Saturday, November 19, 2011

         ਮਨਪ੍ਰੀਤ ਵਲੋਂ ਡੇਰਾ ਸਿਰਸਾ ਦੀ ਫੇਰੀ
                                ਚਰਨਜੀਤ ਭੁੱਲਰ
ਬਠਿੰਡਾ : ਸਾਂਝਾ ਮੋਰਚਾ ਪੰਜਾਬ ਦੇ ਆਗੂ ਅਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆ ਰਹੀ ਵਿਧਾਨ ਸਭਾ ਚੋਣ ਦੇ ਮੱਦੇਨਜ਼ਰ ਡੇਰਾ ਸੱਚਾ ਸੌਦਾ ਸਿਰਸਾ ਦੀ ਫੇਰੀ ਪਾਈ।  ਮਨਪ੍ਰੀਤ ਸਿੰਘ ਬਾਦਲ ਦੀ ਫੇਰੀ ਤੋਂ ਲੱਗਦਾ ਹੈ ਕਿ ਸਾਂਝਾ ਮੋਰਚਾ ਨੇ ਵੀ ਡੇਰਾ ਸਿਰਸਾ ਦੀਆਂ ਵੋਟਾਂ 'ਤੇ ਟੇਕ ਰੱਖੀ ਹੋਈ ਹੈ। ਸਾਬਕਾ ਖਜ਼ਾਨਾ ਮੰਤਰੀ ਪਹਿਲਾਂ ਡੇਰਾ ਸਿਰਸਾ ਵਿਚ ਸ਼ਾਮ ਦੀ ਮਜਲਿਸ 'ਚ ਸ਼ਾਮਲ ਹੋਏ। ਉਸ ਮਗਰੋਂ ਉਨ੍ਹਾਂ ਨੇ ਡੇਰਾ ਮੁਖੀ ਨਾਲ ਮੁਲਾਕਾਤ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਦੇ ਆਗੂ ਮਨਪ੍ਰੀਤ ਸਿੰਘ ਬਾਦਲ ਕਰੀਬ ਚਾਰ ਕੁ ਦਿਨ ਪਹਿਲਾਂ ਸ਼ਾਮ ਵੇਲੇ ਡੇਰਾ ਸਿਰਸਾ ਗਏ ਸਨ।  ਪੀ.ਪੀ.ਪੀ. ਦੇ ਗਠਨ ਮਗਰੋਂ ਇਹ ਉਨ੍ਹਾਂ ਦੀ ਪਹਿਲੀ ਡੇਰਾ ਸਿਰਸਾ ਦੀ ਫੇਰੀ ਹੈ।  ਮਨਪ੍ਰੀਤ ਨੇ ਡੇਰਾ ਮੁਖੀ ਤੋਂ ਆਸ਼ੀਰਵਾਦ ਲਿਆ ਤੇ ਸਾਂਝੇ  ਮੋਰਚੇ ਦੀ ਹਮਾਇਤ ਲਈ ਅਪੀਲ ਕੀਤੀ।   ਉਨ੍ਹਾਂ ਕਰੀਬ 20 ਮਿੰਟ ਡੇਰਾ ਸਿਰਸਾ ਦੇ ਸਿਆਸੀ ਵਿੰਗ ਨਾਲ ਵੀ ਮੀਟਿੰਗ ਕੀਤੀ।  ਮੀਟਿੰਗ ਵਿੱਚ ਡੇਰੇ ਦੇ ਸਿਆਸੀ ਵਿੰਗ ਪੰਜਾਬ ਦੇ ਚੇਅਰਮੈਨ ਰਾਮ ਸਿੰਘ ਤੋਂ ਇਲਾਵਾ ਚਾਰ ਹੋਰ ਮੈਂਬਰ ਵੀ ਮੌਜੂਦ ਸਨ।       
            ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਨਪ੍ਰੀਤ ਦੀ ਫੇਰੀ ਕਾਫੀ ਅਹਿਮ ਸਮਝੀ ਜਾ ਰਹੀ ਹੈ। ਸੂਤਰਾਂ ਅਨੁਸਾਰ ਸਾਬਕਾ ਖਜ਼ਾਨਾ ਮੰਤਰੀ ਨੇ ਅਸਿੱਧੇ ਤੌਰ 'ਤੇ ਅਗਾਮੀ ਵਿਧਾਨ ਸਭਾ ਚੋਣਾਂ ਲਈ ਸਾਂਝੇ ਮੋਰਚੇ ਦੇ ਉਮੀਦਵਾਰਾਂ ਲਈ ਡੇਰਾ ਸਿਰਸਾ ਤੋਂ ਹਮਾਇਤ ਦੀ ਮੰਗ ਕੀਤੀ। ਭਾਵੇਂ ਡੇਰੇ  ਵੱਲੋਂ ਕੋਈ ਹੁੰਗਾਰਾ ਤਾਂ ਨਹੀਂ ਭਰਿਆ ਗਿਆ ਪ੍ਰੰਤੂ ਏਨਾ ਜ਼ਰੂਰ ਆਖਿਆ ਗਿਆ ਕਿ ਡੇਰਾ  ਚੰਗੇ ਉਮੀਦਵਾਰਾਂ ਨੂੰ ਅੱਗੇ ਲਿਆਉਣ ਦਾ ਹਾਮੀ ਹੈ।  ਡੇਰਾ ਦੇ ਮੁਖੀ ਨੇ ਸਾਬਕਾ ਖਜ਼ਾਨਾ ਮੰਤਰੀ ਨੂੰ ਆਸ਼ੀਰਵਾਦ ਦਿੱਤਾ।  ਉਨ੍ਹਾਂ ਕੋਈ ਸਿਆਸੀ ਗੱਲ ਨਹੀਂ ਕੀਤੀ। ਸੂਤਰਾਂ ਅਨੁਸਾਰ ਸਾਬਕਾ ਖਜ਼ਾਨਾ ਮੰਤਰੀ ਨੇ ਸਿਆਸੀ ਵਿੰਗ ਨਾਲ ਮੀਟਿੰਗ 'ਚ ਆਖਿਆ ਕਿ ਦੇਸ਼ ਨੂੰ ਬਚਾਉਣ ਖਾਤਰ ਚੰਗੇ ਉਮੀਦਵਾਰਾਂ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਨੇ ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਵਧ ਰਹੀ ਬੇਚੈਨੀ ਦਾ ਮਸਲਾ ਵੀ ਰੱਖਿਆ। ਇਹ ਪਤਾ ਨਹੀਂ ਲੱਗ ਸਕਿਆ ਕਿ  ਮਨਪ੍ਰੀਤ ਇਕੱਲੇ ਹੀ ਗਏ ਸਨ ਜਾਂ ਫਿਰ ਉਨ੍ਹਾਂ ਨਾਲ ਹੋਰ ਵੀ ਸਿਆਸੀ ਨੇਤਾ ਸਨ। ਉਨ੍ਹਾਂ ਨੇ ਇਹ ਫੇਰੀ ਗੁਪਤ ਹੀ ਰੱਖੀ। ਇਹ ਫੇਰੀ ਇਸ ਗੱਲੋਂ ਵੀ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿ ਡੇਰੇ  ਵੱਲੋਂ ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਤੋਂ ਇੱਕੋ ਜਿੰਨੀ ਦੂਰੀ ਰੱਖੀ ਜਾ ਰਹੀ ਹੈ। ਇੱਥੋਂ ਤੱਕ ਕਿ ਡੇਰੇ ਦੇ ਅਖਬਾਰ ਵਿਚ ਵੀ ਕਾਂਗਰਸ ਦੀ ਪਿਛਲੇ ਸਮੇਂ ਤੋਂ ਕਵਰੇਜ ਮੱਧਮ ਹੋ ਗਈ ਹੈ।
            ਡੇਰੇ ਦੇ ਸਿਆਸੀ ਵਿੰਗ (ਪੰਜਾਬ) ਦੇ ਚੇਅਰਮੈਨ ਰਾਮ ਸਿੰਘ ਨੇ  ਇਸ ਪੱਤਰਕਾਰ ਨੂੰ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਕੁਝ ਦਿਨ ਪਹਿਲਾਂ ਡੇਰਾ ਸਿਰਸਾ ਆਏ ਸਨ ਤੇ ਉਨ੍ਹਾਂ ਨੇ ਮਜਲਿਸ ਸੁਣਨ ਮਗਰੋਂ ਡੇਰਾ ਸਿਰਸਾ ਦੀ ਮੈਨੇਜਮੈਂਟ ਅਤੇ ਸਿਆਸੀ ਵਿੰਗ ਨਾਲ ਸਾਂਝੀ ਮੀਟਿੰਗ ਵੀ ਕੀਤੀ ਸੀ। ਮਨਪ੍ਰੀਤ ਨੇ ਵੋਟਾਂ ਦੀ ਸਿਆਸਤ ਦੀ ਗੱਲ ਨਹੀਂ ਕੀਤੀ ਅਤੇ ਸਿਰਫ਼ ਦੇਸ਼ ਨੂੰ ਬਚਾਉਣ ਲਈ ਸਹਿਯੋਗ ਦੀ ਮੰਗ ਕੀਤੀ ਸੀ। ਉਨ੍ਹਾਂ ਮੀਟਿੰਗ ਵਿੱਚ ਆਖਿਆ ਕਿ ਦੇਸ਼ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨਾ ਚਾਹੀਦਾ ਹੈ। ਰਾਮ ਸਿੰਘ ਨੇ ਦੱਸਿਆ ਕਿ ਗੁਰੂ ਜੀ (ਡੇਰਾ ਮੁਖੀ) ਵੱਲੋਂ ਮਨਪ੍ਰੀਤ ਨੂੰ ਆਸ਼ੀਰਵਾਦ ਜ਼ਰੂਰ ਦਿੱਤਾ ਗਿਆ, ਪਰ ਕੋਈ ਗੱਲ ਨਹੀਂ ਕੀਤੀ ਗਈ। ਸ੍ਰੀ ਰਾਮ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਡੇਰਾ ਸਿਰਸਾ ਆਏ ਸਨ। ਰਾਮ ਸਿੰਘ ਦੇ ਦੱਸਣ ਅਨੁਸਾਰ ਡੇਰਾ ਸਿਰਸਾ ਨੇ ਹਾਲੇ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਕੋਈ ਫੈਸਲਾ ਨਹੀਂ ਲਿਆ ਹੈ।
                                                          ਮਨਪ੍ਰੀਤ ਵੱਲੋਂ ਪੁਸ਼ਟੀ
ਸ੍ਰੀ ਮਨਪ੍ਰੀਤ ਸਿੰਘ ਬਾਦਲ ਦਾ ਡੇਰਾ ਫੇਰੀ ਬਾਰੇ ਕਹਿਣਾ ਸੀ ਕਿ ਉਹ ਤਾਂ ਆਪਣੇ ਹਲਕੇ ਦੀ ਸੰਗਤ ਨਾਲ ਉੱਥੇ ਗਏ ਸਨ, ਜਿਸ ਪਿੱਛੇ ਕੋਈ ਸਿਆਸੀ ਮਕਸਦ ਨਹੀਂ ਸੀ। ਉਨ੍ਹਾਂ ਆਖਿਆ ਕਿ ਹਲਕੇ ਦੇ ਲੋਕਾਂ 'ਤੇ ਕਹਿਣ 'ਤੇ ਹੀ ਉਹ ਉਨ੍ਹਾਂ ਨਾਲ ਡੇਰਾ ਸਿਰਸਾ ਚਲੇ ਗਏ ਸਨ। ਉਹ ਤਾਂ ਪਹਿਲਾਂ ਹਲਕੇ ਦੇ ਲੋਕਾਂ ਨਾਲ ਚਿੰਤਪੁਰਨੀ ਵੀ ਜਾ ਕੇ ਆਏ ਹਨ। ਉਹ ਹਰ ਧਰਮ ਦਾ ਸਤਿਕਾਰ ਕਰਦੇ ਹਨ।    

1 comment: