Thursday, November 17, 2011

             ਏ.ਸੀ.ਬੱਸਾਂ ਨੂੰ 'ਓਪਰੀ' ਹਵਾ ਲੱਗੀ
                                  ਚਰਨਜੀਤ ਭੁੱਲਰ
ਬਠਿੰਡਾ :  ਪੀ.ਆਰ.ਟੀ.ਸੀ. ਦੀਆਂ ਏ.ਸੀ. ਬੱਸਾਂ ਨੂੰ ਬਰੇਕ ਲੱਗ ਗਈ ਹੈ। ਪੀ.ਆਰ.ਟੀ.ਸੀ. ਦੀ ਮੰਦਹਾਲੀ ਨੇ ਏ.ਸੀ. ਬੱਸਾਂ ਨੂੰ ਰੂਟਾਂ ਤੋਂ ਲਾਹ ਦਿੱਤਾ ਹੈ। ਇਸ ਤਰ੍ਹਾਂ ਦੇ ਹਾਲਾਤ 'ਚ ਪੀ.ਆਰ.ਟੀ.ਸੀ. ਨੂੰ ਰੋਜ਼ਾਨਾ ਲੱਖਾਂ ਦਾ ਘਾਟਾ ਪੈ ਰਿਹਾ ਹੈ। ਪੀ.ਆਰ.ਟੀ.ਸੀ. ਕੋਲ ਸਪੇਅਰ ਪਾਰਟਸ ਦੀ ਤੋਟ ਹੈ। ਬਠਿੰਡਾ ਡਿਪੂ ਨੂੰ ਸਪੇਅਰ ਪਾਰਟਸ ਨਹੀਂ ਮਿਲ ਰਿਹਾ ਹੈ ਜਿਸ ਕਰਕੇ ਏ.ਸੀ. ਬੱਸਾਂ ਨੂੰ ਵਰਕਸ਼ਾਪ 'ਚ ਹੀ ਰੋਕਣਾ ਪੈ ਰਿਹਾ ਹੈ।ਦੱਸਣਯੋਗ ਹੈ ਕਿ ਪੀ.ਆਰ.ਟੀ.ਸੀ. ਦੇ ਬਠਿੰਡਾ ਡਿਪੂ ਕੋਲ ਇੱਕ ਦਰਜਨ ਏ.ਸੀ. ਬੱਸਾਂ ਹਨ। ਇਨ੍ਹਾਂ 'ਚੋਂ ਰੋਜ਼ਾਨਾ ਚਾਰ ਤੋਂ ਪੰਜ ਬੱਸਾਂ ਵਰਕਸ਼ਾਪ 'ਚ ਹੀ ਖੜ੍ਹੀਆਂ ਰਹਿੰਦੀਆਂ ਹਨ। ਡਿਪੂ ਦੀਆਂ ਤਿੰਨ ਏ.ਸੀ. ਬੱਸਾਂ ਤਾਂ ਪੱਕੇ ਤੌਰ 'ਤੇ ਹੀ ਰੂਟਾਂ 'ਤੇ ਨਹੀਂ ਹਨ। ਏ.ਸੀ. ਬੱਸਾਂ ਰੁਕਣ ਕਰਕੇ ਸਰਕਾਰੀ ਰੂਟ ਮਿਸ ਹੋ ਰਹੇ ਹਨ ਜਿਸ ਦਾ ਲਾਹਾ ਪ੍ਰਾਈਵੇਟ ਕੰਪਨੀਆਂ ਨੂੰ ਮਿਲ ਰਿਹਾ ਹੈ। ਪੀ.ਆਰ.ਟੀ.ਸੀ. ਨੂੰ ਪ੍ਰਤੀ ਏ.ਸੀ. ਬੱਸ ਰੋਜ਼ਾਨਾ ਕਰੀਬ 20 ਹਜ਼ਾਰ ਰੁਪਏ ਆਮਦਨ ਹੁੰਦੀ ਹੈ ਜਿਸ ਦਾ ਹੁਣ ਘਾਟਾ ਪੈ ਰਿਹਾ ਹੈ। ਏ.ਸੀ. ਬੱਸਾਂ ਦਾ ਸਪੇਅਰ ਪਾਰਟਸ ਕਾਫੀ ਮਹਿੰਗਾ ਹੁੰਦਾ ਹੈ ਜਿਸ ਨੂੰ ਡਿਪੂ ਆਪਣੇ ਪੱਧਰ 'ਤੇ ਖਰੀਦ ਨਹੀਂ ਸਕਦਾ ਹੈ।
