Friday, November 18, 2011

                                                                             ਪਿੰਡ ਬਾਦਲ 'ਚ ਚੱਲੀ ਸ਼ਾਹੀ ਦਾਅਵਤ 
                                  ਚਰਨਜੀਤ ਭੁੱਲਰ
ਬਠਿੰਡਾ : ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਜੱਦੀ ਪਿੰਡ ਬਾਦਲ ਵਿੱਚ ਸ਼ਾਹੀ ਦਾਅਵਤ ਦਿੱਤੀ ਗਈ ਜਿਸ 'ਚ ਅੱਧੀ ਦਰਜ਼ਨ ਵਜ਼ੀਰ ਵੀ ਸ਼ਾਮਲ ਹੋਏ। ਦੇਰ ਸ਼ਾਮ ਤੱਕ ਸ਼ਾਹੀ ਦਾਅਵਤ ਚੱਲਦੀ ਰਹੀ ਜਦੋਂ ਕਿ ਇੱਧਰ ਬਠਿੰਡਾ ਵਿੱਚ ਹੋਏ ਸੜਕ ਹਾਦਸੇ ਵਿੱਚ ਦਰਦਾਂ ਦੀ ਚੀਸ ਝੱਲ ਰਹੀਆਂ ਜ਼ਖ਼ਮੀ ਖਿਡਾਰਨਾਂ ਦਾ ਕਿਸੇ ਨੂੰ ਚੇਤਾ ਨਾ ਆਇਆ। ਖਿਡਾਰਨਾਂ ਦਾ ਹਾਲਚਾਲ ਪੁੱਛਣ ਲਈ ਕੋਈ ਮੰਤਰੀ ਨਹੀਂ ਪੁੱਜਿਆ, ਜਦੋਂ ਕਿ ਪਿੰਡ ਬਾਦਲ ਦੀ ਦਾਅਵਤ ਵਿੱਚ ਕਈ ਮੰਤਰੀਆਂ ਅਤੇ ਅਫਸਰਾਂ ਨੇ ਹਾਜ਼ਰੀ ਲਵਾਈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੌਮਾਂਤਰੀ ਖਿਡਾਰੀਆਂ ਨੂੰ ਇਹ ਰਾਤਰੀ ਭੋਜ ਦਿੱਤਾ ਗਿਆ ਸੀ। ਹਾਦਸੇ ਮਗਰੋਂ ਸ਼ਾਮ ਵਕਤ ਪਿੰਡ ਬਾਦਲ ਵਿੱਚ ਬਾਦਲ ਪਰਿਵਾਰ ਦੀ ਨਵੀਂ ਕੋਠੀ ਵਿੱਚ ਕੌਮਾਂਤਰੀ ਟੀਮਾਂ ਦੇ ਖਿਡਾਰੀ ਪੁੱਜ ਗਏ ਸਨ। ਪਹਿਲਾਂ ਚਰਚਾ ਇਹ ਸੀ ਕਿ ਹਾਦਸਾ ਹੋਣ ਕਰਕੇ ਬਾਦਲ ਪਰਿਵਾਰ ਵੱਲੋਂ ਇਹ ਭੋਜ ਮੁਲਤਵੀ ਕਰ ਦਿੱਤਾ ਜਾਵੇਗਾ ਪਰ ਇਹ ਪ੍ਰੋਗਰਾਮ ਆਪਣੇ ਮਿੱਥੇ ਪ੍ਰੋਗਰਾਮ  ਅਨੁਸਾਰ ਚੱਲਿਆ।
             ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ, ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਜਨਮੇਜਾ ਸਿੰਘ ਸੇਖੋਂ, ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਖੇਡ ਵਿਭਾਗ ਦੇ ਡਾਇਰੈਕਟਰ ਪ੍ਰਗਟ ਸਿੰਘ ਤੋਂ ਇਲਾਵਾ ਉੱਚ ਪੁਲੀਸ ਅਧਿਕਾਰੀ ਅਤੇ ਸਿਵਲ ਅਧਿਕਾਰੀ ਇਸ ਸਮਾਗਮ ਵਿੱਚ ਮੌਜੂਦ ਸਨ। ਪਤਾ ਲੱਗਿਆ ਹੈ ਕਿ 10 ਕੌਮਾਂਤਰੀ ਟੀਮਾਂ ਦੇ ਖਿਡਾਰੀਆਂ ਤੋਂ ਇਲਾਵਾ ਟੀਮਾਂ ਦੇ ਕੋਚ ਵੀ ਦਾਅਵਤ ਵਿੱਚ ਸ਼ਾਮਲ ਸਨ। ਦੋ ਜ਼ਿਲ੍ਹਿਆਂ ਦੇ ਐਸ.ਐਸ.ਪੀ. ਵੀ ਮੌਜੂਦ ਸਨ।ਭਾਰਤੀ ਕਬੱਡੀ ਟੀਮ ਦੇ ਕੋਚ ਹਰਪ੍ਰੀਤ ਸਿੰਘ ਬਾਬਾ ਦਾ ਕਹਿਣਾ ਸੀ ਕਿ ਹਾਦਸੇ ਕਾਰਨ ਉਨ੍ਹਾਂ ਨੂੰ ਕਾਫੀ ਸਦਮਾ ਲੱਗਿਆ ਹੈ ਅਤੇ ਉਹ ਤਾਂ ਕੇਵਲ ਰਸਮੀ ਤੌਰ 'ਤੇ ਹੀ ਪਿੰਡ ਬਾਦਲ ਗਏ ਸਨ। ਉਪ ਮੁੱਖ ਮੰਤਰੀ ਵੱਲੋਂ ਸਾਰੇ ਖਿਡਾਰੀਆਂ ਨਾਲ ਗੱਲਬਾਤ ਵੀ ਕੀਤੀ ਗਈ। ਦੂਜੇ ਪਾਸੇ ਅੱਜ ਆਦੇਸ਼ ਹਸਪਤਾਲ ਵਿੱਚ ਰਾਤ ਦੇ 9 ਵਜੇ ਤੱਕ ਤਿੰਨ ਜ਼ਖ਼ਮੀ ਖਿਡਾਰਨਾਂ ਦਾਖ਼ਲ ਸਨ। ਉਨ੍ਹਾਂ ਦਾ ਹਾਲ ਚਾਲ ਪੁੱਛਣ ਲਈ ਕੇਵਲ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਪੁੱਜੇ ਹੋਏ ਸਨ।
           ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਵੀ ਹਾਦਸੇ ਤੋਂ ਤੁਰੰਤ ਮਗਰੋਂ ਆਏ ਸਨ ਅਤੇ ਫਿਰ ਚਲੇ ਗਏ ਸਨ। ਖੇਡ ਵਿਭਾਗ ਪੰਜਾਬ ਦਾ ਕੋਈ ਵੀ ਅਧਿਕਾਰੀ ਜ਼ਖ਼ਮੀ ਖਿਡਾਰਨਾਂ ਦਾ ਪਤਾ ਲੈਣ ਨਹੀਂ ਆਇਆ। ਜਿਨ੍ਹਾਂ ਲੜਕੀਆਂ ਦਾ ਅੱਜ ਹਾਦਸੇ ਵਿੱਚ ਸਾਮਾਨ ਸੜ ਗਿਆ, ਉਹ ਦੇਰ ਸ਼ਾਮ ਤੱਕ ਬਾਜ਼ਾਰ ਵਿੱਚੋਂ ਕੱਪੜਿਆਂ ਦੀ ਖਰੀਦ ਕਰਨ ਵਿੱਚ ਲੱਗੀਆਂ ਰਹੀਆਂ। ਉਨ੍ਹਾਂ ਕੋਲ ਤਾਂ ਚੱਪਲਾਂ ਵੀ ਨਹੀਂ ਸਨ। ਖਿਡਾਰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਵੇਂ ਕੱਪੜੇ ਅਤੇ ਸਰਟੀਫਿਕੇਟ ਵੀ ਸੜ ਗਏ ਹਨ। ਦੂਜੇ ਪਾਸੇ ਹਾਦਸੇ ਵਿੱਚ ਜਿਸ ਸਿਪਾਹੀ ਅਤੇ ਬੱਸ ਡਰਾਈਵਰ ਦੀ ਮੌਤ ਹੋਈ ਹੈ, ਉਨ੍ਹਾਂ ਦੇ ਘਰਾਂ ਵਿੱਚ ਜਿਉਂ ਹੀ ਖਬਰ ਪੁੱਜੀ ਤਾਂ ਉਨ੍ਹਾਂ ਦੇ ਪਰਿਵਾਰ ਗ਼ਮ ਵਿੱਚ ਡੁੱਬ ਗਏ। ਇਨ੍ਹਾਂ ਪਰਿਵਾਰਾਂ ਦੇ ਕਮਾਊ ਜੀਅ ਚਲੇ ਗਏ ਹਨ। ਇਨ੍ਹਾਂ ਦੇ ਪਰਿਵਾਰ ਵੀ ਦੇਰ ਰਾਤ ਬਠਿੰਡਾ ਪੁੱਜ ਗਏ ਸਨ।
                                                             ਜਦੋਂ ਨੇੜਿਓ ਤੱਕੀ ਮੌਤ
ਬਠਿੰਡਾ ਛਾਉਣੀ ਕੋਲ ਜ਼ਿੰਦਗੀ ਨੇ ਮੌਤ ਨੂੰ ਨੇੜਿਓ ਤੱਕਿਆ। ਪਲਾਂ ਦਾ ਫਾਸਲਾ ਹੀ ਰਹਿ ਗਿਆ ਸੀ। ਖਿਡਾਰਨਾਂ ਫੁਰਤੀ ਨਾ ਦਿਖਾਉਂਦੀਆਂ ਤਾਂ ਮੌਤ ਨੇ ਜਿੱਤ ਜਾਣਾ ਸੀ। ਇਸ ਸੜਕ ਹਾਦਸੇ ਨੇ ਤਾਂ ਭਾਰਤੀ ਮਹਿਲਾ ਕਬੱਡੀ ਟੀਮ ਦੀਆਂ ਖਿਡਾਰਨਾਂ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਕੌਮਾਂਤਰੀ ਕਬੱਡੀ ਵਿੱਚ ਜਿੱਤਾਂ ਦਰਜ ਕਰਨ ਵਾਲੀਆਂ ਇਹ ਖਿਡਾਰਨਾਂ ਅੱਜ ਹਾਦਸੇ ਮਗਰੋਂ ਹਿੱਲ ਗਈਆਂ। ਦੱਸਣਯੋਗ ਹੈ ਕਿ ਬਠਿੰਡਾ ਛਾਉਣੀ ਕੋਲ ਸੜਕ ਹਾਦਸੇ ਮਗਰੋਂ ਉਸ ਏ.ਸੀ. ਬੱਸ ਨੂੰ ਅੱਗ ਲੱਗ ਗਈ, ਜਿਸ ਵਿੱਚ ਭਾਰਤੀ ਕਬੱਡੀ ਖਿਡਾਰਨਾਂ ਦੀ ਟੀਮ ਲੁਧਿਆਣਾ ਤੋਂ ਪਿੰਡ ਬਾਦਲ ਜਾ ਰਹੀ ਸੀ। ਹਾਦਸੇ ਵਿੱਚ ਦੋ ਡਰਾਈਵਰਾਂ ਦੀ ਮੌਤ ਹੋ ਗਈ, ਜਦੋਂ ਕਿ ਸੱਤ ਜਣੇ ਜ਼ਖਮੀ ਹੋ ਗਏ ਹਨ। ਜਦੋਂ ਬੱਸ ਨੂੰ ਅੱਗ ਲੱਗੀ ਤਾਂ ਖਿਡਾਰਨਾਂ ਨੇ ਬੱਸ ਦੇ ਸ਼ੀਸ਼ੇ ਤੋੜੇ ਅਤੇ ਬਾਹਰ ਨਿਕਲ ਆਈਆਂ। ਹਾਦਸੇ ਤੋਂ ਅੱਧੇ ਘੰਟੇ ਮਗਰੋਂ ਵੀ ਇਨ੍ਹਾਂ ਮਹਿਲਾ ਖਿਡਾਰਨਾਂ ਤੋਂ ਚੰਗੀ ਤਰ੍ਹਾਂ ਗੱਲ ਨਹੀਂ ਹੋ ਰਹੀ ਸੀ।ਖਿਡਾਰਨ ਮਨਪ੍ਰੀਤ ਕੌਰ ਦਾ ਕਹਿਣਾ ਸੀ ਕਿ ਅੱਜ ਤਾਂ ਉਨ੍ਹਾਂ ਨੇ ਮੌਤ ਕਰੀਬ ਤੋਂ ਦੇਖੀ ਹੈ। ਇਕ ਪਲ ਦਾ ਫਾਸਲਾ ਰਹਿ ਜਾਂਦਾ ਤਾਂ ਉਸ ਨੇ ਜ਼ਿੰਦਗੀ ਦੀ ਜੰਗ ਹਾਰ ਜਾਣੀ ਸੀ। ਮਹਿਲਾ ਕੋਚ ਅਤੇ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਨੂੰ ਵਾਰ ਵਾਰ ਹੌਸਲਾ ਦਿੱਤਾ ਜਾ ਰਿਹਾ ਸੀ। ਖਿਡਾਰਨਾਂ ਨੂੰ ਆਪਣੇ ਮਾਪਿਆਂ ਦਾ ਫਿਕਰ ਵੀ ਸਤਾ ਰਿਹਾ ਸੀ। ਉਨ੍ਹਾਂ ਕੋਲ ਮੋਬਾਈਲ ਫੋਨ ਵੀ ਨਹੀਂ ਸਨ ਕਿਉਂਕਿ ਫੋਨ ਤਾਂ ਬੱਸ 'ਚ ਲੱਗੀ ਅੱਗ ਵਿੱਚ ਸੜ ਕੇ ਸੁਆਹ ਹੋ ਗਏ। ਖਿਡਾਰਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਬੱਸ ਦੇ ਸ਼ੀਸ਼ੇ ਤੋੜਨ ਮਗਰੋਂ ਨੰਗੇ ਪੈਰੀਂ ਹੀ ਛਾਲਾਂ ਮਾਰ ਦਿੱਤੀਆਂ।
         ਖਿਡਾਰਨ ਸੁਮਨ ਨੇ ਦੱਸਿਆ ਕਿ ਬੱਸ ਅੱਜ ਜ਼ਿੰਦਗੀ ਬਚ ਗਈ। ਉਸ ਦਾ ਕਹਿਣਾ ਸੀ ਕਿ ਜਦੋਂ ਉਨ੍ਹਾਂ ਨੇ ਛਾਲਾਂ ਮਾਰ ਦਿੱਤੀਆਂ ਤਾਂ ਤੁਰੰਤ ਮਗਰੋਂ ਬੱਸ ਵਿੱਚ ਧਮਾਕਾ ਹੋ ਗਿਆ। ਖਿਡਾਰਨਾਂ ਕਾਫੀ ਸਦਮੇ ਵਿੱਚ ਸਨ, ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਫਸਟ ਏਡ ਦੇਣ ਮਗਰੋਂ ਬਠਿੰਡਾ ਵਿਖੇ ਹੋਟਲ ਵਿੱਚ ਭੇਜ ਦਿੱਤਾ ਗਿਆ। ਹਾਦਸੇ ਤੋਂ ਕਾਫੀ ਮਗਰੋਂ ਵੀ ਇਹ ਖਿਡਾਰਨਾਂ ਗੁੰਮ ਸੁੰਮ ਸਨ, ਜਦੋਂ ਕਿ ਤਿੰਨ ਖਿਡਾਰਨਾਂ ਤਾਂ ਖਬਰ ਲਿਖਣ ਤੱਕ ਹਸਪਤਾਲ ਵਿੱਚ ਹੀ ਭਰਤੀ ਸਨ। ਫੌਜੀ ਟਰੱਕ ਨਾਲ ਟੱਕਰ ਮਗਰੋਂ ਸੜੀ ਬੱਸ ਜਿਸ ਵਿੱਚ ਭਾਰਤੀ ਮਹਿਲਾ ਕਬੱਡੀ ਟੀਮ ਸਵਾਰ ਸੀ ਖਿਡਾਰਨਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਛਾਲਾਂ ਮਾਰੀਆਂ ਸਨ ਤਾਂ ਉਦੋਂ ਬੱਸ ਦੇ ਅਗਲੇ ਹਿੱਸੇ ਨੂੰ ਅੱਗ ਪੈ ਚੁੱਕੀ ਸੀ। ਇਨ੍ਹਾਂ ਲੜਕੀਆਂ ਦਾ ਸਭ ਕੁਝ ਬੱਸ ਵਿੱਚ ਹੀ ਰਹਿ ਗਿਆ। ਜਦੋਂ ਇਹ ਖਿਡਾਰਨਾਂ ਹਸਪਤਾਲ ਪੁੱਜੀਆਂ ਤਾਂ ਉਦੋਂ ਉਨ੍ਹਾਂ ਦੇ ਨੰਗੇ ਪੈਰ ਸਨ। ਕਈ ਖਿਡਾਰਨਾਂ ਦੇ ਮਾਪੇ ਵੀ ਹਸਪਤਾਲ ਪੁੱਜ ਗਏ ਸਨ। ਖਿਡਾਰਨ ਪ੍ਰਿਅੰਕਾ ਨੇ ਦੱਸਿਆ ਕਿ ਉਹ ਤਾਂ ਬੱਸ ਵਿੱਚ ਸੁੱਤੀਆਂ ਪਈਆਂ ਸਨ ਅਤੇ ਅਚਾਨਕ ਜਦੋਂ ਖੜਾਕ ਹੋਇਆ ਤਾਂ ਉਹ ਇਕਦਮ ਉਠੀਆਂ। ਉਸ ਨੇ ਦੱਸਿਆ ਕਿ ਬੱਸ ਵਿੱਚ ਧੂੰਆਂ ਹੀ ਧੂੰਆਂ ਹੋ ਗਿਆ ਅਤੇ ਕਈਆਂ ਨੇ ਬੱਸ ਵਿੱਚ ਉਲਟੀਆਂ ਕਰ ਦਿੱਤੀਆਂ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਮਜ਼ਬੂਤ ਸ਼ੀਸ਼ੇ ਭੰਨ ਦਿੱਤੇ, ਜਿਸ ਕਰਕੇ ਉਨ੍ਹਾਂ ਦੀ ਜਾਨ ਬਚ ਗਈ। ਰਾਹਗੀਰਾਂ ਨੇ ਦੱਸਿਆ ਕਿ ਖਿਡਾਰਨਾਂ ਨੇ ਬਚਾਓ ਦਾ ਚੀਕ ਚਿਹਾੜਾ ਪਾਇਆ। ਰਾਹਗੀਰਾਂ ਨੇ ਵੀ ਸ਼ੀਸ਼ੇ ਤੋੜਨ ਵਿੱਚ ਲੜਕੀਆਂ ਦੀ ਮਦਦ ਕੀਤੀ। ਬੱਸ ਦੀ ਡਿੱਗੀ ਵਿੱਚ ਲੜਕੀਆਂ ਦਾ ਸਾਰਾ ਸਾਮਾਨ ਪਿਆ ਸੀ, ਜੋ ਸੜ ਗਿਆ।
         ਦੱਸਣਯੋਗ ਹੈ ਕਿ ਇਨ੍ਹਾਂ ਲੜਕੀਆਂ ਵੱਲੋਂ ਭਲਕੇ ਸੈਮੀਫਾਈਨਲ ਮੈਚ ਖੇਡਿਆ ਜਾਣਾ ਹੈ। ਅੱਜ ਜਦੋਂ ਤਿੰਨ ਖਿਡਾਰਨਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਸੀ ਤਾਂ ਉਦੋਂ ਮੌਕੇ 'ਤੇ ਮੌਜੂਦ ਪ੍ਰੋਫੈਸਰ ਸੁਰਜੀਤ ਸਿੰਘ ਨੇ ਖਿਡਾਰਨਾਂ ਲਈ ਚੱਪਲਾਂ ਵਗੈਰਾ ਦਾ ਪ੍ਰਬੰਧ ਕੀਤਾ।ਹਾਦਸੇ ਮਗਰੋਂ ਬਠਿੰਡਾ-ਬਰਨਾਲਾ ਸੜਕ 'ਤੇ ਟਰੈਫਿਕ ਜਾਮ ਹੋ ਗਿਆ। ਦੂਰ ਦੂਰ ਤੱਕ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਪੁਲੀਸ ਨੇ ਕਾਫੀ ਸਮੇਂ ਲਈ ਰਸਤਾ ਰੋਕ ਦਿੱਤਾ, ਜਿਸ ਕਰਕੇ ਲੰਮੇ ਰੂਟ ਵਾਲੀਆਂ ਬੱਸਾਂ ਵੀ ਰੁਕ ਗਈਆਂ। ਖਿਡਾਰਨਾਂ ਦੀ ਭਰੀ ਦੂਸਰੀ ਬੱਸ ਨੂੰ ਵੀ ਬਦਲਵੇਂ ਰੂਟਾਂ ਤੋਂ ਬਠਿੰਡਾ ਪਹੁੰਚਾਇਆ ਗਿਆ। ਬਠਿੰਡਾ ਦੇ ਬੀਬੀ ਵਾਲਾ ਚੌਕ ਤੋਂ ਵੀ ਟਰੈਫਿਕ ਨੂੰ ਤਬਦੀਲ ਕਰ ਦਿੱਤਾ ਗਿਆ ਸੀ। ਦੇਰ ਸ਼ਾਮ ਤੱਕ ਮੁੱਖ ਸੜਕ 'ਤੇ ਜਾਮ ਲੱਗਿਆ ਰਿਹਾ।

1 comment: