Saturday, November 5, 2011

     ਚੋਣਾਂ ਨੇ ਕਬੱਡੀ ਕੱਪ ਮਹਿੰਗਾ ਕੀਤਾ।
                             ਚਰਨਜੀਤ ਭੁੱਲਰ
ਬਠਿੰਡਾ : ਚੋਣਾਂ ਦੀ ਰੁੱਤ ਨੇ ਦੂਸਰਾ ਵਿਸ਼ਵ ਕਬੱਡੀ ਕੱਪ ਮਹਿੰਗਾ ਕਰ ਦਿੱਤਾ ਹੈ। ਤਾਹੀਓ ਐਤਕੀਂ ਕਲਾਕਾਰਾਂ 'ਤੇ ਸੱਤ ਗੁਣਾ ਤੋਂ ਵੱਧ ਪੈਸਾ ਖਰਚਿਆ ਜਾ ਰਿਹਾ ਹੈ ਜਦੋਂ ਕਿ ਖਿਡਾਰੀਆਂ ਦੇ ਇਨਾਮਾਂ ਤੇ ਖਰਚਾ ਢਾਈ ਗੁਣਾ ਵੱਧ ਕੀਤਾ ਜਾ ਰਿਹਾ ਹੈ। ਅਕਾਲੀ ਭਾਜਪਾ ਸਰਕਾਰ ਵਲੋਂ ਲੋਕਾਂ ਨੂੰ ਖਿੱਚਣ ਵਾਸਤੇ ਉਦਘਾਟਨੀ ਸਮਾਰੋਹਾਂ ਤੇ ਵੱਡਾ ਖਰਚਾ ਕੀਤਾ ਗਿਆ ਹੈ। ਬਠਿੰਡਾ 'ਚ ਹੋਏ ਉਦਘਾਟਨੀ ਸਮਾਰੋਹਾਂ ' ਚ ਸ਼ਾਹਰੁਖ ਖਾਨ ਨੇ 19 ਮਿੰਟ ਦਾ ਸਟੇਜ ਸ਼ੋਅ ਕੀਤਾ ਜਿਸ ਦੇ ਬਦਲੇ ਵਿੱਚ ਉਸ ਨੇ ਦੋ ਕਰੋੜ ਰੁਪਏ ਲਏ ਹਨ। ਕਰੀਬ 3.50 ਕਰੋੜ ਰੁਪਏ ਇਕੱਲੇ ਉਦਘਾਟਨੀ ਸਮਾਗਮਾਂ ਤੇ ਖਰਚੇ ਗਏ ਹਨ। ਲੁਧਿਆਣਾ 'ਚ ਸਮਾਪਤੀ ਸਮਾਰੋਹ ਹੋਏ ਹਨ ਜਿਨ੍ਹਾਂ 'ਚ ਕੈਟਰੀਨਾ ਕੈਫ ਪੁੱਜ ਰਹੀ ਹੈ। ਸ਼ਾਹਰੁਖ ਖਾਨ ਨਾਲ ਬਠਿੰਡਾ 'ਚ ਸਟੇਜ 'ਤੇ ਜੋ ਅੱਧੇ ਕੱਪੜੇ ਪਾ ਕੇ ਡਾਂਸਰਾਂ ਨੱਚੀਆਂ, ਉਨ੍ਹਾਂ ਨੇ ਜੋ ਚਰਚਾ ਛੇੜੀ ਹੈ, ਉਹ ਵੱਖਰੀ ਹੈ।
          ਸੂਚਨਾ ਦੇ ਅਧਿਕਾਰ ਤਹਿਤ ਜੋ ਪਹਿਲੇ ਵਿਸ਼ਵ ਕਬੱਡੀ ਕੱਪ ਦੇ ਵੇਰਵੇ ਮਿਲੇ ਹਨ, ਉਨ•ਾਂ ਤੋਂ ਐਤਕੀਂ ਵਧੇ ਖਰਚਿਆਂ ਦੀ ਗੱਲ ਸਾਹਮਣੇ ਆਈ ਹੈ। ਪੰਜਾਬ ਸਰਕਾਰ ਨੇ ਪਹਿਲੇ ਵਿਸ਼ਵ ਕੱਪ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ 'ਤੇ 74,99,772 ਰੁਪਏ ਖਰਚ ਕੀਤੇ ਸਨ ਜਦੋਂ ਕਿ ਐਤਕੀਂ ਇਨ•ਾਂ ਸਮਾਰੋਹਾਂ 'ਤੇ 5.74 ਕਰੋੜ ਰੁਪਏ ਖਰਚੇ ਜਾ ਰਹੇ ਹਨ ਜੋ ਕਿ ਪਿਛਲੇ ਸਾਲ ਨਾਲੋਂ ਸੱਤ ਗੁਣਾ ਤੋਂ ਜਿਆਦਾ ਹਨ। ਸਪੋਰਟਸ ਵਿਭਾਗ ਵਲੋਂ ਵਿਜ ਕਰਾਫਟ ਕੰਪਨੀ ਨੂੰ 5.74 ਕਰੋੜ 'ਚ ਇਨ•ਾਂ ਸਮਾਰੋਹਾਂ ਦਾ ਜਿੰਮਾ ਦਿੱਤਾ ਗਿਆ ਹੈ।  ਇਨ•ਾਂ ਸਮਾਗਮਾਂ ਲਈ ਸਪੋਰਟਰ ਵਿਭਾਗ ਕੋਲ ਅੱਧੀ ਦਰਜ਼ਨ ਕੰਪਨੀਆਂ ਨੇ ਪਹੁੰਚ ਕੀਤੀ ਸੀ ਜਿਸ ਚੋਂ ਵਿਜ ਕਰਾਫਟ ਕੰਪਨੀ ਦੀ ਚੋਣ ਕੀਤੀ ਗਈ ਹੈ।
             ਸਰਕਾਰੀ ਸੂਚਨਾ ਅਨੁਸਾਰ ਪਹਿਲੇ ਵਿਸ਼ਵ ਕਬੱਡੀ ਦੇ ਉਦਘਾਟਨੀ ਅਤੇ ਸਮਾਪਤੀ ਸਮਾਗਮਾਂ 'ਤੇ ਐਨ.ਜੈਡ.ਸੀ.ਸੀ ਵਲੋਂ ਪੂਰਾ ਪ੍ਰਬੰਧ ਕੀਤਾ ਗਿਆ ਸੀ ਜਿਸ ਨੇ ਸਰਕਾਰ ਤੋਂ 57 ਲੱਖ ਰੁਪਏ ਲਏ ਸਨ। ਇਸ ਤੋਂ ਬਿਨ•ਾਂ ਗਾਇਕਾਂ 'ਤੇ 17.99 ਲੱਖ ਰੁਪਏ ਖਰਚ ਆਇਆ ਸੀ। ਐਤਕੀਂ ਇਹ ਖਰਚਾ ਸਮੇਤ ਕਲਾਕਾਰਾਂ ਦੇ 5.74 ਕਰੋੜ ਰੁਪਏ ਹੋ ਗਿਆ ਹੈ। ਪਹਿਲੇ ਕਬੱਡੀ ਕੱਪ 'ਤੇ ਸਰਕਾਰ ਨੇ ਕੁੱਲ 5.66 ਕਰੋੜ ਰੁਪਏ ਖਰਚ ਕੀਤੇ ਸਨ ਜਦੋਂ ਕਿ ਐਤਕੀਂ 17 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਜੋ ਕਿ ਪਿਛਲੇ ਸਾਲ ਨਾਲੋਂ ਤਿੰਨ ਗੁਣਾ ਜਿਆਦਾ ਹੈ। ਪਹਿਲੇ ਵਿਸ਼ਵ ਕੱਪ 'ਤੇ ਸਰਕਾਰ ਨੇ ਖਿਡਾਰੀਆਂ ਨੂੰ 2.19 ਕਰੋੜ ਰੁਪਏ ਦੇ ਇਨਾਮ ਦਿੱਤੇ ਸਨ ਜਦੋਂ ਕਿ ਹੁਣ ਦੂਸਰੇ ਕੱਪ 'ਤੇ ਖਿਡਾਰੀਆਂ ਨੂੰ 5.25 ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣੇ ਹਨ। ਭਾਵੇਂ ਖਿਡਾਰੀਆਂ ਦੇ ਇਨਾਮਾਂ ਦੀ ਰਾਸ਼ੀ 'ਚ ਢਾਈ ਗੁਣਾ ਦੇ ਕਰੀਬ ਦਾ ਵਾਧਾ ਹੋਇਆ ਹੈ ਪ੍ਰੰਤੂ ਕਲਾਕਾਰਾਂ ਨਾਲੋਂ ਫਿਰ ਵੀ ਖਿਡਾਰੀਆਂ ਨੂੰ ਕਾਫੀ ਰਾਸ਼ੀ ਘੱਟ ਨਸੀਬ ਹੋਣੀ ਹੈ। ਚੋਣਾਂ ਨੇੜੇ ਹੋਣ ਕਰਕੇ ਸਰਕਾਰ ਇਸ ਵਿਸ਼ਵ ਕਬੱਡੀ ਕੱਪ ਦਾ ਸਿਆਸੀ ਲਾਹਾ ਲੈਣ ਦੀ ਤਾਕ ਵਿੱਚ ਹੈ। ਭੀੜ ਖਿੱਚਣ ਲਈ ਅਤੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਬਾਲੀਵੁੱਡ ਅਦਾਕਾਰ ਬੁਲਾਏ ਜਾ ਰਹੇ ਹਨ।
         ਸਰਕਾਰੀ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵਲੋਂ ਪਹਿਲੇ ਵਿਸ਼ਵ ਕੱਪ ਵਾਸਤੇ 3.32 ਕਰੋੜ ਰੁਪਏ ਦੀਆਂ ਸਪੌਸਰਾਂ ਲਈਆਂ ਗਈਆਂ ਸਨ ਜਦੋਂ ਕਿ ਐਤਕੀਂ ਸਰਕਾਰ ਨੇ ਸਪੌਸਰਾਂ ਤੋਂ 11 ਕਰੋੜ ਇਕੱਠੇ ਕਰਨ ਦਾ ਟੀਚਾ ਮਿਥਿਆ ਹੈ। ਪਹਿਲੇ ਵਿਸ਼ਵ ਕੱਪ ਲਈ 9 ਸਰਾਬ ਸਨਅਤਾਂ ਅਤੇ 8 ਰੀਅਲ ਅਸਟੇਟ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੇ 3.32 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਸੀ। ਜਦੋਂ ਕਿ ਪੰਜਾਬ ਸਰਕਾਰ ਨੇ ਆਪਣੇ ਪੱਲਿਓ 2,33,98,929 ਰੁਪਏ ਖਰਚ ਕੀਤੇ ਸਨ। ਇਸ ਦੇ ਮੁਕਾਬਲੇ ਦੂਸਰੇ ਵਿਸ਼ਵ ਕੱਪ 'ਚ ਪੰਜਾਬ ਸਰਕਾਰ ਆਪਣੇ ਪੱਲਿਓ 5.25 ਕਰੋੜ ਰੁਪਏ ਖਰਚ ਕਰ ਰਹੀ ਹੈ। ਦੇਖਣਾ ਇਹ ਵੀ ਬਣਦਾ ਹੈ ਕਿ ਕਿਹੜੀਆਂ ਕੰਪਨੀਆਂ ਸਪੌਸਰਸ਼ਿਪ ਦਿੰਦੀਆਂ ਹਨ। ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਪ੍ਰਗਟ ਸਿੰਘ ਦਾ ਕਹਿਣਾ ਸੀ ਕਿ 28 ਅਕਤੂਬਰ ਤੱਕ 10 ਕਰੋੜ ਰੁਪਏ ਦੀ ਸਪੌਸ਼ਰਸ਼ਿਪ ਮਿਲ ਚੁੱਕੀ ਸੀ। ਉਨ•ਾਂ ਦੱਸਿਆ ਕਿ ਵਿਜ ਕਰਾਫਟ ਕੰਪਨੀ ਨੂੰ 5.74 ਕਰੋੜ ਦਿੱਤੇ ਜਾਣੇ ਹਨ ਅਤੇ ਬਾਲੀਵੁੱਡ ਕਲਾਕਾਰਾਂ ਦਾ ਖਰਚਾ ਇਸ ਕੰਪਨੀ ਵਲੋਂ ਹੀ ਇਸੇ ਰਾਸ਼ੀ ਚੋਂ ਹੀ ਖਰਚ ਕੀਤਾ ਜਾਣਾ ਹੈ। ਉਨ•ਾਂ ਆਖਿਆ ਕਿ ਖਿਡਾਰੀਆਂ ਦੇ ਇਨਾਮ ਇਸ ਵਾਰ ਦੁੱਗਣੀ ਰਾਸ਼ੀ ਦੇ ਕਰ ਦਿੱਤੇ ਗਏ ਹਨ ਤਾਂ ਜੋ ਕਬੱਡੀ ਖੇਡ ਨੂੰ ਹੋਰ ਬੁਲੰਦੀ 'ਤੇ ਲਿਜਾਇਆ ਜਾ ਸਕੇ।
        ਬਾਲੀਵੁੱਡ ਕਲਾਕਾਰ ਸੱਦਣ ਦੀ ਸ਼ੁਰੂਆਤ ਫਰਵਰੀ-ਮਾਰਚ 2011 'ਚ ਸ਼ਹੀਦੇ ਆਜ਼ਮ ਭਗਤ ਸਿੰਘ ਸਕੂਲ ਖੇਡਾਂ ਤੋਂ ਹੋਈ ਸੀ। ਇਨ•ਾਂ ਖੇਡਾਂ ਦੇ ਸਮਾਪਤੀ ਸਮਾਰੋਹਾਂ 'ਤੇ ਸਰਕਾਰ ਨੇ ਧਰਮਿੰਦਰ,ਬੌਬੀ ਦਿਉਲ ਅਤੇ ਸੰਨੀ ਦਿਉਲ ਨੂੰ ਸੱਦਿਆ ਗਿਆ ਸੀ ਜਿਸ ਕਰਕੇ ਐਨ.ਜੈਡ,ਸੀ.ਸੀ ਨੇ ਇਨ•ਾਂ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਦੇ 1.72 ਕਰੋੜ ਰੁਪਏ ਲਏ ਸਨ। ਇਨ•ਾਂ ਖੇਡਾਂ ਵਿੱਚ ਸਰਕਾਰ ਨੇ ਕਲਾਕਾਰਾਂ 'ਤੇ ਵੀ 21.50 ਲੱਖ ਰੁਪਏ ਖਰਚੇ ਸਨ। ਬਾਲੀਵੁੱਡ ਅਦਾਕਾਰ ਆਉਣ ਕਰਕੇ ਬਜਟ ਵੀ ਵੱਧ ਜਾਂਦਾ ਹੈ। ਬਠਿੰਡਾ 'ਚ ਪਹਿਲੀ ਨਵੰਬਰ ਨੂੰ ਸਾਹਰੁਖ 9 ਵਜੇ ਤੋਂ 9.30 ਵਜੇ ਤੱਕ ਪ੍ਰੋਗਰਾਮ ਪੇਸ਼ ਕਰਨਗੇ। ਸਮਾਪਤੀ ਸਮਾਰੋਹਾ 'ਤੇ ਕੈਟਰੀਨਾ ਕੈਫ ਪੁੱਜੇਗੀ। ਬਾਕੀ ਜਿਸ ਸ਼ਹਿਰ ਵਿੱਚ ਕਬੱਡੀ ਦਾ ਮੈਚ ਹੋਵੇਗਾ ,ਉਸ 'ਚ ਇੱਕ ਇੱਕ ਪੰਜਾਬੀ ਕਲਾਕਾਰ ਪੁੱਜੇਗਾ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਕਬੱਡੀ ਕੱਪ ਦਾ ਚੋਣਾਂ ਨਾਲ ਕੋਈ ਵਾਸਤਾ ਨਹੀਂ ਹੈ। ਉਨ•ਾਂ ਆਖਿਆ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਚੋਂ ਸਿਰਫ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਹੀ ਦਿੱਤੀ ਜਾ ਰਹੀ ਹੈ ਜਦੋਂ ਕਿ ਬਾਕੀ ਰਾਸ਼ੀ ਸਪੌਸ਼ਰਸ਼ਿਪ ਰਾਹੀਂ ਹੋ ਰਿਹਾ ਹੈ।
      

No comments:

Post a Comment