            ਬਠਿੰਡਾ ਡਿੱਪੂ 'ਚ ਅੱਜ ਚਾਰ ਏ.ਸੀ. ਬੱਸਾਂ ਰੁਕੀਆਂ ਹੋਈਆਂ ਸਨ। ਕਦੇ ਕਦੇ ਤਾਂ ਪੰਜ ਤੋਂ ਛੇ ਏ.ਸੀ. ਬੱਸਾਂ ਵੀ ਪ੍ਰਬੰਧਕਾਂ ਨੂੰ ਰੋਕਣੀਆਂ ਪੈਂਦੀਆਂ ਹਨ। ਇਸੇ ਤਰ੍ਹਾਂ ਸਪੇਅਰ ਪਾਰਟਸ ਦੀ ਕਮੀ ਕਾਰਨ ਰੋਜ਼ਾਨਾ ਕਰੀਬ ਇੱਕ ਦਰਜਨ ਬੱਸਾਂ ਰੋਕਣੀਆਂ ਪੈਂਦੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਡਿਪੂ ਨੂੰ ਮਈ,2011 ਦੇ ਮਹੀਨੇ 'ਚ ਏ.ਸੀ. ਬੱਸਾਂ ਤੋਂ 26.98 ਲੱਖ ਰੁਪਏ ਦੀ ਕਮਾਈ ਹੋਈ ਸੀ ਜੋ ਕਿ ਸਤੰਬਰ 2011 ਦੇ ਮਹੀਨੇ 'ਚ 21.92 ਲੱਖ ਰੁਪਏ ਹੀ ਰਹਿ ਗਈ। ਅਗਸਤ ਮਹੀਨੇ 'ਚ ਇਹ ਆਮਦਨ 21.71 ਲੱਖ ਰੁਪਏ ਹੀ ਸੀ। ਨਵੰਬਰ ਦੇ ਪਹਿਲੇ 15 ਦਿਨਾਂ 'ਚ ਏ.ਸੀ. ਬੱਸਾਂ ਤੋਂ ਆਮਦਨ 11.77 ਲੱਖ ਰੁਪਏ ਹੀ ਹੈ। ਏ.ਸੀ. ਬੱਸਾਂ ਤਾਂ ਪਹਿਲਾਂ ਹੀ ਮਾਰ ਝੱਲ ਰਹੀਆਂ ਸਨ ਕਿਉਂਕਿ ਏ.ਸੀ ਬੱਸਾਂ ਨੂੰ ਪ੍ਰਮੁੱਖ ਰੂਟਾਂ 'ਤੇ ਸਮੇਂ ਸਿਰ ਭੇਜਣ ਦੀ ਥਾਂ ਉਲਟ ਦਿਸ਼ਾ ਵੱਲ ਭੇਜ ਦਿੱਤਾ ਜਾਂਦਾ ਹੈ। ਠੀਕ ਦਿਸ਼ਾ ਵੱਲ ਉਸ ਸਮੇਂ ਪ੍ਰਾਈਵੇਟ ਘਰਾਣਿਆਂ ਦੀਆਂ ਏ.ਸੀ. ਬੱਸਾਂ ਚੱਲਦੀਆਂ ਹਨ।
           ਬਠਿੰਡਾ ਡਿਪੂ ਦੀ ਇੱਕ ਹੀ ਏ.ਸੀ. ਬੱਸ ਹੈ ਜੋ ਕਿ ਬਠਿੰਡਾ ਚੰਡੀਗੜ੍ਹ ਸਿੱਧੀ ਚੱਲਦੀ ਹੈ। ਇੱਕ ਏ.ਸੀ. ਬੱਸ ਬਠਿੰਡਾ ਤੋਂ ਦਿੱਲੀ ਵਾਇਆ ਡੱਬਵਾਲੀ ਜਾਂਦੀ ਹੈ। ਇਸੇ ਤਰ੍ਹਾਂ ਇੱਕ ਬੱਸ ਬਠਿੰਡਾ ਚੰਡੀਗੜ੍ਹ ਵਾਇਆ ਮਾਨਸਾ ਚੱਲਦੀ ਹੈ। ਤਿੰਨ ਏ.ਸੀ. ਬੱਸਾਂ ਪਹਿਲਾਂ ਬਠਿੰਡਾ ਤੋਂ ਡੱਬਵਾਲੀ ਜਾਂਦੀਆਂ ਹਨ ਅਤੇ ਵਾਪਸੀ 'ਤੇ ਬਠਿੰਡਾ ਹੋ ਕੇ ਚੰਡੀਗੜ੍ਹ ਜਾਂਦੀਆਂ ਹਨ। ਪੀ.ਆਰ.ਟੀ.ਸੀ. ਦੀ ਇੱਕ ਬੱਸ ਡੱਬਵਾਲੀ ਤੋਂ ਵਾਪਸ ਆ ਕੇ ਬਠਿੰਡਾ ਤੋਂ ਸਵੇਰੇ 9.40 ਵਜੇ ਚੰਡੀਗੜ੍ਹ ਲਈ ਰਵਾਨਾ ਹੁੰਦੀ ਹੈ। ਉਸ ਤੋਂ ਪਹਿਲਾਂ ਬਠਿੰਡਾ ਚੰਡੀਗੜ੍ਹ ਪ੍ਰਾਈਵੇਟ ਘਰਾਣਿਆਂ ਦੀਆਂ ਏ.ਸੀ. ਬੱਸਾਂ ਚੱਲਦੀਆਂ ਹਨ। ਡੱਬਵਾਲੀ ਤੋਂ ਆ ਕੇ ਇੱਕ ਸਰਕਾਰੀ ਏ.ਸੀ. ਬੱਸ ਦੁਪਹਿਰ ਨੂੰ ਇਥੋਂ 12.35 'ਤੇ ਚੰਡੀਗੜ੍ਹ ਨੂੰ ਜਾਂਦੀ ਹੈ। ਹਾਲਾਂਕਿ ਬਠਿੰਡਾ ਤੋਂ ਜ਼ਿਆਦਾ ਸਵਾਰੀ ਸਵੇਰ ਸਮੇਂ ਹੀ ਚੰਡੀਗੜ੍ਹ ਦੀ ਹੁੰਦੀ ਹੈ। ਪ੍ਰਮੁੱਖ ਸਮੇਂ 'ਤੇ ਪੀ.ਆਰ.ਟੀ.ਸੀ. ਦੀ ਬੱਸ ਬਠਿੰਡਾ ਤੋਂ ਚੰਡੀਗੜ੍ਹ ਚੱਲਦੀ ਹੀ ਨਹੀਂ। ਪ੍ਰਮੁੱਖ ਸਮੇਂ 'ਤੇ ਮੇਲਾ ਪ੍ਰਾਈਵੇਟ ਕੰਪਨੀਆਂ ਵੱਲੋਂ ਲੁੱਟਿਆ ਜਾਂਦਾ ਹੈ। ਬਠਿੰਡਾ ਡਿਪੂ ਕੋਲ 177 ਬੱਸਾਂ ਹਨ। ਇਨ੍ਹਾਂ 'ਚ ਇੱਕ ਦਰਜਨ ਏ.ਸੀ. ਬੱਸਾਂ ਅਤੇ 45 ਬੱਸਾਂ ਕਿਲੋਮੀਟਰ ਸਕੀਮ ਵਾਲੀਆਂ ਹਨ।
        ਸਰਕਾਰੀ ਸੂਤਰਾਂ ਮੁਤਾਬਕ ਸਪੇਅਰ ਪਾਰਟਸ ਕਈ ਮਹੀਨਿਆਂ ਤੋਂ ਮਿਲ ਨਹੀਂ ਰਿਹਾ ਹੈ। ਸਪੇਅਰ ਪਾਰਟਸ ਦੀ ਖਰੀਦ ਹੈਡਕੁਆਰਟਰ ਪੱਧਰ 'ਤੇ ਹੁੰਦੀ ਹੈ। ਡਿਪੂ ਪੱਧਰ 'ਤੇ ਖਰੀਦ ਕੇਵਲ ਪ੍ਰਤੀ ਕਿਲੋਮੀਟਰ ਪਿਛੇ 6 ਪੈਸਿਆਂ ਦੀ ਕਰਨ ਦੀ ਪ੍ਰਵਾਨਗੀ ਹੈ। ਡਿਪੂ ਦੇ ਪ੍ਰਬੰਧਕ ਆਪਣੇ ਪੱਧਰ 'ਤੇ ਖਰੀਦ ਕਰਨ ਤੋਂ ਡਰਦੇ ਹਨ। ਪ੍ਰਬੰਧਕ ਸਪੇਅਰ ਪਾਰਟਸ ਲਈ ਉਚ ਅਧਿਕਾਰੀਆਂ ਨੂੰ ਲਿਖਦੇ ਰਹਿੰਦੇ ਹਨ। ਜਦੋਂ ਕੋਈ ਸਪੇਅਰ ਪਾਰਟਸ ਨਹੀਂ ਮਿਲਦਾ ਤਾਂ ਅਧਿਕਾਰੀ ਬੱਸ ਨੂੰ ਹੀ ਵਰਕਸ਼ਾਪ ਵਿੱਚ ਡੱਕ ਦਿੰਦੇ ਹਨ। ਸਰਕਾਰੀ ਪੱਖ ਲੈਣ ਖਾਤਰ ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਐਮ.ਐਸ.ਹੁੰਦਲ ਨਾਲ ਵਾਰ ਵਾਰ ਸੰਪਰਕ ਕੀਤਾ ਗਿਆ ਪ੍ਰੰਤੂ ਉਨ੍ਹਾਂ ਫੋਨ ਨਹੀਂ ਚੁੱਕਿਆ।

2 comments: