ ਘਰ ਹੀ ਨਹੀਂ ਰਹੇ, ਉਹ ਦੀਵੇ ਕਿਥੇ ਰੱਖਣ। ਮਸਲੇ ਦੇ ਹੱਲ ਤੱਕ ਇਸ ਪਿੰਡ 'ਚ ਹਰ ਦੀਵਾਲੀ ਦੁੱਖਾਂ ਦੇ ਦੀਪ ਹੀ ਬਲਣਗੇ। ਲੋੜ ਇਸ ਗੱਲ ਦੀ ਹੈ ਕਿ ਦੀਵਾਲੀ ਦੀ ਰੋਸਨੀ ਤੋਂ ਹੀ ਸਰਕਾਰ ਕੁਝ ਸਿਖ ਲਵੇ। ਇਸ ਪਿੰਡ ਦੇ ਦੁੱਖਾਂ ਦਾ ਚਿਹਰਾ ਪੜ੍ਹ ਲਵੇ ਤਾਂ ਜੋ ਪੰਜਾਬ ਦੇ ਕਿਸੇ ਹੋਰ ਪਿੰਡ ਨੂੰ ਪੁਲੀਸ ਦਾ ਪਹਿਰਾ ਨਾ ਝੱਲਣਾ ਪਵੇ।

1 comment:

  1. ਕੀ ਹੋਇਆ ਜੇ ਗੋਬਿੰਦ ਪੂਰਾ ਦੇ ਬਨੇਰਿਆ ਤੇ ਇਸ ਬਾਰ ਦੀਪ ਨਹੀ ਜਗਨ ਗੇ ਤਾਂ, ਗੋਬਿੰਦ ਪੂਰੇ DA ਬਚਾ ਬਚਾ ਇਕ ਦੀਪ ਹੈ ਹਰ ਲੜਕੀ ਇਕ ਦੀਪ ਹੈ ਜੋ ਝਾੰਸੀ ਦੀ ਰਾਨੀ ਬਣ ਕੇ ਸਦਾ ਜਗਦੀ ਰਹੇ ਗੀ. ਭੁੱਲਰ ਸਾਹਿਬ ਨੇ ਇਹਨਾ ਦੀਪਕਾ ਦੀ ਦਾਸਤਾਨ ਬਿਆਨ ਕਰਕੇ ਇਹਨਾ ਨੂ ਵਿਸ਼ਵ ਦੀਪ ਬਣਾ ਦਿੱਤਾ ਹੈ.

    ReplyDelete